
ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਹੁਣ ਨਵੇਂ ਤੇ ਖਤਰਨਾਕ ਮੋੜ ’ਤੇ ਪਹੁੰਚ ਗਈ ਹੈ। ‘ਆਈਸ’ ਜਾਂ ਕ੍ਰਿਸਟਲ ਮੈਥਾਮਫ਼ੇਟਾਮਿਨ ਨਾਮਕ ਸਿੰਥੈਟਿਕ ਨਸ਼ੇ ਦੀ ਵਧਦੀ ਵਰਤੋਂ ਅਤੇ ਜ਼ਬਤੀ ਨੇ ਪੁਲਿਸ ਅਤੇ ਸਮਾਜਿਕ ਸੰਸਥਾਵਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਨਸ਼ਾ ਤਸਕਰ ਹੁਣ ਨੌਜਵਾਨਾਂ ਨੂੰ ਹੈਰੋਇਨ (ਚਿੱਟਾ) ਤੋਂ ਹਟਾ ਕੇ ਸਸਤੀ, ਜ਼ਿਆਦਾ ਪ੍ਰਭਾਵਸ਼ਾਲੀ ਅਤੇ ਆਸਾਨੀ ਨਾਲ ਤਿਆਰ ਹੋਣ ਵਾਲੀ ‘ਆਈਸ’ ਵੱਲ ਮੋੜ ਰਹੇ ਹਨ। ਅਫ਼ਗਾਨਿਸਤਾਨ ਅਤੇ ਪਾਕਿਸਤਾਨ ਤੋਂ ਆਈਸ ਦੀਆਂ ਵੱਡੀਆਂ ਖੇਪਾਂ ਪੰਜਾਬ ਵਿੱਚ ਡਰੋਨ ਅਤੇ ਜ਼ਮੀਨਦੋਜ਼ ਸੁਰੰਗਾਂ ਰਾਹੀਂ ਭੇਜੀਆਂ ਜਾ ਰਹੀਆਂ ਹਨ। ਇਸ ਨਸ਼ੇ ਦੀ ਸਸਤੀ ਕੀਮਤ ਅਤੇ ਤੀਬਰ ਪ੍ਰਭਾਵ ਕਾਰਨ ਨੌਜਵਾਨ ਸੌਖੀ ਲਤ ਦਾ ਸ਼ਿਕਾਰ ਹੋ ਰਹੇ ਹਨ। ਪੁਲਿਸ ਅਧਿਕਾਰੀਆਂ ਅਨੁਸਾਰ, ਇਹ ਨਸ਼ਾ ਤਸਕਰੀ ਦਾ ਨਵਾਂ ਰੁਝਾਨ ਨਹੀਂ ਸਗੋਂ ਇੱਕ ਸੋਚੀ-ਸਮਝੀ ਸਾਜ਼ਿਸ਼ ਹੈ, ਜਿਸ ਦਾ ਮਕਸਦ ਪੰਜਾਬ ਦੇ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਆਈਸ ਦਾ ਵੱਡਾ ਬਾਜ਼ਾਰ ਖੜ੍ਹਾ ਕਰਨਾ ਹੈ।
ਆਈਸ ਦੀ ਸਪਲਾਈ ਦਾ ਮੁੱਖ ਸਰੋਤ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਹਨ। ਅਫ਼ਗਾਨਿਸਤਾਨ ਵਿੱਚ ਤਾਲਿਬਾਨ ਵੱਲੋਂ ਅਫ਼ੀਮ ਦੀ ਖੇਤੀ ’ਤੇ ਪਾਬੰਦੀ ਲਗਾਉਣ ਮਗਰੋਂ ਅਫ਼ੀਮ ਆਧਾਰਿਤ ਅਰਥਚਾਰਾ ਲਗਭਗ ਤਬਾਹ ਹੋ ਗਿਆ ਹੈ। ਇਸ ਕਾਰਨ ਤਸਕਰਾਂ ਨੇ ਐਪੀਡਰਾ ਬੂਟਿਆਂ ਦੀ ਵਰਤੋਂ ਨਾਲ ਆਈਸ ਤਿਆਰ ਕਰਨ ਦਾ ਨਵਾਂ ਰਾਹ ਅਪਣਾਇਆ ਗਿਆ ਹੈ। ਅਫ਼ਗਾਨਿਸਤਾਨ ਦੇ ਪਹਾੜੀ ਖੇਤਰਾਂ ਵਿੱਚ ਅਸਥਾਈ ਲੈਬਾਂ ਵਿੱਚ ਵੱਡੇ ਪੈਮਾਨੇ ’ਤੇ ਮੈਥਾਮਫ਼ੇਟਾਮਿਨ ਤਿਆਰ ਕੀਤੀ ਜਾ ਰਹੀ ਹੈ। ਇਹ ਨਸ਼ਾ ਪਾਕਿਸਤਾਨ ਰਾਹੀਂ ਡਰੋਨ, ਸੁਰੰਗਾਂ ਅਤੇ ਹੋਰ ਗੈਰ-ਕਾਨੂੰਨੀ ਰਾਹਾਂ ਨਾਲ ਪੰਜਾਬ ਦੀ ਸੰਵੇਦਨਸ਼ੀਲ ਸਰਹੱਦ ਰਾਹੀਂ ਭੇਜਿਆ ਜਾ ਰਿਹਾ ਹੈ।
ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਆਈਸ ਦੀਆਂ ਵੱਡੀਆਂ ਖੇਪਾਂ ਜ਼ਬਤ ਕੀਤੀਆਂ ਗਈਆਂ ਹਨ, ਜੋ ਇਸ ਨਸ਼ੇ ਦੀ ਵਧਦੀ ਸਮੱਸਿਆ ਨੂੰ ਦਰਸਾਉਂਦੀਆਂ ਹਨ। 2023 ਵਿੱਚ ਸਿਰਫ਼ 2 ਕਿਲੋਗ੍ਰਾਮ ਆਈਸ ਜ਼ਬਤ ਕੀਤੀ ਗਈ ਸੀ, ਪਰ 2024 ਵਿੱਚ ਇਹ ਅੰਕੜਾ 22 ਕਿਲੋਗ੍ਰਾਮ ਤੱਕ ਪਹੁੰਚ ਗਿਆ। 2025 ਵਿੱਚ ਹੁਣ ਤੱਕ ਲਗਭਗ 13 ਕਿਲੋਗ੍ਰਾਮ ਆਈਸ ਜ਼ਬਤ ਹੋ ਚੁੱਕੀ ਹੈ, ਜਿਸ ਵਿੱਚ ਫ਼ਰਵਰੀ ਦੌਰਾਨ 2 ਕਿਲੋ ਅਤੇ ਜੂਨ ਵਿੱਚ 7.4 ਕਿਲੋ ਦੀ ਵੱਡੀ ਖੇਪ ਸ਼ਾਮਲ ਹੈ।
ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣਾ ਵਿੱਚ 2022 ਦੌਰਾਨ 20.8 ਕਿਲੋਗ੍ਰਾਮ ਆਈਸ ਦੀ ਜ਼ਬਤੀ ਸੂਬੇ ਦੀ ਸਭ ਤੋਂ ਵੱਡੀ ਬਰਾਮਦਗੀਆਂ ਵਿਚੋਂ ਇਕ ਸੀ। ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਨੂੰ ਜੰਮੂ-ਕਸ਼ਮੀਰ ਦੇ ਬਾਰਾਮੂਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜੋ ਅੰਤਰਰਾਸ਼ਟਰੀ ਸਿੰਥੈਟਿਕ ਡਰੱਗ ਨੈੱਟਵਰਕ ਦਾ ਹਿੱਸਾ ਸੀ। ਇਸੇ ਤਰ੍ਹਾਂ, ਜਲੰਧਰ ਪੁਲਿਸ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਖਾਲਿਸਤਾਨ ਸਮਰਥਕ ਆਗੂ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਲਵਪ੍ਰੀਤ ਸਿੰਘ ਤੋਂ ਵੀ ਆਈਸ ਜ਼ਬਤ ਕਰਨ ਦਾ ਦਾਅਵਾ ਕੀਤਾ ਸੀ।
2024 ਤੋਂ 2025 ਤੱਕ ਦੇ ਸਮੇਂ ਵਿੱਚ ਪੰਜਾਬ ਪੁਲਿਸ ਨੇ ਲਗਭਗ 35 ਕਿਲੋਗ੍ਰਾਮ ਆਈਸ ਜ਼ਬਤ ਕੀਤੀ ਸੀ, ਜੋ ਇਸ ਨਸ਼ੇ ਦੀ ਵਧਦੀ ਪਹੁੰਚ ਨੂੰ ਦਰਸਾਉਂਦੀ ਹੈ। ਇਸ ਦੌਰਾਨ, ਕਈ ਤਸਕਰਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ, ਜਿਨ੍ਹਾਂ ਵਿਚੋਂ ਕੁਝ ਅੰਤਰਰਾਸ਼ਟਰੀ ਨੈੱਟਵਰਕ ਨਾਲ ਜੁੜੇ ਸਨ। ਹਾਲਾਂਕਿ, ਸਹੀ ਅੰਕੜੇ ਸਰਕਾਰੀ ਰਿਕਾਰਡ ਵਿੱਚ ਹੀ ਸਪੱਸ਼ਟ ਹੋ ਸਕਦੇ ਹਨ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਹੈਰੋਇਨ ਸਭ ਤੋਂ ਵੱਡੀ ਸਮੱਸਿਆ ਸੀ, ਪਰ ਹੁਣ ਸਿੰਥੈਟਿਕ ਨਸ਼ਿਆਂ, ਖਾਸਕਰ ਆਈਸ, ਨੇ ਸਥਿਤੀ ਨੂੰ ਹੋਰ ਗੰਭੀਰ ਕਰ ਦਿੱਤਾ ਹੈ। ਸਰਕਾਰ ਅਤੇ ਸਮਾਜ ਨੂੰ ਮਿਲ ਕੇ ਇਸ ਨਸ਼ੇ ਦੀ ਰੋਕਥਾਮ ਲਈ ਵੱਡੇ ਪੈਮਾਨੇ ’ਤੇ ਕਦਮ ਚੁੱਕਣ ਦੀ ਲੋੜ ਹੈ। ਨੌਜਵਾਨਾਂ ਨੂੰ ਜਾਗਰੂਕ ਕਰਨ, ਸਪਲਾਈ ਚੇਨ ਨੂੰ ਤੋੜਨ ਅਤੇ ਅੰਤਰਰਾਸ਼ਟਰੀ ਸਹਿਯੋਗ ਨਾਲ ਹੀ ਇਸ ਸਮੱਸਿਆ ’ਤੇ ਕਾਬੂ ਪਾਇਆ ਜਾ ਸਕਦਾ ਹੈ।