ਚੁਣੌਤੀਆਂ ਨਾਲ ਭਰਪੂਰ ਹਨ ਭਾਰਤ-ਚੀਨ ਸਬੰਧ

In ਮੁੱਖ ਲੇਖ
July 25, 2025

ਭਾਰਤ-ਚੀਨ ਰਿਸ਼ਤਿਆਂ ਨੂੰ ਲੀਹ ’ਤੇ ਲਿਆਉਣ ਲਈ ਭਾਵੇਂ ਦੋਵੇਂ ਮੁਲਕ ਯਤਨਸ਼ੀਲ ਹਨ ਪਰ ਇਨ੍ਹਾਂ ਨੂੰ ਨਿੱਘੇ ਬਣਾਉਣ ਵਿੱਚ ਅਜੇ ਵੀ ਕਈ ਅੜਿੱਕੇ ਮੌਜੂਦ ਹਨ। ਭਾਰਤ ਨੇ ਭਾਵੇਂ ਚੀਨ ਦੇ ਨਾਗਰਿਕਾਂ ਲਈ ਟੂਰਿਸਟ ਵੀਜ਼ਾ ਮੁੜ ਖੋਲ੍ਹ ਦਿੱਤਾ ਹੈ ਜਿਸ ਨੂੰ ਇੱਕ ਹਾਂ-ਪੱਖੀ ਕਦਮ ਵਜੋਂ ਦੇਖਿਆ ਜਾ ਰਿਹਾ ਹੈ।
ਸਰਹੱਦ ’ਤੇ ਕਈ ਸਾਲਾਂ ਦੇ ਤਣਾਅ ਤੋਂ ਬਾਅਦ ਜੇ ਭਾਰਤ ਅਤੇ ਚੀਨ ਆਪਣੇ ਸਬੰਧਾਂ ਨੂੰ ਫਿਰ ਤੋਂ ਪਟੜੀ ’ਤੇ ਲਿਆਉਣ ਦੀ ਦਿਸ਼ਾ ਵੱਲ ਵੇਖ ਰਹੇ ਹਨ ਤਾਂ ਇਹ ਵੱਡੀ ਗੱਲ ਹੈ। ਯੂਕ੍ਰੇਨ ਨਾਲ ਚੱਲ ਰਹੀ ਜੰਗ ਦੌਰਾਨ ਰੂਸ ਦੀ ਚੀਨ ’ਤੇ ਵਧੀ ਨਿਰਭਰਤਾ ਵੀ ਭਾਰਤ-ਚੀਨ ਸਬੰਧਾਂ ਨੂੰ ਸੁਖਾਵੇਂ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।
ਪੁਤਿਨ ਚਾਹੁੰਦੇ ਹਨ ਕਿ ਰੂਸ, ਭਾਰਤ ਤੇ ਚੀਨ ਇਕਜੁੱਟ ਹੋ ਕੇ ਟਰੰਪ ਦੇ ਮਨਸੂਬਿਆਂ ’ਤੇ ਪਾਣੀ ਫੇਰ ਸਕਦੇ ਹਨ। ਟਰੰਪ ਪੁਤਿਨ ’ਤੇ ਦਬਾਅ ਪਾ ਰਹੇ ਹਨ ਕਿ ਉਹ ਯੂਕ੍ਰੇਨ ਨਾਲ ਜੰਗਬੰਦੀ ਕਰਨ ਜਦਕਿ ਪੁਤਿਨ ਅਜਿਹਾ ਹਰਗਿਜ਼ ਨਹੀਂ ਚਾਹੁੰਦੇ। ਇਸੇ ਤੋਂ ਨਾਰਾਜ਼ ਹੋ ਕੇ ਟਰੰਪ ਨੇ ਰੂਸ ਨੂੰ ਹੋਰ ਸਖ਼ਤ ਪਾਬੰਦੀਆਂ ਦਾ ਸਾਹਮਣਾ ਕਰਨ ਅਤੇ ਭਾਰਤ, ਚੀਨ ਤੇ ਬ੍ਰਾਜ਼ੀਲ ’ਤੇ ਉਸ ਸੂਰਤ ’ਚ ਭਾਰੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ ਜੇ ਉਨ੍ਹਾਂ ਨੇ ਰੂਸ ਤੋਂ ਪੈਟਰੋਲੀਅਮ ਪਦਾਰਥ ਖ਼ਰੀਦਣੇ ਬੰਦ ਨਾ ਕੀਤੇ। ਇਸ ਬਦਲੇ ਹੋਏ ਹਾਲਾਤ ਨੂੰ ਦੇਖਦੇ ਹੋਏ ਭਾਰਤ ਤੇ ਚੀਨ ਦੁਵੱਲੇ ਸਬੰਧਾਂ ਨੂੰ ਸੁਧਾਰਨ ਵਾਲੇ ਪਾਸੇ ਤੁਰ ਪਏ ਹਨ।
ਇਸ ਸਾਲ ਦੇ ਜੂਨ ਮਹੀਨੇ ਵਿੱਚ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਚੀਨ ਦੇ ਸ਼ਹਿਰ ਤਿਆਨਜਿਨ ਵਿੱਚ ‘ਸ਼ੰਘਾਈ ਸਹਿਯੋਗ ਸੰਗਠਨ’(ਐੱਸ.ਸੀ.ਓ.) ਦੀ ਬੈਠਕ ਦੌਰਾਨ ਚੀਨ ਦਾ ਦੌਰਾ ਕੀਤਾ ਸੀ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਚੀਨੀ ਹਮਰੁਤਬਾ ਵਾਂਗਜ਼ੀ ਨਾਲ ਵਿਆਪਕ ਗੱਲਬਾਤ ਦੌਰਾਨ ਕਿਹਾ ਕਿ ਪਿਛਲੇ ਨੌਂ ਮਹੀਨਿਆਂ ਵਿੱਚ ਦੁਵੱਲੇ ਸਬੰਧਾਂ ਨੂੰ ਸੁਖਾਵੇਂ ਬਣਾਉਣ ਦੀ ਦਿਸ਼ਾ ’ਚ ਪ੍ਰਗਤੀ ਤੋਂ ਬਾਅਦ ਚੀਨ ਨੂੰ ਹੁਣ ਅਸਲ ਕੰਟਰੋਲ ਰੇਖਾ ’ਤੇ ਤਣਾਅ ਘੱਟ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।
ਮਤਲਬ ਕਿ ਇਨ੍ਹਾਂ ਯਾਤਰਾਵਾਂ ਨੂੰ ਦੋ-ਪੱਖੀ ਸਬੰਧਾਂ ’ਤੇ ਜੰਮੀ ਬਰਫ਼ ਪਿਘਲਣ ਦੇ ਰੂਪ ਵਿੱਚ ਵੇਖਿਆ ਗਿਆ ਸੀ। ਐੱਸ.ਸੀ.ਓ. ਦਸ ਮੈਂਬਰ ਮੁਲਕਾਂ ਦਾ ਇੱਕ ਸੰਗਠਨ ਹੈ ਜਿਸ ਵਿੱਚ ਭਾਰਤ, ਪਾਕਿਸਤਾਨ, ਰੂਸ ਅਤੇ ਇਰਾਨ ਆਦਿ ਦੇਸ਼ ਹਨ ਪਰ ਸਾਂਝੇ ਬਿਆਨ ਵਿੱਚ ਕੌਮਾਂਤਰੀ ਅੱਤਵਾਦ, ਖ਼ਾਸ ਤੌਰ ’ਤੇ ਪਾਕਿਸਤਾਨ ਦੇ ਅੱਤਵਾਦ ਦੇ ਪੋਸ਼ਕ ਵਜੋਂ ਜ਼ਿਕਰ ਨਾ ਹੋਣ ਕਰ ਕੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਦਸਤਖ਼ਤ ਕਰਨ ਤੋਂ ਨਾਂਹ ਕਰ ਦਿੱਤੀ।
ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਇਹ ਫੇਰੀ ਪਿਛਲੇ ਪੰਜਾਂ ਸਾਲਾਂ ਵਿੱਚ ਕਿਸੇ ਦਿੱਗਜ਼ ਭਾਰਤੀ ਮੰਤਰੀ ਦੀ ਪਹਿਲੀ ਚੀਨ ਯਾਤਰਾ ਸੀ। ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਬੀਜਿੰਗ ਵਿੱਚ ਚੀਨ ਦੇ ਉਪ-ਰਾਸ਼ਟਰਪਤੀ ਹਾਨ ਜੌਂਗ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਭਾਰਤ-ਚੀਨ ਸਬੰਧ ਲਗਾਤਾਰ ਸੁਖਾਵੇਂ ਬਣੇ ਰਹਿਣ ਨਾਲ ਦੋਵਾਂ ਦੇਸ਼ਾਂ ਲਈ ਫ਼ਾਇਦੇ ਵਾਲੇ ਨਤੀਜੇ ਪ੍ਰਾਪਤ ਹੋ ਸਕਦੇ ਹਨ ਅਤੇ ਮੁਸ਼ਕਿਲ ਆਲਮੀ ਹਾਲਾਤ ਦੇ ਮੱਦੇਨਜ਼ਰ ਦੋਵਾਂ ਗੁਆਂਢੀ ਮੁਲਕਾਂ ਵਿਚਾਲੇ ਖੁੱਲ੍ਹੀ ਵਿਚਾਰ-ਚਰਚਾ ਵੀ ਬਹੁਤ ਅਹਿਮ ਹੋ ਸਕਦੀ ਹੈ।
ਚੀਨ ਨੇ ਅਸਲ ਕੰਟਰੋਲ ਰੇਖਾ ਪਾਰ ਕਰ ਕੇ ਭਾਰਤ ਦੇ ਕੁਝ ਸੈਕਟਰਾਂ ਗਲਵਾਨ, ਡੋਗਰਾ ਹੌਟ, ਸਪ੍ਰਿੰਗਜ਼, ਪੈਂਗੋਂਗ ਝੀਲ, ਦੇਪਸਾਂਗ ਅਤੇ ਡੈਮਚੋਕ ਉੱਤੇ ਕਬਜ਼ਾ ਕਰ ਕੇ ਭਾਰਤ ਦੀ ਫ਼ੌਜ ਨੂੰ ਗਸ਼ਤ ਕਰਨ ਤੋਂ ਰੋਕ ਦਿੱਤਾ ਸੀ। ਭਾਰਤ-ਚੀਨ ਤਣਾਅ ਦੇ ਕੇਂਦਰ ਵਿੱਚ 3,440 ਕਿੱਲੋਮੀਟਰ ਸਰਹੱਦ ਹੈ। ਇਸ ਲੰਬੀ ਸੀਮਾ ’ਚ ਨਦੀਆਂ, ਝੀਲਾਂ, ਬਰਫ ਨਾਲ ਢੱਕੀਆਂ ਪਹਾੜੀਆਂ ਹੋਣ ਕਾਰਨ ਸੀਮਾ ਰੇਖਾ ਅਕਸਰ ਖਿਸਕਦੀ ਰਹਿੰਦੀ ਹੈ ਜਿਸ ਦੀ ਵਜ੍ਹਾ ਕਰਕੇ ਦੋਵਾਂ ਦੇਸ਼ਾਂ ਦੇ ਫ਼ੌਜੀ ਆਹਮੋ-ਸਾਹਮਣੇ ਆ ਜਾਂਦੇ ਹਨ। ਇਹ ਤਣਾਅ ਜੂਨ 2020 ਵਿੱਚ ਹੋਰ ਵਧ ਗਿਆ ਸੀ ਜਦੋਂ ਗਲਵਾਨ ਵਾਦੀ ਵਿੱਚ ਦੋਵਾਂ ਫ਼ੌਜਾਂ ਵਿਚਾਲੇ ਹਿੰਸਕ ਟਕਰਾਅ ਹੋ ਗਿਆ। ਇਹ 1975 ਤੋਂ ਬਾਅਦ ਪਹਿਲੀ ਵਾਰ ਹੋਇਆ ਜਦੋਂ ਦੋਵਾਂ ਪਾਸਿਆਂ ਦੇ ਫ਼ੌਜੀਆਂ ਦੀ ਜਾਨ ਗਈ। ਇੱਕੀ ਅਕਤੂਬਰ ਨੂੰ ਰੂਸ ਦੇ ਸ਼ਹਿਰ ਕਜ਼ਾਨ ਦੇ ਬ੍ਰਿਕਸ ਸਿਖਰ ਸੰਮੇਲਨ ਦੌਰਾਨ ਭਾਰਤੀ ਪੀ.ਐੱਮ. ਮੋਦੀ ਦੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਸੰਖੇਪ ਜਿਹੀ ਮੀਟਿੰਗ ਦੌਰਾਨ ਭਾਰਤ-ਚੀਨ ਸਰਹੱਦ ’ਤੇ ਤਣਾਅ ਘਟਾਉਣ ਲਈ ਸਹਿਮਤੀ ਬਣੀ ਸੀ।
ਹਕੀਕਤ ਇਹ ਹੈ ਕਿ ਭਾਰਤ ਚੀਨ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਪਿਛਲੇ ਸਾਲ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ 127 ਅਰਬ ਡਾਲਰ ਤੋਂ ਜ਼ਿਆਦਾ ਦਾ ਵਪਾਰ ਹੋਇਆ। ਭਾਰਤ ਖ਼ਾਸ ਤੌਰ ’ਤੇ ਚੀਨ ਤੋਂ ਆਉਣ ਵਾਲੇ ਦੁਰਲਭ ਖਣਿਜਾਂ ’ਤੇ ਨਿਰਭਰ ਹੈ। ਇਸ ਲਈ ਸਰਹੱਦੀ ਇਲਾਕਿਆਂ ਵਿੱਚ ਸ਼ਾਂਤੀ ਬਣਾਈ ਰੱਖਣ ਦੇ ਫਲਸਰੂਪ ਆਰਥਿਕ ਰਿਸ਼ਤਿਆਂ ਨੂੰ ਬਿਹਤਰ ਬਣਾਉਣਾ ਬਹੁਤ ਜ਼ਰੂਰੀ ਹੈ। ਤਾਇਵਾਨ ਨੂੰ ਵੀ ਧਿਆਨ ਵਿੱਚ ਰੱਖਦਿਆਂ ਹੋਇਆਂ ਚੀਨ ਵੀ ਹੁਣ ਭਾਰਤ ਦਾ ਇਸਤੇਮਾਲ ਉਸ ਦੇ ਵਧਦੇ ਪ੍ਰਭਾਵ ਨੂੰ ਸੰਤੁਲਿਤ ਕਰਨ ਲਈ ਕਰ ਰਿਹਾ ਹੈ।
ਅਮਰੀਕਾ ਤੇ ਉਸ ਦੇ ਸਹਿਯੋਗੀਆਂ ਉੱਤੇ ਭਾਰਤ ਦਾ ਸੰਤੁਲਨ ਬਣਾਉਣ ਲਈ ਚੀਨ ਸਰਹੱਦੀ ਵਿਵਾਦ ਤੋਂ ਇਲਾਵਾ ਦੂਸਰੇ ਮੁੱਦਿਆਂ ’ਚ ਵੀ ਸੁਧਾਰ ਚਾਹੁੰਦਾ ਹੈ। ਚੀਨ ਚਾਹੁੰਦਾ ਹੈ ਕਿ ਭਾਰਤ ਨਾਲ ਬਰਾਮਦ ਤੇ ਨਿਵੇਸ਼ ਨੂੰ ਵਧਾਵਿਆ ਜਾਵੇ ਅਤੇ ਭਾਰਤ ਚੀਨੀ ਇੰਜੀਨੀਅਰਾਂ ਤੇ ਕਾਮਿਆਂ ’ਤੇ ਵੀਜ਼ੇ ਦੀਆਂ ਪਾਬੰਦੀਆਂ ਹਟਾਈਆਂ ਜਾਣ। ਇਸ ਦਾ ਦੋਵਾਂ ਦੇਸ਼ਾਂ ਨੂੰ ਫ਼ਾਇਦਾ ਹੋਵੇਗਾ। ਰਣਨੀਤਕ ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਭਾਰਤ ਨੂੰ ਚੀਨ ਦੇ ਹਮਲਾਵਰ ਹੋਣ ਦੀ ਸੂਰਤ ਵਿੱਚ ਉਸ ਦੇ ਖ਼ਿਲਾਫ਼ ਲੋਹੇ ਦੀ ਕੰਧ ਵਾਂਗ ਵੇਖਦਾ ਹੈ ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਵੱਈਏ ਨੂੰ ਵੇਖਦਿਆਂ ਹੁਣ ਭਾਰਤ ਨੂੰ ਇਹ ਲੱਗਦਾ ਹੈ ਕਿ ਨੇੜ ਭਵਿੱਖ ਵਿੱਚ ਚੀਨ ਨਾਲ ਕਿਸੇ ਸੰਘਰਸ਼ ਦੀ ਸਥਿਤੀ ’ਚ ਅਮਰੀਕਾ ਭਾਰਤ ਦਾ ਸੁਹਿਰਦਤਾ ਨਾਲ ਸਹਿਯੋਗ ਨਹੀਂ ਕਰੇਗਾ। ਟਰੰਪ ਪ੍ਰਸ਼ਾਸਨ ਦੇ ਦੂਸਰੇ ਕਾਰਜਕਾਲ ਵਿੱਚ ‘ਕੁਆਡ’ ਯਾਨੀ ਕੁਆਡਰੀਲੇਟਰਲ ਸਕਿਉਰਿਟੀ ਡਾਇਲਾਗ, ਜਿਸ ਵਿੱਚ ਅਮਰੀਕਾ, ਜਾਪਾਨ, ਆਸਟ੍ਰੇਲੀਆ ਅਤੇ ਭਾਰਤ ਸ਼ਾਮਲ ਹਨ, ਪਿੱਛੇ ਚਲਾ ਗਿਆ ਹੈ।
ਭਾਰਤ ਦੇ ਸਿਆਸੀ ਵਿਸ਼ਲੇਸ਼ਕ ਫੂੰਚੋਨ ਸਟੋਬਦਾਨ ਮੁਤਾਬਕ, ‘ਹਾਲੀਆ ਸਾਲਾਂ ਵਿੱਚ ਭਾਰਤ, ਚੀਨ ਨੇ ‘ਸ਼ੰਘਾਈ ਸਹਿਯੋਗ ਸੰਗਠਨ’ ਅਤੇ ‘ਬ੍ਰਿਕਸ’ ਵਰਗੇ ਉੱਭਰਦੇ ਅਰਥਵਿਵਸਥਾ ਦੇ ਸਮੂਹਾਂ ਵਿੱਚ ਵੀ ਆਪਣਾ ਪ੍ਰਭਾਵ ਕਾਫ਼ੀ ਵਧਾ ਲਿਆ ਹੈ। ਇਸ ਲਈ ਹੁਣ ਭਾਰਤ ਵਿਹਾਰਕ ਰਵੱਈਆ ਅਪਣਾ ਰਿਹਾ ਹੈ। ਭਾਰਤ ਘਰੇਲੂ ਕਾਰਨਾਂ ਕਰਕੇ ਇਹ ਨਹੀਂ ਚਾਹੁੰਦਾ ਕਿ ਉਹ ਚੀਨ ਦੀਆਂ ਸ਼ਰਤਾਂ ਸਾਹਮਣੇ ਝੁਕਦਾ ਹੋਇਆ ਨਜ਼ਰ ਆਵੇ।
ਉਹ ਸਿਰਫ਼ ਅਮਰੀਕਾ ਤੱਕ ਸੀਮਤ ਨਹੀਂ ਹੈ। ਭਾਰਤ ਇਹ ਵੀ ਨੇੜਿਓਂ ਵੇਖ ਰਿਹਾ ਹੈ ਕਿ ਉਸ ਦਾ ਲੰਬੇ ਸਮੇਂ ਤੋਂ ਸਹਿਯੋਗੀ ਅਤੇ ਵੱਡਾ ਹਥਿਆਰ ਸਪਲਾਈ ਕਰਤਾ ਰੂਸ ਯੂਕ੍ਰੇਨ ਜੰਗ ਕਾਰਨ ਚੀਨ ਵੱਲ ਕਿਸ ਤਰ੍ਹਾਂ ਝੁਕ ਰਿਹਾ ਹੈ। ਯੂਕ੍ਰੇਨ ’ਤੇ ਰੂਸ ਦੇ ਹਮਲੇ ਦੇ ਜਵਾਬ ਵਿੱਚ ਲੱਗੇ ਪੱਛਮੀ ਵਿਰੋਧੀਆਂ ਦੇ ਚੱਲਦਿਆਂ ਰੂਸ ਹੁਣ ਊਰਜਾ ਬਰਾਮਦ ਲਈ ਚੀਨ ’ਤੇ ਜ਼ਿਆਦਾ ਨਿਰਭਰ ਹੋ ਗਿਆ ਹੈ।
ਰੂਸ ਨੂੰ ਮਹੱਤਵਪੂਰਨ ਦਰਾਮਦ ਅਤੇ ਨਿਵੇਸ਼ ਲਈ ਚੀਨ ’ਤੇ ਨਿਰਭਰ ਰਹਿਣਾ ਪੈ ਰਿਹਾ ਹੈ। ਇਹੋ ਗੱਲ ਹੈ ਕਿ ਚੀਨ ਨਾਲ ਕਿਸੇ ਵੀ ਭਵਿੱਖੀ ਟਕਰਾਅ ਦੀ ਸਥਿਤੀ ਵਿੱਚ ਭਾਰਤ ਨੂੰ ਰੂਸ ਦੀ ਭੂਮਿਕਾ ਬਾਰੇ ਸ਼ੰਕਾ ਹੋ ਰਹੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੀ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਪਾਈ ਜੱਫੀ ਤੋਂ ਰੂਸ ਨਾਰਾਜ਼ ਚੱਲ ਰਿਹਾ ਹੈ। ਉਹ ਭਾਰਤ-ਪਾਕਿ ਟਕਰਾਅ ਦੌਰਾਨ ਹੋਰ ਕਈ ਦੇਸ਼ਾਂ ਵਾਂਗ ‘ਚੁੱਪ’ ਰਿਹਾ ਸੀ।
ਮਾਹਿਰਾਂ ਦਾ ਕਹਿਣਾ ਹੈ ਕਿ ਤੇਜ਼ੀ ਨਾਲ ਬਦਲਦੇ ਦੁਨੀਆ ਦੇ ਸਮੀਕਰਨਾਂ ਨੇ ਵੀ ਭਾਰਤ ਨੂੰ ਚੀਨ ਨਾਲ ਗੱਲਬਾਤ ਕਰਨ ਲਈ ਮਜਬੂਰ ਕੀਤਾ ਹੈ। ਇਸ ਵਿੱਚ ਟਰੰਪ ਦਾ ਦੂਸਰੀ ਵਾਰ ਰਾਸ਼ਟਰਪਤੀ ਬਣਨਾ ਅਹਿਮ ਤੱਥ ਹੈ।
ਨਿਊਯਾਰਕ ’ਚ ਸਥਿਤ ਯੂਨੀਵਰਸਿਟੀ ਆਫ ਆਲਬਨੀ ਦੇ ਪ੍ਰੋਫੈਸਰ ਕ੍ਰਿਸਟੋਫਰ ਕਲੈਰੀ ਨੇ ਦੱਸਿਆ ਕਿ ਭਾਰਤ ਨੂੰ ਲੱਗਿਆ ਸੀ ਕਿ ਉਹ ਅਮਰੀਕਾ ਦਾ ਰਣਨੀਤਕ ਭਾਈਵਾਲ ਬਣੇਗਾ ਪਰ ਅਮਰੀਕਾ ਤੋਂ ਉਸ ਨੂੰ ਉਹੋ ਜਿਹੀ ਹਮਾਇਤ ਨਹੀਂ ਮਿਲੀ ਜਿਸ ਤਰ੍ਹਾਂ ਦੀ ਉਸ ਨੂੰ ਉਮੀਦ ਸੀ। ਹਾਲ ਹੀ ਵਿਚ ’ਚ ਪਾਕਿ ਨਾਲ ਸਰਹੱਦ ’ਤੇ ਵਧਦੇ ਟਕਰਾਅ ਦੌਰਾਨ ਭਾਰਤ ਨੇ ਚੀਨ ਅਤੇ ਪਾਕਿਸਤਾਨ ਵਿਚਾਲੇ ਵਧਦੇ ਫ਼ੌਜੀ ਸਹਿਯੋਗ ਨੂੰ ਵੀ ਵੇਖਿਆ।
ਪਿਛਲੇ ਸਾਲ ਦੇ ਅੰਤ ਵਿੱਚ ਲੱਦਾਖ ਦੇ ਮੁੱਖ ਤਣਾਅ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਸਹਿਮਤੀ ਬਣੀ ਸੀ। ਇਹ ਵੀ ਤੈਅ ਕੀਤਾ ਗਿਆ ਕਿ 2020 ਦੀ ਝੜਪ ਤੋਂ ਬਾਅਦ ਸਿੱਧੀਆਂ ਉਡਾਨਾਂ ਤੇ ਵੀਜ਼ਿਆਂ ’ਤੇ ਜਿਹੜੀਆਂ ਪਾਬੰਦੀਆਂ ਲਗਾਈਆਂ ਸਨ, ਉਨ੍ਹਾਂ ਨੂੰ ਮੁੜ ਤੋਂ ਆਮ ਵਰਗਾ ਕੀਤਾ ਜਾਵੇਗਾ।
ਸਦਭਾਵਨਾ ਦਾ ਸਬੂਤ ਦਿੰਦਿਆਂ ਚੀਨ ਨੇ ਭਾਰਤੀ ਤੀਰਥ ਯਾਤਰੀਆਂ ਨੂੰ 6 ਸਾਲ ਮਗਰੋਂ ਕੈਲਾਸ਼ ਮਾਨਸਰੋਵਰ ਦੀ ਯਾਤਰਾ ਦੀ ਆਗਿਆ ਦੇ ਦਿੱਤੀ ਹੈ। ਓਧਰ ਜਾਪਾਨ ਨੇ ਚੀਨ ਦੀਆਂ ਫ਼ੌਜੀ ਗਤੀਵਿਧੀਆਂ ਨੂੰ ਸਭ ਤੋਂ ਵੱਡੀ ਰਣਨੀਤਕ ਚੁਣੌਤੀ ਦੱਸਿਆ ਸੀ। ਭਾਰਤ ਚੀਨ ਦੇ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਦੋਵਾਂ ਦੇਸ਼ਾਂ ਵਿਚਾਲੇ ਸੰਵਾਦ ਬਹੁਤ ਜ਼ਰੂਰੀ ਹੈ। ਇਨ੍ਹਾਂ ਵਾਰਤਾਵਾਂ ਸਦਕਾ ਕਿਸੇ ਹੱਦ ਤੱਕ ਦਰਪੇਸ਼ ਚੁਣੌਤੀਆਂ ਘਟਾਈਆਂ ਜਾ ਸਕਣਗੀਆਂ।
-ਮੁਖ਼ਤਾਰ ਗਿੱਲ

Loading