ਲਾਸ ਏਂਜਲਸ ਵਿੱਚ ਪਾਰਟੀ ਦੌਰਾਨ ਹੋਈ ਗੋਲੀਬਾਰੀ ਵਿੱਚ 2 ਮੌਤਾਂ ਤੇ 6 ਜ਼ਖਮੀ

In ਅਮਰੀਕਾ
August 06, 2025

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਲਾਸ ਏਂਜਲਸ ਵਿੱਚ ਅੱਧੀ ਰਾਤ ਤੋਂ ਬਾਅਦ ਸਥਾਨਕ ਸਮੇ ਅਨੁਸਾਰ
ਤਕਰੀਬਨ 1 ਵਜੇ ਦੇ ਆਸ ਪਾਸ ਇੱਕ ਪਾਰਟੀ ਦੌਰਾਨ ਹੋਈ ਗੋਲੀਬਾਰੀ ਵਿੱਚ 2 ਲੋਕਾਂ ਦੇ ਮਾਰੇ ਜਾਣ ਤੇ 6 ਹੋਰਨਾਂ ਦੇ ਜ਼ਖਮੀ ਹੋ
ਜਾਣ ਦੀ ਖਬਰ ਹੈ। ਲਾਸ ਏਂਜਲਸ ਪੁਲਿਸ ਵਿਭਾਗ ਦੇ ਸੂਚਨਾ ਅਫਸਰ ਨੋਰਮਾ ਈੇਸੇਨਮੈਨ ਨੇ ਮੀਡੀਆ ਨੂੰ ਦੱਸਿਆ ਕਿ ਸੂਚਨਾ
ਮਿਲਣ ‘ਤੇ ਪੁਲਿਸ ਅਫਸਰ ਘਟਨਾ ਸਥਾਨ ‘ਤੇ ਪੁੱਜੇ ਤਾਂ ਉਥੇ ਉਨਾਂ ਨੂੰ 2 ਵਿਅਕਤੀ ਮ੍ਰਿਤਕ ਹਾਲਤ ਵਿੱਚ ਮਿਲੇ ਜਦ ਕਿ 6 ਹੋਰ
ਜ਼ਖਮੀ ਹਾਲਤ ਵਿੱਚ ਸਨ। ਇਨਾਂ ਸਾਰਿਆਂ ਦੇ ਗੋਲੀਆਂ ਵੱਜੀਆਂ ਹੋਈਆਂ ਸਨ। ਪੁਲਿਸ ਨੇ ਕਿਹਾ ਹੈ ਕਿ ਇਸ ਤੋਂ ਪਹਿਲਾਂ ਰਾਤ 11
ਵਜੇ ਦੇ ਆਸਪਾਸ ਵੀ ਪੁਲਿਸ ਇਸੇ ਹੀ ਜਗਾ ਉਪਰ ਗਈ ਸੀ ਤੇ ਉਸ ਨੇ ਇੱਕ ਹੱਥਿਆਰਬੰਦ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ।
ਉਨਾਂ ਕਿਹਾ ਕਿ ਮ੍ਰਿਤਕਾਂ ਵਿੱਚ ਇੱਕ ਵਿਅਕਤੀ ਦੀ ਉਮਰ 20 ਤੋਂ 30 ਸਾਲ ਦੇ ਦਰਮਿਆਨ ਹੈ ਜਦ ਕਿ ਦੂਸਰੀ ਮ੍ਰਿਤਕ ਔਰਤ ਹੈ
ਜਿਸ ਦੀ ਉਮਰ 50 ਸਾਲ ਦੀ ਕਰੀਬ ਹੈ। ਉਨਾਂ ਕਿਹਾ ਕਿ ਸਾਰੇ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ
ਗਿਆ ਹੈ।

Loading