ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਬਾਲਟੀਮੋਰ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ 5 ਸਾਲ ਦੀ ਲੜਕੀ ਸਮੇਤ 6 ਜਣਿਆਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ। ਬਾਲਟੀਮੋਰ ਪੁਲਿਸ ਨੇ ਕਿਹਾ ਹੈ ਕਿ ਘਟਨਾ ਦੀ ਸੂਚਨਾ ਮਿਲਣ ’ਤੇ ਤੁਰੰਤ ਪੁਲਿਸ ਅਫ਼ਸਰ ਤਕਰਬੀਨ ਸ਼ਾਮ 8.46 ਵਜੇ ਘਟਨਾ ਸਥਾਨ ਸਪਾਲਡਿੰਗ ਤੇ ਕੁਈਨਜਬਰੀ ਐਵਨਿਊਜ਼ ਵਿੱਚ ਪੁੱਜੇ ਤੇ ਹਾਲਾਤ ਨੂੰ ਕਾਬੂ ਹੇਠ ਕੀਤਾ। ਪੁਲਿਸ ਨੇ ਇਸ ਨੂੰ ਸਮੂਹਿਕ ਗੋਲੀਬਾਰੀ ਦੀ ਘਟਨਾ ਕਰਾਰ ਦਿੱਤਾ ਹੈ। ਬਾਲਟੀਮੋਰ ਪੁਲਿਸ ਕਮਿਸ਼ਨਰ ਰਿਚਰਡ ਵੋਰਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 5 ਸਾਲਾ ਲੜਕੀ ਦੇ ਹੱਥ ਵਿੱਚ ਗੋਲੀ ਵੱਜੀ ਹੈ ਤੇ ਉਸ ਦਾ ਜ਼ਖਮ ਗੰਭੀਰ ਨਹੀਂ ਲੱਗਦਾ। ਪੁਲਿਸ ਅਨੁਸਾਰ ਇੱਕ ਜ਼ਖਮੀ ਦੀ ਹਾਲਤ ਨਾਜ਼ਕ ਹੈ। ਬਾਕੀ ਜ਼ਖਮੀਆਂ ਵਿੱਚ ਇੱਕ ਔਰਤ ਤੇ 3 ਵਿਅਕਤੀ ਸ਼ਾਮਿਲ ਹਨ ਜਿਨ੍ਹਾਂ ਦੀ ਉਮਰ 23 ਤੋਂ 52 ਸਾਲ ਦੇ ਦਰਮਿਆਨ ਹੈ। ਇਹ ਸਾਰੇ ਸਥਿਰ ਹਾਲਤ ਵਿੱਚ ਹਨ।