ਸਿੱਖ ਲਹਿਰ ਦੇ ਵਿਕਾਸ ਲਈ ਸਿੱਖ ਇਤਿਹਾਸ ਦੀ ਸਾਂਭ-ਸੰਭਾਲ, ਖੋਜ ਕਿਉਂ ਜ਼ਰੂਰੀ?

In ਮੁੱਖ ਲੇਖ
July 24, 2025

ਬਲਵਿੰਦਰ ਪਾਲ ਸਿੰਘ ਪ੍ਰੋਫ਼ੈਸਰ

ਸਿੱਖ ਇਤਿਹਾਸ, ਜੋ ਸ਼ਹਾਦਤਾਂ ਦੀ ਗਾਥਾ, ਮਨੁੱਖਤਾ ਦੀ ਸਾਂਝ ਅਤੇ ਗੁਰੂ ਦੀ ਦਾਰਸ਼ਨਿਕਤਾ ਦਾ ਸੰਗਮ ਹੈ, ਨੂੰ ਸਹੀ ਢੰਗ ਨਾਲ ਸਮਝਣ, ਸੰਭਾਲਣ ਅਤੇ ਸਿੱਖ ਵਿਰੋਧੀ ਸਿਆਸਤ ਦੇ ਹਮਲਿਆਂ ਤੋਂ ਬਚਾਉਣ ਦੀ ਲੋੜ ਹੈ।
ਸਿੱਖ ਇਤਿਹਾਸ ਸਿਰਫ਼ ਤਾਰੀਖ਼ਾਂ ਦੀ ਗਿਣਤੀ ਨਹੀਂ, ਨਾ ਹੀ ਪੀਲੀਆਂ ਪੋਥੀਆਂ ਵਿੱਚ ਬੰਦ ਕੋਈ ਮਰਿਆ-ਮੁਕਿਆ ਸਫ਼ਰ ਹੈ। ਇਹ ਤਾਂ ਜੀਵੰਤ ਇਤਿਹਾਸਕ ਲਹਿਰ ਹੈ, ਜੋ ਕਿ ਸਤਿਗੁਰੂ ਬਾਬੇ ਨਾਨਕ ਜੀ ਦੀਆਂ ਜਗਤ ਤਾਰਨ ਲਈ ਕੀਤੀਆਂ ਯਾਤਰਾਵਾਂ ਤੇ ਸ਼ਬਦ ਫ਼ੁਰਮਾਨਾਂ ਤੇ ਮਰਦਾਨੇ ਦੀ ਰਬਾਬ ਨਾਲ ਸਿਰਜੀ ਗਈ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਖੰਡੇ ਨਾਲ ਖ਼ਾਲਸਾ ਪੰਥ ਦੇ ਰੂਪ ਵਿੱਚ ਤਿੱਖੀ ਹੋਈ ਅਤੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਖ਼ਾਲਸਾ ਰਾਜ ਦੀ ਸਿਰਜਣਾ ਤੇ ਸ਼ਹਾਦਤ ਨਾਲ ਬੁਲੰਦ ਹੋਈ ।
ਪਰ ਇਹ ਸਫ਼ਰ ਸਿਰਫ਼ ਸ਼ਹਾਦਤਾਂ ਦਾ ਬੀਰ ਰਸੀ ਵਾਰ ਨਹੀਂ, ਇਹ ਸੰਗਤ ਦੀ ਸਾਂਝ, ਕਿਰਤੀਆਂ ਦੇ ਹੱਕ-ਸੱਚ ਸਬੰਧੀ ਸੰਘਰਸ਼ ਦਾ ਸੰਗਮ ਹੈ। ਇਹ ਇਤਿਹਾਸ ਸਾਡੇ ਵਰਤਮਾਨ ਦੀ ਨੀਂਹ ਹੈ, ਸਾਡੇ ਭਵਿੱਖ ਦੀ ਜੋਤ ਹੈ। ਪਰ ਫ਼ਿਰ ਵੀ, ਇਹ ਅਧੂਰਾ ਕਿਉਂ? ਸਿੱਖ ਇਤਿਹਾਸ ਸਹੀ ਢੰਗ ਨਾਲ ਲਿਖਿਆ ਕਿਉਂ ਨਹੀਂ ਗਿਆ? ਅਤੇ ਸਭ ਤੋਂ ਵੱਡਾ ਸਵਾਲ—ਇਸ ਨੂੰ ਸਿੱਖ ਵਿਰੋਧੀਆਂ ਦੇ ਤਰੋੜ-ਮਰੋੜ ਤੇ ਕਾਲੇ ਪਰਛਾਂਵਿਆਂ ਤੋਂ ਕਿਵੇਂ ਬਚਾਇਆ ਜਾਵੇ?
ਸਿੱਖ ਇਤਿਹਾਸ ਦੀ ਅਧੂਰੀ ਤਸਵੀਰ
ਸਿੱਖ ਇਤਿਹਾਸ ਅਧੂਰਾ ਹੈ, ਜਿਵੇਂ ਕੋਈ ਅਧਵਾਟੇ ਛੱਡਿਆ ਚਿੱਤਰ ਹੈ,ਜਿਸ ਦੇ ਤੱਥ ਤੇ ਬਿਰਤਾਂਤ ਅਧੂਰਾ ਹੈ।ਇਸ ਪਿੱਛੇ ਕਈ ਕਾਰਨ ਹਨ। ਸਭ ਤੋਂ ਪਹਿਲਾਂ, ਸਿੱਖ ਪੰਥ ਨੇ ਇਤਿਹਾਸ ਸਿਰਜਿਆ ਗਿਆ ਹੈ, ਪਰ ਲਿਖਿਆ ਨਹੀਂ ਗਿਆ। ਗੁਰੂ ਸਾਹਿਬਾਨ ਦੇ ਸਿੱਖਾਂ ਨੇ ਜੋ ਸੰਘਰਸ਼ ਕੀਤਾ, ਜੋ ਸ਼ਹਾਦਤਾਂ ਦਿੱਤੀਆਂ, ਘੱਲੂਘਾਰਿਆਂ, ਜ਼ੁਲਮਾਂ ਦਾ ਸਾਹਮਣਾ ਕੀਤਾ, ਉਹ ਸਭ ਬਿਰਤਾਂਤ ਸੱਤਾ ਦੀ ਜ਼ੁਲਮੀ ਤਲਵਾਰ ਦੀ ਧਾਰ ਵਿਰੁੱਧ ਸੰਘਰਸ਼ ਰਾਹੀਂ ਸੀਨੇ ਬ ਸੀਨੇ ਸਿੱਖ ਇਤਿਹਾਸ ਸਫ਼ਰ ਕਰਦਾ ਰਿਹਾ। ਜਦੋਂ ਸਿੱਖ ਪੰਥ ਲਈ ਮਹਾਰਾਜਾ ਰਣਜੀਤ ਸਿੰਘ ਦਾ ਸੁਨਹਿਰੀ ਸਮਾਂ ਆਇਆ, ਤਾਂ ਸਿੱਖਾਂ ਦੇ 40 ਸਾਲ ਦੀ ਸੱਤਾ ਸੰਭਾਲਣ ਦੀ ਜੱਦੋ-ਜਹਿਦ ਵਿੱਚ ਲੰਘ ਗਏ, ਅਫ਼ਗਾਨੀ ਹਮਲਿਆਂ ਤੇ ਬ੍ਰਿਟਿਸ਼ ਹਕੂਮਤ ਦੀਆਂ ਚਾਲਬਾਜ਼ੀਆਂ ਕਾਰਨ ਇਤਿਹਾਸ ਲਿਖਣ ਦੀ ਵਿਹਲ ਨਾ ਮਿਲੀ। ਜੇ 40 ਸਾਲ ਹੋਰ ਮਿਲੇ ਹੁੰਦੇ, ਤਾਂ ਸ਼ਾਇਦ ਸਿੱਖ ਇਤਿਹਾਸ ਦੇ ਅੱਖਰ-ਅੱਖਰ, ਤੱਥ, ਬਿਰਤਾਂਤ ਸਹੀ ਢੰਗ ਨਾਲ ਸੰਭਾਲੇ ਜਾਂਦੇ। ਪਰ ਅਫ਼ਸੋਸ, ਸਮਾਂ ਸਿੱਖ ਪੰਥ ਦੇ ਹੱਕ ਵਿੱਚ ਨਹੀਂ ਸੀ।ਡੋਗਰਿਆਂ ਤੇ ਸੰਧੇਵਾਲੀਆ ਦੀਆਂ ਗਦਾਰੀਆਂ ਨੇ ਖ਼ਾਲਸਾ ਰਾਜ ਉਜਾੜ ਦਿੱਤਾ, ਬ੍ਰਿਟਿਸ਼ ਹਕੂਮਤ ਦਾ ਗੁਲਾਮ ਬਣਾ ਦਿੱਤਾ।
ਦੂਜਾ, ਜਿਹੜੇ ਸਰੋਤ ਸਾਡੇ ਕੋਲ ਹਨ, ਉਹ ਅਕਸਰ ਵਿਰੋਧੀਆਂ ਦੀ ਕਲਮ ਵਿੱਚੋਂ ਨਿਕਲੇ ਹਨ। ਇਹ ਕਿੰਨੇ ਕੁ ਸੱਚਾਈ ਤੇ ਤੱਥਾਂ ਨੇੜੇ ਹਨ,ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਮੁਗਲਾਂ ਦੀਆਂ ਰੋਜ਼ਨਾਮਚਿਆਂ, ਮੁਗਲ ਰਾਜਿਆਂ ਦੇ ਦਰਬਾਰੀ ਲੇਖਕਾਂ ਜਾਂ ਅੰਗਰੇਜ਼ਾਂ ਦੀਆਂ ਰਿਪੋਰਟਾਂ ਨੇ ਸਿੱਖ ਲਹਿਰ ਨੂੰ ‘ਬਾਗੀ’, ‘ਲੁਟੇਰੇ’ ਦੱਸਿਆ ਹੈ। ਇਹ ਸਰੋਤ ਨਾ ਸਿਰਫ਼ ਪੱਖਪਾਤੀ ਸਨ, ਸਗੋਂ ਸਿੱਖ ਸੰਘਰਸ਼ ਦੀ ਰੂਹ ਨੂੰ ਸਮਝਣ ਵਿੱਚ ਨਾਕਾਮ ਰਹੇ ਹਨ। ਸਿੱਖਾਂ ਦੀ ਆਪਣੀ ਲਿਖਤੀ ਪਰੰਪਰਾ ਮੁੱਖ ਤੌਰ ’ਤੇ ਮੌਖਿਕ ਸੀ ‘ਜਨਮਸਾਖੀਆਂ, ਵਾਰਾਂ ਤੇ ਕਥਾਵਾਂ ਵਿੱਚ ’। ਇਸ ਨੇ ਸਿੱਖ ਇਤਿਹਾਸ ਦੀ ਸੰਭਾਲ ਨੂੰ ਹੋਰ ਜਟਿਲ ਕਰ ਦਿੱਤਾ,ਕਿਉਂ ਕਿ ਇਹਨਾਂ ਵਿੱਚ ਸ਼ਰਧਾ ਸੀ, ਤੱਥ ਨਹੀਂ ਸਨ।
ਤੀਜਾ, ਅਜੋਕੇ ਸਮੇਂ ਵਿੱਚ ਸਿੱਖ ਇਤਿਹਾਸ ਦਾ ‘ਭਗਵਾਂਕਰਨ’ ਹੋ ਰਿਹਾ ਹੈ। ਗੁਰੂ ਸਾਹਿਬਾਨ ਦੀ ਮੁਗਲਾਂ ਨਾਲ ਟੱਕਰ ਨੂੰ ‘ਹਿੰਦੂ ਧਰਮ ਦੀ ਰਾਖੀ’ ਦੱਸਿਆ ਜਾ ਰਿਹਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ‘ਵੀਰ ਬੈਰਾਗੀ ਹਿੰਦੂ’ ਦਾ ਖਿਤਾਬ ਦਿੱਤਾ ਜਾ ਰਿਹਾ ਹੈ। ਇਹ ਸਭ ਸਿੱਖ ਲਹਿਰ ਦੀ ਸੰਗਤੀ ਰੂਹ ਨੂੰ ਮੇਟਣ ਦੀ ਸਾਜ਼ਿਸ਼ ਹੈ, ਜਿਸ ਦੀਆਂ ਜੜ੍ਹਾਂ ਸੱਤਾ ਦੀ ਲਾਲਸਾ ਤੇ ਸਿੱਖ ਪੰਥ ਦਾ ਨਿਰਾਲਾ ਵਜੂਦ ਮਿਟਾਉਣ ਵਿੱਚ ਹਨ। ਅਕਾਲੀ ਅਤੇ ਧਾਰਮਿਕ ਲੀਡਰਸ਼ਿਪ ਦੀ ਇਸ ਮਾਇਆ-ਮੋਹਣੀ ਦੇ ਮੋਹ ਦੀ ਸਿਆਸਤ ਨੇ ਸਿੱਖ ਪੰਥ ਤੇ ਇਤਿਹਾਸ ਲਈ ਸਭ ਤੋਂ ਵੱਡਾ ਖ਼ਤਰਾ ਪੈਦਾ ਕੀਤਾ।
ਸਿੱਂਖ ਇਤਿਹਾਸਕਾਰ ਦਾ ਕੰਮ ਸਿਰਫ਼ ਤੱਥਾਂ ਨੂੰ ਇਕੱਠਾ ਕਰਨਾ ਨਹੀਂ, ਸਗੋਂ ਸੱਚ ਦੀ ਖੋਜ ਕਰਨਾ ਹੈ। ਸਿੱਖ ਇਤਿਹਾਸਕਾਰ ਖੋਜੀ ਹੁੰਦਾ ਹੈ, ਜੋ ਪੁਰਾਣੇ ਸਰੋਤਾਂ ‘ਤਾਮਰ ਪੱਤਰ, ਸ਼ਿਲਾਲੇਖ, ਜਨਮ-ਸਾਖੀਆਂ ਜਾਂ ਮੌਖਿਕ ਪਰੰਪਰਾਵਾਂ’ ਵਿੱਚੋਂ ਸਿੱਖ ਲਹਿਰ ਦੀ ਰੂਹ ਲੱਭਦਾ ਹੈ। ਪਰ ਇਹ ਸਰੋਤ ਸਿਰਫ਼ ਪੜ੍ਹਨ ਨਾਲ ਕੰਮ ਨਹੀਂ ਚੱਲਦਾ। ਇਤਿਹਾਸਕਾਰ ਨੂੰ ਇਹ ਜਾਨਣਾ ਹੁੰਦਾ ਹੈ: ਇਹ ਕਿਸ ਨੇ ਲਿਖਿਆ? ਕਿਉਂ ਲਿਖਿਆ? ਕਿਸ ਦੇ ਹੱਕ ਵਿੱਚ ਲਿਖਿਆ? ਮੁਗਲ ਰੋਜ਼ਨਾਮਚੇ ਨੇ ਸਿੱਖਾਂ ਨੂੰ ‘ਬਾਗੀ’ ਕਿਉਂ ਦੱਸਿਆ? ਅੰਗਰੇਜ਼ੀ ਰਿਪੋਰਟਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਸੱਤਾ ਨੂੰ ‘ਅਸਥਿਰ’ ਕਿਉਂ ਕਿਹਾ? ਇਹ ਸਵਾਲ ਸਿੱਖ ਇਤਿਹਾਸ ਸਿਰਜਣ ਦੀ ਨੀਂਹ ਹਨ ਤੇ ਸਿੱਖ ਇਤਿਹਾਸਕਾਰ ਦੇ ਕਾਰਜ ਲਈ ਜ਼ਰੂਰੀ ਹਨ।
ਇਤਿਹਾਸਕਾਰ ਨੂੰ ਸਰੋਤਾਂ ਦੀ ਆਲੋਚਨਾ ਕਰਨੀ ਪੈਂਦੀ ਹੈ, ਉਹਨਾਂ ਦੀਆਂ ਚੁੱਪੀਆਂ, ਘੁਣਤਰਾਂ ਨੂੰ ਪੜ੍ਹਨਾ ਪੈਂਦਾ ਹੈ। ਜਿਵੇਂ, ਜੇ ਬਾਬਾ ਬਿਨੋਦ ਸਿੰਘ ਦੇ ਮੁਗਲ ਸਰਕਾਰ ਨਾਲ ਸਮਝੌਤੇ ਦੀ ਗੱਲ ਹੈ, ਤਾਂ ਸਵਾਲ ਇਹ ਹੈ, ਉਸ ਨੇ ਅਜਿਹਾ ਕਿਉਂ ਕੀਤਾ? ਕੀ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਚੜ੍ਹਤ ਤੋਂ ਔਖਾ ਸੀ? ਕੀ ਉਹ ਸਿੱਖ ਲਹਿਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਦਨਾਮ ਕਰਕੇ ਉਸ ਦੀ ਥਾਂ ਲੈਣਾ ਚਾਹੁੰਦਾ ਸੀ? ਕੀ ਉਸ ਦੀ ਕਾਰਵਾਈ ਸਿੱਖ ਲਹਿਰ ਨੂੰ ਨੁਕਸਾਨ ਪਹੁੰਚਾਉਣ ਵਾਲੀ ਸੀ? ਜੇ ਅਸੀਂ ਇਹ ਸਵਾਲ ਨਹੀਂ ਪੁੱਛਦੇ, ਤਾਂ ਅਸੀਂ ਇਤਿਹਾਸ ਦੀ ਡੂੰਘਾਈ ਤੇ ਸੱਚ ਵਿੱਚ ਨਹੀਂ ਪਹੁੰਚ ਸਕਦੇ। ਸਿੱਖ ਇਤਿਹਾਸਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਸਰੋਤਾਂ ਨੂੰ ਸੱਚ ਦੀ ਨਜ਼ਰ ਨਾਲ ਪਰਖੇ ਤੇ ਸਹੀ ਇਤਿਹਾਸ ਲਿਖੇ।
ਗੁਰਦੁਆਰੇ ਸਿੱਖ ਇਤਿਹਾਸ ਦੀ ਸੰਭਾਲ ਦਾ ਸਭ ਤੋਂ ਵੱਡਾ ਕੇਂਦਰ ਹੋ ਸਕਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਤਿਹਾਸ ਦੀ ਸੰਭਾਲ ਅਤੇ ਪ੍ਰਸਾਰ ਦੀ ਵੱਡੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਪੁਰਾਣੀਆਂ ਜਨਮਸਾਖੀਆਂ, ਗੁਰਬਿਲਾਸ ਅਤੇ ਸਿੱਖ ਲਹਿਰ ਦੀਆਂ ਹੱਥ-ਲਿਖਤ ਪੋਥੀਆਂ ਨੂੰ ਡਿਜੀਟਲ ਰੂਪ ਵਿੱਚ ਸੰਭਾਲਣਾ ਚਾਹੀਦਾ ਹੈ। ਗੁਰਦੁਆਰਿਆਂ ਵਿੱਚ ਸਿੱਖ ਇਤਿਹਾਸ ਦੀ ਸਿੱਖਿਆ ਲਈ ਵਰਕਸ਼ਾਪਾਂ, ਸੈਮੀਨਾਰਾਂ ਅਤੇ ਬੱਚਿਆਂ ਲਈ ਖਾਸ ਕਲਾਸਾਂ ਦਾ ਆਯੋਜਨ ਕਰਨਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਨੂੰ ਸਿੱਖ ਇਤਿਹਾਸ ਦੀ ਖੋਜ ਲਈ ਇੱਕ ਸੁਤੰਤਰ ਸੰਸਥਾਨ ਸਥਾਪਤ ਕਰਨਾ ਚਾਹੀਦਾ, ਜਿੱਥੇ ਸਿੱਖ ਇਤਿਹਾਸਕਾਰ, ਸਰੋਤਾਂ ਦੀ ਆਲੋਚਨਾਤਮਕ ਜਾਂਚ ਕਰ ਸਕਣ, ਅਤੇ ਨਵੇਂ ਸਰੋਤਾਂ ਦੀ ਖੋਜ ਕਰ ਸਕਣ।
ਸਿੱਖ ਇਤਿਹਾਸ ’ਤੇ ਸਹੀ ਅਤੇ ਸੰਗਤੀ ਦਿ੍ਰਸ਼ਟੀਕੋਣ ਵਾਲੀਆਂ ਕਿਤਾਬਾਂ, ਲੇਖ, ਅਤੇ ਡਿਜੀਟਲ ਸਮੱਗਰੀ ਪ੍ਰਕਾਸ਼ਤ ਕਰਨੀ ਚਾਹੀਦੀ ਹੈ। ਇਹ ਸਮੱਗਰੀ ਪੰਜਾਬੀ ਦੇ ਨਾਲ-ਨਾਲ ਹੋਰ ਭਾਸ਼ਾਵਾਂ ਵਿੱਚ ਵੀ ਹੋਣੀ ਚਾਹੀਦੀ, ਤਾਂ ਜੋ ਸਿੱਖ ਇਤਿਹਾਸ ਦੀ ਪਹੁੰਚ ਵਿਸ਼ਵ ਪੱਧਰ ’ਤੇ ਹੋਵੇ।
ਗੁਰਦੁਆਰਿਆਂ ਵਿੱਚ ਸਿੱਖ ਇਤਿਹਾਸ ਦੀਆਂ ਪ੍ਰਦਰਸ਼ਨੀਆਂ, ਡਾਕੂਮੈਂਟਰੀਆਂ, ਅਤੇ ਨਾਟਕਾਂ ਦਾ ਆਯੋਜਨ ਕਰਨਾ ਚਾਹੀਦਾ ਹੈ। ਇਹ ਸਭ ਸੰਗਤ ਨੂੰ ਇਤਿਹਾਸ ਨਾਲ ਜੋੜਨ ਦਾ ਸਭ ਤੋਂ ਸੁਖਾਲਾ ਤਰੀਕਾ ਹੈ।
ਸਿੱਖ ਇਤਿਹਾਸ ਦੀ ਸਹੀ ਸਮਝ ਸੰਗਤ ਤੱਕ ਪਹੁੰਚਾਉਣੀ ਪਵੇਗੀ। ਜਦੋਂ ਸੰਗਤ ਆਪਣੇ ਇਤਿਹਾਸ ਦੀ ਡੂੰਘਾਈ ਨੂੰ ਸਮਝੇਗੀ, ਤਾਂ ਸਿੱਖ ਇਤਿਹਾਸ ਤੇ ਲਹਿਰ ਬਾਰੇ ਸਿੱਖ ਵਿਰੋਧੀ ਪ੍ਰਚਾਰ ਆਪਣੇ-ਆਪ ਨਾਕਾਮ ਹੋ ਜਾਵੇਗਾ।
ਸਿੱਖ ਨੌਜਵਾਨਾਂ ਨੂੰ ਇਤਿਹਾਸ ਨੂੰ ਆਲੋਚਨਾਤਮਕ ਨਜ਼ਰ ਨਾਲ ਪੜ੍ਹਨ ਦੀ ਸਿਖਲਾਈ ਦੇਣੀ ਪਵੇਗੀ। ਉਹਨਾਂ ਨੂੰ ਸਮਝਣਾ ਪਵੇਗਾ ਕਿ ਹਰ ਸਰੋਤ ਪੱਖਪਾਤੀ ਹੋ ਸਕਦਾ ਹੈ, ਉਨ੍ਹਾਂ ਸੱਚ ਦੀ ਖੋਜ ਸਵਾਲ ਪੁੱਛਣ ਨਾਲ ਸ਼ੁਰੂ ਹੁੰਦੀ ਹੈ।
ਅਜੋਕੇ ਸਮੇਂ ਵਿੱਚ ਸਿੱਖ ਇਤਿਹਾਸ ਨੂੰ ਡਿਜੀਟਲ ਪਲੇਟਫ਼ਾਰਮਾਂ ‘ਸੋਸ਼ਲ ਮੀਡੀਆ, ਵੈਬਸਾਈਟਾਂ, ਅਤੇ ਯੂਟਿਊਬ’ ’ਤੇ ਪਹੁੰਚਾਉਣਾ ਜ਼ਰੂਰੀ ਹੈ। ਸਿੱਖ ਨੌਜਵਾਨਾਂ ਨੂੰ ਇਸ ਦਿਸ਼ਾ ਵਿੱਚ ਸਰਗਰਮ ਕਰਨਾ ਪਵੇਗਾ।
ਸਿੱਖ ਇਤਿਹਾਸ ਨੂੰ ਵਿਸ਼ਵ ਪੱਧਰ ’ਤੇ ਪਹੁੰਚਾਉਣ ਲਈ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਵਿੱਚ ਸਹੀ ਸਮੱਗਰੀ ਤਿਆਰ ਕਰਨੀ ਪਵੇਗੀ। ਇਹ ਸਮੱਗਰੀ ਸਿੱਖ ਲਹਿਰ ਦੀ ਸੰਗਤੀ ਅਤੇ ਸਮਾਜਿਕ ਨਿਆਂ ਦੀ ਭਾਵਨਾ ਨੂੰ ਉਜਾਗਰ ਕਰੇ।ਸਿੱਖ ਇਤਿਹਾਸ ਕਿਸੇ ਜਾਤ ਜਾਂ ਕਬੀਲੇ ਦਾ ਨਹੀਂ, ਇਹ ਸੰਗਤ ਦੀ ਸਾਂਝੀ ਵਿਰਾਸਤ ਹੈ। ਮਜ਼ਹਬੀ ਸਿੱਖ, ਜੱਟ ਸਿੱਖ, ਜਾਂ ਕਿਸੇ ਹੋਰ ਵਰਗ ਦੇ ਦਿ੍ਰਸ਼ਟੀਕੋਣ ਨਾਲ ਇਤਿਹਾਸ ਲਿਖਣਾ, ਗੁਰੂ ਦੀ ਲਹਿਰ ਨੂੰ ਛੋਟਾ ਕਰਨ ਵਾਲੀ ਗੱਲ ਹੈ। ਸਿੱਖ ਇਤਿਹਾਸ ਸੰਗਤ ਦੀ ਸਾਂਝ ਦਾ ਇਤਿਹਾਸ ਹੈ, ਜਿੱਥੇ ਹਰ ਸਿੱਖ ‘ਚਾਹੇ ਉਸ ਦੀ ਜਾਤ, ਪਿੱਛਾ, ਜਾਂ ਸਮਾਜਿਕ ਸਥਿਤੀ ਕੋਈ ਵੀ ਹੋਵੇ’ ਬਰਾਬਰ ਹੈ। ਆਓ, ਆਪਣੇ ਇਤਿਹਾਸ ਤੇ ਵਿਰਾਸਤ ਨੂੰ ਸੰਭਾਲੀਏ, ਸੱਚ ਦੀ ਖੋਜ ਕਰੀਏ ਅਤੇ ਸਿੱਖ ਪੰਥ ਦੀ ਸੁਨਹਿਰੀ ਵਿਰਾਸਤ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਈਏ।

Loading