ਗੁਰਬਿੰਦਰ ਸਿੰਘ ਮਾਣਕ
ਪੰਜ ਪਾਣੀਆਂ ਦੀ ਧਰਤੀ ਪੰਜਾਬ ਦੇ ਖਿੱਤੇ ਵਿੱਚ ਵਸੇ ਬਾਸ਼ਿੰਦਿਆਂ ਨੂੰ, ਕੁਦਰਤ ਨੇ ਸਾਰੀਆਂ ਰੁੱਤਾਂ ਨਾਲ ਨਿਵਾਜਿਆ ਹੋਇਆ ਹੈ। ਹਰ ਰੁੱਤ ਹੀ ਨਿਵੇਕਲੇ ਰੰਗਾਂ ਵਿੱਚ ਰੰਗੀ ਹੋਈ, ਮਨੁੱਖੀ ਜੀਵਨ ਨੂੰ ਵੱਖਰੇ ਨਜ਼ਾਰੇ ਬਖਸ਼ਦੀ ਹੈ।
ਸਾਵਣ ਦੇ ਮਹੀਨੇ ਨੂੰ ਮੁੱਖ ਤੌਰ ’ਤੇ ਬਰਸਾਤ ਦਾ ਮਹੀਨਾ ਮੰਨਿਆਂ ਜਾਂਦਾ ਹੈ। ਜੇਠ-ਹਾੜ੍ਹ ਦੀਆਂ ਤਪਦੀਆਂ ਧੁੱਪਾਂ, ਵਗਦੀਆਂ ਲੋਆਂ, ਔੜ ਕਾਰਨ ਝੁਲਸੀਆਂ ਫ਼ਸਲਾਂ ਤੇ ਹੁੰਮਸ ਭਰੀ ਗਰਮੀ ਤੋਂ ਅੱਕੇ ਹੋਏ ਲੋਕ, ਕੁਦਰਤ ਅੱਗੇ ਜੋਦੜੀਆਂ ਕਰਦੇ ਕਿ ਹੁਣ ਮੀਂਹ ਪਾ ਕੇ, ਸੜਦੀ ਧਰਤੀ ਤੇ ਧਰਤੀ ਦੇ ਜੀਵਾਂ ਨੂੰ ਨਿਹਾਲ-ਨਿਹਾਲ ਕਰ ਦਿਉ। ਮਨੁੱਖ, ਪਸ਼ੂ ਪੰਛੀ ਸਾਰੇ ਗਰਮੀ ਤੋਂ ਬਚਣ ਲਈ, ਭਰਵੇਂ ਰੁੱਖਾਂ ਦੀਆਂ ਛਾਵਾਂ ਹੇਠ ਹੀ ਤਿੱਖੜ ਦੁਪਹਿਰੇ ਕੱਟਦੇ। ਮੀਂਹ ਵਰ੍ਹਦੇ ਤਾਂ ਫ਼ਸਲਾਂ ਦੇ ਨੇਪਰੇ ਚੜ੍ਹਨ ਦੀ ਆਸ ਬੱਝ ਜਾਂਦੀ। ਇਸੇ ਕਾਰਨ ਹੀ ਜਦੋਂ ਸਾਉਣ ਦਾ ਮਹੀਨਾ ਚੜ੍ਹਦਾ ਤਾਂ ਲੋਕਾਂ ਨੂੰ ਆਸ ਬੱਝਦੀ ਕਿ ਹੁਣ ਬਰਸਾਤ ਆਪਣਾ ਰੰਗ ਦਿਖਾਏਗੀ ਤੇ ਤਪਦੇ ਤਨ-ਮਨ ਨੂੰ ਠੰਡਾ-ਠਾਰ ਕਰੇਗੀ।
ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬਾਰਹ ਮਾਹ ਬਾਣੀ ਵਿੱਚ ਗੁਰੂ ਸਾਹਿਬਾਨ ਨੇ ਦੇਸੀ ਮਹੀਨਿਆਂ ਦਾ ਵਿਸਥਾਰ ਨਾਲ ਵਰਣਨ ਕੀਤਾ ਹੈ। ਗੁਰੂ ਨਾਨਕ ਦੇਵ ਜੀ ਨੇ ਰਾਗ ਤੁਖਾਰੀ ਵਿੱਚ ਅਤੇ ਗੁਰੂ ਅਰਜਨ ਦੇਵ ਜੀ ਨੇ ਰਾਗ ਮਾਝ ਵਿੱਚ ਬਾਰਹ ਮਾਹ ਦਾ ਉਚਾਰਨ ਕੀਤਾ ਹੈ। ਸੰਗਰਾਂਦ ਵਾਲੇ ਦਿਨ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ ਬਾਰਹ ਮਾਹ ਦਾ ਪਾਠ ਹੀ ਕੀਤਾ ਜਾਂਦਾ ਹੈ। ਸਾਵਣ ਮਹੀਨੇ ਸੰਬੰਧੀ ਗੁਰੂ ਅਰਜਨ ਦੇਵ ਜੀ ਦਾ ਫ਼ੁਰਮਾਨ ਹੈ;
‘ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ॥
ਮਨੁ ਤਨੁ ਰਤਾ ਸਚ ਰੰਗ ਇਕੋ ਨਾਮੁ ਅਧਾਰੁ॥
ਬਿਖਿਆ ਰੰਗ ਕੂੜਾਵਿਆ ਦਿਸਿਨ ਸਭੇ ਛਾਰ॥
ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ॥
ਵਣ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ…॥’
ਗੁਰੂ ਸਾਹਿਬ ਸਾਵਣ ਮਹੀਨੇ ਵਿੱਚ ਵਰਖਾ ਦੀ ਉਦਾਹਰਨ ਦੇ ਕੇ ਸਮਝਾਉਂਦੇ ਹਨ ਕਿ ਜਿਵੇਂ ਵਰਖਾ ਨਾਲ ਹਰ ਪਾਸੇ ਹਰਿਆਲੀ ਛਾ ਜਾਂਦੀ ਹੈ ਤੇ ਤਪਦੇ ਮਨਾਂ ਨੂੰ ਠੰਡਕ ਦਾ ਅਨੁਭਵ ਹੁੰਦਾ ਹੈ, ਬਿਲਕੁਲ ਇਸੇ ਤਰ੍ਹਾਂ ਹੀ ਪ੍ਰਭੂ ਦੇ ਨਾਮ ਦੀ ਆਤਮਕ ਬੂੰਦ ਦਾ ਅਨੁਭਵ ਕਰਕੇ ਜੀਵ ਦਾ ਮਨ ਤ੍ਰਿਪਤ ਹੋ ਜਾਂਦਾ ਹੈ। ਇਹ ਮਹੀਨਾ ਉਨ੍ਹਾਂ ਭਾਗਾਂ ਵਾਲੀਆਂ ਜੀਵ-ਇਸਤਰੀਆਂ ਦੇ ਮਨ ਵਿੱਚ ਖੇੜਾ ਲੈ ਆਉਂਦਾ ਹੈ, ਜਿਨ੍ਹਾਂ ਨੇ ਆਪਣੇ ਹਿਰਦੇ ਰੂਪੀ ਗਲ ਵਿੱਚ ਰੱਬ ਦੇ ਨਾਂਅ ਦਾ ਹਾਰ ਪਾਇਆ ਹੋਇਆ ਹੈ। ਸੁਹਾਗਣ ਔਰਤਾਂ ਦੇ ਕਈ ਤਿਉਹਾਰ ਇਸ ਮਹੀਨੇ ਆਉਂਦੇ ਹਨ। ਜੇਠ ਹਾੜ ਦੀ ਵਰ੍ਹਦੀ ਅੱਗ ਤੋਂ ਬਾਅਦ, ਸਾਉਣ ਮਹੀਨੇ ਦੀਆਂ ਫ਼ੁਹਾਰਾਂ ਮਨਾਂ ਵਿੱਚ ਖੁਸ਼ੀਆਂ ਤੇ ਖੇੜਿਆਂ ਦਾ ਸੰਚਾਰ ਕਰਦੀਆਂ ਹਨ ਤੇ ਮਨ ਮਚਲ ਉੱਠਦਾ ਹੈ।
ਪੰਜਾਬੀ ਜਨ-ਜੀਵਨ ਵਿੱਚ ਸਾਉਣ ਦੀ ਰੁੱਤ ਦਾ ਵਿਸ਼ੇਸ਼ ਮਹੱਤਵ ਹੈ। ਖੇਤੀ-ਬਾੜੀ ਦਾ ਸੱਭਿਆਚਾਰ ਹੋਣ ਕਾਰਨ ਹਰ ਕੋਈ ਬਰਸਾਤ ਦੇ ਮੌਸਮ ਦੀ ਬੇਸਬਰੀ ਨਾਲ ਉਡੀਕ ਕਰਦਾ ਹੈ। ਵਰਖਾ ਕੇਵਲ ਮਨੁੱਖੀ ਤਨ ਮਨ ਨੂੰ ਹੀ ਨਹੀਂ ਠਾਰਦੀ, ਸਗੋਂ ਪੂਰੀ ਕਾਇਨਾਤ ਹੀ ਕੁਦਰਤ ਦੀ ਇਸ ਆਪਾਰ ਬਖਸ਼ਿਸ਼ ਨਾਲ ਖੇੜੇ ਵਿਚ ਆ ਜਾਂਦੀ ਹੈ। ਉਨ੍ਹਾਂ ਸਮਿਆਂ ਵਿਚ ਸਿੰਚਾਈ ਦੇ ਅੱਜ ਵਰਗੇ ਸਾਧਨਾਂ ਦੀ ਅਣਹੋਂਦ ਕਾਰਨ, ਸਭ ਕੁਝ ਰੱਬੀ ਮਿਹਰ ’ਤੇ ਹੀ ਨਿਰਭਰ ਸੀ। ਜੇ ਕਦੇ ਬਰਸਾਤ ਨਾ ਹੁੰਦੀ ਤਾਂ ਲੋਕ ਅਰਦਾਸਾਂ ਕਰਦੇ, ‘ਰੱਬਾ! ਰੱਬਾ! ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾ।’ ਖੇਤੀ ਦਾ ਤਾਂ ਸਾਰਾ ਦਾਰੋਮਦਾਰ ਹੀ ਬਰਸਾਤ ’ਤੇ ਨਿਰਭਰ ਸੀ। ਕਿਸਾਨ ਖੂਹਾਂ ਨਾਲ ਫ਼ਸਲਾਂ ਸਿੰਜਦੇ, ਪਰ ਹਰ ਕੋਈ ਮੀਹਾਂ ਦੀ ਉਡੀਕ ਕਰਦਾ। ਲੋਕ ਗੀਤਾਂ ਵਿੱਚ ਵੀ ਅਜਿਹੇ ਭਾਵਾਂ ਦੀ ਤਰਜਮਾਨੀ ਹੋਈ ਹੈ ‘ਸਾਉਣ ਮਹੀਨਾ ਭਾਗੀਂ ਭਰਿਆ ਠੰਡੀਆਂ ਵਗਣ ਹਵਾਵਾਂ। ਧੰਨਭਾਗ ਦੁਨੀਆਂ ਦੇ, ਖੇਤੀਂ ਆਈਆਂ ਬਹਾਰਾਂ…।’
ਕੁਦਰਤ ਦੇ ਇਸ ਵਰਤਾਰੇ ਵਿੱਚ ਬਹੁਤ ਅਨਿਸਚਤਤਾ ਹੈ, ਇਹ ਪੁਰਾਣੇ ਸਮਿਆਂ ਵਿੱਚ ਵੀ ਸੀ ਤੇ ਅੱਜ ਵੀ ਹੈ। ਕਈ ਵਾਰ ਹੜ੍ਹਾਂ ਨਾਲ ਵੱਡੇ ਪੱਧਰ ’ਤੇ ਤਬਾਹੀ ਮਚ ਜਾਂਦੀ ਹੈ। ਕੀਮਤੀ ਜਾਨਾਂ, ਘਰ, ਫ਼ਸਲਾਂ, ਪਸ਼ੂ ਗੱਲ ਕੀ ਬਹੁਤ ਕੁਝ ਹੜ੍ਹਾਂ ਦੀ ਭੇਟ ਚੜ੍ਹ ਜਾਂਦਾ ਹੈ। ਕਈ ਵਾਰ ਬਹੁਤ ਸਖਤ ਸੋਕਾ ਪੈ ਜਾਂਦਾ ਤਾਂ ਫ਼ਸਲਾਂ ਵੀ ਝੁਲਸ ਜਾਂਦੀਆਂ ਤਾਂ ਲੋਕ ਬੇਬਸ ਹੋ ਜਾਂਦੇ ਹਨ। ਮਾਲਵੇ ਦੀ ਇਕ ਲੋਕ-ਬੋਲੀ ਵਿਚ ਅਜਿਹਾ ਵਰਣਨ ਮਿਲਦਾ ਹੈ ;
ਪਿੰਡਾਂ ਵਿਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਚੀਮਾ,
ਸਾਉਣ ਮਹੀਨੇ ਮੀਂਹ ਨਾ ਪੈਂਦਾ ਸੁੱਕੀਆਂ ਵਗਣ ਜ਼ਮੀਨਾਂ…
ਤੂੜੀ ਖਾ ਖਾ ਬਲਦ ਹਾਰ ਗਏ…ਗਭਰੂ ਗਿੱਝ ਗਏ ਫ਼ੀਮਾਂ…
ਤੇਰੀ ਬੈਠਕ ਨੇ ਪੱਟਿਆ ਕਬੂਤਰ ਚੀਨਾ…।
ਸਾਉਣੀ ਦੀ ਰੁੱਤੇ ਮੱਕੀ ਦੇ ਨਾਲ ਖ਼ਰਬੂਜੇ, ਹਦਵਾਣੇ, ਤਰਾਂ ਤੇ ਘਰ ਦੀ ਵਰਤੋਂ ਲਈ ਸਬਜ਼ੀਆਂ ਬੀਜੀਆਂ ਜਾਂਦੀਆਂ। ਦੁਪਹਿਰਾਂ ਨੂੰ ਛੱਲੀਆ ਭੁੰਨ ਕੇ ਚੱਬਣੀਆਂ ਤੇ ਘਰ ਦੀ ਚਾਟੀ ਦੀ ਲੱਸੀ ਪੀ ਕੇ ਹੀ ਡੰਗ ਸਾਰ ਲੈਣਾ। ਉਨ੍ਹਾਂ ਸਮਿਆਂ ਵਿੱਚ ਬਹੁਤ ਹੱਦ ਤੱਕ ਘਰ ਕੱਚੇ ਹੀ ਹੁੰਦੇ ਸਨ। ਬਰਸਾਤਾਂ ਦੇ ਦਿਨੀਂ ਜੇ ਝੜੀ ਲੱਗ ਜਾਣੀ ਤਾਂ ਕੋਠੇ ਚੋਣ ਲੱਗ ਜਾਣੇ। ਕਈ ਵਾਰ ਵਰ੍ਹਦੇ ਮੀਂਹ ਵਿੱਚ ਹੀ ਘਰ ਦੀਆਂ ਸੁਆਣੀਆਂ ਨੇ ਕੋਠੇ ’ਤੇ ਜਾ ਕੇ ਬਨੇਰੇ ਦੇ ਨਾਲ ਨਾਲ ਹੱਥ ਫ਼ੇਰਨਾ ਤਾਂ ਕਿ ਛੱਤ ਦੀਆਂ ਤਰੇੜਾਂ ਆਦਿ ਵਿੱਚ ਮਿੱਟੀ ਭਰ ਜਾਏ ਤੇ ਛੱਤ ਨਾ ਚੋਵੇ। ਜੇ ਮੀਂਹ ਵਧੇਰੇ ਹੋਣੇ ਤਾਂ ਇਹ ਸਿਲਸਿਲਾ ਕਈ ਦਿਨਾਂ ਤੱਕ ਚਲਦਾ ਰਹਿੰਦਾ। ਜੀਵਨ ਔਕੜਾਂ ਤੇ ਦੁਸ਼ਵਾਰੀਆਂ ਨਾਲ ਭਰ ਜਾਂਦਾ। ਚੁੱਲ੍ਹਾ-ਚੌਂਕਾ ਤੇ ਬਾਲਣ ਵੀ ਭਿੱਜ ਜਾਣ ਕਾਰਨ, ਘਰ ਦੀਆਂ ਸੁਆਣੀਆਂ ਲਈ ਰੋਟੀ-ਟੁੱਕ ਕਰਨਾ ਡਾਢਾ ਔਖਾ ਹੋ ਜਾਂਦਾ। ਇਸ ਦੇ ਬਾਵਜੂਦ ਲੋਕ ਮੀਂਹਾਂ ਨੂੰ ਕੁਦਰਤ ਦਾ ਵਰਦਾਨ ਸਮਝਦੇ ਤੇ ਕਾਦਰ ਅੱਗੇ ਸਿਰ ਝੁਕਾਅ ਕੇ ਸ਼ੁਕਰਾਨੇ ਕਰਦੇ।
ਸਾਵਣ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ। ਇਹ ਸਾਉਣ ਮਹੀਨੇ ਦੇ ਚਾਨਣ ਪੱਖ ਦੀ ਤੀਜ ਤੋਂ ਸ਼ੁਰੂ ਹੋ ਕੇ ਪੁੰਨਿਆ ਤੱਕ ਚਲਦੀਆਂ ਹਨ। ਨਵੀਆਂ ਵਿਆਹੀਆਂ ਮੁਟਿਆਰਾਂ ਸਾਉਣ ਕੱਟਣ ਲਈ ਪੇਕਿਆਂ ਦੇ ਘਰੀਂ ਆਉਾਂਦੀਆਂ।ਸਹੇਲੀਆਂ ਨੂੰ ਮਿਲਣ ਦਾ ਚਾਅ ਸਾਂਭਿਆ ਨਾ ਜਾਂਦਾ। ਰੁੱਖਾਂ ਨਾਲ ਪੀਘਾਂ ਪੈਂਦੀਆਂ ਤੇ ਗਿੱਧੇ ਦਾ ਪਿੜ ਬੱਝਦਾ।
ਹੱਥਾਂ ’ਤੇ ਮਹਿੰਦੀ, ਰੰਗ-ਬਰੰਗੀਆਂ ਚੂੜੀਆਂ ਚੜ੍ਹਾ ਕੇ, ਪੂਰਾ ਹਾਰ-ਸ਼ਿੰਗਾਰ ਕਰਕੇ, ਮੁਟਿਆਰਾਂ ਪੂਰੀ ਸੱਜ-ਧੱਜ ਨਾਲ, ਸਖੀਆਂ-ਸਹੇਲੀਆਂ, ਨਣਾਨਾਂ-ਭਰਜਾਈਆਂ ਤੇ ਚਾਚੀਆਂ ਤਾਈਆਂ ਸੰਗ, ਹਾਸੇ-ਠੱਠੇ ਕਰਦੀਆਂ ਤੀਆਂ ਦੇ ਪਿੜ ’ਚ ਪਹੁੰਚਦੀਆਂ। ਬੋਲੀਆਂ ਦੇ ਛਰਾਟਿਆਂ ਨਾਲ ਗਿੱਧੇ ਦੀ ਧਮਾਲ ਪੈਂਦੀ। ਪੀਂਘ ਦੇ ਹੁਲਾਰਿਆਂ ਨਾਲ ਕੁੜੀਆਂ ਨ੍ਹੇਰੀ ਲਿਆ ਦਿੰਦੀਆਂ। ਲੋਕ-ਗੀਤਾਂ ਵਿੱਚ ਅਜਿਹੇ ਦ੍ਰਿਸ਼ ਦਾ ਇੰਜ ਵਰਣਨ ਕੀਤਾ ਗਿਆ ਹੈ;
ਸਾਉਣ ਮਹੀਨਾ ਦਿਨ ਤੀਆਂ ਦੇ ਸਭੇ ਸਹੇਲੀਆਂ ਆਈਆਂ
ਨੀ ਸੰਤੋ ਸ਼ਾਮੋ ਹੋਈਆਂ ਕੱਠੀਆਂ, ਵੱਡੇ ਘਰਾਂ ਦੀਆਂ ਜਾਈਆਂ…
ਪੰਜਾਬੀ ਸ਼ਾਇਰ ਧਨੀ ਰਾਮ ਚਾਤ੍ਰਿਕ ਨੇ ਵੀ ਇੱਕ ਕਵਿਤਾ ਵਿੱਚ ਇਸ ਰੁੱਤ ਦੇ ਤਿਉਹਾਰ ਵਿੱਚ ਮੇਲ੍ਹਦੀਆਂ ਮੁਟਿਆਰਾਂ ਦਾ ਭਰਪੂਰ ਜ਼ਿਕਰ ਕੀਤਾ ਹੈ
ਪੇਕੀਂ ਬੈਠੀਆਂ ਤਾਈਂ ਦਿਹਾਰ ਆਏ,
ਤੇ ਸ਼ਿੰਗਾਰ ਲਾਏ ਸਹੁਰੀਂ ਆਈਆਂ ਨੇ,
ਵੰਗਾਂ ਚੂੜੀਆਂ ਪਹਿਨੀਆਂ ਕੁਆਰੀਆਂ ਨੇ,
ਰੰਗ ਚੁੰਨੀਆਂ ਮਹਿੰਦੀਆਂ ਲਾਈਆਂ ਨੇ,
ਖੀਰਾਂ ਰਿੱਝੀਆਂ, ਪੂੜਿਆਂ ਡੰਝ ਲਾਹੀ,
ਕੁੜੀਆਂ ਵਹੁਟੀਆਂ ਨੇ ਪੀਘਾਂ ਪਾਈਆਂ ਨੇ
ਗਿੱਧੇ ਵੱਜਦੇ ਕਿਲਕਲੀ ਮਚਦੀ ਏ,
ਘਟਾ ਕਾਲੀਆਂ ਵੇਖ ਕੇ ਛਾਈਆਂ ਨੇ…।
ਘਰਾਂ ਦੇ ਫ਼ਿਕਰਾਂ ਤੇ ਦੁਸ਼ਵਾਰੀਆਂ ਨੂੰ ਭੁੱਲ-ਭੁਲਾ ਕੇ ਮੁਟਿਆਰਾਂ ਖੁਸ਼ੀ ਵਿੱਚ ਖੀਵੀਆਂ ਹੋ ਹੋ ਗਿੱਧੇ ਦੇ ਪਿੜ ਵਿੱਚ ਝੂੰਮਦੀਆਂ। ਇੱਕ ਦੂਜੀ ਨਾਲ ਆਪਣੇ ਦੁੱਖ-ਸੁੱਖ ਵੀ ਸਾਝੇਂ ਕਰੀ ਜਾਂਦੀਆਂ ਤੇ ਖੁਸ਼ੀਆਂ ਤੇ ਚਾਵਾਂ ਦੇ ਪਲਾਂ ਨੂੰ ਵੀ ਮਾਣੀ ਜਾਦੀਆਂ। ਲੋਕ-ਗੀਤਾਂ ਦੇ ਸਿਰਜਣਹਾਰਿਆਂ ਨੇ ਕਿਸੇ ਅਜਿਹੇ ਪਲ ਨੂੰ ਹੀ ਬਿਆਨਿਆ ਜਾਪਦਾ ਹੈ;
ਸਾਉਣ ਮਹੀਨਾ ਦਿਨ ਤੀਆਂ ਦੇ
ਸੱਭੇ ਸਹੇਲੀਆਂ ਆਈਆਂ,
ਭਿੱਜ ਗਈ ਰੂਹ ਮਿੱਤਰਾ
ਸਾਉਣ ਘਟਾ ਚੜ੍ਹ ਆਈਆਂ…।
ਸਾਉਣ ਦਾ ਮਹੀਨਾ ਬਾਗ਼ਾਂ ਵਿੱਚ
ਬੋਲਣ ਮੋਰ ਵੇ…
ਅਸਾਂ ਨਹੀਂ ਸੌਹਰੇ ਜਾਣਾ ਗੱਡੀ ਨੂੰ
ਖਾਲੀ ਮੋੜ ਵੇ…।
ਇਸ ਰੁੱਤੇ ਘਰਾਂ ਵਿੱਚ ਸੁਆਣੀਆਂ ਖੀਰਾਂ ਤੇ ਪੂੜਿਆਂ ਦੇ ਪਕਵਾਨ ਬਣਾਉਂਦੀਆਂ। ਸਾਉਣ ਦੀਆਂ ਫ਼ੁਹਾਰਾਂ ਨਾਲ ਚਲਦੀਆਂ ਠੰਡੀਆਂ ਹਵਾਵਾਂ ਨਾਲ ਮਨ ਖਿੜ ਉੱਠਦੇ। ਮੀਂਹ ਵਰ੍ਹਦੇ ਤਾਂ ਫ਼ਸਲਾਂ ਝੂੰਮ ਉੱਠਦੀਆਂ ਤੇ ਕਿਸਾਨਾਂ ਦੇ ਚਿਹਰੇ ਵੀ ਖਿੜ ਜਾਂਦੇ। ਮਿਹਨਤ ਵਰ ਆਈ ਜਾਪਦੀ ਤੇ ਭਵਿੱਖ ਲਈ ਕੋਠੀ ਦੇ ਭਰਨ ਦੀ ਆਸ ਵੀ ਬੱਝਦੀ। ਪੰਜਾਬੀਅਤ ਨੂੰ ਪ੍ਰਣਾਏ ਸ਼ਾਇਰ ਧਨੀ ਰਾਮ ਚਾਤ੍ਰਿਕ ਨੇ ਆਪਣੀ ਕਵਿਤਾ ਵਿੱਚ ਸਾਉਣ ਮਹੀਨੇ ਦਾ ਅਜਿਹਾ ਸਜੀਵ ਚਿਤਰ ਪੇਸ਼ ਕੀਤਾ ਹੈ ਕਿ ਰੂਹ ਨਸ਼ਿਆ ਜਾਂਦੀ ਹੈ
ਸਾਉਣ ਮਾਂਹ ਝੜੀਆਂ ਗਰਮੀ ਝਾੜ ਸੁੱਟੀ,
ਧਰਤੀ ਪੁੰਗਰੀ ਟਹਿਕੀਆਂ ਡਾਲੀਆਂ ਨੇ,
ਰਾਹ ਰੋਕ ਲਏ ਛੱਪੜਾਂ ਟੋਭਿਆਂ ਨੇ,
ਨਦੀਆਂ ਨਾਲਿਆ ਜੂਹਾਂ ਹੰਘਾਲੀਆਂ ਨੇ,
ਧਾਈਂ ਉੱਸਰੇ, ਨਿੱਸਰੀ ਚਰ੍ਹੀ ਮੱਕੀ,
ਤੇ ਕਪਾਹੀਂ ਨਾ ਜਾਣ ਸੰਭਾਲੀਆਂ ਨੇ…।
ਸਮੇਂ ਦੇ ਬਦਲਣ ਨਾਲ ਬਹੁਤ ਕੁਝ ਬਦਲ ਗਿਆ ਹੈ। ਅਜੋਕੇ ਮਨੁੱਖ ਦੇ ਖਾਣ-ਪੀਣ, ਪਹਿਰਾਵਾ ਤੇ ਜੀਵਨ-ਜਾਚ ਵਿੱਚ ਵੱਡੀ ਤਬਦੀਲੀ ਆ ਗਈ ਹੈ। ਹੁਣ ਪਹਿਲਾਂ ਵਾਂਗ ਨਾ ਤੀਆਂ ਲਗਦੀਆਂ ਹਨ ਤੇ ਨਾ ਹੀ ਮਨਾਂ ਵਿੱਚ ਨੱਚਣ ਦਾ ਚਾਅ ਰਿਹਾ ਹੈ। ਪਰ ਇਸ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਧਰਤੀ ਦੀ ਖੁਸ਼ਹਾਲੀ, ਫ਼ਸਲਾਂ ਤੇ ਹਰਿਆਲੀ ਲਈ ਬਰਸਾਤ ਦੀ ਅੱਜ ਵੀ, ਪਹਿਲਾਂ ਵਾਂਗ ਹੀ ਉੇਡੀਕ ਹੁੰਦੀ ਹੈ। ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ। ਵਰਖਾ ਕੁਦਰਤ ਵੱਲੋਂ ਬਖਸ਼ਿਆ ਸਭ ਤੋਂ ਵੱਡਾ ਜਲ-ਸੋਮਾ ਤੇ ਵਰਦਾਨ ਹੈ।
![]()
