ਡਾ. ਪਰਮਵੀਰ ਸਿੰਘ
ਸਿੱਖ ਵਿਸ਼ਵਕੋਸ਼ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਸੰਸਾਰ ਭਰ ਵਿੱਚ ਰਹਿਣ ਵਾਲੇ ਸਿੱਖਾਂ ਅਤੇ ਨਾਨਕ-ਨਾਮ ਲੇਵਾ ਸੰਗਤ ਵੱਲੋਂ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਜਿਸ ਸੰਬੰਧੀ ਕੁੱਝ ਸਮਾਗਮ ਆਯੋਜਿਤ ਵੀ ਕੀਤੇ ਜਾ ਚੁੱਕੇ ਹਨ ਅਤੇ 25 ਨਵੰਬਰ ਨੂੰ ਹੋਣ ਵਾਲੇ ਮੁੱਖ ਸਮਾਗਮ ਦੀਆਂ ਤਿਆਰੀਆਂ ਜੋਰਾਂ ਨਾਲ ਚੱਲ ਰਹੀਆਂ ਹਨ। ਪਿਛਲੇ ਸਮੇਂ ਤੋਂ ਸ਼ਤਾਬਦੀਆਂ ਮਨਾਉਣ ਦੀ ਜਿਹੜੀ ਪਰੰਪਰਾ ਚੱਲਦੀ ਆ ਰਹੀ ਹੈ, ਉਸ ਵਿੱਚ ਦੋ ਤਰ੍ਹਾਂ ਦੇ ਸਮਾਗਮ ਮੁੱਖ ਤੌਰ ’ਤੇ ਕਰਵਾਏ ਜਾਂਦੇ ਰਹੇ ਹਨ - ਰਵਾਇਤੀ ਅਤੇ ਅਕਾਦਮਿਕ। ਰਵਾਇਤੀ ਸਮਾਗਮਾਂ ਵਿੱਚ ਕਥਾ, ਕੀਰਤਨ ਦਰਬਾਰ, ਨਗਰ ਕੀਰਤਨ, ਗਤਕਾ, ਦਸਤਾਰ ਮੁਕਾਬਲੇ, ਢਾਡੀ ਅਤੇ ਕਵੀ ਦਰਬਾਰ ਆਦਿ ਕਰਵਾਏ ਜਾਂਦੇ ਰਹੇ ਹਨ ਅਤੇ ਅਕਾਦਮਿਕ ਸਮਾਗਮਾਂ ਵਿੱਚ ਸ਼ਤਾਬਦੀ ਨਾਲ ਸੰਬੰਧਿਤ ਸ਼ਖ਼ਸੀਅਤ ਦੀ ਜੀਵਨ, ਵਿਚਾਰਧਾਰਾ ਅਤੇ ਯੋਗਦਾਨ ਸੰਬੰਧੀ ਸੈਮੀਨਾਰ, ਗੋਸ਼ਟੀਆਂ, ਕਾਨਫ਼ਰੰਸਾਂ ਆਦਿ ਆਯੋਜਿਤ ਕਰਨ ਦੇ ਨਾਲ-ਨਾਲ ਪੁਸਤਕਾਂ ਵੀ ਲਿਖਵਾਈਆਂ ਗਈਆਂ ਹਨ।
ਇਹ ਸਮੂਹ ਸਮਾਗਮ ਪੰਜਾਬ ਸਰਕਾਰ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਆਪੋ-ਆਪਣੇ ਢੰਗ ਨਾਲ ਕਰਵਾਏ ਜਾਂਦੇ ਹਨ। ਆਮ ਤੌਰ ’ਤੇ ਰਵਾਇਤੀ ਸਮਾਗਮ ਧਾਰਮਿਕ ਸੰਸਥਾਵਾਂ ਵੱਲੋਂ ਕਰਵਾਏ ਜਾਂਦੇ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵਿੱਚ ਮੋਹਰੀ ਭੂਮਿਕਾ ਨਿਭਾਉਂਦੀਆਂ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਧਾਰਮਿਕ ਸਮਾਗਮਾਂ ਵਿੱਚ ਪੰਜਾਬ ਅਤੇ ਭਾਰਤ ਸਰਕਾਰ ਦੇ ਨੁਮਾਇੰਦੇ ਅਤੇ ਸਮੂਹ ਸਿੱਖ ਜਥੇਬੰਦੀਆਂ ਸਾਂਝੇ ਤੌਰ ’ਤੇ ਸ਼ਾਮਲ ਹੁੰਦੀਆਂ ਰਹੀਆਂ ਹਨ। ਸਰਕਾਰ ਦੇ ਵਧੇਰੇ ਕਾਰਜ ਅਕਾਦਿਮਕ ਖੇਤਰ ਵੱਲ ਰੁਚਿਤ ਹੁੰਦੇ ਹਨ; ਯਾਦਗਾਰਾਂ ਜਾਂ ਭਵਨਾਂ ਦੀ ਉਸਾਰੀ ਕਰਨ ਵਿੱਚ ਵੀ ਸਰਕਾਰ ਵੱਲੋਂ ਭੂਮਿਕਾ ਨਿਭਾਈ ਜਾਂਦੀ ਹੈ। 1969 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਗੁਰਪੁਰਬ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਦੇ ਕਾਰਜ ਨੂੰ ਸ਼ਤਾਬਦੀ ਮਨਾਉਣ ਦੇ ਇੱਕ ਸੰਕੇਤ ਵੱਜੋਂ ਦੇਖਿਆ ਜਾ ਸਕਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਮੌਕੇ 2019 ਵਿੱਚ ਪੰਜਾਬ ਸਰਕਾਰ ਵੱਲੋਂ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਸੀ। ਜਿਹੜੀਆਂ ਸਟੇਟ ਯੂਨੀਵਰਸਿਟੀਆਂ ਪੰਜਾਬ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਸਥਾਪਿਤ ਕੀਤੀਆਂ ਹੋਈਆਂ ਹਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਉਹਨਾਂ ਵਿਚੋਂ ਵਿਸ਼ੇਸ਼ ਰੂਪ ਵਿੱਚ ਸਾਹਮਣੇ ਆਉਂਦੀ ਹੈ ਕਿਉਂਕਿ ਇਸ ਨੇ ਪੰਜਾਬ ਦੀ ਵਿਰਾਸਤ ਨਾਲ ਜੁੜੇ ਹੋਏ ਪੰਜਾਬੀ, ਧਰਮ ਅਧਿਐਨ ਅਤੇ ਵਿਸ਼ੇਸ਼ ਤੌਰ ’ਤੇ ਸਿੱਖ ਧਰਮ ਅਧਿਐਨ ਨਾਲ ਸੰਬੰਧਿਤ ਮਹੱਤਵਪੂਰਨ ਖੋਜ ਕਾਰਜ ਕੀਤੇ ਹਨ। ਮੌਜੂਦਾ ਸਮੇਂ ਵਿੱਚ ਇਸ ਯੂਨੀਵਰਸਿਟੀ ਵਿਖੇ ਸਥਾਪਿਤ ਵਿਭਾਗਾਂ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਦੀ ਵਧੇਰੇ ਲੋੜ ਹੈ ਤਾਂ ਕਿ ਗੁਰੂ ਸਾਹਿਬਾਨ ਨਾਲ ਜੁੜੀ ਹੋਈ ਪੰਜਾਬ ਦੀ ਵਿਰਾਸਤ ਨੂੰ ਹੋਰ ਵਧੇਰੇ ਮਜ਼ਬੂਤ ਕੀਤਾ ਜਾ ਸਕੇ।
ਪਿਛਲੇ ਸਮੇਂ ਵਿੱਚ ਜੇਕਰ ਸਰਕਾਰਾਂ ਵੱਲੋਂ ਕੀਰਤਨ ਦਰਬਾਰ ਜਾਂ ਧਾਰਮਿਕ ਸਮਾਗਮ ਕਰਵਾਏ ਗਏ ਹਨ ਤਾਂ ਉਹ ਧਾਰਮਿਕ ਸੰਸਥਾਵਾਂ ਦੀ ਅਗਵਾਈ ਵਿੱਚ ਹੀ ਆਯੋਜਿਤ ਹੁੰਦੇ ਰਹੇ ਹਨ ਪਰ ਕਿਸੇ ਸਰਕਾਰ ਵੱਲੋਂ ਨਗਰ ਕੀਰਤਨ ਕੱਢਣ ਦੇ ਵਿਸ਼ੇਸ਼ ਯਤਨ ਸਾਹਮਣੇ ਨਹੀਂ ਆਏ। ਨਗਰ ਕੀਰਤਨ ਧਾਰਮਿਕ ਸੰਸਥਾਵਾਂ ਵੱਲੋਂ ਹੀ ਕੱਢੇ ਜਾਂਦੇ ਹਨ ਅਤੇ ਸਰਕਾਰ ਉਹਨਾਂ ਨੂੰ ਸਹਿਯੋਗ ਦਿੰਦੀ ਹੈ ਅਤੇ ਉਹਨਾਂ ਵਿੱਚ ਸ਼ਾਮਲ ਹੁੰਦੀ ਰਹੀ ਹੈ। ਧਾਰਮਿਕ ਸ਼ਤਾਬਦੀਆਂ ਮਨਾਉਣ ਮੌਕੇ ਸੰਗਤ ਚਾਹੁੰਦੀ ਹੈ ਕਿ ਸਰਕਾਰ ਅਤੇ ਧਾਰਮਿਕ ਸੰਸਥਾਵਾਂ ਵਿਚਕਾਰ ਇਕਸੁਰਤਾ ਅਤੇ ਸਦਭਾਵਨਾ ਵਾਲੀ ਨੀਤੀ ਦਿਖਾਈ ਹੋਵੇ ਜਿਸ ਵਿਚੋਂ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀ ਭਾਵਨਾ ਪੈਦਾ ਹੋਵੇ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖ ਕੇ ਪੰਜਾਬ ਸਰਕਾਰ ਵੱਲੋਂ ਜਿਹੜੇ ਸਮਾਗਮ ਆਯੋਜਿਤ ਕਰਨ ਦਾ ਐਲਾਨ ਕੀਤਾ ਗਿਆ ਹੈ ਉਹਨਾਂ ਵਿਚ 19 ਤੋਂ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੁੱਖ ਸਮਾਗਮ ਆਯੋਜਿਤ ਕਰਨ ਦੀ ਯੋਜਨਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਫਲਸਫੇ ਦੇ ਪਸਾਰ ਲਈ ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਲਾਈਟ ਐਂਡ ਸਾਊਂਡ ਸ਼ੋਅ ਅਤੇ ਕਵੀ ਦਰਬਾਰ, ਵਿਦਿਅਕ ਸੰਸਥਾਵਾਂ ਵਿਖੇ ਗੁਰੂ ਜੀ ਦੇ ਜੀਵਨ, ਦਰਸ਼ਨ ਅਤੇ ਸ਼ਹਾਦਤ ’ਤੇ ਕੇਂਦਰਿਤ ਵਿਸ਼ੇਸ਼ ਸੈਮੀਨਾਰ ਅਤੇ ਵਿਚਾਰ ਗੋਸ਼ਟੀਆਂ ਕਰਵਾਈਆਂ ਜਾਣੀਆਂ ਹਨ। ਸ੍ਰੀ ਅਨੰਦਪੁਰ ਸਾਹਿਬ ਵਿਖੇ ਆਯੋਜਿਤ ਹੋਣ ਵਾਲੇ ਲੜੀਵਾਰ ਸਮਾਗਮਾਂ ਵਿੱਚ ਅੰਤਰ-ਧਰਮ ਸੰਮੇਲਨ ਵੀ ਆਯੋਜਿਤ ਕੀਤਾ ਜਾਣਾ ਹੈ। ਸਰਕਾਰ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਇਹ ਸਮਾਗਮ ਸਹੀ ਦਿਸ਼ਾ ਵਿੱਚ ਹਨ ਜਿਨ੍ਹਾਂ ਰਾਹੀਂ ਨੌਜਵਾਨ ਪੀੜ੍ਹੀ ਅਤੇ ਆਮ ਲੋਕਾਂ ਤੱਕ ਗੁਰੂ ਜੀ ਦੇ ਜੀਵਨ ਅਤੇ ਸ਼ਹਾਦਤ ਨਾਲ ਸੰਬੰਧਿਤ ਵਿਚਾਰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਸਾਰਿਤ ਕੀਤੇ ਜਾ ਸਕਦੇ ਹਨ।
ਉਕਤ ਸਮਾਗਮਾਂ ਤੋਂ ਇਲਾਵਾ ਚਾਰ ਨਗਰ ਕੀਰਤਨ ਕੱਢਣ ਦਾ ਐਲਾਨ ਵੀ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ। ਇਹਨਾਂ ਚਾਰ ਧਾਰਮਿਕ ਯਾਤਰਾਵਾਂ ਵਿਚੋਂ ਪਹਿਲੀ ਸ੍ਰੀ ਨਗਰ ਤੋਂ ਸ੍ਰੀ ਅਨੰਦਪੁਰ ਸਾਹਿਬ, ਦੂਜੀ ਬਾਬਾ ਬਕਾਲਾ ਤੋਂ ਸ੍ਰੀ ਅਨੰਦਪੁਰ ਸਾਹਿਬ, ਤੀਜੀ ਫਿਰੋਜ਼ਪੁਰ ਤੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਚੌਥੀ ਯਾਤਰਾ ਫਿਰੋਜ਼ਪੁਰ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਕੱਢਣ ਦੀ ਯੋਜਨਾ ਬਣਾਈ ਗਈ ਹੈ। ਸਰਕਾਰ ਵੱਲੋਂ ਧਾਰਮਿਕ ਯਾਤਰਾਵਾਂ ਕੱਢਣ ਦੀ ਇਹ ਨਵੀਂ ਪਿਰਤ ਪਾਈ ਜਾ ਰਹੀ ਹੈ। ਇਹਨਾਂ ਧਾਰਮਿਕ ਯਾਤਰਾਵਾਂ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ, ਮਰਯਾਦਾ ਅਤੇ ਧਾਰਮਿਕ ਪਰੰਪਰਾਵਾਂ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ ਅਤੇ ਕਿਸੇ ਸਮੇਂ ਵੀ ਥੋੜ੍ਹੀ ਜਿਹੀ ਅਣਗਹਿਲੀ ਜਾਂ ਅਣਦੇਖੀ ਨਵੀਂ ਚਰਚਾ ਦਾ ਵਿਸ਼ਾ ਬਣ ਸਕਦੀ ਹੈ ਜਿਸ ਵਿਚੋਂ ਕਈ ਵਾਰੀ ਬਾਹਰ ਨਿਕਲਣਾ ਔਖਾ ਹੋ ਜਾਂਦਾ ਹੈ।
ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਸਮੇਂ ਦੌਰਾਨ ਸਾਂਝੇ ਤੌਰ ’ਤੇ ਸ਼ਤਾਬਦੀਆਂ ਮਨਾਉਣ ਸੰਬੰਧੀ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਪਹਿਲਾਂ ਵੀ ਪੰਜਾਬ ਦੀ ਅਕਾਲੀ ਸਰਕਾਰ ਵੱਲੋਂ ਸ਼ਤਾਬਦੀਆਂ ਮਨਾਈਆਂ ਗਈਆਂ ਹਨ ਅਤੇ ਇਸ ਸੰਬੰਧ ਵਿੱਚ ਸੰਨ 1999 ਵਿੱਚ ਮਨਾਈ ਗਈ ਖ਼ਾਲਸਾ ਪੰਥ ਦੀ ਤੀਜੀ ਸ਼ਤਾਬਦੀ ਦਾ ਹਵਾਲਾ ਵਿਸ਼ੇਸ਼ ਰੂਪ ਵਿੱਚ ਦਿੱਤਾ ਜਾਂਦਾ ਹੈ। ਭਾਵੇਂ ਕਿ ਉਸ ਸਮੇਂ ਅਕਾਲੀ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕੱਠੇ ਮਿਲ ਕੇ ਸ਼ਤਾਬਦੀਆਂ ਆਯੋਜਿਤ ਕਰਨ ਦਾ ਕਾਰਜ ਕਰ ਰਹੇ ਸਨ, ਦੋਵਾਂ ਵਿੱਚ ਇਕਸੁਰਤਾ ਸੀ ਪਰ ਫਿਰ ਵੀ ਦੋਵਾਂ ਵੱਲੋਂ ਕੀਤੇ ਜਾਣ ਵਾਲੇ ਸਰਕਾਰੀ ਅਤੇ ਗੈਰ-ਸਰਕਾਰੀ ਸਮਾਗਮਾਂ ਵਿੱਚ ਭਿੰਨਤਾ ਵੀ ਦੇਖਣ ਨੂੰ ਮਿਲਦੀ ਰਹੀ ਹੈ। ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਸਮਾਗਮਾਂ ਨੂੰ ਸਿਰੇ ਚਾੜ੍ਹਨ ਲਈ ਆਪਣੀ ਮਸ਼ੀਨਰੀ ਅਤੇ ਸ਼ਕਤੀ ਦਾ ਪੂਰਾ ਜ਼ੋਰ ਲਾਇਆ ਹੋਇਆ ਸੀ ਜਿਸ ਦੇ ਫਲਸਰੂਪ ਭਾਰਤ ਦੇ ਵੱਡੇ ਰਾਜਨੀਤਿਕ ਆਗੂ ਇਹਨਾਂ ਸ਼ਤਾਬਦੀ ਸਮਗਮਾਂ ਮੌਕੇ ਇੱਕ ਸਟੇਜ ’ਤੇ ਇਕੱਤਰ ਹੋਏ ਸਨ। ਵਿਰਾਸਤ-ਏ-ਖ਼ਾਲਸਾ ਦੀ ਉਸਾਰੀ ਪੰਜਾਬ ਸਰਕਾਰ ਦੀ ਵੱਡੀ ਪ੍ਰਾਪਤੀ ਸੀ। ਇਸ ਤੋਂ ਇਲਾਵਾ ਸਮੇਂ-ਸਮੇਂ ’ਤੇ ਮਨਾਈਆਂ ਗਈਆਂ ਸ਼ਤਾਬਦੀਆਂ ਦੌਰਾਨ ਪੰਜਾਬ ਸਰਕਾਰ ਨੇ ਚਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ, ਵੱਡੇ ਘੱਲੂਘਾਰੇ, ਛੋਟੇ ਘੱਲੂਘਾਰੇ ਅਤੇ ਜੰਗ-ਏ-ਅਜ਼ਾਦੀ ਦੀ ਯਾਦਗਾਰ ਬਣਾਉਣ ਦਾ ਸਫ਼ਲ ਉਪਰਾਲਾ ਵੀ ਕੀਤਾ ਸੀ ਤਾਂ ਕਿ ਸੜਕਾਂ ’ਤੇ ਪੰਜਾਬ ਅਤੇ ਸਿੱਖ ਇਤਿਹਾਸ ਨੂੰ ਖੜਾ ਕੀਤਾ ਜਾਵੇ ਅਤੇ ਜਦੋਂ ਕੋਈ ਉੱਥੋਂ ਦੀ ਲੰਘੇ ਤਾਂ ਉਸ ਨੂੰ ਦੇਖਣ ਦਾ ਯਤਨ ਕਰੇ। ਇਸ ਤਰ੍ਹਾਂ ਲੰਮੇ ਸਮੇਂ ਤੱਕ ਪੰਜਾਬ ਦੇ ਇਤਿਹਾਸ ਨੂੰ ਲੋਕ-ਮਨਾਂ ਵਿੱਚ ਵਸਾਉਣ ਦਾ ਸਾਰਥਕ ਯਤਨ ਕੀਤਾ ਗਿਆ ਸੀ ਜਿਸ ਦੀ ਪ੍ਰਸੰਗਿਕਤਾ ਮੌਜੂਦਾ ਸਮੇਂ ਵਿੱਚ ਵੀ ਦੇਖਣ ਨੂੰ ਮਿਲਦੀ ਹੈ।
ਆਮ ਤੌਰ ’ਤੇ ਧਾਰਮਿਕ ਸੰਸਥਾਵਾਂ ਵੱਲੋਂ ਕੀਤੇ ਜਾਣ ਵਾਲੇ ਰਵਾਇਤੀ ਸਮਾਗਮ ਵਕਤੀ ਹੁੰਦੇ ਹਨ ਅਤੇ ਸੰਬੰਧਿਤ ਦਿਨ-ਤਿਉਹਾਰ ਮੌਕੇ ਵਿਸ਼ੇਸ਼ ਸਮਾਗਮ ਆਯੋਜਿਤ ਕਰਕੇ ਆਪਣੀ ਜ਼ਿੰਮੇਵਾਰੀ ਨਿਭਾ ਲਈ ਜਾਂਦੀ ਹੈ। ਸਰਕਾਰ ਵੱਲੋਂ ਕੀਤੇ ਜਾਣ ਵਾਲੇ ਸਮਾਗਮ ਵਕਤੀ ਨਹੀਂ ਹੋਣੇ ਚਾਹੀਦੇ। ਸੈਮੀਨਾਰ, ਕਾਨਫ਼ਰੰਸਾਂ, ਵਿਚਾਰ ਗੋਸ਼ਿਟੀਆਂ ਆਦਿ ਆਯੋਜਿਤ ਕਰਨ ਦੇ ਨਾਲ-ਨਾਲ ਸਰਕਾਰ ਵੱਲੋਂ ਅਜਿਹੇ ਕਾਰਜ ਉਲੀਕੇ ਜਾਣੇ ਚਾਹੀਦੇ ਹਨ ਜਿਨ੍ਹਾਂ ਵਿੱਚ ਸ਼ਤਾਬਦੀ ਨਾਲ ਸੰਬੰਧਿਤ ਪ੍ਰਮੁਖ ਸ਼ਖ਼ਸੀਅਤ ਦੇ ਜੀਵਨ, ਸਿੱਖਿਆਵਾਂ ਅਤੇ ਕਾਰਜਾਂ ਨੂੰ ਸੰਭਾਲਣ ਦੇ ਯਤਨ ਸ਼ਾਮਲ ਹੋਣ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਸੰਬੰਧੀ ਵੀ ਕੁੱਝ ਅਜਿਹੇ ਤੱਥ ਹਨ ਜਿਹੜੇ ਦੁਬਿਧਾ ਪੈਦਾ ਕਰਨ ਵਾਲੇ ਹਨ ਅਤੇ ਜਿਨ੍ਹਾਂ ’ਤੇ ਖੋਜ ਹੋਣੀ ਚਾਹੀਦੀ ਹੈ। ਜਿਵੇਂ ਗੁਰੂ ਜੀ ਦੀ ਗ਼ਿ੍ਰਫ਼ਤਾਰੀ ਅਤੇ ਉਹਨਾਂ ਦੀਆਂ ਮਾਲਵੇ ਵਿੱਚ ਕੀਤੀਆਂ ਪ੍ਰਚਾਰ ਯਾਤਰਾਵਾਂ ਬਹੁਤ ਮਹੱਤਵਪੂਰਨ ਵਿਸ਼ੇ ਹਨ, ਜਿਨ੍ਹਾਂ ਨੂੰ ਹੋਰ ਵਧੇਰੇ ਖੋਜ ਕਰਕੇ ਨਿਖਾਰਨ ਦੀ ਲੋੜ ਹੈ। ਪੈਦਾ ਹੋਈ ਦੁਬਿਧਾ ਨੂੰ ਦੂਰ ਕਰਨ ਲਈ ਅਜਿਹੇ ਕੋਰਸ ਜਾਂ ਖੋਜ-ਵਿਸ਼ੇ ਤਿਆਰ ਕਰਨੇ ਚਾਹੀਦੇ ਹਨ ਜਿਹੜੇ ਇਹਨਾਂ ਘਟਨਾਵਾਂ ਨੂੰ ਹੋਰ ਵਧੇਰੇ ਗਹਿਰਾਈ ਨਾਲ ਸਮਝ ਕੇ ਸਹੀ ਤੱਥ ਪੇਸ਼ ਕਰਨ ਵਾਲੇ ਹੋਣ। ਇਹ ਕਾਰਜ ਸੌਖਾ ਨਹੀਂ ਹੈ। ਗੁਰੂ ਜੀ ਦੇ ਸਮੇਂ ਫ਼ਾਰਸੀ ਰਾਜ ਭਾਸ਼ਾ ਸੀ ਅਤੇ ਸਾਰੇ ਇਸ ਤੱਥ ਤੋਂ ਵਾਕਫ਼ ਹਨ ਕਿ ਆਮ ਲੋਕਾਂ ਦੀ ਭਾਸ਼ਾ ਅਤੇ ਸਰਕਾਰ ਦੇ ਕੰਮਕਾਜ ਦੀ ਭਾਸ਼ਾ ਵੱਖੋ-ਵੱਖਰੀ ਹੁੰਦੀ ਹੈ ਜਿਸ ਨੂੰ ਸਮਝਣ ਲਈ ਵਿਦਵਾਨ ਤਿਆਰ ਕੀਤੇ ਜਾਣੇ ਚਾਹੀਦੇ ਹਨ। ਕੇਵਲ ਪੁਰਾਤਨ ਫ਼ਾਰਸੀ ਭਾਸ਼ਾ ਨੂੰ ਜਾਣ ਲੈਣਾ ਹੀ ਕਾਫ਼ੀ ਨਹੀਂ ਬਲਕਿ ਇਸ ਦੇ ਨਾਲ ਸਿੱਖ ਇਤਿਹਾਸ, ਪਰੰਪਰਾ ਅਤੇ ਮਰਯਾਦਾ ਆਦਿ ਦੀ ਜਾਣਕਾਰੀ ਹੋਣੀ ਵੀ ਬਹੁਤ ਜ਼ਰੂਰੀ ਹੈ। ਇਹ ਕਾਰਜ ਲੰਮਾ ਹੈ ਪਰ ਤੱਥ ਲੱਭਣ ਨਾਲ ਸਾਹਮਣੇ ਆਈ ਨਵੀਂ ਖੋਜ ਲੰਮੇ ਸਮੇਂ ਲਈ ਸਥਾਈ ਅਤੇ ਸੁਖਦਾਈ ਹੋ ਸਕਦੀ ਹੈ। ਡਾ. ਗੰਡਾ ਸਿੰਘ ਦੁਆਰਾ ਬਾਬਾ ਬੰਦਾ ਸਿੰਘ ਬਹਾਦਰ ’ਤੇ ਕੀਤੀ ਖੋਜ ਨੂੰ ਸਾਹਮਣੇ ਰੱਖਿਆ ਜਾ ਸਕਦਾ ਹੈ। ਇਸ ਖੋਜ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਸੰਬੰਧੀ ਫ਼ਾਰਸੀ ਸਰੋਤਾਂ ਦੇ ਨਾਲ-ਨਾਲ ਗੁਰਮੁਖੀ ਸਰੋਤਾਂ ਵਿੱਚ ਵੀ ਅਜਿਹੇ ਤੱਥ ਦੇਖਣ ਨੂੰ ਮਿਲਦੇ ਸਨ ਜਿਹੜੇ ਕਿ ਉਹਨਾਂ ਦੀ ਸ਼ਖ਼ਸੀਅਤ ਨੂੰ ਧੁੰਦਲਾ ਕਰਨ ਵਾਲੇ ਸਨ। ਡਾ. ਗੰਡਾ ਸਿੰਘ ਵੱਲੋਂ ਕੀਤੀ ਗਈ ਦੀਰਘ ਖੋਜ ਉਪਰੰਤ ਜਿਹੜੇ ਤੱਥ ਸਾਹਮਣੇ ਆਏ ਸਨ, ਉਹਨਾਂ ਨੇ ਬਾਬਾ ਜੀ ਦੀ ਸ਼ਖ਼ਸੀਅਤ ਨੂੰ ਬਹੁਤ ਹੀ ਨਿਖਾਰ ਕੇ ਪੇਸ਼ ਕੀਤਾ ਸੀ ਅਤੇ ਉਸੇ ਨੂੰ ਮੌਜੂਦਾ ਸਮੇਂ ਵਿੱਚ ਸਮੂਹ ਖੋਜੀਆਂ, ਵਿਦਵਾਨਾਂ ਅਤੇ ਰਾਜਨੀਤੀਵਾਨਾਂ ਵੱਲੋਂ ਆਪਣੀਆਂ ਖੋਜਾਂ ਅਤੇ ਭਾਸ਼ਣਾਂ ਦਾ ਅਧਾਰ ਬਣਾਇਆ ਜਾਂਦਾ ਹੈ। ਸਰਕਾਰਾਂ ਯਤਨ ਕਰਨ ਅਤੇ ਆਪਣੇ ਅਧੀਨ ਚੱਲ ਰਹੀਆਂ ਯੂਨੀਵਰਸਿਟੀਆਂ ਨੂੰ ਵਿਸ਼ੇਸ਼ ਫੰਡ ਜਾਰੀ ਕਰਕੇ ਗੁਰੂ ਸਾਹਿਬ ਸੰਬੰਧੀ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨ ਤਾਂ ਹੀ ਕੁੱਝ ਸਾਰਥਿਕ ਸਿੱਟੇ ਸਾਹਮਣੇ ਆ ਸਕਦੇ ਹਨ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸੰਬੰਧੀ ਇੱਕ ਹੋਰ ਵਧੇਰੇ ਕਰਨਯੋਗ ਕਾਰਜ ਇਹ ਹੈ ਕਿ ਗੁਰੂ ਜੀ ਦੇ ਜੀਵਨ ਅਤੇ ਸ਼ਹਾਦਤ ਸੰਬੰਧੀ ਫ਼ਾਰਸੀ ਸਰੋਤਾਂ ਰਾਹੀਂ ਜਿਹੜੇ ਤੱਥ ਮਿਲਦੇ ਹਨ ਅਤੇ ਸਮਾਂ ਪਾ ਕੇ ਉਹਨਾਂ ਦਾ ਅੰਗਰੇਜ਼ੀ ਅਨੁਵਾਦ ਵੀ ਸਾਹਮਣੇ ਆਇਆ ਹੈ, ਉਹਨਾਂ ਦਾ ਵਿਸ਼ਲੇਸ਼ਣ ਕਰਨ ਵਾਲੇ ਵਿਦਵਾਨ ਤਿਆਰ ਕੀਤੇ ਜਾਣ। ਇਸ ਦਾ ਵੱਡਾ ਕਾਰਨ ਇਹ ਹੈ ਕਿ ਫ਼ਾਰਸੀ ਭਾਸ਼ਾ ਵਿੱਚ ਲਿਖਣ ਵਾਲੇ ਇਤਿਹਾਸਕਾਰਾਂ ਨੇ ਸਿੱਖਾਂ ਸੰਬੰਧੀ ਹਕੂਮਤ ਦੇ ਉਲਾਰਵਾਦੀ ਹੋ ਕੇ ਲਿਖਿਆ ਹੈ। ਦੂਜੀ ਇਹ ਕਿ ਅਨੁਵਾਦ ਕਰਨ ਵਾਲਿਆਂ ਨੇ ਵੀ ਬਹੁਤ ਸਾਰੀਆਂ ਗਲਤੀਆਂ ਅਜਿਹੀਆਂ ਕੀਤੀਆਂ ਹਨ ਅਤੇ ਅੱਗੇ ਗੁਰੂ ਸਾਹਿਬ ਦਾ ਜੀਵਨ ਬ੍ਰਿਤਾਂਤ ਲਿਖਣ ਵਾਲਿਆਂ ਨੇ ਹਨੇਰ ਹੀ ਮਾਰਿਆ ਪਿਆ ਹੈ। ਕੁੱਝ ਦਿਨ ਲੰਘਦੇ ਹਨ ਕਿ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਕਿ ਗੁਰੂ ਸਾਹਿਬ ਬਾਰੇ ਇਹ ਗਲਤ ਬਿਆਨੀ ਇਸ ਪੁਸਤਕ ਵਿੱਚ ਕੀਤੀ ਗਈ ਹੈ। ਇੱਥੋਂ ਤੱਕ ਕੇ ਭਾਰਤ ਦੇ ਸਕੂਲਾਂ ਵਿੱਚ ਐਨ.ਸੀ.ਆਰ.ਟੀ. ਅਤੇ ਹੋਰਨਾਂ ਅਦਾਰਿਆਂ ਵੱਲੋਂ ਫ਼ਾਰਸੀ ਸਰੋਤਾਂ ਦੇ ਕੀਤੇ ਗਏ ਅਨੁਵਾਦ ਦੇ ਅਧਾਰ ’ਤੇ ਜਿਹੜੇ ਤੱਥ ਇਤਿਹਾਸ ਦੀਆਂ ਕਿਤਾਬਾਂ ਵਿੱਚ ਬੱਚਿਆਂ ਲਈ ਪੇਸ਼ ਕੀਤੇ ਜਾਂਦੇ ਹਨ, ਉਹ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲੇ ਹੁੰਦੇ ਹਨ। ਭਾਵੇਂ ਕਿ ਸਿੱਖਾਂ ਵੱਲੋਂ ਇਹਨਾਂ ਪੁਸਤਕਾਂ ਸੰਬੰਧੀ ਵਾਰ-ਵਾਰ ਰੋਸ ਪ੍ਰਗਟ ਕਰਨ ’ਤੇ ਇਸ ਦਿਸ਼ਾ ਵਿੱਚ ਪ੍ਰਚਲਨ ਕਾਫ਼ੀ ਹੱਦ ਤੱਕ ਘੱਟ ਗਿਆ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਦੇਖਣ ਨੂੰ ਜ਼ਰੂਰ ਮਿਲ ਜਾਂਦਾ ਹੈ। ਸਰਕਾਰ ਨੂੰ ਇਸ ਦਿਸ਼ਾ ਵਿੱਚ ਕਾਰਜ ਕਰਨ ਦੀ ਲੋੜ ਹੈ ਕਿ ਆਪਣੀਆਂ ਯੂਨੀਵਰਸਿਟੀਆਂ ਅਤੇ ਵਿਦਵਾਨਾਂ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਸੰਬੰਧੀ ਪ੍ਰਮਾਣਿਕ ਪੁਸਤਕਾਂ ਤਿਆਰ ਕਰਵਾ ਕੇ ਦੂਜੇ ਰਾਜਾਂ ਦੇ ਉੱਘੇ ਵਿਦਵਾਨਾਂ ਤੋਂ ਉਹਨਾਂ ਦਾ ਸਥਾਨਕ ਭਾਸ਼ਾਵਾਂ ਵਿੱਚ ਅਨੁਵਾਦ ਕਰਵਾ ਲਿਆ ਜਾਵੇ। ਪ੍ਰਮਾਣਿਕ ਰੂਪ ਵਿੱਚ ਤਿਆਰ ਕਰਕੇ ਇਹਨਾਂ ਪੁਸਤਕਾਂ ਨੂੰ ਸਮੂਹ ਰਾਜਾਂ ਦੇ ਸਿੱਖਿਆ ਬੋਰਡਾਂ ਅਤੇ ਯੂਨੀਵਰਸਿਟੀਆਂ ਰਾਹੀਂ ਉਹਨਾਂ ਵਿਦਵਾਨਾਂ ਤੱਕ ਪਹੁੰਚਾਇਆ ਜਾਵੇ ਜਿਹੜੇ ਕਿ ਵਿਦਿਆਰਥੀਆਂ ਲਈ ਪਾਠ-ਪੁਸਤਕਾਂ ਅਤੇ ਖੋਜ ਪੁਸਤਕਾਂ ਤਿਆਰ ਕਰਦੇ ਹਨ ਤਾਂ ਕਿ ਗੁਰੂ ਸਾਹਿਬ ਸੰਬੰਧੀ ਕੀਤੀਆਂ ਜਾਣ ਵਾਲੀਆਂ ਨਕਾਰਾਤਮਿਕ ਟਿੱਪਣੀਆਂ ਨੂੰ ਰੋਕਿਆ ਜਾ ਸਕੇ ਅਤੇ ਉਹਨਾਂ ਦੀ ਸਚਿਆਰੀ ਅਤੇ ਪਰਉਪਕਾਰੀ ਸ਼ਖ਼ਸੀਅਤ ਦੇ ਦਰਸ਼ਨ ਸੰਭਵ ਹੋ ਜਾਣ।