
ਅਪੂਰਵਾਨੰਦ
ਅਸੀਂ ਭਾਰਤ ਦੇ ਕਈ ਇਲਾਕਿਆਂ ਵਿੱਚ ਪੁਲਿਸ ਅਤੇ ਹਿੰਦੂਤਵਵਾਦੀ ਭੀੜ ਨੂੰ ਇੱਕੋ ਜਿਹੇ ਤਰੀਕੇ ਨਾਲ ਕੰਮ ਕਰਦੇ ਵੇਖਿਆ ਹੈ, ਖਾਸ ਕਰਕੇ ਮੁਸਲਮਾਨਾਂ ਅਤੇ ਇਸਾਈਆਂ ਦੇ ਮਾਮਲਿਆਂ ਵਿੱਚ ਪਰ ਜਦੋਂ ਅਦਾਲਤ ਵੀ ਹਿੰਦੂਤਵਵਾਦੀ ਰਾਸ਼ਟਰਵਾਦੀਆਂ ਵਾਂਗ ਸੋਚਣ ਅਤੇ ਬੋਲਣ ਲੱਗ ਜਾਵੇ, ਤਾਂ ਸਾਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ। ਪਾਣੀ ਸਿਰ ਤੋਂ ਉੱਪਰ ਨਿਕਲ ਗਿਆ ਹੈ। ਇਹ ਚਿਤਾਵਨੀ ਸਾਨੂੰ ਮੁੰਬਈ ਅਤੇ ਦਿੱਲੀ ਦੀਆਂ ਦੋ ਘਟਨਾਵਾਂ ਤੋਂ ਮਿਲੀ ਹੈ।
ਇੱਕ ਘਟਨਾ ਮੁੰਬਈ ਹਾਈ ਕੋਰਟ ਦੀ ਟਿੱਪਣੀ ਨਾਲ ਜੁੜੀ ਹੈ ਅਤੇ ਦੂਜੀ ਦਿੱਲੀ ਦੇ ਨਹਿਰੂ ਪਲੇਸ ਵਿੱਚ ਭੀੜ ਦੀ ਪ੍ਰਤੀਕਿਰਿਆ ਨਾਲ। ਦੋਵਾਂ ਦਾ ਸਬੰਧ ਗਾਜ਼ਾ ਵਿੱਚ ਇਜ਼ਰਾਇਲ ਵੱਲੋਂ ਕੀਤੇ ਜਾ ਰਹੇ ਕਤਲੇਆਮ ਨਾਲ ਹੈ। ਮੁੰਬਈ ਹਾਈ ਕੋਰਟ ਦੇ ਕਮਰੇ ਅਤੇ ਦਿੱਲੀ ਦੇ ਨਹਿਰੂ ਪਲੇਸ ਵਿੱਚ ਕੀ ਸਾਂਝ ਹੈ?
“ਫਲਸਤੀਨੀਆਂ ਦੇ ਕਤਲੇਆਮ ਵਿਰੁੱਧ ਭਾਰਤ ਵਿੱਚ ਆਵਾਜ਼ ਕਿਉਂ ਉਠਾਉਣੀ? ਸਾਡੇ ਕੋਲ ਆਪਣੀਆਂ ਹੀ ਇੰਨੀਆਂ ਸਮੱਸਿਆਵਾਂ ਹਨ!” ਇਹ ਕੋਈ ਸੜਕ ’ਤੇ ਤੁਰਦਾ ਆਮ ਬੰਦਾ ਨਹੀਂ ਸੀ ਬੋਲ ਰਿਹਾ, ਸਗੋਂ ਮੁੰਬਈ ਹਾਈ ਕੋਰਟ ਨੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੂੰ ਇਹ ਝਿੜਕ ਮਾਰੀ ਹੈ। ਪਾਰਟੀ ਨੇ ਅਦਾਲਤ ਵਿੱਚ ਅਰਜ਼ੀ ਪਾ ਕੇ ਗਾਜ਼ਾ ਵਿੱਚ ਇਜ਼ਰਾਇਲ ਦੇ ਕਤਲੇਆਮ ਵਿਰੁੱਧ ਪ੍ਰਦਰਸ਼ਨ ਦੀ ਇਜਾਜ਼ਤ ਮੰਗੀ ਸੀ।
ਪੁਲਿਸ ਨੇ ਪਹਿਲਾਂ ਹੀ ਇਸ ਪ੍ਰਦਰਸ਼ਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਸੀ.ਪੀ.ਆਈ. (ਐਮ) ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਪਰ ਅਦਾਲਤ ਨੇ ਨਾ ਸਿਰਫ ਇਜਾਜ਼ਤ ਦੇਣ ਤੋਂ ਮਨ੍ਹਾ ਕਰ ਦਿੱਤਾ, ਸਗੋਂ ਅਰਜ਼ੀ ਪਾਉਣ ਵਾਲਿਆਂ ਨੂੰ ਨਸੀਹਤ ਦੇ ਦਿੱਤੀ ਕਿ ਉਹ “ਦੇਸ਼ਭਗਤ” ਬਣਨ, ਆਪਣੇ ਦੇਸ਼ ਦੀਆਂ ਸਮੱਸਿਆਵਾਂ ’ਤੇ ਧਿਆਨ ਦੇਣ ਅਤੇ ਗਾਜ਼ਾ ਵਰਗੇ ਦੂਰ-ਦੁਰਾਡੇ ਮਸਲਿਆਂ ਨੂੰ ਛੱਡ ਦੇਣ।
ਕੀ ਦੇਸ਼ਭਗਤੀ ਅਤੇ ਫਲਸਤੀਨੀਆਂ ਨਾਲ ਹਮਦਰਦੀ ਵਿੱਚ ਕੋਈ ਵਿਰੋਧ ਹੈ? ਅਦਾਲਤ ਤੋਂ ਇਹ ਸਵਾਲ ਪੁੱਛਿਆ ਜਾ ਸਕਦਾ ਹੈ।
“ਦੇਸ਼ਭਗਤ ਬਣੋ!” ਇਸ ਹੁਕਮ ਦਾ ਕੀ ਮਤਲਬ ਹੈ? ਕੀ ਇਹ ਕਿ ਦੂਜਿਆਂ ਦੇ ਦੁੱਖ-ਦਰਦ ਨਾਲ ਕੋਈ ਸਬੰਧ ਨਾ ਰੱਖੋ ਅਤੇ ਸੁਆਰਥੀ ਬਣ ਜਾਓ? ਕੀ ਦੇਸ਼ਭਗਤੀ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਸਿਰਫ ਆਪਣੇ ਬਾਰੇ ਸੋਚੀਏ ਅਤੇ ਆਲੇ-ਦੁਆਲੇ ਹੋ ਰਹੀਆਂ ਘਟਨਾਵਾਂ ਤੋਂ ਅੱਖਾਂ-ਕੰਨ ਬੰਦ ਕਰ ਲਈਏ?
ਦੁਨੀਆਂ ਦੇ ਮਹਾਨ ਦਾਰਸ਼ਨਿਕਾਂ ਨੇ ਦੇਸ਼ਭਗਤੀ ਦੀਆਂ ਜਿੰਨੀਆਂ ਵੀ ਵਿਆਖਿਆਵਾਂ ਕੀਤੀਆਂ ਹਨ, ਉਨ੍ਹਾਂ ਵਿੱਚ ਸੰਕੀਰਣਤਾ ਦੀ ਕੋਈ ਥਾਂ ਨਹੀਂ। ਦੇਸ਼ਭਗਤੀ ਵੱਖਰੇਵੇਂ ਦੀ ਨਹੀਂ, ਸਗੋਂ ਜੁੜਾਅ ਦੀ ਗੱਲ ਕਰਦੀ ਹੈ। ਕੀ “ਫਲਸਤੀਨ” ਸ਼ਬਦ ਵਿੱਚ ਕੁਝ ਅਜਿਹਾ ਹੈ ਜੋ ਦੇਸ਼ਭਗਤ ਕੰਨਾਂ ਨੂੰ ਚੁਭਦਾ ਹੈ?
ਕੁਝ ਲੋਕ ਕਹਿ ਸਕਦੇ ਹਨ ਕਿ ਇਹ ਜੱਜ ਦੀ ਸੁਭਾਵਕ ਪ੍ਰਤੀਕਿਰਿਆ ਸੀ ਅਤੇ ਉਨ੍ਹਾਂ ਨੇ ਇਹ ਆਪਣੇ ਹੁਕਮ ਵਿੱਚ ਨਹੀਂ ਲਿਖਿਆ। ਪਰ ਸਾਡੇ ਲਈ ਚਿੰਤਾ ਦੀ ਗੱਲ ਇਹੀ ਸੁਭਾਵਕਤਾ ਹੈ। ਕੋਈ ਵੀ ਕਿਸੇ ਨੂੰ ਦੇਸ਼ਭਗਤ ਬਨਣ ਦੀ ਨਸੀਹਤ ਦੇਣ ਦਾ ਹੱਕ ਨਹੀਂ ਰੱਖਦਾ। ਇਸ ਤੋਂ ਵੀ ਵੱਡੀ ਚਿੰਤਾ ਦੀ ਗੱਲ ਹੈ ਕਿ ਜੱਜ ਕਹਿ ਰਹੇ ਹਨ ਕਿ ਦੇਸ਼ਭਗਤ ਬਨਣ ਲਈ ਜ਼ਰੂਰੀ ਹੈ ਕਿ ਤੁਸੀਂ ਕਿਸੇ ਹੋਰ ਨਾਲ ਹਮਦਰਦੀ ਨਾ ਵਿਖਾਓ।
ਸੀ.ਪੀ.ਆਈ. (ਐਮ) ਦੀ ਅਰਜ਼ੀ ਨੂੰ ਰੱਦ ਕਰਦੇ ਹੋਏ ਅਦਾਲਤ ਨੇ ਕਿਹਾ, “ਸਾਡੇ ਦੇਸ਼ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹਨ… ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਤੁਸੀਂ ਦੂਰਦਰਸ਼ੀ ਨਹੀਂ ਹੋ। ਤੁਸੀਂ ਗਾਜ਼ਾ ਅਤੇ ਫਲਸਤੀਨ ਨੂੰ ਤਾਂ ਵੇਖਦੇ ਹੋ, ਪਰ ਇੱਥੋਂ ਦੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹੋ। ਤੁਸੀਂ ਆਪਣੇ ਦੇਸ਼ ਲਈ ਕੁਝ ਕਿਉਂ ਨਹੀਂ ਕਰਦੇ? ਆਪਣੇ ਦੇਸ਼ ਵੱਲ ਵੇਖੋ। ਦੇਸ਼ਭਗਤ ਬਣੋ। ਲੋਕ ਕਹਿੰਦੇ ਹਨ ਕਿ ਉਹ ਦੇਸ਼ਭਗਤ ਹਨ, ਪਰ ਇਹ ਦੇਸ਼ਭਗਤੀ ਨਹੀਂ। ਪਹਿਲਾਂ ਆਪਣੇ ਦੇਸ਼ ਦੇ ਨਾਗਰਿਕਾਂ ਲਈ ਦੇਸ਼ਭਗਤੀ ਵਿਖਾਓ।”
ਅਦਾਲਤ ਨੇ ਕਿਹਾ ਕਿ ਪਾਰਟੀ ਨੂੰ ਪਹਿਲਾਂ ਕੂੜੇ-ਕਰਕਟ, ਪ੍ਰਦੂਸ਼ਣ, ਨਾਲੀਆਂ ਵਰਗੀਆਂ ਸਮੱਸਿਆਵਾਂ ’ਤੇ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਬਾਹਰ ਕੀ ਹੋ ਰਿਹਾ ਹੈ, ਇਹ ਵਿਦੇਸ਼ ਨੀਤੀ ਦਾ ਮਾਮਲਾ ਹੈ ਅਤੇ ਇਸ ਨੂੰ ਸਰਕਾਰ ’ਤੇ ਛੱਡ ਦੇਣਾ ਚਾਹੀਦਾ ਹੈ।
ਆਲੋਚਕਾਂ ਨੇ ਸਹੀ ਕਿਹਾ ਕਿ ਅਦਾਲਤ ਸੰਵਿਧਾਨਕ ਅਧਿਕਾਰਾਂ ਨੂੰ ਭੁੱਲ ਗਈ ਜਾਪਦੀ ਹੈ। ਭਾਰਤ ਦੇ ਲੋਕਾਂ ਨੂੰ ਆਪਣੇ ਵਿਚਾਰ ਰੱਖਣ ਅਤੇ ਉਨ੍ਹਾਂ ਨੂੰ ਜ਼ਾਹਿਰ ਕਰਨ ਦਾ ਪੂਰਾ ਹੱਕ ਹੈ। ਲੋਕ ਆਪਣੇ ਇਹ ਅਧਿਕਾਰ ਸਰਕਾਰ ਕੋਲ ਗਿਰਵੀ ਨਹੀਂ ਰੱਖ ਸਕਦੇ। ਇਜ਼ਰਾਇਲ ਅਤੇ ਫਲਸਤੀਨ ’ਤੇ ਸਰਕਾਰ ਦੇ ਰੁਖ ਦਾ ਵਿਰੋਧ ਕਰਨ ਦਾ ਵੀ ਭਾਰਤ ਦੇ ਲੋਕਾਂ ਨੂੰ ਹੱਕ ਹੈ ਅਤੇ ਇਸ ਨੂੰ ਖੋਹਿਆ ਨਹੀਂ ਜਾ ਸਕਦਾ।
ਮੁੰਬਈ ਦੀ ਅਦਾਲਤ ਜੋ ਕਹਿ ਰਹੀ ਸੀ, ਉਹੀ ਗੱਲ ਦਿੱਲੀ ਦੇ ਨਹਿਰੂ ਪਲੇਸ ਵਿੱਚ ਇੱਕ ਭੀੜ ਵੀ ਕਹਿ ਰਹੀ ਸੀ। ਲਗਭਗ 30-40 ਲੋਕ ਨਹਿਰੂ ਪਲੇਸ ਵਿੱਚ ਫਲਸਤੀਨੀਆਂ ਦੇ ਕਤਲੇਆਮ ਵਿਰੁੱਧ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ। ਉਨ੍ਹਾਂ ਦੇ ਹੱਥਾਂ ਵਿੱਚ ਫਲਸਤੀਨੀ ਝੰਡੇ ਸਨ। ਉਹ ਇਕੱਠੇ ਹੁੰਦੇ ਹੀ, ਆਲੇ-ਦੁਆਲੇ ਦੀਆਂ ਦੁਕਾਨਾਂ ਤੋਂ ਕੁਝ ਲੋਕ ਨਿਕਲ ਆਏ ਅਤੇ ਉਨ੍ਹਾਂ ਨੇ ਫਲਸਤੀਨੀ ਝੰਡੇ ਖੋਹ ਕੇ ਫਾੜ ਦਿੱਤੇ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਤੋਂ ਪੁੱਛਿਆ, “ਤੁਹਾਡੇ ਕੋਲ ਆਪਣੇ ਦੇਸ਼ ਦਾ ਝੰਡਾ ਕਿੱਥੇ ਹੈ?”
ਇਹ ਭੀੜ ਦਾ ਸਵਾਲ ਮੁੰਬਈ ਹਾਈ ਕੋਰਟ ਦੇ ਸਵਾਲ ਤੋਂ ਵੱਖਰਾ ਨਹੀਂ ਸੀ। “ਆਪਣੇ ਦੇਸ਼ ਦਾ ਝੰਡਾ ਵਿਖਾਓ, ਦੂਜੇ ਦੇਸ਼ ਦਾ ਝੰਡਾ ਕਿਉਂ ਚੁੱਕਿਆ ਹੈ?” ਇਹ ਸਵਾਲ ਅਦਾਲਤ ਦੀ ਇਸ ਝਿੜਕ ਨਾਲ ਮਿਲਦਾ-ਜੁਲਦਾ ਸੀ: “ਦੇਸ਼ਭਗਤ ਬਣੋ! ਹਜ਼ਾਰਾਂ ਮੀਲ ਦੂਰ ਦੂਜੇ ਦੇਸ਼ ਦਾ ਮਸਲਾ ਕਿਉਂ ਚੁੱਕਦੇ ਹੋ?”
ਮੁੰਬਈ ਹਾਈ ਕੋਰਟ ਚਾਹੁੰਦੀ ਹੈ ਕਿ ਸੀ.ਪੀ.ਆਈ. (ਐਮ) ਕੂੜੇ-ਕਰਕਟ, ਬੇਰੁਜ਼ਗਾਰੀ ਅਤੇ ਪ੍ਰਦੂਸ਼ਣ ਦੀਆਂ ਗੱਲਾਂ ਕਰੇ। ਨਹਿਰੂ ਪਲੇਸ ਦੀ ਭੀੜ ਚਾਹੁੰਦੀ ਸੀ ਕਿ ਪ੍ਰਦਰਸ਼ਨਕਾਰੀ ਬੰਗਲਾਦੇਸ਼ ਵਿੱਚ ਹਿੰਦੂਆਂ ਦੀ ਹਾਲਤ ’ਤੇ ਗੱਲ ਕਰਨ। ਦੋਵਾਂ ਵਿੱਚ ਕੋਈ ਬੁਨਿਆਦੀ ਫਰਕ ਨਹੀਂ।
ਅਦਾਲਤ ਅਤੇ ਸੜਕ ਵਿੱਚ ਫਰਕ ਮਿਟ ਜਾਣਾ ਚਿੰਤਾ ਦੀ ਗੱਲ ਹੈ। ਪਰ ਇਸ ਤੋਂ ਵੀ ਵੱਡੀ ਚਿੰਤਾ ਹੈ ਇੱਕ ਨਵੀਂ ਰਾਸ਼ਟਰਵਾਦੀ ਜਾਂ ਦੇਸ਼ਭਗਤੀ ਵਾਲੀ ਸੁਭਾਵਕਤਾ ਦਾ ਜਨਮ। ਨਹਿਰੂ ਪਲੇਸ ਦੀ ਭੀੜ ਸੰਗਠਿਤ ਨਹੀਂ ਸੀ। ਜ਼ਰੂਰੀ ਨਹੀਂ ਕਿ ਉਸ ਦੇ ਲੋਕ ਬਜਰੰਗ ਦਲ ਜਾਂ ਰਾਸ਼ਟਰੀ ਸਵੈਸੇਵਕ ਸੰਘ ਦੇ ਮੈਂਬਰ ਹੋਣ। ਉਹ ਫਲਸਤੀਨੀ ਝੰਡਾ ਵੇਖਦੇ ਹੀ ਭੜਕ ਉੱਠੇ, ਜਿਵੇਂ ਅਦਾਲਤ ਗਾਜ਼ਾ ਲਈ ਹਮਦਰਦੀ ਦੀ ਗੱਲ ਸੁਣ ਕੇ ਭੜਕ ਗਈ।
ਦੋਵੇਂ ਪ੍ਰਤੀਕਿਰਿਆਵਾਂ ਸੋਚੀ-ਸਮਝੀ ਜਾਂ ਸੰਗਠਿਤ ਨਹੀਂ ਸਨ। ਇਹ ਪ੍ਰਤੀਕਿਰਿਆਵਾਂ ਕੁਝ-ਕੁਝ ਇਜ਼ਰਾਇਲੀਆਂ ਦੀਆਂ ਪ੍ਰਤੀਕਿਰਿਆਵਾਂ ਵਰਗੀਆਂ ਹਨ। ਨਿਊਯਾਰਕ ਹੋਵੇ ਜਾਂ ਲੰਡਨ, ਸੜਕ ’ਤੇ ਕਿਸੇ ਦੇ ਗਲੇ ਵਿੱਚ ਕੈਫੀਆ ਵੇਖਦੇ ਹੀ ਇਜ਼ਰਾਇਲੀ ਉਸ ’ਤੇ ਟੁੱਟ ਪੈਂਦੇ ਹਨ। ਭਾਰਤ ਵਿੱਚ ਵੀ ਇੱਕ ਵੱਡਾ ਵਰਗ ਪੈਦਾ ਹੋ ਗਿਆ ਹੈ ਜੋ ਕੈਫੀਆ ਜਾਂ ਫਲਸਤੀਨੀ ਝੰਡਾ ਵੇਖਦੇ ਹੀ ਹਿੰਸਕ ਹੋ ਜਾਂਦਾ ਹੈ। ਨਹਿਰੂ ਪਲੇਸ ਵਿੱਚ ਇਹ ਭੀੜ ਬਿਨਾਂ ਕਿਸੇ ਮਿਹਨਤ ਜਾਂ ਸੱਦੇ ਦੇ ਇਕੱਠੀ ਹੋ ਗਈ। ਉਹ ਪ੍ਰਦਰਸ਼ਨਕਾਰੀਆਂ ਨੂੰ ਤਿਰੰਗਾ ਝੰਡਾ ਵਿਖਾਉਣ ਲਈ ਕਹਿ ਰਹੀ ਸੀ, ਜਿਵੇਂ ਅਦਾਲਤ ਸੀ.ਪੀ.ਆਈ. (ਐਮ) ਨੂੰ ਦੇਸ਼ਭਗਤ ਬਨਣ ਲਈ ਕਹਿ ਰਹੀ ਸੀ।
ਕੀ ਇਸ ਸੁਭਾਵਕਤਾ ਨੂੰ ਹਿੰਦੂਤਵਵਾਦੀ ਸੁਭਾਵਕਤਾ ਕਹਿਣਾ ਗਲਤ ਹੋਵੇਗਾ? ਫਲਸਤੀਨੀ ਝੰਡਾ, ਹਰਾ ਝੰਡਾ, ਬੁਰਕਾ, ਜਾਂ ਟੋਪੀ ਵੇਖਦੇ ਹੀ, ਜਾਂ ਨਾਰੇ ਸੁਣਦੇ ਹੀ ਜਦੋਂ ਕੋਈ ਭੜਕ ਉੱਠੇ, ਕੀ ਇਸ ਨੂੰ ਸੁਭਾਵਕ ਕਹਾਂਗੇ? ਨਹਿਰੂ ਪਲੇਸ ਵਿੱਚ ਫਲਸਤੀਨੀ ਝੰਡੇ ਨੂੰ ਵੇਖ ਕੇ ਅਜਿਹੀ ਪ੍ਰਤੀਕਿਰਿਆ ਹੋਈ।
ਪੁਣੇ ਵਿੱਚ 2014 ਵਿੱਚ ਮੋਹਸਿਨ ਸ਼ੇਖ ਦੀ ਪਹਿਰਾਵੇ ਨੂੰ ਵੇਖ ਕੇ ਕੁਝ ਲੋਕ ਭੜਕ ਉੱਠੇ ਅਤੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਅਦਾਲਤ ਨੇ ਹਤਿਆਰਿਆਂ ਪ੍ਰਤੀ ਨਰਮੀ ਵਿਖਾਈ ਕਿਉਂਕਿ ਉਨ੍ਹਾਂ ਦੀ ਪ੍ਰਤੀਕਿਰਿਆ ਸੁਭਾਵਕ ਸੀ, ਜਿਸ ਦੇ ਪਿੱਛੇ ਕੋਈ ਯੋਜਨਾ ਨਹੀਂ ਸੀ।
2014 ਤੋਂ 2025 ਤੱਕ ਇਸ ਹਿੰਦੂਤਵਵਾਦੀ ਸੁਭਾਵਕਤਾ ਦਾ ਦਾਇਰਾ ਬਹੁਤ ਵਧ ਗਿਆ ਹੈ। ਕੁਝ ਖਾਸ ਤਰ੍ਹਾਂ ਦੀਆਂ ਅਵਾਜ਼ਾਂ, ਰੰਗ, ਇਮਾਰਤਾਂ, ਜਾਂ ਪਹਿਰਾਵੇ ਵੇਖ ਕੇ ਇੱਕ ਖਾਸ ਕਿਸਮ ਦੀ ਹਿੰਸਕ ਪ੍ਰਤੀਕਿਰਿਆ ਹੁੰਦੀ ਹੈ। ਹੁਣ ਇਸ ਪ੍ਰਤੀਕਿਰਿਆ ’ਤੇ ਵਿਅਕਤੀ ਦਾ ਕੋਈ ਕਾਬੂ ਨਹੀਂ ਰਿਹਾ।
ਇਹ ਹਿੰਦੂਆਂ ਦੇ ਇੱਕ ਵੱਡੇ ਵਰਗ ਦੇ ਸੰਵੇਦਨ ਤੰਤਰ ਦੇ ਸੁੰਗੜਨ ਦੀ ਖਬਰ ਹੈ। ਇਹ ਹਿੰਦੂਆਂ ਲਈ ਮਾੜੀ ਖਬਰ ਹੈ। ਕਿਉਂਕਿ ਮਨੁੱਖੀ ਸੰਵੇਦਨ ਤੰਤਰ ਹੋਰ ਜੀਵਾਂ ਤੋਂ ਵੱਖਰਾ ਅਤੇ ਸੰਪੂਰਨ ਇਸੇ ਕਰਕੇ ਹੈ ਕਿ ਇਹ ਆਪਣੀ ਸਰੀਰਕ ਅਤੇ ਜੀਵ-ਵਿਗਿਆਨਕ ਸੀਮਾਵਾਂ ਨੂੰ ਪਾਰ ਕਰਦਾ ਹੈ।
ਮਨੁੱਖੀ ਸੰਵੇਦਨ ਤੰਤਰ ਮਨੁੱਖੀ ਕਿਉਂ ਹੈ? ਇਹ ਸਿਰਫ ਆਪਣੇ ਸਰੀਰ ਨੂੰ ਸਟ ਲੱਗਣ ’ਤੇ ਹੀ ਦੁਖੀ ਨਹੀਂ ਹੁੰਦਾ, ਸਗੋਂ ਦੂਜਿਆਂ ਦੀ ਸੱਟ ਵੇਖ ਕੇ ਵੀ ਹਿੱਲ ਜਾਂਦਾ ਹੈ। ਵੀਅਤਨਾਮ ਵਿੱਚ ਬੰਬ ਨਾਲ ਸੜ ਕੇ ਭੱਜ ਰਹੀ ਲੜਕੀ ਦੀ ਤਸਵੀਰ ਨੇ ਸਾਨੂੰ ਸਭ ਨੂੰ ਦੁਖੀ ਕੀਤਾ। ਇਸ ਲਈ ਵੀਅਤਨਾਮੀ ਹੋਣ ਦੀ ਕੋਈ ਸ਼ਰਤ ਨਹੀਂ ਸੀ। ਮਨੁੱਖੀ ਸੰਵੇਦਨ ਤੰਤਰ ਵਿੱਚ ਆਪਣੀ ਸਰੀਰਕ ਸੀਮਾ ਨੂੰ ਪਾਰ ਕਰਨ ਦੀ ਸਮਰੱਥਾ ਹੈ, ਜੋ ਬਾਅਦ ਵਿੱਚ ਹਮਦਰਦੀ ਤੱਕ ਜਾਂਦੀ ਹੈ।
ਭਾਰਤ ਵਿੱਚ ਹਿੰਦੂਆਂ ਦਾ ਇੱਕ ਹਿੱਸਾ ਹੁਣ ਹਮਦਰਦੀ ਦੀ ਸਮਰੱਥਾ ਗੁਆ ਰਿਹਾ ਹੈ। ਉਹ ਭੁੱਖ ਨਾਲ ਤੜਫਦੇ ਬੱਚਿਆਂ ਨੂੰ ਜਾਂ ਬੰਬਾਰੀ ਨਾਲ ਤਬਾਹ ਹੋਏ ਗਾਜ਼ਾ ਨੂੰ ਵੇਖ ਕੇ ਦੁਖੀ ਨਹੀਂ ਹੁੰਦਾ, ਸਗੋਂ ਠਹਾਕੇ ਮਾਰ ਕੇ ਹੱਸ ਪੈਂਦਾ ਹੈ। ਅਜਿਹੀ ਹਾਸੇ ਤੋਂ ਕੌਣ ਮਨੁੱਖ ਨਹੀਂ ਡਰੇਗਾ? ਇਹ ਹਾਸਾ ਸਮਾਜ ਦੇ ਅਮਾਨਵੀਕਰਨ ਦੀ ਖਬਰ ਹੈ।
(ਲੇਖਕ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਾਉਂਦੇ ਹਨ।)