ਚੰਡੀਗੜ੍ਹ/ਏ.ਟੀ.ਨਿਊਜ਼: ਪੰਜਾਬ ਵਿੱਚ ਵਹੀਕਲਾਂ ਦੀ ਗਿਣਤੀ ਚਿੰਤਾਜਨਕ ਗਤੀ ਨਾਲ ਵੱਧ ਰਹੀ ਹੈ। ਪੰਜ ਸਾਲਾਂ ਦੇ ਅੰਕੜਿਆਂ ਅਨੁਸਾਰ ਰਾਜ ਵਿੱਚ ਰਜਿਸਟਰ ਹੋਏ ਵਹੀਕਲਾਂ ਦੀ ਗਿਣਤੀ ’ਚ 137 ਫ਼ੀਸਦੀ ਦਾ ਉਛਾਲ ਆਇਆ ਹੈ। ਇਸ ਵਾਧੇ ਨਾਲ ਸਿਰਫ਼ ਟ੍ਰੈਫ਼ਿਕ ਦਾ ਦਬਾਅ ਹੀ ਨਹੀਂ ਵਧਿਆ, ਸਗੋਂ ਹਾਦਸਿਆਂ, ਪ੍ਰਦੂਸ਼ਣ ਅਤੇ ਪਾਰਕਿੰਗ ਸੰਕਟ ਵਰਗੀਆਂ ਸਮੱਸਿਆਵਾਂ ’ਚ ਵੀ ਗੰਭੀਰ ਵਾਧਾ ਦਰਜ ਕੀਤਾ ਗਿਆ ਹੈ। ਇੰਨ੍ਹੀ ਤੇਜ਼ੀ ਨਾਲ ਵਧ ਰਹੀ ਵਹੀਕਲਾਂ ਗਿਣਤੀ ਨਾਲ ਨਵੇਂ ਇੰਨਫ਼ਰਾਸਟਰੱਕਚਰ ਦੀ ਲੋੜ ਉਤਪੰਨ ਹੋਈ ਹੈ। ਸ਼ਹਿਰੀ ਇਲਾਕਿਆਂ ਵਿੱਚ ਪਾਰਕਿੰਗ ਦੀ ਘਾਟ, ਰੋਡ ਜਾਮ ਅਤੇ ਪ੍ਰਦੂਸ਼ਣ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਹੇ ਹਨ। ਵਹੀਕਲ੍ਹਾਂ ਦੀ ਗਿਣਤੀ ਵਧਣ ਨਾਲ ਹਾਦਸਿਆਂ ਦੀ ਗਿਣਤੀ ’ਚ ਵੀ ਹਾਲੀਆਂ ਸਾਲਾਂ ’ਚ ਵਾਧਾ ਹੋਇਆ ਹੈ। ਇਸ ਵਿੱਚ ਦੋਪਹੀਆ, ਚਾਰ ਪਹੀਆ, ਵਪਾਰਕ ਵਹੀਕਲ ਅਤੇ ਇਲੈਕਟ੍ਰਿਕ ਵਹੀਕਲ ਸਾਰੇ ਸ਼ਾਮਲ ਹਨ। ਵਹੀਕਲਾਂ ਦੀ ਗਿਣਤੀ ਵਧਣ ਦੇ ਨਾਲ ਨਾਲ ਸਰਕਾਰ ਦੀ ਆਮਦਨੀ ਵੀ ਵਧੀ ਹੈ। ਸਾਲ 2020 ਵਿੱਚ ਸੂਬੇ ’ਚ 5 ਲੱਖ 15 ਹਜ਼ਾਰ ਵਾਹਨ ਰਜਿਸਟਰਡ ਹੋਏ ਸਨ, ਜਦੋਂ ਕਿ ਸਾਲ 2024 ਵਿੱਚ ਇੰਨ੍ਹਾਂ ਦੀ ਗਿਣਤੀ ਵਧ ਕੇ 7 ਲੱਖ 5 ਹਜ਼ਾਰ ਹੋ ਗਈ। ਅਜਿਹੀ ਸਥਿਤੀ ਵਿੱਚ ਇਨ੍ਹਾਂ ਪੰਜ ਸਾਲਾਂ ਵਿੱਚ ਵਾਹਨ ਰਜਿਸਟ੍ਰੇਸ਼ਨ ਵਿੱਚ 137 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਜਦੋਂ ਕਿ ਸੂਬੇ ਦੇ ਲੁਧਿਆਣਾ ਵਿੱਚ ਸਭ ਤੋਂ ਵੱਧ ਵਾਹਨ ਰਜਿਸਟਰਡ ਹੋ ਰਹੇ ਹਨ। ਸਾਲ 2024 ਵਿੱਚ ਇੱਥੇ 1 ਲੱਖ ਤੋਂ ਵੱਧ ਵਾਹਨ ਰਜਿਸਟਰਡ ਹੋਏ ਸਨ। ਇਸ ਦੇ ਨਾਲ ਹੀ ਸਰਕਾਰ ਦਾ ਮਾਲੀਆ ਵੀ ਵਧ ਰਿਹਾ ਹੈ, ਜੋ ਕਿ ਪੰਜ ਸਾਲਾਂ ਵਿੱਚ 230 ਫ਼ੀਸਦੀ ਵਧਿਆ ਹੈ। ਸਾਲ 2020 ਦੇ ਮੁਕਾਬਲੇ, ਸਾਲ 2024 ਵਿੱਚ ਮਾਲੀਆ 1220 ਕਰੋੜ ਰੁਪਏ ਤੋਂ ਵੱਧ ਕੇ 2810 ਕਰੋੜ ਰੁਪਏ ਹੋ ਗਿਆ।
ਹਰ ਸਾਲ ਵਧ ਰਹੇ ਨੇ ਸੜਕ ਹਾਦਸੇ
ਵਹੀਕਲ ਵਧਣ ਦੇ ਨਾਲ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਵੀ ਖੜ੍ਹੀਆਂ ਹੋਈਆਂ ਹਨ। ਭਾਵੇਂ ਪੰਜਾਬ ਅੰਦਰ ਚਾਰ ਮਾਰਗੀ ਤੇ ਛੇ ਮਾਰਗੀ ਸੜਕਾਂ ਬਣ ਗਈਆਂ ਹਨ ਪਰ ਅਵਾਰਾ ਪਸ਼ੂਆਂ ਸਮੇਤ ਹੋਰ ਕਾਰਨਾਂ ਕਰਕੇ ਹਰ ਰੋਜ਼ ਹਾਦਸੇ ਵਾਪਰ ਰਹੇ ਹਨ। ਜੇਕਰ ਵਿਭਾਗ ਦੇ ਅੰਕੜਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਪਿਛਲੇ ਚਾਰ ਸਾਲਾਂ ਵਿੱਚ ਸੜਕ ਹਾਦਸਿਆਂ ਮਰਨ ਵਾਲਿਆਂ ਦੀ ਗਿਣਤੀ ਵਿੱਚ 3.7 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਸਾਲ 2020 ਵਿੱਚ 5203 ਸੜਕ ਹਾਦਸੇ ਵਾਪਰੇ ਸਨ ਜਿੰਨ੍ਹਾਂ ਵਿੱਚ 3898 ਕੀਮਤੀ ਜਾਨਾਂ ਚਲੀਆਂ ਗਈਆਂ ਸਨ, ਜਦੋਂ ਕਿ ਅਗਲੇ ਸਾਲ 2021 ਵਿੱਚ ਸੜਕ ਹਾਦਸਿਆਂ ਦੀ ਗਿਣਤੀ ਵਧ ਕੇ 5871 ਹੋ ਗਈ ਜਦੋਂ ਕਿ ਮ੍ਰਿਤਕਾਂ ਦੀ ਗਿਣਤੀ ਵਧ ਕੇ ਵੀ 4589 ਤੱਕ ਪਹੁੰਚ ਗਈ। ਸਾਲ 2022 ਵਿੱਚ ਪੰਜਾਬ ਅੰਦਰ ਕੁੱਲ 6042 ਸੜਕ ਹਾਦਸੇ ਵਪਾਰੇ ਸਨ ਜਿੰਨ੍ਹਾਂ ਵਿੱਚ 4655 ਲੋਕਾਂ ਦੀ ਜਾਨ ਚਲੀ ਗਈ। ਸਾਲ 2023 ਵਿੱਚ ਸੜਕ ਹਾਦਸਿਆਂ ਦੀ ਗਿਣਤੀ ਵਧ ਕੇ 6269 ਹੋ ਗਈ, ਜਿਸ ਵਿੱਚ 4829 ਲੋਕਾਂ ਦੀ ਜਾਨ ਚਲੀ ਗਈ। ਇਸ ਤਰ੍ਹਾਂ ਵਹੀਕਲਾਂ ਦੀ ਗਿਣਤੀ ਵਧਣ ਨਾਲ ਸੜਕ ਹਾਦਸੇ ਵਧੇ ਹਨ ਉਥੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋੋਈਆਂ ਹਨ। ਹਾਲਾਤ ਇਹ ਹਨ ਕਿ ਇਕ ਘਰ ਵਿੱਚ ਚਾਰ ਚਾਰ ਗੱਡੀਆਂ ਹਨ। ਪਰਿਵਾਰ ਦੇ ਜਿੰਨ੍ਹੇ ਮੈਂਬਰ ਹਨ, ਉਨ੍ਹੀਆਂ ਹੀ ਘਰ ਵਿੱਚ ਗੱਡੀਆਂ ਹਨ।
ਵਹੀਕਲਾਂ ਦੀ ਗਿਣਤੀ ਵਧਣ ਨਾਲ ਪੈਦਾ ਹੋ ਰਹੀਆਂ ਮੁੱਖ ਸਮੱਸਿਆਵਾਂ :
- ਟਰੈਫ਼ਿਕ ਜਾਮ ਅਤੇ ਰੋਡ ਓਵਰਲੋਡ
- ਸੜਕ ਹਾਦਸਿਆਂ ਵਿੱਚ ਵਾਧਾ
- ਪਾਰਕਿੰਗ ਦੀ ਸਮੱਸਿਆ, ਮੁੱਖ ਸ਼ਹਿਰੀ ਇਲਾਕਿਆਂ ਅਤੇ ਮਾਰਕੀਟਾਂ ’ਚ ਪਾਰਕਿੰਗ ਲਈ ਥਾਂ ਮਿਲਣੀ ਮੁਸ਼ਕਿਲ ਹੋ ਗਈ ਹੈ।
- ਕਈ ਲੋਕ ਗਲੀਆਂ ਅਤੇ ਸੜਕਾਂ ’ਤੇ ਗੱਡੀਆਂ ਖੜੀਆਂ ਕਰਦੇ ਹਨ, ਜਿਸ ਨਾਲ ਆਵਾਜਾਈ ਅਤਿ ਪ੍ਰਭਾਵਿਤ ਹੋ ਰਹੀ ਹੈ।
- ਪ੍ਰਦੂਸ਼ਣ ਬਹੁਤ ਵਧ ਗਿਆ ਹੈ, ਪੈਟ੍ਰੋਲ ਅਤੇ ਡੀਜ਼ਲ ਵਹੀਕਲਾਂ ਦੀ ਗਿਣਤੀ ਵਧਣ ਨਾਲ ਹਵਾ ਦੀ ਗੁਣਵੱਤਾ ਖ਼ਤਰਨਾਕ ਹੱਦ ਤੱਕ ਥੱਲੇ ਆ ਰਹੀ ਹੈ।
![]()
