
ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਮੈਰੀਲੈਂਡ ਵਿੱਚ ਇੱਕ ਘਰ ਨੂੰ ਲੱਗੀ ਭਿਆਨਕ ਅੱਗ ਵਿੱਚ 4 ਬੱਚਿਆਂ ਸਮੇਤ 6 ਜਣਿਆਂ ਦੀ ਸੜ ਕੇ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ। ਅੱਗ ਵਾਸ਼ਿੰਗਟਨ ਡੀ. ਸੀ. ਤੋਂ ਤਕਰੀਬਨ 28 ਮੀਲ ਦੂਰ ਵਾਲਡੌਰਫ਼ ਵਿੱਚ ਇੱਕ ਘਰ ਨੂੰ ਲੱਗੀ। ਮੈਰੀਲੈਂਡ ਸਟੇਟ ਫ਼ਾਇਰ ਮਾਰਸ਼ਲ ਦੇ ਦਫ਼ਤਰ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਅਨੁਸਾਰ ਸਵੇਰੇ 9 ਵਜੇ ਤੋਂ ਪਹਿਲਾਂ ਘਰ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ ਉਪਰੰਤ ਜਦੋਂ ਚਾਰਲਸ ਕਾਊਂਟੀ ਸ਼ੈਰਿਫ਼ ਦਫ਼ਤਰ ਤੋਂ ਪੁਲਿਸ ਅਫ਼ਸਰ ਮੌਕੇ ੳੱੁਪਰ ਪੁੱਜੇ ਤਾਂ ਪਤਾ ਲੱਗਾ ਕਿ ਘਰ ਦੇ ਦੋ ਜੀਅ ਬਚ ਕੇ ਬਾਹਰ ਨਿਕਲ ਆਏ ਹਨ ਜਦ ਕਿ ਬਾਕੀ 6 ਅੰਦਰ ਹੀ ਹਨ। ਅੱਗ ਏਨੀ ਜ਼ਿਆਦਾ ਤੇਜ਼ ਸੀ ਕਿ ਪੁਲਿਸ ਅਫ਼ਸਰਾਂ ਲਈ ਅੰਦਰ ਦਾਖਲ ਹੋਣਾ ਅਸੰਭਵ ਹੋ ਗਿਆ। ਸਥਾਨਕ ਅੱਗ ਬੁਝਾਊ ਵਿਭਾਗ ਤੇ ਸਮਾਜ
ਸੇਵੀ ਏਜੰਸੀਆਂ ਨੇ ਕੋਈ ਇੱਕ ਘੰਟੇ ਤੋਂ ਵਧ ਸਮੇਂ ਦੀ ਭਾਰੀ ਮੁਸ਼ੱਕਤ ਉਪਰੰਤ ਅੱਗ ੳੱੁਪਰ ਕਾਬੂ ਪਾਇਆ। ਉਪਰੰਤ ਘਰ ਵਿੱਚੋਂ 4 ਬੱਚਿਆਂ ਸਮੇਤ 6 ਲਾਸ਼ਾਂ ਬਰਾਮਦ ਹੋਈਆਂ, ਜੋ ਬੁਰੀ ਤਰ੍ਹਾਂ ਸੜ ਚੁੱਕੀਆਂ ਸਨ। ਅੱਗ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।