ਅਮੀਰ ਵਿਰਸੇ ਨੂੰ ਬਚਾਉਣ ਲਈ ਕੀਤੇ ਜਾਣ ਉਪਰਾਲੇ

In ਮੁੱਖ ਲੇਖ
July 26, 2025

ਜ਼ਮਾਨੇ ’ਚ ਖ਼ਾਸਾ ਬਦਲਾਅ ਆ ਗਿਆ ਹੈ। ਕਿੰਨਾ ਕੁਝ ਬਦਲ ਗਿਆ, ਕਿੰਨਾ ਬਦਲ ਰਿਹਾ ਹੈ ਤੇ ਪਤਾ ਨਹੀਂ ਹਾਲੇ ਹੋਰ ਕਿੰਨਾ ਕੁਝ ਬਦਲਦੇ ਦੇਖਣਾ ਬਾਕੀ ਹੈ। ਹਾਲਾਂਕਿ ਪੰਜਾਬੀਆਂ ਅਤੇ ਪੰਜਾਬੀ ਵਿਰਸੇ ਤੇ ਸੱਭਿਆਚਾਰ ਦੀ ਦੁਨੀਆ ਭਰ ਵਿੱਚ ਚੜ੍ਹਤ ਹੈ ਪਰ ਪਹਿਲਾਂ ਵਾਲੀ ਗੱਲ ਨਹੀਂ ਰਹੀ। ਉਹ ਸਵਾਦ ਨਹੀਂ ਜੋ ਇਸ ਇੰਤਹਾ ਤਰੱਕੀ ਤੋਂ ਪਹਿਲਾਂ ਹੁੰਦਾ ਸੀ। ਅੱਜ ਪੰਜਾਬੀ ਵਿਰਸੇ ਦੀ ਦੁਨੀਆ ਭਰ ਵਿੱਚ ਚੜ੍ਹਤ ਹੈ। ਦੂਜੀਆਂ ਸੱਭਿਅਤਾਵਾਂ ਤੇ ਨਸਲਾਂ ਦੇ ਲੋਕ ਵੀ ਪੰਜਾਬ ਦੇ ਵਿਰਸੇ ਤੇ ਸੱਭਿਆਚਾਰ ਨੂੰ ਪਸੰਦ ਕਰਦੇ ਹਨ। ਦੁਨੀਆ ਦੇ ਜਿਹੜੇ ਵੀ ਹਿੱਸੇ ਵਿੱਚ ਪੰਜਾਬੀ ਗਏ ਹਨ, ਆਪਣਾ ਸੱਭਿਆਚਾਰ ਤੇ ਵਿਰਸਾ ਨਾਲ ਲੈ ਕੇ ਗਏ ਹਨ। ਸੱਭਿਆਚਾਰ ਤੋਂ ਭਾਵ ਹੈ ਲੋਕਾਂ ਦੇ ਇਕ ਸਮੂਹ ਵੱਲੋਂ ਸਿਰਜੀ ਵਿਸ਼ੇਸ਼ ਜੀਵਨ-ਜਾਚ ਜਿਸ ਵਿੱਚ ਉਨ੍ਹਾਂ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮੋ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ, ਕਦਰਾਂ-ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਲ ਹੁੰਦੇ ਹਨ।
ਹਰ ਕੌਮ ਜਾਂ ਜਨ-ਸਮੂਹ ਦਾ ਆਪਣਾ ਇਕ ਸੱਭਿਆਚਾਰ ਹੁੰਦਾ ਹੈ ਭਾਵੇਂ ਉਹ ਵਿਕਾਸ ਦੇ ਕਿਸੇ ਵੀ ਪੜਾਅ ਉੱਤੇ ਕਿਉਂ ਨਾ ਹੋਵੇ। ਪੰਜਾਬ ਦਾ ਸੱਭਿਆਚਾਰ ਇਸ ਪੱਖੋਂ ਵਿਸ਼ੇਸ਼ ਅਹਿਮੀਅਤ ਰੱਖਦਾ ਹੈ। ਪੰਜਾਬੀ ਗੀਤ-ਸੰਗੀਤ ਅਤੇ ਖਾਣ-ਪੀਣ ਨੇ ਤਾਂ ਦੁਨੀਆ ਭਰ ਵਿੱਚ ਵਿਸ਼ੇਸ਼ ਥਾਂ ਬਣਾਈ ਹੈ। ਪਰ ਸਾਡੇ ਕਈ ਰਸਮੋ-ਰਿਵਾਜਾਂ ਅਤੇ ਹੋਰ ਸੱਭਿਆਚਾਰਕ ਕਿਰਿਆਵਾਂ ਵਿੱਚ ਗੰਧਲਾਪਣ ਆ ਗਿਆ ਹੈ। ਕੋਈ ਟਾਈਮ ਹੁੰਦਾ ਸੀ ਜਦੋਂ ਪਿੰਡ ਵਿੱਚ ਕਿਸੇ ਦੇ ਘਰ ਵਿਆਹ ਹੋਣਾ ਤਾਂ ਸਾਰਾ ਪਿੰਡ ਵਿਆਹ ਵਾਲੇ ਪਰਿਵਾਰ ਨਾਲ ਵਿਆਹ ਦੇ ਕੰਮ ਵਿੱਚ ਰੁੱਝਿਆ ਰਹਿੰਦਾ ਸੀ। ਸਾਰੇ ਪਿੰਡ ਵਿਚ ਮੇਲੇ ਵਰਗਾ ਮਾਹੌਲ ਹੁੰਦਾ ਸੀ।
ਆਲੇ-ਦੁਆਲੇ ਦੇ ਦਸ ਪਿੰਡਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਫਲਾਂ ਪਿੰਡ ਵਿੱਚ ਕੋਈ ਵਿਆਹ ਹੋ ਰਿਹਾ ਹੈ। ਮੌਜੂਦਾ ਸਮੇਂ ਨੱਠ-ਭੱਜ ਅਤੇ ਤੇਜ਼ੀ ਦੇ ਮਾਹੌਲ ਵਿੱਚ ਆਲਮ ਇਹ ਹੈ ਕਿ ਹੁਣ ਜਦੋਂ ਕਿਸੇ ਦੇ ਵਿਆਹ ਹੁੰਦਾ ਹੈ ਤਾਂ ਨਾਲ ਦੇ ਘਰ ਵਾਲੇ ਨੂੰ ਵੀ ਪਤਾ ਨਹੀਂ ਹੁੰਦਾ ਕਿ ਗੁਆਂਢ ਵਿੱਚ ਵਿਆਹ ਹੈ। ਵਿਆਹ ਵੀ ਕੁਝ ਘੰਟਿਆਂ ਵਿੱਚ ਹੀ ਸਿਮਟ ਕੇ ਰਹਿ ਗਏ ਹਨ।
ਬਹੁਤੇ ਲੋਕ ਵਿਆਹਾਂ ਉੱਤੇ ਸਿਰਫ਼ ਟਾਈਮ ਪਾਸ ਹੀ ਕਰਨ ਜਾਂਦੇ ਹਨ। ਉਸ ਤੋਂ ਵੀ ਅੱਗੇ, ਹੁਣ ਤਾਂ ਵਿਆਹਾਂ ਵਿੱਚ ਇੱਕ ਸਮੂਹ ਅਜਿਹਾ ਵੀ ਮਿਲ ਜਾਂਦਾ ਹੈ ਜਿਹੜਾ ਇੱਕ ਪਾਸੇ ਸਾਈਡ ’ਤੇ ਬੈਠ ਕੇ ਮੋਬਾਈਲ ਚਲਾਉਂਦਾ ਰਹਿੰਦਾ ਹੈ। ਰਿਸ਼ਤੇਦਾਰਾਂ ਨੂੰ ਨਾ ਕੋਈ ਸਤਿ ਸ੍ਰੀ ਅਕਾਲ, ਨਾ ਕੋਈ ਪਿਆਰ। ਮੇਰੇ ਉਹ ਦਿਨ ਵੀ ਯਾਦ ਹਨ ਜਦੋਂ ਬਾਪੂ ਜਾਂ ਦਾਦੇ ਆਪਣੇ ਬੱਚਿਆਂ ਨੂੰ ਮੋਢੇ ’ਤੇ ਬਿਠਾ ਕੇ ਮੇਲਾ ਦਿਖਾਉਣ ਜਾਂਦੇ ਹੁੰਦੇ ਸਨ। ਬੱਚੇ ਸਿਹਤਮੰਦ ਖੁਰਾਕਾਂ ਖਾਂਦੇ ਹੁੰਦੇ ਸਨ ਤੇ ਇਕ ਅੱਜ ਦਾ ਸਮਾਂ ਹੈ ਜਦੋਂ ਅਨੇਕਾਂ ਔਲਾਦਾਂ ਨਸ਼ਿਆਂ ਵਿੱਚ ਗਰਕੀਆਂ ਪਈਆਂ ਹਨ। ਪਹਿਲਾਂ ਦਾਦੀਆਂ ਰਾਤ ਨੂੰ ਸੌਣ ਸਮੇਂ ਬੱਚਿਆਂ ਨੂੰ ਬਾਤਾਂ ਸੁਣਾਇਆ ਕਰਦੀਆਂ ਸਨ ਤੇ ਹੁਣ ਦੀ ਨੌਜਵਾਨੀ ਨੇ ਬਾਤਾਂ ਤਾਂ ਕੀ ਸੁਣਨੀਆਂ ਨੇ, ਉਨ੍ਹਾਂ ਕੋਲ ਦੋ ਮਿੰਟ ਲਈ ਮਾਪਿਆਂ ਦੀ ਗੱਲ ਸੁਣਨ ਦਾ ਸਮਾਂ ਵੀ ਨਹੀਂ ਹੈ। ਹਾਂ, ਮੋਬਾਈਲ ਦੇਖਣ ਤੇ ਸੁਣਨ ਦਾ ਵਾਧੂ ਸਮਾਂ ਹੈ। ਹੋਰ ਹੀ ਤਰ੍ਹਾਂ ਦਾ ਸਮਾਂ ਚੱਲ ਰਿਹਾ ਹੈ!
ਪਹਿਲਾਂ ਬੱਚੇ ਬਾਂਟੇ ਖੇਡਦੇ, ਕਸਰਤਾਂ ਕਰਦੇ ਅਤੇ ਪਿੱਠੂ ਵਰਗੀਆਂ ਜ਼ੋਰਦਾਰ ਖੇਡਾਂ ਖੇਡਦੇ ਪਰ ਅੱਜ ਦੇ ਬੱਚਿਆਂ ਨੂੰ ਵੀਡੀਓ ਗੇਮਾਂ ਤੋਂ ਹੀ ਵਿਹਲ ਨਹੀਂ। ਇੱਕ ਹੋਰ ਵੱਡਾ ਮਸਲਾ ਆਦਰ-ਮਾਣ ਅਤੇ ਸਤਿਕਾਰ ਦਾ ਹੈ। ਬਹੁਤੇ ਮਾਪੇ ਇਸ ਗੱਲੋਂ ਪਰੇਸ਼ਾਨ ਨਜ਼ਰ ਆਉਂਦੇ ਹਨ ਕਿ ਉਨ੍ਹਾਂ ਦੇ ਬੱਚੇ ਆਪਣੇ ਮਾਂ ਬਾਪ ਤੇ ਬਜ਼ੁਰਗਾਂ ਦਾ ਸਤਿਕਾਰ ਹੀ ਨਹੀਂ ਕਰਦੇ। ਬਹੁਤੇ ਬੱਚੇ ਆਪਣੇ ਮਾਪਿਆਂ ਸਾਹਮਣੇ ਹੀ ਮੋਬਾਈਲ ’ਤੇ ਵਲੋਗਿੰਗ ਕਰਨ ਵਿੱਚ ਰੁੱਝੇ ਰਹਿੰਦੇ ਹਨ। ਉਨ੍ਹਾਂ ਤੋਂ ਪਾਣੀ ਦਾ ਇੱਕ ਗਲਾਸ ਮੰਗ ਕੇ ਦੇਖ ਲਓ, ਅੱਗੋਂ ਭੱਜ-ਭੱਜ ਪੈਂਦੇ ਨੇ।
ਤਕਨੀਕੀ ਯੁੱਗ ਨੇ ਜਿੱਥੇ ਬੱਚਿਆਂ ਤੇ ਨੌਜਵਾਨਾਂ ਨੂੰ ਪੰਜਾਬੀ ਵਿਰਸੇ ਤੇ ਸੱਭਿਆਚਾਰ ਤੋਂ ਦੂਰ ਕੀਤਾ ਹੈ, ਉੱਥੇ ਹੀ ਬੱਚਿਆਂ ਨੂੰ ਆਪਣੇ ਮਾਪਿਆਂ ਤੋਂ ਵੀ ਦੂਰ ਕੀਤਾ ਹੈ। ਜ਼ਮਾਨਾ ਕੀ ਬਦਲਿਆ, ਰਿਸ਼ਤੇ-ਨਾਤੇ ਹੀ ਬਦਲ ਗਏ। ਜਿਵੇਂ-ਜਿਵੇਂ ਸਮਾਂ ਬਦਲਦਾ ਜਾ ਰਿਹਾ ਹੈ, ਉਸ ਦੇ ਪ੍ਰਭਾਵ ਸਾਡੀ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਵੀ ਵੇਖਣ ਨੂੰ ਮਿਲ ਰਹੇ ਹਨ। ਮੈਂ ਪਹਿਲਾਂ ਕਹਿ ਚੁੱਕਾ ਹਾਂ ਕਿ ਸਾਡੇ ਗੀਤ-ਸੰਗੀਤ ਤੇ ਵਿਰਸੇ ਨੇ ਤਾਂ ਦੁਨੀਆ ਭਰ ਵਿੱਚ ਥਾਂ ਬਣਾ ਲਈ ਹੈ ਪਰ ਲੋਕ ਸਾਰੰਗੀਆਂ, ਅਲਗੋਜ਼ੇ, ਅਖਾੜੇ, ਝੂਮਰ, ਸੰਮੀ, ਫੁਲਕਾਰੀਆਂ, ਚਰਖੇ, ਲੋਕ ਗੀਤਾਂ, ਪੰਜਾਬੀ ਪਹਿਰਾਵੇ, ਅਸਲ ਖਾਣ-ਪੀਣ ਆਦਿ ਨਾਲੋਂ ਟੁੱਟਦੇ ਜਾ ਰਹੇ ਹਨ।
ਪਹਿਲਾਂ ਕੁੜੀਆਂ ਨੂੰ ਤ੍ਰਿੰਞਣਾਂ ਵਿੱਚ ਕਸੀਦੇ ਕੱਢਣ, ਗਿੱਧੇ ’ਚ ਬੋਲੀਆਂ ਪਾਉਣ ਅਤੇ ਪੀਂਘਾਂ ਝੂਟਣ ਦਾ ਬਹੁਤ ਸ਼ੌਕ ਹੁੰਦਾ ਸੀ ਪਰ ਸਮੇਂ ਦੇ ਨਾਲ-ਨਾਲ ਅਤੇ ਮੁੰਡਿਆਂ ਨਾਲ ਬਰਾਬਰ ਮੁਕਾਬਲੇਬਾਜ਼ੀ ਕਾਰਨ ਕੁੜੀਆਂ ਨੇ ਇਨ੍ਹਾਂ ਚੀਜ਼ਾਂ ਨੂੰ ਵਿਸਾਰਨਾ ਸ਼ੁਰੂ ਕਰ ਦਿੱਤਾ ਹੈ। ਬਹੁਤੀਆਂ ਕੁੜੀਆਂ (ਨਿਰੋਲ ਪਿੰਡਾਂ ਵਾਲੀਆਂ ਵੀ) ਅੱਜ-ਕੱਲ੍ਹ ਵਧੇਰੇ ਸਮਾਂ ਜਿਮ, ਕਲੱਬਾਂ ਤੇ ਕਿੱਟੀ ਪਾਰਟੀਆਂ ਵਿੱਚ ਬਿਤਾਉਂਦੀਆਂ ਹਨ। ਇਸ ਵਿੱਚ ਕੁਝ ਮਾੜਾ ਨਹੀਂ ਪਰ ਕੁਝ ਸੁਧਾਰ ਦੀ ਗੁੰਜਾਇਸ਼ ਜ਼ਰੂਰ ਹੈ। ਅੱਜ ਦੇ ਸਮੇਂ ਜ਼ਿਆਦਾ ਮਾਪੇ ਨੌਕਰੀਆਂ ਜਾਂ ਕੰਮਾਂਕਾਰਾਂ ਵਿੱਚ ਰੁੱਝੇ ਹੋਣ ਕਰ ਕੇ ਆਪਣੇ ਬੱਚਿਆਂ ਨੂੰ ਪੂਰੀ ਖੁੱਲ੍ਹ ਅਤੇ ਸੁਤੰਤਰਤਾ ਦਿੰਦੇ ਹਨ ਜਿਸ ਦਾ ਕਈ ਵਾਰ ਬੱਚੇ ਗ਼ਲਤ ਲਾਹਾ ਲੈ ਜਾਂਦੇ ਹਨ।
ਆਧੁਨਿਕਤਾ ਦੇ ਇਸ ਦੌਰ ਵਿੱਚ ਹੌਲੀ-ਹੌਲੀ ਪੰਜਾਬੀ ਵੀ ਵਿਦੇਸ਼ੀ ਸੱਭਿਆਚਾਰ ਅਨੁਸਾਰ ਆਪਣੇ-ਆਪ ਨੂੰ ਢਾਲ ਰਹੇ ਹਨ। ਅੱਜ-ਕੱਲ੍ਹ ਔਰਤਾਂ ਦੇ ਸਿਰੋਂ ਚੁੰਨੀ ਗੁਆਚਦੀ ਜਾ ਰਹੀ ਹੈ। ਮੁੰਡੇ-ਕੁੜੀਆਂ ਸਿਹਤ ਦੀ ਪਰਵਾਹ ਕੀਤੇ ਬਿਨਾਂ ਜੰਕ ਫੂਡ ਵੱਲ ਆਕਰਸ਼ਿਤ ਹੋ ਰਹੇ ਹਨ ਤੇ ਰਵਾਇਤੀ ਖਾਣਿਆਂ ਤੋਂ ਦੂਰ ਹੁੰਦੇ ਜਾ ਰਹੇ ਹਨ। ਹੁਣ ਸਾਗ ਕੱਟਣ ਵਾਲੀ ਦਾਤ, ਤੰਦੂਰ ਤੇ ਚੁੱਲ੍ਹਿਆਂ ਨੂੰ ਲੋਕ ਭੁੱਲਦੇ ਜਾ ਰਹੇ ਹਨ। ਘਰ-ਘਰ ਵਿੱਚ ਮਾਈਕ੍ਰੋਵੇਵ, ਆਟੇ ਗੁੰਨ੍ਹਣ ਵਾਲੀਆਂ ਮਸ਼ੀਨਾਂ ਤੇ ਭਾਂਡੇ ਧੋਣ ਵਾਲੀਆਂ ਮਸ਼ੀਨਾਂ ਆ ਗਈਆਂ ਹਨ।
ਸੱਚੀਓਂ, ਹੋਰ ਹੀ ਜ਼ਮਾਨਾ ਆ ਗਿਆ ਹੈ। ਇੱਕ ਹੋਰ ਮਸਲਾ ਹੈ। ਪੰਜਾਬੀ ਮਾਂ-ਬੋਲੀ ਵਿੱਚ ਵਿਗਾੜ ਆਉਣ ਦੇ ਨਾਲ-ਨਾਲ ਸਾਡੇ ਰਹਿਣ-ਸਹਿਣ, ਪਹਿਰਾਵੇ ਅਤੇ ਖੇਡਾਂ ਵਿੱਚ ਵੀ ਬਦਲਾਅ ਆ ਗਿਆ ਹੈ। ਹੁਣ ਦੇ ਬੱਚੇ ਚੋਪੜ, ਕੋਟਲਾ ਛਪਾਕੀ, ਗੁੱਲੀ ਡੰਡਾ ਵਰਗੀਆਂ ਖੇਡਾਂ ਨਹੀਂ ਖੇਡਦੇ। ਨਾ ਹੀ ਨੌਜਵਾਨ ਕਬੱਡੀ, ਗੱਤਕੇ ਅਤੇ ਕੁਸ਼ਤੀਆਂ ਕਰਦੇ ਹਨ। ਸਵਖਤੇ ਕੋਈ-ਕੋਈ ਬੱਚਾ ਹੀ ਉੱਠਦਾ ਹੈ। ਮੈਦਾਨਾਂ ਦੀ ਥਾਂ ਟੀਵੀ ਗੇਮਾਂ ਨੇ ਲੈ ਲਈ ਹੈ। ਇਹੀ ਕਾਰਨ ਹੈ ਕਿ ਛੋਟੇ-ਛੋਟੇ ਬੱਚੇ ਵੀ ਗੰਭੀਰ ਬਿਮਾਰੀਆਂ ਦੀ ਲਪੇਟ ਵਿੱਚ ਆ ਰਹੇ ਹਨ।
ਰਵਾਇਤੀ ਤੇ ਆਰਾਮਦਾਇਕ ਪਹਿਰਾਵੇ ਦੀ ਥਾਂ ਊਲ-ਜਲੂਲ ਜਿਹੇ ਵਸਤਰ ਅੱਜ ਦਾ ਫੈਸ਼ਨ ਹਨ। ਲੋਕ-ਦਿਖਾਵਾ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ ਜਦਕਿ ਆਪਸੀ ਪਿਆਰ, ਮੋਹ ਮੁਹੱਬਤ ਤੇ ਅਪਣੱਤ ਨਿਘਾਰ ਵੱਲ ਜਾ ਰਹੇ ਹਨ। ਸਾਂਝੇ ਪਰਿਵਾਰ ਟੁੱਟ ਰਹੇ ਹਨ। ਇਕੱਲਿਆਂ ਰਹਿਣਾ ਅੱਜ-ਕੱਲ੍ਹ ਫੈਸ਼ਨ ਬਣ ਗਿਆ ਹੈ। ਲੋਕ ਪਰਿਵਾਰ ਵਿਚ ਬਜ਼ੁਰਗਾਂ ਦੀ ਗੱਲ ਨੂੰ ਸਹਾਰਦੇ ਨਹੀਂ। ਬਜ਼ੁਰਗਾਂ ਨੂੰ ਪਹਿਲਾਂ ਵਰਗਾ ਸਤਿਕਾਰ ਨਹੀਂ ਦਿੱਤਾ ਜਾਂਦਾ। ਸਹਿਣਸ਼ੀਲਤਾ ਦੀ ਘਾਟ ਕਾਰਨ ਸਮਾਜ ਵਿੱਚ ਦਿਨ-ਬ-ਦਿਨ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅੱਜ ਲੋੜ ਹੈ ਸੰਭਲਣ ਦੀ। ਜੇ ਇਸੇ ਤਰ੍ਹਾਂ ਅਸੀਂ ਆਪਣਾ ਮੂਲ ਭੁੱਲਦੇ ਰਹੇ ਤਾਂ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਜਾਵਾਂਗੇ।
-ਰਾਜਵਿੰਦਰ ਲਹਿਲ

Loading