ਆਫ਼ਤਾਂ ਤੋਂ ਬਚਾਓ ਲਈ ਵਿਗਿਆਨਿਕ ਗਿਆਨ ਨੂੰ ਵਧਾਉਣ ਦੀ ਲੋੜ

In ਮੁੱਖ ਲੇਖ
August 12, 2025

ਭੂਚਾਲ, ਅਚਾਨਕ ਬੱਦਲ ਫਟਣਾ, ਚੱਟਾਨਾਂ ਦਾ ਡਿੱਗਣਾ, ਮਲਬੇ ਦਾ ਵਹਾਅ ਅਤੇ ਗਲੇਸ਼ੀਅਰ ਝੀਲ ਵਿਸਫੋਟ ਵਰਗੀਆਂ ਪ੍ਰਕਿਰਿਆਵਾਂ ਹਿਮਾਲਿਆ ਵਿੱਚ ਸਭ ਤੋਂ ਆਮ ਖ਼ਤਰੇ ਹਨ। ਇਨ੍ਹਾਂ ਕਾਰਨ ਮਨੁੱਖੀ ਜੀਵਨ ਅਤੇ ਬੁਨਿਆਦੀ ਢਾਂਚੇ ਨੂੰ ਵੱਡਾ ਨੁਕਸਾਨ ਹੁੰਦਾ ਹੈ।
ਉੱਤਰਾਕਸ਼ੀ ਜ਼ਿਲ੍ਹੇ ਦੇ ਧਰਾਲੀ ਵਿੱਚ ਬੱਦਲ ਫਟਣ ਕਾਰਨ ਖੀਰਗੰਗਾ ਨਦੀ ਨੇ ਭਾਰੀ ਤਬਾਹੀ ਮਚਾਈ। ਇਸ ਕਾਰਨ ਪਹਾੜੀ ਇਲਾਕਿਆਂ ਵਿੱਚ ਟਨਾਂ ਦੇ ਹਿਸਾਬ ਨਾਲ ਮਲਬਾ ਨਦੀ ਦੇ ਕਿਨਾਰੇ ਆ ਗਿਆ। ਇਸ ਕਾਰਨ ਵਿਆਪਕ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਇਸ ਨੁਕਸਾਨ ਦੀ ਮਾਤਰਾ ਦਾ ਅੰਦਾਜ਼ਾ ਲਗਾਉਣਾ ਇਸ ਵੇਲੇ ਮੁਸ਼ਕਿਲ ਹੈ। ਯਾਦ ਰਹੇ ਕਿ ਪਿਛਲੇ ਦਿਨੀਂ ਕੁਝ ਹੋਰ ਸਥਾਨਾਂ ’ਤੇ ਵੀ ਬੱਦਲ ਫਟਣ ਕਾਰਨ ਤਬਾਹੀ ਹੋਈ, ਜਿਨ੍ਹਾਂ ਵਿੱਚ ਪ੍ਰਸਿੱਧ ਸੈਰ-ਸਪਾਟਾ ਸਥਾਨ ਹਰਸ਼ਿਲ ਵੀ ਸ਼ਾਮਲ ਹੈ। ਤਬਾਹੀ ਇਸ ਲਈ ਵੱਧ ਹੋਈ ਕਿਉਂਕਿ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਬਹੁਤ ਸਾਰੇ ਨਿਰਮਾਣ ਕੀਤੇ ਗਏ ਸਨ। ਧਰਾਲੀ ਵਿੱਚ ਸੜਕਾਂ, ਇਮਾਰਤਾਂ ਅਤੇ ਦੁਕਾਨਾਂ ਡੁੱਬ ਗਈਆਂ। ਹਿਮਾਲਿਆ, ਟੈਕਟੋਨਿਕ ਤੌਰ ’ਤੇ ਸਰਗਰਮ ਦੁਨੀਆ ਦੀ ਸਭ ਤੋਂ ਯੁਵਾ ਅਤੇ ਨਾਜ਼ੁਕ ਪਰਬਤ ਪ੍ਰਣਾਲੀ ਹੈ। ਇਹ ਖੇਤਰ ਉੱਚ ਢਲਾਨ ਅਤੇ ਅਨਿਸ਼ਚਤ ਮੌਸਮ ਕਾਰਨ ਕਈ ਉੱਚ ਪਰਬਤੀ ਖ਼ਤਰਿਆਂ ਦਾ ਸਾਹਮਣਾ ਕਰਦਾ ਹੈ।
ਭੂਚਾਲ, ਅਚਾਨਕ ਬੱਦਲ ਫਟਣਾ, ਚੱਟਾਨਾਂ ਦਾ ਡਿੱਗਣਾ, ਮਲਬੇ ਦਾ ਵਹਾਅ ਅਤੇ ਗਲੇਸ਼ੀਅਰ ਝੀਲ ਵਿਸਫੋਟ ਵਰਗੀਆਂ ਪ੍ਰਕਿਰਿਆਵਾਂ ਹਿਮਾਲਿਆ ਵਿੱਚ ਸਭ ਤੋਂ ਆਮ ਖ਼ਤਰੇ ਹਨ। ਇਨ੍ਹਾਂ ਕਾਰਨ ਮਨੁੱਖੀ ਜੀਵਨ ਅਤੇ ਬੁਨਿਆਦੀ ਢਾਂਚੇ ਨੂੰ ਵੱਡਾ ਨੁਕਸਾਨ ਹੁੰਦਾ ਹੈ। ਮੌਨਸੂਨ (ਜੂਨ ਤੋਂ ਸਤੰਬਰ) ਦੌਰਾਨ ਬਹੁਤ ਜ਼ਿਆਦਾ ਵਰਖਾ ਕਾਰਨ ਅਚਾਨਕ ਹੜ੍ਹ ਆਉਣ ਅਤੇ ਜ਼ਮੀਨ ਖਿਸਕਣ ਵਰਗੀਆਂ ਕੁਦਰਤੀ ਆਫ਼ਤਾਂ ਆਮ ਤੌਰ ’ਤੇ ਹੁੰਦੀਆਂ ਰਹਿੰਦੀਆਂ ਹਨ। ਅਧਿਐਨਾਂ ਅਨੁਸਾਰ ਪਿਛਲੇ ਦਹਾਕਿਆਂ ਵਿੱਚ ਹਿਮਾਲਿਆ ਵਿੱਚ ਅਜਿਹੀਆਂ ਆਫ਼ਤਾਂ ਦੀ ਗਿਣਤੀ ਅਤੇ ਆਕਾਰ ਵਿੱਚ ਵਾਧਾ ਹੋਇਆ ਹੈ। ਹਿਮਾਲਿਆ ਦੇ ਗਲੇਸ਼ੀਅਰਾਂ ਦੇ ਤੇਜ਼ੀ ਨਾਲ ਪਿਘਲਣ ਅਤੇ ਇਨ੍ਹਾਂ ਖੇਤਰਾਂ ਵਿੱਚ (3000 ਮੀਟਰ ਤੋਂ ਉੱਪਰ) ਭਾਰੀ ਵਰਖਾ ਕਾਰਨ ਆਸਪਾਸ ਦੀਆਂ ਢਲਾਨਾਂ ਅਤੇ ਗਲੇਸ਼ੀਅਰ ਅਸਥਿਰ ਹੋ ਜਾਂਦੇ ਹਨ। ਗਲੇਸ਼ੀਅਰਾਂ ਤੋਂ ਬਣੀਆਂ ਕਈ ਝੀਲਾਂ ਹੋਰ ਫੈਲਦੀਆਂ ਹਨ ਜਿਸ ਨਾਲ ਖ਼ਤਰੇ ਵਧਦੇ ਹਨ। ਹਾਲ ਹੀ ਵਿੱਚ, ਪਿ੍ਰਥਵੀ ਵਿਗਿਆਨੀਆਂ ਅਤੇ ਨੀਤੀ ਨਿਰਮਾਤਾਵਾਂ ਨੇ ਲਗਾਤਾਰ ਗਰਮ ਦਿਨਾਂ ਅਤੇ ਭਾਰੀ ਵਰਖਾ ਵਰਗੀਆਂ ਘਟਨਾਵਾਂ ’ਤੇ ਧਿਆਨ ਕੇਂਦਰਿਤ ਕੀਤਾ ਹੈ ਤਾਂ ਜੋ ਉਨ੍ਹਾਂ ਦੇ ਕਾਰਨਾਂ ਅਤੇ ਨਤੀਜਿਆਂ ਨੂੰ ਸਮਝਿਆ ਜਾ ਸਕੇ। ਹਾਲਾਂਕਿ ਉੱਚ ਪਹਾੜੀ ਮੌਸਮ ਅਤੇ ਭੂਗੋਲ ਦੀਆਂ ਸਥਿਤੀਆਂ ਵਿੱਚ ਅੰਤਰ ਅਤੇ ਹਿਮਾਲਿਆ ਵਿੱਚ ਲੰਬੇ ਸਮੇਂ ਦੇ ਮੌਸਮ ਦੇ ਡੇਟਾ ਦੇ ਮਜ਼ਬੂਤ ਨੈੱਟਵਰਕ ਦੀ ਕਮੀ ਕਾਰਨ ਵਿਗਿਆਨੀਆਂ ਨੂੰ ਅਜੇ ਤੱਕ ਪੂਰੀ ਤਰ੍ਹਾਂ ਸਮਝ ਨਹੀਂ ਆਇਆ ਕਿ ਆਲਮੀ ਤਪਸ਼ ਅਜਿਹੀਆਂ ਘਟਨਾਵਾਂ ਦੀ ਤੀਬਰਤਾ ਅਤੇ ਆਕਾਰ ’ਤੇ ਕਿਵੇਂ ਪ੍ਰਭਾਵ ਪਾਉਂਦੀ ਹੈ। ਉੱਤਰਾਖੰਡ ਭਾਰਤ ਦੇ ਹਿਮਾਲਿਅਨ ਰਾਜਾਂ ਵਿੱਚੋਂ ਇੱਕ ਹੈ, ਜਿੱਥੇ ਕੁਦਰਤੀ ਆਫ਼ਤਾਂ ਦਾ ਲੰਬਾ ਇਤਿਹਾਸ ਹੈ। ਇਨ੍ਹਾਂ ਆਫ਼ਤਾਂ ਕਾਰਨ ਹੇਠਲੇ ਇਲਾਕਿਆਂ ਵਿੱਚ ਰਹਿਣ ਵਾਲੀ ਆਬਾਦੀ ਅਤੇ ਬੁਨਿਆਦੀ ਢਾਂਚੇ ਨੂੰ ਵੱਡਾ ਨੁਕਸਾਨ ਪਹੁੰਚਦਾ ਹੈ। ਇੱਥੇ ਹਰ ਸਾਲ ਵੱਡੀ ਗਿਣਤੀ ਵਿੱਚ ਤੀਰਥ ਯਾਤਰੀ ਅਤੇ ਸੈਰ-ਸਪਾਟਾ ਕਰਨ ਵਾਲੇ ਆਉਂਦੇ ਹਨ। ਹਿਮਾਲਿਆ ਵਿੱਚ ਵੱਧ ਮੌਨਸੂਨੀ ਵਰਖਾ ਕਾਰਨ ਅਚਾਨਕ ਬੱਦਲ ਫਟਣਾ, ਜ਼ਮੀਨ ਖਿਸਕਣ ਅਤੇ ਇਸ ਨਾਲ ਬਣੀਆਂ ਝੀਲਾਂ ਵਿੱਚ ਹੜ੍ਹ ਆ ਜਾਂਦੇ ਹਨ। ਇਹ ਆਫ਼ਤਾਂ ਖੇਤਰੀ ਭੂਗੋਲ ਨੂੰ ਬਦਲ ਦਿੰਦੀਆਂ ਹਨ।ਇਸ ਦਾ ਪ੍ਰਭਾਵ ਇਨ੍ਹਾਂ ਖੇਤਰਾਂ ਦੀ ਜੈਵ ਵਿਭਿੰਨਤਾ ’ਤੇ ਵੀ ਪੈਂਦਾ ਹੈ। ਕਈ ਹੇਠਲੇ ਇਲਾਕਿਆਂ ਵਿੱਚ ਆਫ਼ਤਾਂ ਨੇ ਬੁਨਿਆਦੀ ਢਾਂਚੇ ਨੂੰ ਵੀ ਵੱਡਾ ਨੁਕਸਾਨ ਪਹੁੰਚਾਇਆ ਹੈ।
ਉਦਾਹਰਨ ਵਜੋਂ ਇਸ ਖੇਤਰ ਵਿੱਚ ਜ਼ਮੀਨ ਖਿਸਕਣ ਦੀ ਘਟਨਾ 1866 ਵਿੱਚ, ਫਿਰ 1879 ਵਿੱਚ ਨੈਨੀਤਾਲ ਦੇ ਆਲਮਾ ਹਿੱਲ ਵਿੱਚ ਹੋਈ ਪਰ ਅਗਲੇ ਸਾਲ 19 ਸਤੰਬਰ 1880 ਨੂੰ ਸ਼ਹਿਰ ਦੇ ਉੱਤਰੀ ਪਾਸੇ ਵੱਲ ਇੱਕ ਭਿਆਨਕ ਜ਼ਮੀਨ ਖਿਸਕਣ ਦੀ ਘਟਨਾ ਹੋਈ, ਜਿਸ ਵਿੱਚ 151 ਲੋਕ ਮਾਰੇ ਗਏ। ਜੁਲਾਈ 1983 ਵਿੱਚ ਬਹੁਤ ਜ਼ਿਆਦਾ ਵਰਖਾ ਕਾਰਨ ਕਰਮਣੀ ਨਦੀ ਵਿੱਚ ਹੜ੍ਹ ਆ ਗਿਆ। ਮਲਬੇ ਨੇ 40 ਮੀਟਰ ਉੱਚਾ ਜ਼ਮੀਨ ਖਿਸਕਣ ਦੀ ਘਟਨਾ ਵਾਲਾ ਬੰਨ੍ਹ ਬਣਾਇਆ ਜਿਸ ਨਾਲ ਨਦੀ ਦਾ ਵਹਾਅ ਰੁਕ ਗਿਆ। ਬੰਨ੍ਹ ਪਲ ਭਰ ਵਿੱਚ ਟੁੱਟ ਗਿਆ ਅਤੇ ਜਾਨੀ ਨੁਕਸਾਨ ਦਾ ਕਾਰਨ ਬਣਿਆ। ਅਠਾਰਾਂ ਅਗਸਤ 1998 ਨੂੰ ਕਮਾਊਂ ਹਿਮਾਲਿਆ ਦੇ ਮਾਲਪਾ ਪਿੰਡ ਵਿੱਚ ਵਰਖਾ ਕਾਰਨ ਵੱਡੇ ਪੈਮਾਨੇ ’ਤੇ ਚੱਟਾਨਾਂ ਦੇ ਡਿੱਗਣ ਕਾਰਨ 250 ਲੋਕ ਮਾਰੇ ਗਏ ਅਤੇ 800 ਮਵੇਸ਼ੀ ਮਲਬੇ ਹੇਠਾਂ ਦੱਬੇ ਗਏ। ਇਸੇ ਤਰ੍ਹਾਂ ਮਦਮਹੇਸ਼ਵਰ ਵਾਦੀ ਵਿੱਚ ਭਾਰੀ ਵਰਖਾ ਦੀਆਂ ਘਟਨਾਵਾਂ ਨੇ ਬੇਂਤੀ ਅਤੇ ਪੁੰਡਰ ਪਿੰਡਾਂ ਨੂੰ ਤਬਾਹ ਕਰ ਦਿੱਤਾ ਅਤੇ ਮਦਮਹੇਸ਼ਵਰ ਨਦੀ ਦਾ ਵਹਾਅ ਰੁਕ ਗਿਆ। ਇਸ ਆਫ਼ਤ ਵਿੱਚ 101 ਲੋਕ ਮਾਰੇ ਗਏ। ਇਸੇ ਤਰ੍ਹਾਂ 16 ਤੋਂ 20 ਸਤੰਬਰ 2010 ਦਰਮਿਆਨ ਭਾਰੀ ਵਰਖਾ ਕਾਰਨ ਹੜ੍ਹ ਅਤੇ ਜ਼ਮੀਨ ਧਸਣ ਕਾਰਨ 214 ਵਿਅਕਤੀ ਅਤੇ 1771 ਜਾਨਵਰ ਮਾਰੇ ਗਏ। ਇਸ ਤੋਂ ਇਲਾਵਾ 15 ਤੋਂ 17 ਜੂਨ 2013 ਦਰਮਿਆਨ ਅਸਾਧਾਰਨ ਤੌਰ ’ਤੇ ਸਮੇਂ ਤੋਂ ਪਹਿਲਾਂ ਹੋਈ ਮੌਨਸੂਨੀ ਵਰਖਾ ਅਤੇ ਪਿਘਲਦੀ ਬਰਫ਼ ਨੇ ਗੜਵਾਲ ਹਿਮਾਲਿਆ ਦੀਆਂ ਨਦੀਆਂ (ਜਿਵੇਂ ਕਿ ਅਲਕਨੰਦਾ, ਮੰਦਾਕਿਨੀ, ਯਮੁਨਾ ਨਦੀ) ਵਿੱਚ ਭਿਆਨਕ ਹੜ੍ਹ ਲਿਆ ਦਿੱਤਾ। ਇਸ ਦੇ ਨਤੀਜੇ ਵਜੋਂ ਕਈ ਜਗ੍ਹਾ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ। ਯਾਤਰਾ ਦੌਰਾਨ ਹਜ਼ਾਰਾਂ ਤੀਰਥ ਯਾਤਰੀ ਜਗ੍ਹਾ-ਜਗ੍ਹਾ ਫਸ ਗਏ। ਜੂਨ 2013 ਵਿੱਚ ਵਿਨਾਸ਼ਕਾਰੀ ਆਫ਼ਤ ਦੇ ਨਤੀਜੇ ਵਜੋਂ 5,000 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ। ਲੱਖਾਂ ਲੋਕ ਪ੍ਰਭਾਵਿਤ ਹੋਏ। ਵਿਸ਼ਵ ਬੈਂਕ ਅਨੁਸਾਰ ਇਸ ਘਟਨਾ ਕਾਰਨ ਵਿੱਤੀ ਨੁਕਸਾਨ 250 ਮਿਲੀਅਨ ਡਾਲਰ ਤੋਂ ਵੱਧ ਸੀ।
ਸੱਤ ਫਰਵਰੀ 2021 ਨੂੰ ਸਵੇਰੇ 10 ਵਜੇ ਚਮੋਲੀ ਜ਼ਿਲ੍ਹੇ ਵਿੱਚ ਰਿਸ਼ੀਗੰਗਾ ਖੇਤਰ ਵਿੱਚ ਮੇਰੌਂਥੀ ਗਲੇਸ਼ੀਅਰ ਕਾਰਨ ਹੜ੍ਹ ਆਇਆ। ਰੈਣੀਗਾਂਵ ਦੇ ਨੇੜੇ ਰਿਸ਼ੀਗੰਗਾ ਹਾਈਡਲ ਪ੍ਰਾਜੈਕਟ ਦੇ ਜਲ ਸੋਮੇ ਅਤੇ ਤਪੋਵਨ ਦੇ ਨੇੜੇ ਤਪੋਵਨ ਵਿਸ਼ਣੂਗਾਡ ਪ੍ਰਾਜੈਕਟ (530 ਮੈਗਾਵਾਟ) ਹੜ੍ਹ ਦੇ ਨਾਲ ਆਏ ਮਲਬੇ ਕਾਰਨ ਨਸ਼ਟ ਹੋ ਗਏ। ਇਸ ਤ੍ਰਾਸਦੀ ਵਿੱਚ 205 ਲੋਕਾਂ ਦੀ ਜਾਨ ਗਈ ਸੀ। ਉੱਚ ਹਿਮਾਲਿਅਨ ਖੇਤਰਾਂ ਵਿਚ ਧਰਾਲੀ ਵਰਗੀਆਂ ਘਟਨਾਵਾਂ ਦਾ ਡੂੰਘਾਈ ਨਾਲ ਅਧਿਐਨ ਕਰਨਾ ਜ਼ਰੂਰੀ ਹੈ। ਕਿਉਂਕਿ ਆਫ਼ਤਾਂ ਵਿੱਚ ਨਦੀਆਂ ਦੇ ਨੇੜੇ ਨਿਰਮਾਣਾਂ ਨੂੰ ਸਭ ਤੋਂ ਵੱਧ ਨੁਕਸਾਨ ਹੁੰਦਾ ਹੈ, ਇਸ ਲਈ ਸੀੜ੍ਹੀਦਾਰ ਖੇਤਾਂ ਅਤੇ ਨਦੀ ਦੇ ਕਿਨਾਰਿਆਂ ’ਤੇ ਨਿਰਮਾਣ ਤੋਂ ਬਚਣਾ ਚਾਹੀਦਾ ਹੈ। ਪਹਾੜਾਂ ’ਤੇ ਮੌਸਮ ਦੇ ਪੂਰਵ ਅਨੁਮਾਨ ਦੀ ਪ੍ਰਣਾਲੀ ਨੂੰ ਮਜ਼ਬੂਤ ਬਣਾਇਆ ਜਾਣਾ ਚਾਹੀਦਾ ਹੈ। ਇਸ ਨਾਲ ਵਰਖਾ ਦੇ ਪੈਟਰਨ ਵਿਚ ਹੋ ਰਹੀਆਂ ਤਬਦੀਲੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਸਮਝਣ ਵਿੱਚ ਮਦਦ ਮਿਲੇਗੀ। ਜੀਵਨ ਬਚਾਉਣ ਲਈ, ਆਫ਼ਤਾਂ ਦਾ ਹੋਰ ਸਹੀ ਪੂਰਵ ਅਨੁਮਾਨ ਲਗਾਉਣ ਵਾਸਤੇ ਵਿਗਿਆਨਕ ਗਿਆਨ ਨੂੰ ਅੱਗੇ ਵਧਾਉਣਾ ਵੀ ਜ਼ਰੂਰੀ ਹੈ।
-ਡਾ. ਮਨੀਸ਼ ਮਹਿਤਾ

-(ਲੇਖਕ ਵਾਡੀਆ ਹਿਮਾਲਿਆ ਭੂ-ਵਿਗਿਆਨ ਸੰਸਥਾ ਦਾ ਸੀਨੀਅਰ ਵਿਗਿਆਨੀ ਹੈ)।

Loading