ਸ੍ਰੀ ਦਰਬਾਰ ਸਾਹਿਬ ਨੂੰ ਆਰ.ਡੀ.ਐਕਸ ਨਾਲ ਉਡਾਉਣ ਦੀ ਧਮਕੀ ਡੂੰਘੀ ਅਪਰਾਧੀ ਸਾਜਿਸ਼

In ਖਾਸ ਰਿਪੋਰਟ
July 22, 2025

ਬਘੇਲ ਸਿੰਘ ਧਾਲੀਵਾਲ

ਜਦੋਂ ਸੁਨਹਿਰੀ ਚਮਕ ਵਾਲਾ ਸ੍ਰੀ ਦਰਬਾਰ ਸਾਹਿਬ, ਸਿੱਖ ਪੰਥ ਦਾ ਸਰਬਉੱਚ ਅਸਥਾਨ, ਸੰਗਤਾਂ ਦੇ ਦਿਲਾਂ ਦੀ ਧੜਕਣ ਤੇ ਸਾਹਾਂ ਦੀ ਸੁਰ, ਦੁਨੀਆਂ ਭਰ ਦੀਆਂ ਨਿਗਾਹਾਂ ਦਾ ਕੇਂਦਰ, ਇਸ ਨੂੰ ਬੰਬਾਂ ਨਾਲ ਉਡਾਉਣ ਦੀਆਂ ਧਮਕੀਆਂ ਮਿਲਣ ਲੱਗ ਜਾਣ, ਤਾਂ ਇਹ ਸਿਰਫ਼ ਇੱਕ ਰੂਹਾਨੀ ਅਸਥਾਨ ’ਤੇ ਹਮਲੇ ਦੀ ਗੱਲ ਨਹੀਂ, ਸਗੋਂ ਸਿੱਖ ਪੰਥ ਦੀ ਰੂਹ ’ਤੇ ਵਾਰ ਕਰਨ ਦੀ ਸਾਜਿਸ਼ ਹੈ। ਪਿਛਲੇ ਕੁਝ ਦਿਨਾਂ ਤੋਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਨੂੰ ਈ-ਮੇਲਾਂ ਰਾਹੀਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਇਹ ਧਮਕੀਆਂ ਕੋਈ ਆਮ ਸ਼ਰਾਰਤ ਨਹੀਂ, ਸਗੋਂ ਇੱਕ ਗੂੜ੍ਹੀ ਅਪਰਾਧਿਕ ਸਾਜਿਸ਼ ਦਾ ਹਿੱਸਾ ਜਾਪਦੀਆਂ ਹਨ, ਜਿਸ ਦਾ ਮਕਸਦ ਸਿੱਖ ਸੰਗਤ ਵਿੱਚ ਡਰ ਪੈਦਾ ਕਰਨਾ, ਸ੍ਰੀ ਦਰਬਾਰ ਸਾਹਿਬ ਦੀ ਮਹਿਮਾ ਨੂੰ ਢਾਹ ਲਾਉਣਾ ਅਤੇ ਸਿੱਖ ਪੰਥ ਨੂੰ ਜ਼ਲੀਲ ਕਰਨਾ ਹੈ। ਸਿੱਖ ਪੰਥ ਨੇ ਸਦੀਆਂ ਤੋਂ ਦੇਸ਼ ਦੀ ਆਜ਼ਾਦੀ, ਸਾਂਤ ਅਤੇ ਸਰਬੱਤ ਦੇ ਭਲੇ ਲਈ ਅਣਗਿਣਤ ਕੁਰਬਾਨੀਆਂ ਦਿੱਤੀਆਂ ਹਨ। ਜਦੋਂ ਮੁੰਬਈ,ਹਿਮਾਚਲ ਅਤੇ ਕੇਰਲ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ, ਤਾਂ ਸਿੱਖ ਸੰਗਤ ਨੇ ਹੀ ਸਭ ਤੋਂ ਪਹਿਲਾਂ ਲੰਗਰ ਲਾਏ ਅਤੇ ਪੀੜ੍ਹਤਾਂ ਦੀ ਮਦਦ ਕੀਤੀ। ਪਰ ਅਫ਼ਸੋਸ ਦੀ ਗੱਲ ਹੈ ਕਿ ਅਜਿਹਾ ਧਰਮ, ਜੋ ਸਰਬੱਤ ਦੇ ਭਲੇ ਦਾ ਸਿਧਾਂਤ ਨਿਭਾਉਂਦਾ ਹੈ, ਨੂੰ ਵਾਰ-ਵਾਰ ਨਫ਼ਰਤ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਜਿਹਾ ਕਿਉਂ?
ਧਮਕੀਆਂ ਦਾ ਸੰਘਣਾ ਜਾਲ: ਆਰ.ਡੀ.ਐਕਸ ਦੀ ਧਮਕੀ ਤੋਂ ਬਦਲਦੇ ਆਈ.ਪੀ. ਐਡਰੈਸ
ਹੁਣ ਤੱਕ ਅੱਠ ਵਾਰ ਈ-ਮੇਲਾਂ ਰਾਹੀਂ ਸ੍ਰੀ ਦਰਬਾਰ ਸਾਹਿਬ ਨੂੰ ਆਰ.ਡੀ.ਐਕਸ ਨਾਲ ਉਡਾਉਣ ਦੀਆਂ ਧਮਕੀਆਂ ਆ ਚੁੱਕੀਆਂ ਹਨ। ਇਹਨਾਂ ਵਿੱਚ ਇੱਕ ਧਮਕੀ ਤਾਂ ਇੰਨੀ ਗੰਭੀਰ ਸੀ ਕਿ ਪਾਈਪਾਂ ਵਿੱਚ ਆਰ.ਡੀ.ਐਕਸ ਭਰਕੇ ਧਮਾਕੇ ਕਰਨ ਦੀ ਗੱਲ ਕੀਤੀ ਗਈ। ਇਹਨਾਂ ਧਮਕੀਆਂ ਦੇਣ ਵਾਲਿਆਂ ਦੀ ਤਕਨੀਕੀ ਮੁਹਾਰਤ ਵੀ ਸਪੱਸ਼ਟ ਹੈ। ਇਹਨਾਂ ਨੇ ਆਈ.ਪੀ. ਐਡਰੈਸ ਨੂੰ ਵਾਰ-ਵਾਰ ਬਦਲਣ ਦੀ ਤਕਨੀਕ ਅਪਣਾਈ, ਜਿਸ ਨਾਲ ਇਹਨਾਂ ਦੀ ਲੋਕੇਸ਼ਨ ਦਾ ਪਤਾ ਲਾਉਣਾ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਲਈ ਟੇਢੀ ਖੀਰ ਸਾਬਤ ਹੋ ਰਿਹਾ ਹੈ। ਕਦੇ ਇਹ ਆਈ.ਪੀ. ਐਡਰੈਸ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਿਲਦੇ ਹਨ, ਤੇ ਕਦੇ ਵਿਦੇਸ਼ਾਂ ਵਿੱਚ।
ਇਹ ਸਭ ਕੁਝ ਸੰਗਤ ਦੇ ਮਨਾਂ ਵਿੱਚ ਸਹਿਮ ਪੈਦਾ ਕਰਨ ਦੀ ਸਾਜਿਸ਼ ਦਾ ਹਿੱਸਾ ਜਾਪਦਾ ਹੈ।
ਗ੍ਰਿਫ਼ਤਾਰੀਆਂ ਦਾ ਅਧੂਰਾ ਸਫ਼ਰ
ਹਾਲਾਂਕਿ ਪੁਲਿਸ ਨੇ ਇੱਕ ਮੁਲਜ਼ਮ, ਸ਼ੁਭਮ ਦੁਬੇ, ਨੂੰ ਹਰਿਆਣਾ ਦੇ ਫ਼ਰੀਦਾਬਾਦ ਤੋਂ ਗ੍ਰਿਫ਼ਤਾਰ ਕਰ ਲਿਆ ਹੈ, ਪਰ ਇਹ ਗ੍ਰਿਫ਼ਤਾਰੀ ਸਿਰਫ਼ ਇੱਕ ਅਧੂਰੀ ਕਹਾਣੀ ਜਾਪਦੀ ਹੈ। ਸ਼ੁਭਮ ਦੁਬੇ, ਜੋ ਕਿ ਇੱਕ ਸਾਫ਼ਟਵੇਅਰ ਇੰਜਨੀਅਰ ਹੈ ਅਤੇ ਕੰਪਿਊਟਰ ਦੀ ਡੂੰਘੀ ਜਾਣਕਾਰੀ ਰੱਖਦਾ ਹੈ, ਨੂੰ ਪਹਿਲੀ ਈ-ਮੇਲ ਨਾਲ ਜੋੜਿਆ ਜਾ ਰਿਹਾ ਹੈ। ਉਸ ਦੀ ਤਕਨੀਕੀ ਮੁਹਾਰਤ, ਜਿਵੇਂ ਕਿ ਆਈ.ਪੀ. ਐਡਰੈਸ ਬਦਲਣਾ ਅਤੇ ਪਛਾਣ ਛੁਪਾਉਣ ਦੀ ਸਮਰੱਥਾ, ਇਸ ਮਾਮਲੇ ਦੀ ਗੰਭੀਰਤਾ ਨੂੰ ਹੋਰ ਵਧਾਉਂਦੀ ਹੈ। ਖਬਰਾਂ ਮੁਤਾਬਕ, ਸ਼ੁਭਮ ਦਾ ਸਬੰਧ ਤਾਮਿਲਨਾਡੂ ਨਾਲ ਹੋਣ ਦੀ ਸੰਭਾਵਨਾ ਹੈ, ਅਤੇ ਦੋ ਹੋਰ ਮੁਲਜ਼ਮਾਂ, ਜਿਨ੍ਹਾਂ ਵਿੱਚ ਇੱਕ ਵਿਦਿਆਰਥਣ ਵੀ ਸ਼ਾਮਲ ਹੈ, ਦਾ ਵੀ ਤਾਮਿਲਨਾਡੂ ਨਾਲ ਸਬੰਧ ਜੋੜਿਆ ਜਾ ਰਿਹਾ ਹੈ।
ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸ਼ੁਭਮ ਦੀ ਗ੍ਰਿਫ਼ਤਾਰੀ ਦੇ ਬਾਵਜੂਦ, ਧਮਕੀਆਂ ਦਾ ਸਿਲਸਿਲਾ ਨਹੀਂ ਰੁਕਿਆ। ਹਰ ਰੋਜ਼ ਨਵੀਆਂ ਈ-ਮੇਲਾਂ ਆ ਰਹੀਆਂ ਹਨ, ਜਿਸ ਨਾਲ ਸਪੱਸ਼ਟ ਹੁੰਦਾ ਹੈ ਕਿ ਇਹ ਇੱਕ ਸੰਗਠਿਤ ਸਾਜਿਸ਼ ਹੈ। ਪੁਲਿਸ ਨੇ ਸ਼ੁਭਮ ਦੇ ਮੋਬਾਈਲ ਅਤੇ ਲੈਪਟਾਪ ਤੋਂ ਡਾਟਾ ਇਕੱਠਾ ਕੀਤਾ, ਪਰ ਹੁਣ ਤੱਕ ਕੋਈ ਵੱਡੀ ਸਫ਼ਲਤਾ ਹਾਸਲ ਨਹੀਂ ਹੋਈ। ਸਬੰਧਤ ਕੰਪਨੀਆਂ ਤੋਂ ਡਾਟਾ ਮੰਗਵਾਇਆ ਗਿਆ ਹੈ। ਪਰ ਸ਼ੋਸ਼ਲ ਮੀਡੀਆ ਅਨੁਸਾਰ ਸੰਗਤ ਨੂੰ ਇਨਸਾਫ਼ ਮਿਲਣ ਦੀ ਉਮੀਦ ਨਹੀਂ ਜਾਪਦੀ। ਇਸ ਬਾਰੇ ਸਿੱਖ ਸੋਚਦੇ ਹਨ ਜਦ ਗੁਰੂ ਦੀ ਬੇਅਦਬੀਆਂ ਦਾ ਇਨਸਾਫ਼ ਨਹੀਂ ਮਿਲਿਆ ਤਾਂ ਦਰਬਾਰ ਸਾਹਿਬ ਵਿਰੱੁਧ ਅਪਰਾਧੀ ਸਾਜਿਸ਼ ਦਾ ਇਨਸਾਫ਼ ਕਿਵੇਂ ਮਿਲ ਜਾਵੇਗਾ। ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਦਾ ਕਹਿਣਾ ਹੈ ਕਿ ਦਰਬਾਰ ਸਾਹਿਬ ਨੂੰ ਅੱਤਵਾਦੀ ਸ਼ੁਭਮ ਦੂਬੇ ਨੇ ਉਡਾਣ ਦੀ ਧਮਕੀ ਕਿਓਂ ਦਿੱਤੀ ? ਕਿਸੇ ਜਥੇਬੰਦੀ ਨਾਲ ਜੁੜਿਆ ਹੈ ਜਾਂ ਮਾਨਸਕ ਰੋਗੀ ਹੈ ? ਪੁਲਿਸ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ। ਸਿੱਖ ਮਰ ਗਏ ਹਨ ਕਿ ਦਰਬਾਰ ਸਾਹਿਬ ਦੀ ਹਿਫ਼ਾਜ਼ਤ ਸਰਕਾਰ ਕਰੇਗੀ ? ਬਲੂਸਟਾਰ ਤੋਂ ਬਾਅਦ ਸਿੱਖਾਂ ਦੀ ਚੈਕਿੰਗ ਕਰਕੇ ਦਰਬਾਰ ਸਾਹਿਬ ਜਾਣ ਦਿੱਤਾ ਜਾਂਦਾ ਸੀ। ਗੁੱਸਾ ਵੀ ਆਂਦਾ ਸੀ ਤੇ ਜ਼ਲੀਲ ਹੋਇਆ ਮਹਿਸੂਸ ਹੁੰਦਾ ਸੀ। ਕੀ ਉਹੀ ਮਾਹੌਲ ਫ਼ੇਰ ਸਿਰਜਣਾ ਹੈ ਸਿਆਸੀ ਪਾਰਟੀਆਂ ਨੇ? ਗੁਰਦੁਆਰੇ ਨੂੰ ਗੁਰਦੁਆਰਾ ਹੀ ਰਹਿਣ ਦਿਓ ਆਪਣੀ ਸਿਆਸਤ ਬਾਹਰ ਰੱਖੋ।
ਸੁਰੱਖਿਆ ਦੇ ਪ੍ਰਬੰਧ ਅਤੇ ਸਰਕਾਰ ਦੀ ਚੁੱਪ
ਇਸ ਸਾਰੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ, ਅੰਮ੍ਰਿਤਸਰ ਪੁਲਿਸ ਅਤੇ ਸ਼੍ਰੋਮਣੀ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਨੂੰ ਹੋਰ ਸਖ਼ਤ ਕਰ ਦਿੱਤਾ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਬੰਬ ਨਿਰੋਧਕ ਦਸਤੇ ਅਤੇ ਡਾਗ ਸਕੁਐਡ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਡੀ.ਜੀ.ਪੀ. ਖੁਦ ਇਸ ਮਾਮਲੇ ’ਤੇ ਨਿਗਰਾਨੀ ਰੱਖ ਰਹੇ ਹਨ। ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਸੁਰੱਖਿਆ ਦਾ ਜਾਲ ਵਿਛਾਇਆ ਗਿਆ ਹੈ ਅਤੇ ਸ਼ੱਕੀ ਵਿਅਕਤੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਪਰ ਸਵਾਲ ਇਹ ਹੈ ਕਿ ਜਦੋਂ ਧਮਕੀਆਂ ਦਾ ਸਿਲਸਿਲਾ ਨਹੀਂ ਰੁਕ ਰਿਹਾ, ਤਾਂ ਕੀ ਇਹ ਸੁਰੱਖਿਆ ਪ੍ਰਬੰਧ ਕਾਫ਼ੀ ਹਨ ਜਾਂ ਅਸਲ ਦੋਸ਼ੀ ਵੀ ਭਾਲਣੇ ਪੈਣਗੇ? ਇਸ ਕਾਰਵਾਈ ਵਿੱਚ ਢਿਲ ਕਿਉਂ?
ਇਸ ਸਾਰੇ ਮਾਮਲੇ ਵਿੱਚ ਸੂਬਾ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁੱਪ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਸਰਕਾਰ ਦੀ ਇਸ ਲਾਪਰਵਾਹੀ ’ਤੇ ਸਖਤ ਰੋਸ ਪ੍ਰਗਟਾਇਆ ਹੈ। ਉਨ੍ਹਾਂ ਕਿਹਾ, “ਮੁੱਖ ਮੰਤਰੀ ਨੇ ਹੁਣ ਤੱਕ ਨਾ ਤਾਂ ਐਸ.ਜੀ.ਪੀ.ਸੀ. ਦੇ ਪ੍ਰਧਾਨ ਨਾਲ, ਨਾ ਹੀ ਚੀਫ਼ ਸਕੱਤਰ ਨਾਲ, ਅਤੇ ਨਾ ਹੀ ਮੈਨੇਜਰ ਸਾਹਿਬ ਨਾਲ ਕੋਈ ਸੰਪਰਕ ਕੀਤਾ। ਇਹ ਬੜੀ ਗਲਤ ਗੱਲ ਹੈ।”
ਸਾਜਿਸ਼ ਦਾ ਸੰਘਣਾ ਪਰਦਾ: ਨਫ਼ਰਤ ਦੀ ਸਿਆਸਤ
ਪੰਥਕ ਜਥੇਬੰਦੀਆਂ ਅਨੁਸਾਰ ਇਹ ਧਮਕੀਆਂ ਸਿਰਫ਼ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਦੀ ਗੱਲ ਨਹੀਂ, ਸਗੋਂ ਇਸ ਦੇ ਪਿੱਛੇ ਇੱਕ ਵੱਡੀ ਸਾਜਿਸ਼ ਦਾ ਸੰਘਣਾ ਪਰਦਾ ਹੈ। ਇਹ ਸਾਜਿਸ਼ ਸਿੱਖ ਪੰਥ ਨੂੰ ਨੀਵਾਂ ਦਿਖਾਉਣ, ਸੰਗਤ ਦੀ ਗਿਣਤੀ ਘਟਾਉਣ ਅਤੇ ਪੰਜਾਬ ਦੀ ਸਾਂਤ ਫ਼ਿਜ਼ਾ ਨੂੰ ਫ਼ਿਰਕੂ ਅੱਗ ਵਿੱਚ ਸਾੜਨ ਦੀ ਕੋਸ਼ਿਸ਼ ਹੈ। ਇਹ ਪਹਿਲੀ ਵਾਰ ਨਹੀਂ ਜਦੋਂ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਿਛਲੇ ਸਮੇਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਨੇ ਵੀ ਸਿੱਖ ਪੰਥ ਦੇ ਦਿਲ ਨੂੰ ਵਿੰਨਿ੍ਹਆ ਸੀ। ਹੁਣ ਇਹ ਧਮਕੀਆਂ ਉਸੇ ਲੜੀ ਦਾ ਹਿੱਸਾ ਜਾਪਦੀਆਂ ਹਨ।
ਪੰਥਕ ਮਾਹਿਰ ਇਹ ਵੀ ਸੋਚਦੇ ਹਨ ਕਿ ਇਸ ਸਾਜਿਸ਼ ਦੇ ਪਿੱਛੇ ਨਫ਼ਰਤ ਦੀ ਸਿਆਸਤ ਸਪੱਸ਼ਟ ਦਿਸਦੀ ਹੈ। ਦੇਸ਼ ਵਿੱਚ ਫ਼ੈਲ ਰਹੀ ਫ਼ਿਰਕੂ ਨਫ਼ਰਤ, ਜਿਸ ਦੇ ਤਹਿਤ ਮੁਸਲਮਾਨਾਂ, ਘੱਟ-ਗਿਣਤੀਆਂ ਅਤੇ ਹੋਰ ਧਾਰਮਿਕ ਅਸਥਾਨਾਂ ’ਤੇ ਹਮਲੇ ਹੋ ਰਹੇ ਹਨ, ਉਹੀ ਨਫ਼ਰਤ ਹੁਣ ਸਿੱਖ ਪੰਥ ਵੱਲ ਮੋੜੀ ਜਾ ਰਹੀ ਹੈ। ਸ਼ੁਭਮ ਦੁਬੇ ਵਰਗੇ ਪੜ੍ਹੇ-ਲਿਖੇ ਵਿਅਕਤੀ, ਜੋ ਕਿ ਇੱਕ ਸਾਫ਼ਟਵੇਅਰ ਇੰਜਨੀਅਰ ਹੈ ਅਤੇ ਕਈ ਵੱਡੀਆਂ ਕੰਪਨੀਆਂ ਵਿੱਚ ਕੰਮ ਕਰ ਚੁੱਕਾ ਹੈ, ਦਾ ਅਜਿਹੀ ਸਾਜਿਸ਼ ਵਿੱਚ ਸ਼ਾਮਲ ਹੋਣਾ ਇਹ ਸਪੱਸ਼ਟ ਕਰਦਾ ਹੈ ਕਿ ਇਹ ਕੋਈ ਆਮ ਸਰਾਰਤ ਨਹੀਂ। ਇਸ ਦੇ ਪਿੱਛੇ ਇੱਕ ਸੰਗਠਿਤ ਮਾਨਸਿਕਤਾ ਹੈ, ਜਿਸ ਵਿੱਚ ਘੱਟ-ਗਿਣਤੀਆਂ ਪ੍ਰਤੀ ਨਫ਼ਰਤ ਦੀ ਅੱਗ ਸੁੱਲਗ ਰਹੀ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ, “ਅਜੋਕੇ ਤਕਨੀਕੀ ਯੁੱਗ ਵਿੱਚ ਵੀ ਸਰਕਾਰ ਅਤੇ ਪੁਲਿਸ ਅਸਲ ਮੁਲਜ਼ਮਾਂ ਤੱਕ ਨਹੀਂ ਪਹੁੰਚ ਸਕੀ, ਜੋ ਕਿ ਚਿੰਤਾ ਦਾ ਵਿਸ਼ਾ ਹੈ।
ਸ੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਸਰਕਾਰ ਦੀ ਕਾਰਗੁਜ਼ਾਰੀ ’ਤੇ ਨਿਰਾਸ਼ਾ ਪ੍ਰਗਟਾਈ। ਉਨ੍ਹਾਂ ਕਿਹਾ, “ਮੁੱਖ ਮੰਤਰੀ ਨੂੰ ਵੀ ਇਹ ਈ-ਮੇਲਾਂ ਮਿਲੀਆਂ ਹਨ। ਸਰਕਾਰ ਨੂੰ ਤੁਰੰਤ ਇਸ ’ਤੇ ਕਾਰਵਾਈ ਕਰਨੀ ਚਾਹੀਦੀ। ਇਹ ਸਾਜਿਸ਼ ਸੰਗਤ ਨੂੰ ਭੈਅਭੀਤ ਕਰਨ ਦੀ ਹੈ।”
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੀ ਕੇਂਦਰ ਅਤੇ ਸੂਬਾ ਸਰਕਾਰ ਨੂੰ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਪਰਵਾਸੀ ਸਿੱਖ ਜਥੇਬੰਦੀਆਂ ਅਤੇ ਸ਼੍ਰੋਮਣੀ ਕਮੇਟੀ ਦੀ ਭੂਮਿਕਾ
ਇਹ ਸਮਾਂ ਸਿਆਸਤ ਦਾ ਨਹੀਂ, ਸਗੋਂ ਸਿੱਖ ਪੰਥ ਦੀ ਏਕਤਾ ਦਾ ਹੈ। ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਨੂੰ ਸਿੱਖ ਜਥੇਬੰਦੀਆਂ ਨੂੰ ਇਕਜੁੱਟ ਕਰਕੇ ਇਸ ਸਾਜਿਸ਼ ਦਾ ਸਾਹਮਣਾ ਕਰਨਾ ਚਾਹੀਦਾ। ਸ਼੍ਰੋਮਣੀ ਕਮੇਟੀ ਨੂੰ ਆਪਣੀ ਟਾਸਕ ਫ਼ੋਰਸ ਨੂੰ ਹੋਰ ਸਰਗਰਮ ਕਰਨ ਦੀ ਲੋੜ ਹੈ ਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਸਹਿਯੋਗ ਨਾਲ ਨੁਮਾਇੰਦਾ ਪੰਥਕ ਇਕੱਠ ਸਰਬਤ ਖ਼ਾਲਸਾ ਦੇ ਰੂਪ ਵਿੱਚ ਬੁਲਾਇਆ ਜਾਣਾ ਚਾਹੀਦਾ ਹੈ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਨਫ਼ਰਤ ਤੇ ਨਸਲਵਾਦ ਦੀ ਅੱਗ ਬਾਲਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਤੇ ਪੰਜਾਬ ਦੀ ਸਾਂਤ ਫ਼ਿਜ਼ਾ ਨੂੰ ਬਚਾਉਣ।
ਇਸ ਮਾਮਲੇ ਵਿੱਚ ਪ੍ਰਵਾਸੀ ਸਿੱਖ ਜਥੇਬੰਦੀਆਂ ਨੂੰ ਵਿਸ਼ਵ ਪੱਧਰ ’ਤੇ ਇਸ ਮੁੱਦੇ ਨੂੰ ਉਠਾਉਣਾ ਚਾਹੀਦਾ ਅਤੇ ਸਰਕਾਰਾਂ ’ਤੇ ਦਬਾਅ ਪਾਉਣਾ ਚਾਹੀਦਾ ਕਿ ਅਜਿਹੀਆਂ ਸਾਜਿਸ਼ਾਂ ਦਾ ਪਰਦਾਫ਼ਾਸ਼ ਕੀਤਾ ਜਾਵੇ। ਇਸ ਦੇ ਨਾਲ ਹੀ, ਸ਼੍ਰੋਮਣੀ ਕਮੇਟੀ ਨੂੰ ਆਪਣੇ ਸਾਫ਼ਟਵੇਅਰ ਇੰਜਨੀਅਰਾਂ ਅਤੇ ਤਕਨੀਕੀ ਮਾਹਿਰਾਂ ਦੀ ਟੀਮ ਤਿਆਰ ਕਰਕੇ ਅਜਿਹੀਆਂ ਧਮਕੀਆਂ ਦੇਣ ਵਾਲੇ ਅਨਸਰਾਂ ਦਾ ਪਰਦਾਫ਼ਾਸ਼ ਕਰਨਾ ਚਾਹੀਦਾ।

ਗੁਰਦੁਆਰਾ ਨਾਨਕ ਝੀਰਾ ਸਾਹਿਬ ’ਤੇ ਵੀ ਧਮਕੀ
ਸ੍ਰੀ ਦਰਬਾਰ ਸਾਹਿਬ ਤੋਂ ਬਾਅਦ ਹੁਣ ਬਿਦਰ (ਕਰਨਾਟਕ) ਵਿੱਚ ਸਥਿਤ ਗੁਰਦੁਆਰਾ ਨਾਨਕ ਝੀਰਾ ਸਾਹਿਬ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਲਬੀਰ ਸਿੰਘ ਨੇ ਇਸ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਸਿੱਖ ਅਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਇਹ ਸਾਜਿਸ਼ ਸੰਗਤ ਵਿੱਚ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਸਖ਼ਤ ਕਾਰਵਾਈ ਦੀ ਮੰਗ ਕੀਤੀ।

Loading