ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਜੰਗਬੰਦੀ ਦੇ ਮਾਅਨੇ

In ਮੁੱਖ ਲੇਖ
August 02, 2025

ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਚੱਲ ਰਹੀ ਜੰਗ ਰੁਕ ਗਈ ਹੈ। ਅਮਰੀਕਾ ਅਤੇ ਮਲੇਸ਼ੀਆ ਦੀ ਵਿਚੋਲਗੀ ਨਾਲ ਦੋਵੇਂ ਦੇਸ਼ ਜੰਗਬੰਦੀ ’ਤੇ ਸਹਿਮਤ ਹੋ ਗਏ ਹਨ। ਜੰਗਬੰਦੀ ਬਾਰੇ ਇਹ ਗੱਲਬਾਤ ਆਸੀਆਨ ਦੀ ਕਮਾਨ ਸੰਭਾਲ ਰਹੇ ਮਲੇਸ਼ੀਆ ਵਿੱਚ ਹੋਈ। ਇਸ ਵਿਚਾਰ-ਵਟਾਂਦਰੇ ਵਿੱਚ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹੀਮ ਅਤੇ ਅਮਰੀਕੀ ਅਤੇ ਚੀਨੀ ਰਾਜਦੂਤਾਂ ਦੀ ਵੀ ਮੌਜੂਦਗੀ ਰਹੀ ਜਿਨ੍ਹਾਂ ਨੇ ਥਾਈਲੈਂਡ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਫੁਮਤਮ ਵੇਚਾਯਾਚਾਈ ਅਤੇ ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਮਾਨੇਤ ਵਿਚਕਾਰ ਸੰਧੀ ਕਰਵਾਈ। ਹੁਨ ਕੰਬੋਡੀਆ ਦੇ ਮਸ਼ਹੂਰ ਆਗੂ ਹੁਨ ਸੇਨ ਦੇ ਪੁੱਤਰ ਹਨ। ਇਸ ਮੀਟਿੰਗ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਦੋਹਾਂ ਦੇਸ਼ਾਂ ’ਤੇ ਜੰਗ ਬੰਦ ਕਰਨ ਲਈ ਦਬਾਅ ਪਾ ਚੁੱਕੇ ਸਨ। ਟਰੰਪ ਨੇ ਖ਼ੁਲਾਸਾ ਕੀਤਾ ਹੈ ਕਿ ਮੈਂ ਦੋਵਾਂ ਮੁਲਕਾਂ ਦੇ ਆਗੂਆਂ ਨੂੰ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਜੇ ਉਹ ਅਮਰੀਕਾ ਨਾਲ ਵਪਾਰ ਜਾਰੀ ਰੱਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਜੰਗਬੰਦੀ ਕਰਨੀ ਹੀ ਪਵੇਗੀ। ਇਹੋ ਵਜ੍ਹਾ ਹੈ ਕਿ ਥਾਈਲੈਂਡ ਤੇ ਕੰਬੋਡੀਆ ਨੂੰ ਗੱਲਬਾਤ ਦੇ ਮੇਜ਼ ’ਤੇ ਆ ਕੇ ਜੰਗਬੰਦੀ ਕਰਨੀ ਪਈ। ਦੋਵਾਂ ਦੇਸ਼ਾਂ ਵਿਚਾਲੇ ਹੋਈ ਜੰਗਬੰਦੀ ਦਾ ਵੱਖੋ-ਵੱਖ ਮੁਲਕਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ। ਇਨ੍ਹਾਂ ’ਚ ਭਾਰਤ ਵੀ ਸ਼ਾਮਲ ਹੈ। ਕਾਬਿਲੇਗ਼ੌਰ ਹੈ ਕਿ ਕੁਝ ਦਿਨ ਚੱਲੇ ਟਕਰਾਅ ਵਿੱਚ ਦੋਵਾਂ ਦੇਸ਼ਾਂ ਦਾ ਮਾੜਾ-ਮੋਟਾ ਜਾਨੀ ਨੁਕਸਾਨ ਵੀ ਹੋਇਆ ਹੈ। ਓਧਰ ਪਿਛਲੇ ਦਿਨੀਂ ਕੰਬੋਡੀਆ ਨੇ ਥਾਈਲੈਂਡ ਤੋਂ ਮੰਗ ਕੀਤੀ ਹੈ ਕਿ ਉਹ ਉਸ ਦੇ ਬੰਧਕ ਬਣਾਏ ਗਏ 20 ਫ਼ੌਜੀ ਉਸ ਨੂੰ ਮੋੜ ਦੇਵੇ।
ਹਾਲਾਂਕਿ ਸਰਹੱਦੀ ਵਿਵਾਦ ਕਾਰਨ ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਅਕਸਰ ਮਾੜਾ ਮੋਟਾ ਤਣਾਅ ਬਣਿਆ ਰਹਿੰਦਾ ਹੈ ਪਰ ਹਾਲੀਆ ਹਿੰਸਕ ਟਕਰਾਅ ਪ੍ਰੀਹ ਵਿਹੇਅਰ (ਪ੍ਰਿਯਾ ਵਿਹਾਰ) ਨਾਮਕ ਇਕ ਹਿੰਦੂ ਸ਼ਿਵ ਮੰਦਰ ਦੇ ਮਾਮਲੇ ’ਤੇ ਭੜਕਿਆ। ਇਸੇ ਕਾਰਨ ਭਾਰਤ ਦੇ ਲੋਕਾਂ ਦੀ ਇਸ ਵਿੱਚ ਉਤਸੁਕਤਾ ਵੀ ਰਹੀ ਜੋ ਸੁਭਾਵਕ ਹੈ। ਵੈਸੇ ਤਾਂ ਕਈ ਮੁੱਦਿਆਂ ’ਤੇ ਦੋਵਾਂ ਦੇਸ਼ਾਂ ਵਿਚਾਲੇ ਬੀਤੇ ਕੁਝ ਦਿਨਾਂ ਤੋਂ ਤਣਾਅ ਵਧ ਰਿਹਾ ਸੀ ਪਰ ਪ੍ਰੀਹ ਵਿਹੇਅਰ ਦੀ ਸਥਿਤੀ ਨੇ ਹਾਲਾਤ ਜਟਿਲ ਬਣਾ ਦਿੱਤੇ। ਇਸ ਕਾਰਨ ਦੋਵਾਂ ਦੇਸ਼ਾਂ ਦੀਆਂ ਸੈਨਾਵਾਂ ਨੇ ਕਮਾਨ ਸੰਭਾਲੀ ਅਤੇ ਇੱਕ-ਦੂਜੇ ਨਾਲ ਲੋਹਾ ਲੈਣ ਲੱਗੀਆਂ। ਇਸ ਕਾਰਨ ਕਈ ਸੈਨਿਕਾਂ ਅਤੇ ਆਮ ਨਾਗਰਿਕਾਂ ਦੀ ਮੌਤ ਹੋ ਗਈ। ਇੱਕ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਉਨ੍ਹਾਂ ਇਲਾਕਿਆਂ ਤੋਂ ਪਲਾਇਨ ਵੀ ਕਰਨਾ ਪਿਆ ਜਿੱਥੇ ਇਹ ਜੰਗ ਛਿੜੀ ਹੋਈ ਸੀ।
ਦੋਹਾਂ ਦੇਸ਼ਾਂ ਦੇ ਵਿਚਕਾਰ ਹਾਈਡ੍ਰੋਕਾਰਬਨ ਨਾਲ ਭਰਪੂਰ ਇੱਕ ਸਮੁੰਦਰੀ ਖੇਤਰ ’ਤੇ ਵੀ ਤਕਰਾਰ ਰਹੀ ਹੈ। ਅਜਿਹੇ ਵਿੱਚ ਇਨ੍ਹਾਂ ਦੇ ਟਕਰਾਅ ਨੂੰ ਸਿਰਫ਼ ਧਾਰਮਿਕ ਪੱਖਾਂ ਤੋਂ ਦੇਖਣ ’ਤੇ ਪੂਰੀ ਤਸਵੀਰ ਸਾਫ਼ ਨਹੀਂ ਹੋਵੇਗੀ ਕਿਉਂਕਿ ਦੋਹਾਂ ਦੇਸ਼ਾਂ ਵਿੱਚ ਬਹੁਤ ਸਾਰੀ ਆਬਾਦੀ ਥੇਰਵਾਦ ਬੁੱਧ ਧਰਮ ਨੂੰ ਮੰਨਦੀ ਹੈ। ਪੂਰੇ ਪਰਿਪੇਖ ਨੂੰ ਸਮਝਣ ਲਈ ਪਿਛੋਕੜ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਜੇਕਰ ਅਸੀਂ ਪੜਤਾਲ ਕਰੀਏ ਤਾਂ ਜਿੱਥੇ ਥਾਈਲੈਂਡ ਸਦਾ ਆਜ਼ਾਦ ਰਿਹਾ ਹੈ, ਓਥੇ ਹੀ ਗੁਆਂਢੀ ਕੰਬੋਡੀਆ ਵੀਆਤਨਾਮ ਅਤੇ ਲਾਓਸ ਦੀ ਤਰ੍ਹਾਂ ਫਰਾਂਸੀਸੀ ਬਸਤੀ ਰਿਹਾ। ਸੰਨ 1907 ਵਿੱਚ, ਕੰਬੋਡੀਆ ਦੇ ਬਸਤੀਵਾਦੀ ਸ਼ਾਸਕ ਫਰਾਂਸ ਅਤੇ ਥਾਈਲੈਂਡ (ਜਿਸ ਨੂੰ ਉਸ ਸਮੇਂ ਸਿਆਮ ਕਿਹਾ ਜਾਂਦਾ ਸੀ) ਇੱਕ ਵਿਸ਼ਾਲ ਸਰਹੱਦੀ ਸਮਝੌਤੇ ’ਤੇ ਸਹਿਮਤ ਹੋਏ। ਕੰਬੋਡੀਆ 1953 ਵਿੱਚ ਆਜ਼ਾਦ ਹੋਇਆ। ਆਜ਼ਾਦੀ ਦੇ ਨਾਲ ਹੀ ਥਾਈਲੈਂਡ ਨਾਲ ਇਸ ਦੇ ਸਰਹੱਦੀ ਵਿਵਾਦ ਸ਼ੁਰੂ ਹੋਏ, ਖ਼ਾਸ ਕਰਕੇ ਪ੍ਰੀਹ ਵਿਹੇਅਰ ਮੰਦਰ ਦੀ ਸਥਿਤੀ ਨੂੰ ਲੈ ਕੇ। ਕੰਬੋਡੀਆ 1959 ਵਿੱਚ ਇਸ ਮਾਮਲੇ ਨੂੰ ਅੰਤਰਰਾਸ਼ਟਰੀ ਅਦਾਲਤ ਵਿੱਚ ਲੈ ਗਿਆ। ਅੰਤਰਰਾਸ਼ਟਰੀ ਅਦਾਲਤ ਨੇ 1962 ਵਿੱਚ ਫ਼ੈਸਲਾ ਕੰਬੋਡੀਆ ਦੇ ਹੱਕ ਵਿੱਚ ਸੁਣਾਇਆ। ਉਸ ਸਮੇਂ ਥਾਈਲੈਂਡ ਨੇ ਮਨ ਮਾਰ ਕੇ ਉਹ ਫ਼ੈਸਲਾ ਮੰਨ ਲਿਆ ਪਰ ਉਸ ਦੇ ਅੰਦਰ ਇਹ ਭਾਵ ਪੈਦਾ ਹੋ ਗਿਆ ਕਿ ਉਸ ਦਾ ਹੱਕ ਖੋਹ ਲਿਆ ਗਿਆ।
ਪ੍ਰੀਹ ਵਿਹੇਅਰ ਮਾਮਲੇ ਨੇ ਥਾਈ ਜਨਤਾ ਦੀ ਚੇਤਨਾ ਨੂੰ ਉਸ ਸਮੇਂ ਫਿਰ ਤੋਂ ਹਲੂਣਾ ਦਿੱਤਾ ਜਦ ਕੰਬੋਡੀਆ ਨੇ 2008 ਵਿੱਚ ਇਸ ਮੰਦਰ ਨੂੰ ਵਿਸ਼ਵ ਵਿਰਾਸਤ ਸਥਲ ਦੀ ਮਾਨਤਾ ਦਿਵਾਉਣ ਲਈ ਯੂਨੈਸਕੋ ਦਾ ਰੁਖ਼ ਕੀਤਾ। ਇੱਥੇ ਇਹ ਵੀ ਜ਼ਿਕਰ ਕਰਨਾ ਮਹੱਤਵਪੂਰਨ ਹੈ ਕਿ ਖਮੇਰ ਸ਼ਾਸਨ ਦੌਰਾਨ 11ਵੀਂ ਤੋਂ 13ਵੀਂ ਸਦੀ ਦੌਰਾਨ ਕੰਬੋਡੀਆ ਵਿੱਚ ਹਿੰਦੂ ਧਰਮ ਦਾ ਪ੍ਰਸਾਰ ਆਪਣੇ ਸਿਖਰ ’ਤੇ ਪਹੁੰਚ ਗਿਆ ਸੀ। ਇਸ ਸਮੇਂ ਦੌਰਾਨ ਉੱਥੇ ਅਦਭੁਤ ਹਿੰਦੂ ਮੰਦਰਾਂ ਦਾ ਨਿਰਮਾਣ ਹੋਇਆ। ਹਾਲਾਂਕਿ ਇਹ ਕੰਮ ਮੁੱਖ ਤੌਰ ’ਤੇ ਸਿਆਮ ਰੀਪ ਖੇਤਰ ਵਿੱਚ ਹੋਇਆ ਪਰ ਕੰਬੋਡੀਆ ਦੇ ਹੋਰ ਖੇਤਰ ਵੀ ਮੰਦਰ ਨਿਰਮਾਣ ਤੋਂ ਅਣਛੋਹੇ ਨਹੀਂ ਰਹੇ। ਪ੍ਰੀਹ ਵਿਹੇਅਰ ਉਸੇ ਦੌਰ ਦਾ ਪ੍ਰਗਟਾਵਾ ਹੈ। ਭਗਵਾਨ ਵਿਸ਼ਣੂ ਨੂੰ ਸਮਰਪਿਤ ਸ਼ਾਨਦਾਰ ਅਤੇ ਦਿੱਵਿਆ ਮੰਦਰਾਂ ਵਿੱਚੋਂ ਇਕ ਅੰਗਕੋਰਵਾਟ ਦਾ ਨਿਰਮਾਣ ਵੀ ਸਿਆਮ ਰੀਪ ਖੇਤਰ ਵਿੱਚ 12ਵੀਂ ਸਦੀ ਦੇ ਅੱਧ ਵਿੱਚ ਹੋਇਆ ਸੀ। ਸਮਾਂ ਬੀਤਣ ਦੇ ਨਾਲ ਕੰਬੋਡੀਆ ਵਿੱਚ ਥੇਰਵਾਦ ਬੁੱਧ ਦਾ ਪ੍ਰਭਾਵ ਵਧਣਾ ਸ਼ੁਰੂ ਹੋਇਆ ਅਤੇ 12ਵੀਂ ਸਦੀ ਦੇ ਅੰਤ ਵਿੱਚ ਅੰਗਕੋਰਵਾਟ ਵੀ ਬੁੱਧ ਉਪਾਸਨਾ ਸਥਾਨ ਦੇ ਤੌਰ ’ਤੇ ਮਾਨਤਾ ਪ੍ਰਾਪਤ ਕਰਨ ਲੱਗਾ। ਹਾਲਾਂਕਿ ਉਪਾਸਨਾ ਦਾ ਇਹ ਕ੍ਰਮ ਪਹਿਲਾਂ ਹੀ ਸਥਾਪਤ ਢਾਂਚੇ ਨੂੰ ਕਿਸੇ ਕਿਸਮ ਦਾ ਨੁਕਸਾਨ ਪਹੁੰਚਾਏ ਬਿਨਾਂ ਅੱਗੇ ਵਧਦਾ ਗਿਆ। ਮੰਦਰ ਦੇ ਸਿਖਰ ’ਤੇ ਬੁੱਧ ਦੀ ਮੂਰਤੀ ਸਥਾਪਤ ਕੀਤੀ ਗਈ ਜੋ ਮੰਦਰ ਦੇ ਬਦਲਦੇ ਰੂਪ ਦਾ ਪ੍ਰਤੀਕ ਸੀ। ਇਹ ਉਹ ਸਮਾਂ ਸੀ ਜਦੋਂ ਕੰਬੋਡੀਆ, ਲਾਓਸ, ਥਾਈਲੈਂਡ ਅਤੇ ਬਾਅਦ ਵਿੱਚ ਮਿਆਂਮਾਰ ਵਰਗੇ ਖੇਤਰ ਥੇਰਵਾਦ ਬੁੱਧ ਧਰਮ ਦੇ ਪ੍ਰਭਾਵ ਵਿੱਚ ਆਉਂਦੇ ਗਏ। ਥੇਰਵਾਦ ਬੁੱਧ ਧਾਰਾ ਗੌਤਮ ਬੁੱਧ ਦੀਆਂ ਉੱਚ ਨੈਤਿਕ ਸਿੱਖਿਆਵਾਂ ’ਤੇ ਆਧਾਰਤ ਹੈ ਜੋ ਵਿਅਕਤੀ ਨੂੰ ਜਨਮ ਅਤੇ ਪੁਨਰਜਨਮ ਦੇ ਚੱਕਰ ਤੋਂ ਮੁਕਤ ਹੋ ਕੇ ਨਿਰਵਾਣ ਜਾਂ ਮੋਕਸ਼ ਪ੍ਰਾਪਤੀ ’ਤੇ ਧਿਆਨ ਕੇਂਦਰਿਤ ਕਰਨ ਦਾ ਰਾਹ ਦਿਖਾਉਂਦੀ ਹੈ। ਥਾਈਲੈਂਡ ਵਿੱਚ ਰਾਜਦੂਤ ਦੇ ਤੌਰ ’ਤੇ ਆਪਣੀ ਨਿਯੁਕਤੀ ਦੌਰਾਨ ਮੈਂ ਦੇਖਿਆ ਕਿ ਜਿੱਥੇ ਥਾਈ ਬੋਧੀ ਬੁੱਧ ਨੂੰ ਉੱਚ ਅਧਿਆਤਮਿਕਤਾ ਦਾ ਸਿਖਰ ਸਮਝਦੇ ਹਨ, ਓਥੇ ਹੀ ਆਪਣੇ ਮੌਜੂਦਾ ਜੀਵਨ ਵਿੱਚ ਸਹਾਇਤਾ ਲਈ ਉਹ ਹਿੰਦੂ ਦੇਵੀ-ਦੇਵਤਿਆਂ ਦੀ ਵੀ ਪੂਜਾ ਕਰਦੇ ਹਨ। ਥਾਈ ਰਾਜ ਪਰਿਵਾਰ ਵੀ ਥੇਰਵਾਦ ਬੁੱਧ ਧਰਮ ਮੰਨਦਾ ਹੈ ਪਰ ਹਿੰਦੂ ਪੁਜਾਰੀਆਂ ਦਾ ਵੀ ਆਦਰ ਕਰਦਾ ਹੈ। ਕੁਝ ਪੁਜਾਰੀ ਤਾਂ ਸ਼ਾਹੀ ਮਹਿਲ ਨਾਲ ਵੀ ਜੁੜੇ ਹੁੰਦੇ ਹਨ। ਇਸ ਪ੍ਰਕਿਰਿਆ ਵਿੱਚ ਰਾਜਾ ਜਾਂ ਰਾਜ ਪਰਿਵਾਰ ਦਾ ਕੋਈ ਹੋਰ ਸੀਨੀਅਰ ਮੈਂਬਰ ਫ਼ਸਲ ਬੀਜਣ ਦੇ ਸਾਲਾਨਾ ਅਨੁਸ਼ਠਾਨ ਵਿੱਚ ਸ਼ਾਮਲ ਹੁੰਦਾ ਹੈ ਜਿੱਥੇ ਪੁਜਾਰੀ ਬੀਜਾਂ ਨੂੰ ਆਪਣਾ ਆਸ਼ੀਰਵਾਦ ਪ੍ਰਦਾਨ ਕਰਦੇ ਹਨ। ਹਿੰਦੂ ਧਰਮ ਗ੍ਰੰਥ ਅਤੇ ਮਹਾਕਾਵਿ ਖ਼ਾਸ ਕਰਕੇ ਰਾਮਾਇਣ ਦਾ ਥਾਈ ਐਡੀਸ਼ਨ ਇਸ ਦੇਸ਼ ਦੀ ਸੰਸਕ੍ਰਿਤੀ ਦਾ ਅਨਿੱਖੜਵਾਂ ਹਿੱਸਾ ਹੈ।
ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਕੰਬੋਡੀਆ ਦੇ ਦਿੱਗਜ ਆਗੂ ਹੁਨ ਸੇਨ ਅਤੇ ਥਾਈਲੈਂਡ ਦੀਆਂ ਵੱਡੀਆਂ ਰਾਜਨੀਤਕ ਹਸਤੀਆਂ ਦੇ ਤੌਰ ’ਤੇ ਸਥਾਪਤ ਹੋਏ ਥਾਕਸਿਨ ਸ਼ਿਨਾਵਾਤਰਾ ਵਿਚਕਾਰ ਦੋਸਤੀ ਦੀ ਵੀ ਛਾਪ ਰਹੀ ਹੈ। ਦੋਹਾਂ ਵਿਚਕਾਰ ਬਹੁਤ ਨਿੱਘੇ ਸਬੰਧ ਰਹੇ ਹਨ। ਥਾਕਸਿਨ ਦੇ 15 ਸਾਲਾਂ ਦੇ ਦੇਸ਼ ਨਿਕਾਲੇ ਦੌਰਾਨ ਹੁਨ ਨੇ ਉਨ੍ਹਾਂ ਦੀ ਬਹੁਤ ਸਹਾਇਤਾ ਕੀਤੀ ਪਰ ਥਾਕਸਿਨ ਦੇ ਦੁਬਾਰਾ ਥਾਈਲੈਂਡ ਪਹੁੰਚਣ ਅਤੇ ਉੱਥੇ ਰਾਜਨੀਤਕ ਤੌਰ ’ਤੇ ਸ਼ਕਤੀਸ਼ਾਲੀ ਹੋਣ ਤੋਂ ਬਾਅਦ ਦੋਹਾਂ ਨੇਤਾਵਾਂ ਦੇ ਸਬੰਧਾਂ ਵਿੱਚ ਖਟਾਸ ਪੈਦਾ ਹੋ ਗਈ। ਅਗਸਤ 2024 ਵਿੱਚ ਥਾਈਲੈਂਡ ਦੀ ਪ੍ਰਧਾਨ ਮੰਤਰੀ ਬਣੀ ਥਾਕਸਿਨ ਦੀ 36 ਸਾਲਾ ਧੀ ਪੇਟੋਂਗਟਰਨ ਨੇ ਹੁਨ ਸੇਨ ਨਾਲ ਸਬੰਧਾਂ ’ਤੇ ਜੰਮੀ ਬਰਫ ਪਿਘਲਾਉਣ ਦਾ ਯਤਨ ਕੀਤਾ। ਇੱਕ ਨਿੱਜੀ ਟੈਲੀਫੋਨ ਗੱਲਬਾਤ ਵਿੱਚ ਹੁਨ ਨੂੰ ‘ਅੰਕਲ’ ਦੇ ਤੌਰ ’ਤੇ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ ਕਿ ‘ਦੂਜੇ ਪੱਖ’ ਵੱਲੋਂ ਮੁਸ਼ਕਲਾਂ ਪੈਦਾ ਕੀਤੀਆਂ ਜਾ ਰਹੀਆਂ ਹਨ ਅਤੇ ਉਹ ਫ਼ੌਜ ਦੀ ਲਗਾਮ ਕੱਸੇਗੀ। ਹੁਨ ਸੇਨ ਨੇ ਗੱਲਬਾਤ ਦਾ ਇਹ ਬਿਓਰਾ ਇੰਟਰਨੈੱਟ ਮੀਡੀਆ ’ਤੇ ਜਾਰੀ ਕਰ ਦਿੱਤਾ ਅਤੇ ਫਿਰ ਥਾਈ ਸੰਵਿਧਾਨਕ ਅਦਾਲਤ ਨੇ ਪੇਟੋਂਗਟਰਨ ਨੂੰ ਇਕ ਜੁਲਾਈ ਨੂੰ ਉਨ੍ਹਾਂ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ। ਹਾਲੇ ਦੋਹਾਂ ਦੇਸ਼ਾਂ ਵਿੱਚ ਰਾਸ਼ਟਰਵਾਦੀ ਭਾਵਨਾਵਾਂ ਦਾ ਜਵਾਰਭਾਟਾ ਆਇਆ ਹੋਇਆ ਹੈ। ਲੱਗਦਾ ਹੈ ਕਿ ਇਹ ਭਾਵਨਾਵਾਂ ਸਮੇਂ ਦੇ ਨਾਲ ਸ਼ਾਂਤ ਹੋ ਜਾਣਗੀਆਂ ਪਰ ਇਸ ਦਾ ਇਹ ਮਤਲਬ ਨਹੀਂ ਕਿ ਪ੍ਰੀਹ ਵਿਹੇਅਰ ਮੰਦਰ ਕਾਂਡ ਦਾ ਵੀ ਸਦਾ ਲਈ ਭੋਗ ਪੈ ਜਾਵੇਗਾ। ਇਹ ਵਿਵਾਦ ਸਤ੍ਹਾ ’ਤੇ ਉੱਭਰਦਾ ਰਹੇਗਾ।
-ਵਿਵੇਕ ਕਾਟਜੂ
-(ਲੇਖਕ ਥਾਈਲੈਂਡ ਵਿੱਚ ਭਾਰਤ ਦਾ ਰਾਜਦੂਤ ਰਿਹਾ ਹੈ)।

Loading