ਬਹੁਪੱਖੀ ਸੰਕਟਾਂ ਵਿੱਚ ਘਿਰੇ ਪੰਜਾਬ ਨੂੰ ਕਿਵੇਂ ਬਚਾਇਆ ਜਾਵੇ?

In ਮੁੱਖ ਲੇਖ
August 09, 2025

ਸਤਨਾਮ ਮਾਣਕ
ਇਸ ਗੱਲ ਬਾਰੇ ਕੋਈ ਦੋ ਰਾਵਾਂ ਨਹੀਂ ਹਨ ਕਿ ਪੰਜਾਬ ਦਾ ਆਜ਼ਾਦੀ ਤੋਂ ਪਹਿਲਾਂ ਵੀ ਅਤੇ ਆਜ਼ਾਦੀ ਤੋਂ ਬਾਅਦ ਵੀ ਦੇਸ਼ ਦੇ ਇਤਿਹਾਸ, ਰਾਜਨੀਤੀ ਤੇ ਆਰਥਿਕਤਾ ਵਿੱਚ ਵੱਡਾ ਯੋਗਦਾਨ ਰਿਹਾ ਹੈ। ਰਬਿੰਦਰ ਨਾਥ ਟੈਗੋਰ ਨੇ ਰਾਸ਼ਟਰੀ ਗੀਤ ਵਿੱਚ ਵੀ ਰਾਜਾਂ ਦਾ ਜ਼ਿਕਰ ਕਰਦਿਆਂ ਸਭ ਤੋਂ ਪਹਿਲਾਂ ਪੰਜਾਬ ਦਾ ਨਾਂਅ ਲਿਆ ਹੈ।
ਇੱਕ ਲੰਮੇ ਸਮੇਂ ਤੱਕ ਇਸ ਧਰਤੀ ਦੇ ਜਾਏ ਕੇਂਦਰੀ ਏਸ਼ੀਆ ਤੋਂ ਆਉਣ ਵਾਲੇ ਹਮਲਾਵਰਾਂ ਦਾ ਮੂੰਹ ਮੋੜਦੇ ਰਹੇ ਹਨ। 1469 ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਨੇ ਇਸ ਸਮੁੱਚੇ ਖੇਤਰ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ ਸਿੱਖਿਆ ਅਤੇ ਦੀਖਿਆ ਦੀ ਇੱਕ ਅਜਿਹੀ ਲਹਿਰ ਚੱਲੀ, ਜਿਸ ਨੇ ਇਸ ਧਰਤੀ ’ਤੇ ਅਣਖੀ ਤੇ ਗ਼ੈਰਤਮੰਦ ਮਨੁੱਖ ਪੈਦਾ ਕੀਤਾ, ਜੋ ਨਾ ਤਾਂ ਜ਼ੁਲਮ ਕਰਨ ਦੇ ਹੱਕ ਵਿੱਚ ਸੀ ਅਤੇ ਨਾ ਹੀ ਜ਼ੁਲਮ ਸਹਿਣ ਦੇ ਹੱਕ ਵਿੱਚ ਸੀ। ਗੁਰੂ ਸਾਹਿਬਾਨ ਨੇ ਆਪਣੀ ਕਰਨੀ ਅਤੇ ਕਥਨੀ ਰਾਹੀਂ ਲੋਕਾਂ ਦੀ ਮਾਨਸਿਕਤਾ ਵਿੱਚ ਵੱਡੀ ਤਬਦੀਲੀ ਲਿਆਂਦੀ। ਜਾਤ-ਪਾਤ ਤੋਂ ਰਹਿਤ ਅਤੇ ਬਰਾਬਰੀ ਵਾਲੇ ਸਮਾਜ ਦੀ ਸਥਾਪਨਾ ਵਿੱਚ ਵੱਡਾ ਯੋਗਦਾਨ ਪਾਇਆ। ਇਸ ਪ੍ਰਸੰਗ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਇੱਕ ਵੱਡਾ ਕ੍ਰਾਂਤੀਕਾਰੀ ਕਾਰਜ ਸੀ। ਇਸੇ ਰਾਜਨੀਤਕ ਅਤੇ ਸਮਾਜਿਕ ਚੇਤਨਾ ਦਾ ਸਿੱਟਾ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸ਼ਕਤੀਸ਼ਾਲੀ ਰਾਜ ਦੇ ਰੂਪ ਵਿੱਚ ਸਾਹਮਣੇ ਆਇਆ, ਜਿਸ ਨੇ ਪੰਜਾਬ ਦੇ ਮਹੱਤਵ ਅਤੇ ਮਾਣ-ਸਨਮਾਨ ਨੂੰ ਪੂਰੀ ਦੁਨੀਆ ਵਿੱਚ ਬੁਲੰਦ ਕੀਤਾ ਸੀ।
1849 ਵਿੱਚ ਅੰਗਰੇਜ਼ਾਂ ਦੁਆਰਾ ਪੰਜਾਬ ’ਤੇ ਕਾਬਜ਼ ਹੋਣ ਤੋਂ ਤੁਰੰਤ ਬਾਅਦ ਹੀ ਗੁਰੂ ਸਾਹਿਬਾਨ ਦੁਆਰਾ ਚੇਤਨ ਕੀਤੇ ਅਤੇ ਜਗਾਏ ਹੋਏ ਪੰਜਾਬੀਆਂ ਨੇ ਅੰਗਰੇਜ਼ ਸਾਮਰਾਜ ਦੇ ਖ਼ਿਲਾਫ਼ ਲੜਾਈ ਵਿੱਢ ਦਿੱਤੀ। ਸੌ ਸਾਲ ਤੱਕ ਚੱਲੀ ਇਸ ਲੜਾਈ ਵਿਚ ਪੰਜਾਬੀਆਂ ਅਤੇ ਖ਼ਾਸ ਕਰਕੇ ਸਿੱਖ ਭਾਈਚਾਰੇ ਨੇ ਵੱਡਾ ਹਿੱਸਾ ਪਾਇਆ। ਇਹ ਧਰਤੀ ਏਨੀ ਜ਼ਰਖੇਜ਼ ਸੀ ਕਿ ਇੱਥੇ ਇੱਕ ਤੋਂ ਬਾਅਦ ਇੱਕ ਆਜ਼ਾਦੀ ਲਈ ਲਹਿਰਾਂ ਉੱਠਦੀਆਂ ਰਹੀਆਂ, ਜਿਨ੍ਹਾਂ ਨੇ ਅੰਗਰੇਜ਼ ਸਾਮਰਾਜ ਨੂੰ ਟਿਕ ਕੇ ਨਹੀਂ ਬੈਠਣ ਦਿੱਤਾ। ਲੋਕਾਂ ਨੂੰ ਗੁਰੂ ਸਾਹਿਬਾਨ ਦੇ ਵਿਰਸੇ ਨਾਲ ਜੋੜਨ ਅਤੇ ਆਪਣੇ ਇਤਿਹਾਸ ਤੋਂ ਜਾਣੂ ਕਰਾਉਣ ਲਈ ਸਭ ਤੋਂ ਪਹਿਲਾਂ ਸਿੰਘ ਸਭਾ ਲਹਿਰ ਸਾਹਮਣੇ ਆਈ, ਜਿਸ ਨੇ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਪੰਜਾਬ ਦੇ ਮਾਣਮੱਤੇ ਇਤਿਹਾਸ ਅਤੇ ਗੁਰਬਾਣੀ ਨਾਲ ਜੋੜਿਆ। ਪੰਜਾਬੀ ਸਮਾਜ ਵਿੱਚ ਆਈਆਂ ਕਮੀਆਂ ਕਮਜ਼ੋਰੀਆਂ ਨੂੰ ਦੂਰ ਕੀਤਾ। ਇਸ ਦੇ ਨਾਲ ਹੀ ਚੀਫ਼ ਖ਼ਾਲਸਾ ਦੀਵਾਨ ਨੇ ਵਿੱਦਿਅਕ ਅਦਾਰੇ ਬਣਾ ਕੇ ਸਿੱਖਿਆ ਦੇ ਪ੍ਰਚਾਰ ਪ੍ਰਸਾਰ ਵਿੱਚ ਵੱਡਾ ਯੋਗਦਾਨ ਪਾਇਆ। ਇਸ ਤੋਂ ਬਾਅਦ ਨਾਮਧਾਰੀ ਲਹਿਰ, ਗ਼ਦਰ ਲਹਿਰ, ਅਕਾਲੀ ਲਹਿਰ, ਬੱਬਰ ਅਕਾਲੀ ਲਹਿਰ ਅਤੇ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਜੱਦੋ-ਜਹਿਦ ਨੇ ਅੰਗਰੇਜ਼ਾਂ ਨੂੰ ਇਹ ਚੰਗੀ ਤਰ੍ਹਾਂ ਅਹਿਸਾਸ ਕਰਵਾ ਦਿੱਤਾ ਸੀ ਕਿ ਨਾ ਪੰਜਾਬ ਅਤੇ ਨਾ ਹੀ ਇਹ ਦੇਸ਼ ਬਹੁਤੀ ਦੇਰ ਤੱਕ ਉਨ੍ਹਾਂ ਦੀ ਗ਼ੁਲਾਮੀ ਅਧੀਨ ਰਹੇਗਾ। ਬਿਨਾਂ ਸ਼ੱਕ ਕੌਮੀ ਪੱਧਰ ’ਤੇ ਕਾਂਗਰਸ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲੀ ਇੱਕ ਵੱਡੀ ਧਿਰ ਸੀ, ਪਰ ਇਸ ਦੇ ਨਾਲ-ਨਾਲ ਪੰਜਾਬ, ਬੰਗਾਲ, ਮਹਾਰਾਸ਼ਟਰ, ਬਿਹਾਰ ਅਤੇ ਇਸ ਵਿਸ਼ਾਲ ਦੇਸ਼ ਦੇ ਵੱਖ-ਵੱਖ ਹੋਰ ਖੇਤਰਾਂ ਵਿੱਚ ਉੱਠੀਆਂ ਸਥਾਨਕ ਲਹਿਰਾਂ ਨੇ ਵੀ ਅਹਿਮ ਯੋਗਦਾਨ ਪਾਇਆ। ਇਸ ਪ੍ਰਸੰਗ ਵਿੱਚ ਪੰਜਾਬ ਦਾ ਯੋਗਦਾਨ ਬਿਨਾਂ ਸ਼ੱਕ ਸਭ ਤੋਂ ਵਧੇਰੇ ਰਿਹਾ ਹੈ।
ਪਰ ਦੇਸ਼ ਦੀ ਵੰਡ ਪਹਿਲਾ ਅਜਿਹਾ ਵੱਡਾ ਘਟਨਾਕ੍ਰਮ ਸੀ, ਜਿਸ ਨੇ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ। ਪੰਜਾਬੀ ਵਸੇਬੇ ਦਾ ਲੱਕ ਤੋੜ ਦਿੱਤਾ। ਪੰਜਾਬ ਨਾ ਕੇਵਲ ਭੁਗੋਲਿਕ ਤੌਰ ’ਤੇ ਵੰਡਿਆ ਗਿਆ, ਸਗੋਂ ਇਸ ਦੀ ਇਤਿਹਾਸਕ ਵਿਰਾਸਤ ਜੋ ਵੰਡ ਤੋਂ ਬਾਅਦ ਪਾਕਿਸਤਾਨ (ਲਹਿੰਦਾ ਪੰਜਾਬ) ਵਿੱਚ ਰਹਿ ਗਈ ਸੀ, ਉਸ ਦੀ ਸਾਂਭ ਸੰਭਾਲ ਦੇ ਰਾਹ ਵਿੱਚ ਵੀ ਵੱਡੀਆਂ ਰੁਕਾਵਟਾਂ ਪੈਦਾ ਹੋਈਆਂ। ਬਹੁਤ ਸਾਰੇ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਵ ਵਾਲੇ ਅਸਥਾਨਾਂ ਦੀ ਹੋਂਦ ਬਰਕਰਾਰ ਨਾ ਰੱਖੀ ਜਾ ਸਕੀ ਅਤੇ ਨਾ ਹੀ ਭਾਰਤੀ ਪੰਜਾਬ ਦੇ ਲੋਕ ਆਸਾਨੀ ਨਾਲ ਉਨ੍ਹਾਂ ਥਾਵਾਂ ਦੇ ਦਰਸ਼ਨ-ਦੀਦਾਰ ਕਰ ਸਕੇ। ਦੇਸ਼ ਦੀ ਵੰਡ ਸਮੇਂ ਇੱਕ ਅੰਦਾਜ਼ੇ ਮੁਤਾਬਿਕ 250 ਤੋਂ ਵੀ ਵੱਧ ਗੁਰਦੁਆਰੇ ਅਤੇ ਸੱਭਿਆਚਾਰਕ ਤੌਰ ’ਤੇ ਅਹਿਮੀਅਤ ਰੱਖਣ ਵਾਲੇ ਸਥਾਨ ਪਾਕਿਸਤਾਨ (ਲਹਿੰਦਾ ਪੰਜਾਬ) ਵਿੱਚ ਸਨ। ਇਨ੍ਹਾਂ ਵਿਚੋਂ ਕੁਝ ਖ਼ਾਸ ਅਸਥਾਨਾਂ ਨੂੰ ਹੀ ਸੰਭਾਲਿਆ ਜਾ ਸਕਿਆ।
ਇਧਰ ਭਾਰਤ ਵਿੱਚ ਪੰਜਾਬ ਦਾ ਪੁਨਰਗਠਨ ਨਿਆਂਸੰਗਤ ਢੰਗ ਨਾਲ ਨਾ ਹੋਣ ਕਾਰਨ ਨਵਾਂ ਬਣਿਆ ਪੰਜਾਬੀ ਸੂਬਾ ਆਪਣੀ ਰਾਜਧਾਨੀ ਅਤੇ ਆਪਣੇ ਦਰਿਆਵਾਂ ਦੇ ਪਾਣੀ ’ਤੇ ਆਪਣੇ ਅਧਿਕਾਰ ਤੇ ਕੰਟਰੋਲ ਤੋਂ ਵੀ ਇੱਕ ਤਰ੍ਹਾਂ ਨਾਲ ਵਾਂਝਾ ਹੋ ਗੁਆ ਬੈਠਾ। ਇਸ ਸੰਬੰਧੀ ਰੇੜਕੇ ਅਜੇ ਤੱਕ ਚਲਦੇ ਆ ਰਹੇ ਹਨ। ਕਾਂਗਰਸ ਪਾਰਟੀ ਤੋਂ ਲੈ ਕੇ ਭਾਰਤੀ ਜਨਤਾ ਪਾਰਟੀ ਤੱਕ ਕੇਂਦਰ ਵਿੱਚ ਸੱਤਾਧਾਰੀ ਰਹੀਆਂ ਬਹੁਤੀਆਂ ਸਰਕਾਰਾਂ ਨੇ ਪੰਜਾਬ ਨੂੰ ਇਨਸਾਫ਼ ਨਹੀਂ ਦਿੱਤਾ। ਪਰ ਇਨ੍ਹਾਂ ਸਾਰੀਆਂ ਔਕੜਾਂ ਦੇ ਬਾਵਜੂਦ ਪੰਜਾਬੀਆਂ ਨੇ ਆਪਣੀ ਅਣਖ, ਮਿਹਨਤ ਅਤੇ ਗ਼ੈਰਤ ਨਾਲ ਰਾਜ ਦੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਅਤੇ ਕੌਮੀ ਪੱਧਰ ’ਤੇ ਵੀ ਆਪਣੀ ਹੋਂਦ ਦਾ ਸਿੱਕਾ ਮਨਵਾਇਆ। ਬਿਨਾਂ ਸ਼ੱਕ ਹਰੇ ਇਨਕਲਾਬ ਨੇ ਪੰਜਾਬ ਦੇ ਰਾਜਨੀਤਕ ਅਤੇ ਆਰਥਿਕ ਉਭਾਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੀ, ਪਰ ਇਕ ਸਮੇਂ ਤੋਂ ਬਾਅਦ ਜਦੋਂ ਹਰਾ ਇਨਕਲਾਬ ਉਲਟ ਪ੍ਰਭਾਵੀ ਹੋ ਗਿਆ ਤਾਂ ਉਸ ਸਮੇਂ ਪੰਜਾਬ ਨੂੰ ਨਵੀਂ ਖੇਤੀ ਨੀਤੀ ਦੇਣ ਦੇ ਨਾਲ-ਨਾਲ ਰਾਜ ਦੀ ਖੇਤੀ ਨੂੰ ਹੰਢਣਸਾਰ ਬਣਾਈ ਰੱਖਣ ਲਈ ਇਥੇ ਖੇਤੀ ਅਧਾਰਿਤ ਸਨਅਤਾਂ ਲਾਉਣ ਦੀ ਲੋੜ ਸੀ, ਪਰ ਪੰਜਾਬ ਵਿੱਚ ਸਨਅਤਾਂ ਲਗਾਉਣ ਦੀ ਥਾਂ ਕੇਂਦਰ ਵਿੱਚ ਬਣੀਆਂ ਸਰਕਾਰਾਂ ਦੀ ਮਨਸ਼ਾ ਇਸ ਨੂੰ ਕੱਚੇ ਮਾਲ ਦੀ ਮੰਡੀ ਬਣਾਈ ਰੱਖਣ ਦੀ ਹੀ ਰਹੀ।
ਅੱਜ ਪੰਜਾਬ ਜਿਨ੍ਹਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ, ਉਹ ਉਨ੍ਹਾਂ ਵਿਚੋਂ ਜ਼ਿਆਦਾ ਸਮੱਸਿਆਵਾਂ ਪੰਜਾਬ ਦੀ ਖੇਤੀ ਵਿੱਚ ਆਈ ਹੋਈ ਖੜੋਤ ਅਤੇ ਰਾਜ ਦਾ ਸਮੇਂ ਸਿਰ ਸਨਅਤੀਕਰਨ ਨਾ ਹੋਣ ਕਾਰਨ ਆਰਥਿਕਤਾ ਵਿੱਚ ਆਈ ਖੜੋਤ ਵਿਚੋਂ ਪੈਦਾ ਹੋਈਆਂ ਹਨ। ਇਸੇ ਕਾਰਨ ਇਥੇ ਰੁਜ਼ਗਾਰ ਦੇ ਅਵਸਰ ਨਾ ਵਧ ਸਕੇ। ਇਸੇ ਦੇ ਸਿੱਟੇ ਵਜੋਂ ਹੀ ਸਿੱਖਿਆ ਹਾਸਿਲ ਕਰਨ ਦੇ ਬਹਾਨੇ ਨੌਜਵਾਨ ਵਿਦੇਸ਼ਾਂ ਨੂੰ ਹਿਜਰਤ ਕਰਨ ਲਈ ਮਜਬੂਰ ਹੋ ਗਏ। ਨੌਜਵਾਨਾਂ ਦਾ ਇੱਕ ਵੱਡਾ ਹਿੱਸਾ ਜਿਸ ਕੋਲ ਮਿਆਰੀ ਸਿੱਖਿਆ ਨਹੀਂ ਸੀ ਅਤੇ ਉਹ ਆਈਲੈਟਸ ਵਰਗੇ ਟੈੱਸਟ ਪਾਸ ਕਰਨ ਦੇ ਵੀ ਸਮਰੱਥ ਨਹੀਂ ਸੀ ਉਹ ਬੇਰੁਜ਼ਗਾਰੀ ਦਾ ਮਾਰਿਆ ਜੁਰਮਾਂ ਦੀ ਦੁਨੀਆ ਵਿੱਚ ਪ੍ਰਵੇਸ਼ ਕਰ ਗਿਆ ਅਤੇ ਅਜੇ ਵੀ ਕਰ ਰਿਹਾ ਹੈ। ਨੌਜਵਾਨ ਹਰ ਦੇਸ਼ ਤੇ ਹਰ ਸਮਾਜ ਦੀ ਚਾਲਕ ਸ਼ਕਤੀ ਹੁੰਦੇ ਹਨ, ਪਰ ਪੰਜਾਬ ਵਿੱਚ ਹਾਲਾਤ ਇਹ ਬਣ ਗਏ ਹਨ, ਕਿ ਨੌਜਵਾਨਾਂ ਦਾ ਇੱਕ ਵੱਡਾ ਵਰਗ ਅੱਜ ਆਪਣੇ ਲਈ ਵੀ ਤੇ ਸਮਾਜ ਲਈ ਵੀ ਮੁਸੀਬਤ ਬਣ ਗਿਆ ਹੈ। ਗੈਂਗਸਟਰਵਾਦ ਅਤੇ ਨਸ਼ਿਆਂ ਦੇ ਵਧੇ ਪ੍ਰਕੋਪ ਨੂੰ ਇਸ ਸੰਦਰਭ ਵਿੱਚ ਹੀ ਦੇਖਿਆ ਤੇ ਸਮਝਿਆ ਜਾ ਸਕਦਾ ਹੈ। ਪੰਜਾਬ ਵਿੱਚ ਰਾਜ ਕਰਨ ਵਾਲੀਆਂ ਸਰਕਾਰਾਂ ਨੂੰ ਆਰਥਿਕਤਾ ਵਿੱਚ ਆਈ ਖੜ੍ਹੋਤ ਨੂੰ ਤੋੜਨ ਲਈ ਸਮੇਂ ਸਿਰ ਉਪਰਾਲੇ ਕਰਨੇ ਚਾਹੀਦੇ ਸਨ, ਕੇਂਦਰੀ ਸਰਕਾਰਾਂ ਨੂੰ ਇਸ ਲਈ ਮਜ਼ਬੂਰ ਕਰਨਾ ਚਾਹੀਦਾ ਸੀ। ਪਰ ਇਹ ਦੁੱਖ ਦੀ ਗੱਲ ਹੈ ਕਿ ਰਾਜ ਵਿੱਚ ਬਣੀਆਂ ਸਰਕਾਰਾਂ ਖ਼ਾਸ ਕਰਕੇ ਖਾੜਕੂਵਾਦ ਤੋਂ ਬਾਅਦ 1997 ਤੋਂ ਬਣੀਆਂ ਸਰਕਾਰਾਂ ਨੇ ਸਿੱਖਿਆ, ਸਿਹਤ ਆਦਿ ਦੇ ਮਹੱਤਵਪੂਰਨ ਖੇਤਰਾਂ ਵੱਲ ਧਿਆਨ ਦੇਣ ਅਤੇ ਰਾਜ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਸਿਰਜਣ ਲਈ ਕੋਈ ਵੱਡੇ ਉਪਰਾਲੇ ਨਹੀਂ ਕੀਤੇ। ਸਗੋਂ ਰਾਜ ਦੀਆਂ ਸਿਆਸੀ ਪਾਰਟੀਆਂ ਨੇ ਸੱਤਾ ਹਾਸਿਲ ਕਰਨ ਲਈ ਲੋਕਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਤੁਰੰਤ ਸਿੱਧੇ ਵਿੱਤੀ ਲਾਭ ਦੇ ਕੇ ਵੋਟਾਂ ਬਟੋਰਨ ਦਾ ਰਸਤਾ ਅਖ਼ਤਿਆਰ ਕੀਤਾ। ਇਸੇ ਵਿਚੋਂ ਹੀ ਕਿਸਾਨਾਂ ਨੂੰ ਬਿਜਲੀ ਪਾਣੀ ਮੁਫ਼ਤ ਦੇਣ, ਚੁੰਗੀਆਂ ਮੁਆਫ਼ ਕਰਨ, ਸਾਰੀਆਂ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦੇਣ ਅਤੇ ਘਰੇਲੂ ਖਪਤਕਾਰਾਂ ਨੂੰ ਮੁਫ਼ਤ ਬਿਜਲੀ ਦੇਣ ਵਰਗੀਆਂ ਸਕੀਮਾਂ ਨਿਕਲੀਆਂ ਅਤੇ ਰਾਜ ਦੇ ਵਿੱਤੀ ਸਾਧਨਾਂ ਦਾ ਇਸੇ ਤਰ੍ਹਾਂ ਉਜਾੜਾ ਅੱਗੇ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ। ਬਿਨਾਂ ਸ਼ੱਕ ਸਮੇਂ-ਸਮੇਂ ਸਿਆਸੀ ਪਾਰਟੀਆਂ ਇਨ੍ਹਾਂ ਮੁਫ਼ਤਖੋਰੀਆਂ ਨਾਲ ਸਰਕਾਰਾਂ ਬਣਾਉਣ ਵਿੱਚ ਸਫ਼ਲ ਰਹੀਆਂ ਹਨ। ਪਰ ਜਿਹੜੇ ਸਾਧਨ ਪੰਜਾਬ ਵਿੱਚ ਬਿਹਤਰ ਸਿੱਖਿਆ ਅਦਾਰੇ ਖੜੇ੍ਹ ਕਰਨ, ਬਿਹਤਰ ਸਿਹਤ ਅਦਾਰੇ ਖੜ੍ਹ ਕਰਨ ਅਤੇ ਫਿਰ ਉਨ੍ਹਾਂ ਨੂੰ ਚੰਗੇ ਢੰਗ ਨਾਲ ਚਲਾਉਣ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ’ਤੇ ਲੱਗਣੇ ਸਨ, ਉਹ ਮੁਫ਼ਤਖੋਰੀ ਦੀਆਂ ਸਕੀਮਾਂ ’ਤੇ ਲੱਗਣ ਲੱਗ ਪਏ। ਕਿਸੇ ਸਮੇਂ ਪੰਜਾਬ ਦੇ ਲੋਕ ਬੇਹੱਦ ਮਿਹਨਤੀ ਅਤੇ ਗ਼ੈਰਤਮੰਦ ਮੰਨੇ ਜਾਂਦੇ ਸਨ ਅਤੇ ਉਹ ਕੁਝ ਵੀ ਮੁਫ਼ਤ ਲੈਣਾ ਚੰਗਾ ਨਹੀਂ ਸਨ ਸਮਝਦੇ, ਸਗੋਂ ਹੱਥੋਂ ਕੁਝ ਦੇਣਾ ਪੁੰਨ ਦਾ ਕੰਮ ਸਮਝਦੇ ਸਨ। ਗੁਰੂ ਸਾਹਿਬਾਨ ਨੇ ਵੀ ਲੋਕਾਂ ਨੂੰ ਕਿਰਤ ਕਰਨ ਤੇ ਵੰਡ ਛਕਣ ਦੀ ਸਿੱਖਿਆ ਦਿੱਤੀ ਸੀ। ਇਸੇ ਕਰਕੇ ਪੰਜਾਬ ਵਿੱਚ ਭਿੱਖਿਆ ਮੰਗਣ ਦਾ ਪ੍ਰਚਲਨ ਵੀ ਬਹੁਤ ਘੱਟ ਸੀ। ਪਰ ਸਰਕਾਰਾਂ ਵੱਲੋਂ ਸ਼ੁਰੂ ਕੀਤੀਆਂ ਗਈਆਂ ਮੁਫ਼ਤਖੋਰੀ ਦੀਆਂ ਸਕੀਮਾਂ ਨੇ ਹੌਲੀ-ਹੌਲੀ ਰੰਗ ਦਿਖਾਇਆ ਅਤੇ ਲੋਕਾਂ ਦਾ ਧਿਆਨ ਸਰਕਾਰਾਂ ਤੋਂ ਵਧ ਤੋਂ ਵਧ ਲਾਭ ਲੈਣ ਵੱਲ ਲਗ ਗਿਆ ਅਤੇ ਮੁਫ਼ਤਖੋਰੀ ’ਤੇ ਆਧਾਰਿਤ ਸਕੀਮਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਵੋਟਾਂ ਵੀ ਪਾਉਣ ਲੱਗ ਪਏ। ਪਰ ਪੰਜਾਬ ਅਜਿਹੀਆਂ ਸਕੀਮਾਂ ਨਾਲ ਆਰਥਿਕ ਤੌਰ ’ਤੇ ਦੀਵਾਲੀਆ ਹੋ ਗਿਆ।
ਇਸ ਸਮੇਂ ਵੀ ਹਾਲਤ ਇਹ ਹੈ ਕਿ ਰਾਜ ਸਰਕਾਰ ਨੂੰ ਪਿਛਲਾ ਕਰਜ਼ਾ ਮੋੜਨ ਅਤੇ ਮੌਜੂਦਾ ਸਮੇਂ ਵਿੱਚ ਪ੍ਰਸ਼ਾਸਨ ਚਲਾਉਣ ਲਈ ਨਿਰੰਤਰ ਹੋਰ ਕਰਜ਼ਾ ਲੈਣਾ ਪੈ ਰਿਹਾ ਹੈ। ਰਾਜ ਦੀਆਂ ਸੜਕਾਂ ਬੁਰੀ ਤਰ੍ਹਾਂ ਟੁੱਟੀਆਂ ਪਈਆਂ ਹਨ। ਸ਼ਹਿਰਾਂ ਵਿੱਚ ਸਫਾਈ ਤੇ ਸੀਵਰੇਜ ਪ੍ਰਣਾਲੀ ਦਾ ਮੰਦਾ ਹਾਲ ਹੈ। ਸਰਕਾਰੀ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਵੱਡੇ ਪੱਧਰ ’ਤੇ ਅਧਿਆਪਕਾਂ ਤੇ ਹੋਰ ਅਮਲੇ ਤੋਂ ਸੱਖਣੀਆਂ ਹਨ। ਸਰਕਾਰੀ ਹਸਪਤਾਲ ਸਰਕਾਰ ਦੇ ਸਾਰੇ ਦਾਅਵਿਆਂ ਦੇ ਬਾਵਜੂਦ ਦਮ ਤੋੜਦੇ ਜਾ ਰਹੇ ਹਨ। ਜਲੰਧਰ ਸਿਵਲ ਹਸਪਤਾਲ ਦੇ ਆਈ.ਸੀ.ਯੂ. ਵਿੱਚ ਆਕਸੀਜਨ ਬੰਦ ਹੋਣ ਨਾਲ ਮਰੇ ਤਿੰਨ ਮਰੀਜ਼ਾਂ ਦੀ ਘਟਨਾ ਨੇ ਇਹ ਸੱਚ ਨੂੰ ਸਾਹਮਣੇ ਲੈ ਆਂਦਾ ਹੈ। ਸਰਕਾਰ ਦੇ ਹੋਰ ਵੱਖ-ਵੱਖ ਵਿਭਾਗਾਂ ਦਾ ਵੀ ਇਹੀ ਹਾਲ ਹੈ। ਜੇ ਸਰਕਾਰ ਦੀਆਂ ਨੀਤੀਆਂ ਅਜਿਹੀਆਂ ਹੀ ਰਹੀਆਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਅਜਿਹੀ ਸੀਮਾ ਤੱਕ ਪਹੁੰਚ ਜਾਵੇਗਾ, ਕਿ ਇਸ ਨੂੰ ਨਾ ਰਿਜ਼ਰਵ ਬੈਂਕ ਤੋਂ ਅਤੇ ਨਾ ਹੀ ਹੋਰ ਬੈਂਕਾਂ ਤੋਂ ਕਰਜ਼ਾ ਮਿਲ ਸਕੇਗਾ। ਰਾਜ ਵਿੱਤੀ ਐਮਰਜੈਂਸੀ ਦਾ ਸਾਹਮਣਾ ਕਰੇਗਾ।
ਜੇਕਰ ਇਸ ਸਮੇਂ ਪੰਜਾਬ ਨੂੰ ਦਰਪੇਸ਼ ਬਹੁਪੱਖੀ ਸੰਕਟਾਂ ਦੇ ਸੰਦਰਭ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਇਥੋਂ ਤੱਕ ਕਿ ਵਿਰੋਧੀ ਪਾਰਟੀਆਂ ਦੇ ਰੋਲ ਨੂੰ ਵੀ ਦੇਖਣ ਤੇ ਸਮਝਣ ਦਾ ਯਤਨ ਕਰੀਏ ਤਾਂ ਨਿਰਾਸ਼ਾ ਹੀ ਹੱਥ ਲਗਦੀ ਹੈ। ਰਾਜ ਵਿੱਚ ਖੇਤੀ ਗੰਭੀਰ ਸੰਕਟ ਵਿੱਚ ਹੈ। ਇੱਕ ਸੁਆਲ ਦੇ ਜਵਾਬ ਵਿੱਚ ਸੰਸਦ ਵਿੱਚ ਵੀ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ ਦੇ ਕਿਸਾਨ ਦੇਸ਼ ਵਿਚ ਸਭ ਤੋਂ ਵਧ ਕਰਜ਼ੇ ਵਿੱਚ ਡੁੱਬੇ ਹੋਏ ਹਨ। ਇਸੇ ਕਰਕੇ ਹੀ ਬਹੁਤ ਸਾਰੇ ਕਿਸਾਨਾਂ ਵਲੋਂ ਖੇਤੀਬਾੜੀ ਛੱਡਣ ਤੇ ਕਰਜ਼ੇ ਵਿੱਚ ਡੁੱਬੇ ਕਿਸਾਨਾਂ ਦੇ ਖ਼ੁਦਕੁਸ਼ੀ ਕਰਨ ਦੀਆਂ ਖ਼ਬਰਾਂ ਨਿਰੰਤਰ ਆਉਂਦੀਆਂ ਰਹਿੰਦੀਆਂ ਹਨ। ਪੰਜਾਬ ਸਨਅਤੀਕਰਨ ਦੇ ਖੇਤਰ ਵਿੱਚ ਵੀ ਕੋਈ ਜ਼ਿਆਦਾ ਅੱਗੇ ਨਹੀਂ ਵਧ ਰਿਹਾ, ਸਗੋਂ ਇਥੇ ਪਹਿਲਾਂ ਲੱਗੀਆਂ ਸਨਅਤਾਂ ਵੀ ਵੱਖ-ਵੱਖ ਰਾਜਾਂ ਨੂੰ ਹਿਜ਼ਰਤ ਕਰ ਗਈਆਂ ਹਨ।
ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਯੁੱਧ ਛੇੜਨ ਦੇ ਬਾਵਜੂਦ ਨਸ਼ਿਆਂ ਦਾ ਪ੍ਰਚਲਨ ਨਹੀਂ ਰੁਕ ਸਕਿਆ। ਅਜੇ ਵੀ ਨੌਜਵਾਨਾਂ ਦੇ ਵਧੇਰੇ ਨਸ਼ਾ ਲੈ ਕੇ ਮਰਨ ਦੀਆਂ ਨਿਰੰਤਰ ਖ਼ਬਰਾਂ ਆ ਰਹੀਆਂ ਹਨ। ਗੈਂਗਸਟਰਾਂ ਵਲੋਂ ਲੋਕਾਂ ਨੂੰ ਗੋਲੀਆਂ ਮਾਰਨ ਅਤੇ ਫਿਰੌਤੀਆਂ ਵਸੂਲਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਇਨ੍ਹਾਂ ਸਾਰੇ ਕਾਰਨਾਂ ਕਰਕੇ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬੇਹੱਦ ਖਰਾਬ ਹੋ ਚੁਕੀ ਹੈ। ਨਾ ਸੱਤਾਧਾਰੀ ਪਾਰਟੀ ਅਤੇ ਨਾ ਹੀ ਵਿਰੋਧੀ ਪਾਰਟੀਆਂ ਪੰਜਾਬ ਦੀਆਂ ਉਕਤ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ।
ਇਸ ਸਾਲ ਨਵੰਬਰ ਵਿੱਚ ਗੁਰੂ ਤੇਗ਼ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਵਸ ਆ ਰਿਹਾ ਹੈ। ਇਸ ਨੂੰ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦਰਮਿਆਨ ਕਈ ਪੱਖਾਂ ਤੋਂ ਮੁਕਾਬਲੇਬਾਜ਼ੀ ਹੁੰਦੀ ਨਜ਼ਰ ਆ ਹੀ ਹੈ। ਇਸ ਸੰਦਰਭ ਵਿੱਚ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਬਿਨਾਂ ਸ਼ੱਕ ਸ੍ਰੀ ਗੁਰੂ ਤੇਗ਼ ਬਹਾਦਰ ਜੀ ਵੱਲੋਂ ਮਾਨਵਤਾ ਲਈ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਦਿੱਤੀ ਗਈ ਵੱਡੀ ਸ਼ਹਾਦਤ ਨੂੰ ਪੂਰੇ ਸਤਿਕਾਰ ਨਾਲ ਮਨਾਉਣਾ ਚਾਹੀਦਾ ਹੈ। ਪਰ ਸਾਡੀਆਂ ਸਾਰੀਆਂ ਰਾਜਨੀਤਕ ਅਤੇ ਧਾਰਮਿਕ ਜਥੇਬੰਦੀਆਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਸਮੁੱਚਾ ਪੰਜਾਬ ਗੁਰੂਆਂ ਦੀ ਵਿਰਾਸਤ ਹੈ। ਇਸ ਦੇ ਚੱਪੇ-ਚੱਪੇ ’ਤੇ ਉਨ੍ਹਾਂ ਦੇ ਚਰਨ ਪਏ ਹੋਏ ਹਨ। ਇਸ ਨੂੰ ਵਸਦਾ-ਰਸਦਾ ਰੱਖਣਾ ਅਤੇ ਇਸ ਨੂੰ ਅੱਗੇ ਵਧਾਉਣਾ ਹੀ ਗੁਰੂਆਂ, ਸੂਫ਼ੀਆਂ ਅਤੇ ਭਗਤੀ ਲਹਿਰ ਦੇ ਸੰਤਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਸ਼ਤਾਬਦੀ ਸਮਾਰੋਹਾਂ ਨੂੰ ਇਸ ਤਰ੍ਹਾਂ ਮਨਾਵੇ ਕਿ ਪੰਜਾਬ ਦੇ ਨੌਜਵਾਨ ਨਸ਼ਿਆਂ ਤੋਂ ਉੱਭਰ ਕੇ ਚੰਗੀ ਜੀਵਨ ਜਾਚ ਅਖ਼ਤਿਆਰ ਕਰਨ ਵੱਲ ਰੁਚਿਤ ਹੋਣ। ਆਪਣੇ ਰਾਗੀਆਂ, ਢਾਡੀਆਂ ਤੇ ਪ੍ਰਚਾਰਕਾਂ ਨੂੰ ਉਹ ਰਾਜ ਦੇ ਹਰੇਕ ਕੋਨੇ ਵਿਚ ਭੇਜੇ। ਲੋਕਾਂ ਨੂੰ ਸਿੱਖ ਇਤਿਹਾਸ ਤੇ ਗੁਰਬਾਣੀ ਤੇ ਆਧਾਰਿਤ ਜੀਵਨ- ਜਾਚ ਤੋਂ ਜਾਣੂ ਕਰਵਾਏ। ਦੂਜੇ ਪਾਸੇ ਪੰਜਾਬ ਸਰਕਾਰ ਨੂੰ ਇਹ ਸ਼ਤਾਬਦੀ ਸਮਾਰੋਹ ਇਸ ਤਰ੍ਹਾਂ ਮਨਾਉਣਾ ਚਾਹੀਦੇ ਹਨ ਕਿ ਉਹ ਆਪਣੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਅਦਾਰਿਆਂ ਨੂੰ ਬਿਹਤਰ ਬਣਾਉਣ ਲਈ ਸਾਧਨ ਮੁਹੱਈਆ ਕਰੇ। ਇਸ ਤੋਂ ਇਲਾਵਾ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਸਿਰਜਣ ਅਤੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਿਹਤਰ ਬਣਾਉਣਾ ਵੀ ਉਸ ਦੀ ਮੁੱਖ ਤਰਜੀਹ ਹੋਣੀ ਚਾਹੀਦੀ ਹੈ। ਪੰਜਾਬ ਬਾਰੇ ਪ੍ਰੋ. ਪੂਰਨ ਸਿੰਘ ਨੇ ਵੀ ਕਿਹਾ ਸੀ ਕਿ ਇਹ ਗੁਰਾਂ ਦੇ ਨਾਂਅ ’ਤੇ ਜੀਊਂਦਾ ਹੈ। ਜੇ ਸਾਡੀਆਂ ਰਾਜਨੀਤਕ ਅਤੇ ਧਾਰਮਿਕ ਜਮਾਤਾਂ ਵਾਕਈ ਗੁਰੂ ਸਾਹਿਬ ਵਿਚ ਸ਼ਰਧਾ ਰੱਖਦੀਆਂ ਹਨ ਤਾਂ ਉਨ੍ਹਾਂ ਨੂੰ ਪੰਜਾਬ ਨੂੰ ਬਚਾਉਣ ਤੇ ਹਰ ਪੱਖ ਤੋਂ ਅੱਗੇ ਵਧਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।

Loading