ਅਮਰੀਕਾ ਵਿੱਚ ਵੱਖ ਵੱਖ ਥਾਵਾਂ ‘ਤੇ ਹੋਈ ਗੋਲੀਬਾਰੀ ਵਿੱਚ 10 ਮੌਤਾਂ ਤੇ 12 ਤੋਂ ਵਧ ਜ਼ਖਮੀ

In ਅਮਰੀਕਾ
July 31, 2025

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਵਿੱਚ ਵੱਖ ਵੱਖ ਚਾਰ ਥਾਵਾਂ ‘ਤੇ ਹੋਈ ਗੋਲੀਬਾਰੀ ਵਿੱਚ 10 ਵਿਅਕਤੀਆਂ ਦੇ ਮਾਰੇ
ਜਾਣ ਤੇ ਇਕ ਦਰਜ਼ਨ ਤੋਂ ਵਧ ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਮੀਡੀਆ ਰਿਪੋਰਟਾਂ ਅਨੁਸਾਰ ਗੋਲੀਬਾਰੀ ਦੀਆਂ ਇਹ ਘਟਨਾਵਾਂ
ਐਟਲਾਂਟਾ, ਨਿਊ ਯਾਰਕ,ਰੇਨੋ ਤੇ ਡੈਟਰਾਇਟ ਸ਼ਹਿਰਾਂ ਵਿੱਚ ਵਾਪਰੀਆਂ। ਇਨਾਂ ਸਾਰੇ ਹਮਲਿਆਂ ਨੂੰ ਸਮੂੁਹਿਕ ਗੋਲੀਬਾਰੀ ਕਿਹਾ ਜਾ ਸਕਦਾ ਹੈ ਹਾਲਾਂ
ਕਿ ਸਰਕਾਰੀ ਪੱਧਰ ‘ਤੇ ਇਸ ਸਬੰਧੀ ਕੁਝ ਨਹੀਂ ਕਿਹਾ ਗਿਆ। ਐਟਲਾਂਟਾ, ਜਾਰਜੀਆ ਵਿੱਚ ਤੜਕਸਾਰ ਇੱਕ ਬੰਦੂਕਧਾਰੀ ਦੁਆਰਾ ਕੀਤੀ
ਗੋਲੀਬਾਰੀ ਵਿੱਚ ਇੱਕ ਵਿੱਅਕਤੀ ਮਾਰਿਆ ਗਿਆ ਤੇ 10 ਹੋਰ ਲੋਕ ਜ਼ਖਮੀ ਹੋ ਗਏ। ਡੈਟਰਾਇਟ , ਮਿਸ਼ੀਗਨ ਵਿੱਚ ਇਕ ਗੈਸ ਸਟੇਸ਼ਨ ਉਪਰ ਹੋਈ
ਗੋਲੀਬਾਰੀ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਤੇ 2 ਹੋਰ ਜ਼ਖਮੀ ਹੋ ਗਏ। ਪੁਲਿਸ ਅਨੁਸਾਰ ਇਕ ਵਿਅਕਤੀ ਮੌਕੇ ਉਪਰ ਹੀ ਦਮ ਤੋੜ ਗਿਆ
ਜਦ ਕਿ ਇਕ ਔਰਤ ਦੀ ਬਾਅਦ ਵਿੱਚ ਮੌਤ ਹੋ ਗਈ। ਪੁਲਿਸ ਨੇ ਇਸ ਘਟਨਾ ਦੇ ਸਬੰਧੀ ਕੋਈ ਵੀ ਜਾਣਕਾਰੀ ਜਾਰੀ ਨਹੀਂ ਕੀਤੀ ਹੈ। ਰੇਨੋ, ਨਵਾਡਾ
ਵਿੱਚ ਗਰੈਂਡ ਸੀਰਾ ਰਿਜ਼ਾਰਟ ਦੇ ਬਾਹਰਵਾਰ ਗੋਲੀਬਾਰੀ ਦੀ ਘਟਨਾ ਵਾਪਰੀ ਜਿਸ ਵਿੱਚ 3 ਲੋਕ ਮਾਰੇ ਗਏ ਤੇ 3 ਹੋਰ ਜ਼ਖਮੀ ਹੋ ਗਏ। ਮੌਕੇ ਉਪਰ
ਪੁੱਜੀ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਸ਼ੱਕੀ ਹਮਲਾਵਰ ਜ਼ਖਮੀ ਹੋ ਗਿਆ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਸ਼ੱਕੀ ਜਾਂ ਪੀੜਤਾਂ ਬਾਰੇ
ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਗੋਲੀਬਾਰੀ ਦੀ ਚੌਥੀ ਘਟਨਾ ਨਿਊਯਾਰਕ ਵਿੱਚ ਮੈਨਹਟਨ ਦੇ ਕੇਂਦਰੀ ਹਿੱਸੇ ਵਿੱਚ ਵਾਪਰੀ। ਅਸਾਲਟ ਰਾਈਫਲ
ਨਾਲ ਲੈਸ ਇੱਕ ਸ਼ੱਕੀ ਹਮਲਾਵਰ ਨੇ ਪਾਰਕ ਐਵਨਿਊ ਸਕਾਈਸਕਰੈਪਰ ਵਿੱਚ ਅੰਧਾਧੁੰਦ ਗੋਲੀਬਾਰੀ ਕਰਕੇ ਇੱਕ ਬੰਗਲਾਦੇਸ਼ੀ ਪੁਲਿਸ ਅਫਸਰ
ਸਮੇਤ 4 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਤੇ ਬਾਅਦ ਵਿੱਚ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਕਥਿੱਤ ਸ਼ੱਕੀ ਦੀ ਪਛਾਣ
27 ਸਾਲਾ ਸ਼ੇਨ ਟਾਮੂਰਾ ਵੱਜੋਂ ਹੋਈ ਹੈ ਜੋ ਨੇਵਾਡਾ ਦਾ ਰਹਿਣ ਵਾਲਾ ਹੈ। ਪੁਲਿਸ ਨੇ ਕਿਹਾ ਹੈ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਤੋਂ
ਬਾਅਦ ਹੀ ਘਟਨਾ ਦੇ ਕਾਰਨ ਬਾਰੇ ਪਤਾ ਲੱਗ ਸਕੇਗਾ।

Loading