
ਅੰਮ੍ਰਿਤਸਰ/ਏ.ਟੀ.ਨਿਊਜ਼: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਕੈਬਨਿਟ ਦੇ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਧਾਰਮਿਕ ਸਜ਼ਾ ਸੁਨਾਉਣ ਉਪਰੰਤ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਉਨ੍ਹਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉੱਪਰ ਕੁਝ ਵੀ ਨਹੀਂ ਹੈ। ਮੈਨੂੰ ਜੋ ਵੀ ਫ਼ੁਰਮਾਨ ਹੋਇਆ, ਮੇਰੇ ਲਈ ਇਹ ਰੱਬੀ ਹੁਕਮ ਹੈ। ਉਨ੍ਹਾਂ ਕਿਹਾ ਕਿ ਮੇਰੇ ਲਈ ਇਹ ਛੇਵੇਂ ਪਾਤਸ਼ਾਹ ਦਾ ਫ਼ੁਰਮਾਨ ਹੈ, ਇਸ ਲਈ ਜੋ ਵੀ ਫ਼ੁਰਮਾਨ ਹੋਇਆ ਉਂਝ ਹੀ ਕਰਾਂਗੇ।
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਣਾਈ ਗਈ ਧਾਰਮਿਕ ਸਜ਼ਾ ਮੁਤਾਬਕ ਹਰਜੋਤ ਸਿੰਘ ਬੈਂਸ ਅੱਜ ਹੀ ਨੌਂਵੇਂ ਪਾਤਸ਼ਾਹ ਦੇ ਜਨਮ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਤੁਰ ਕੇ ਜਾਣਗੇ। ਇਸ ਅਸਥਾਨ ਨੂੰ ਜਾਂਦੇ ਰਸਤਿਆਂ ਤੇ ਗਲੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਠੀਕ ਕਰਵਾਉਣਗੇ। ਇਸ ਤੋਂ ਬਾਅਦ ਗੁਰਦੁਆਰਾ ਕੋਠਾ ਸਾਹਿਬ ਵਿਖੇ 100 ਮੀਟਰ ਤੁਰ ਕੇ ਜਾਣਗੇ। ਇਸ ਗੁਰੂ ਘਰ ਨੂੰ ਜਾਣ ਵਾਲੇ ਰਸਤੇ ਦੀ ਹਾਲਤ ਨੂੰ ਸੁਧਾਰਨ ਲਈ ਕਾਰਜ ਕਰਨਗੇ। ਇਸ ਉਪਰੰਤ ਉਹ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਜਾਣਗੇ। ਉਪਰੰਤ ਉਹ ਗੁਰਦੁਆਰਾ ਸ੍ਰੀ ਅਨੰਦਪੁਰ ਸਾਹਿਬ ਵਿਖੇ 2 ਦਿਨ ਜੋੜਾ ਘਰ ਸੇਵਾ ਕਰਨ ਉਪਰੰਤ 1100 ਰੁਪਏ ਦੀ ਕੜਾਹ ਪ੍ਰਸ਼ਾਦਿ ਦੇ ਦੇਗ ਕਰਵਾ ਕੇ ਅਰਦਾਸ ਕਰਵਾਉਣਗੇ।