
ਵਾਸ਼ਿੰਗਟਨ/ਏ.ਟੀ.ਨਿਊਜ਼:
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨ ਚੀਨ ਨਾਲ ਵਪਾਰ ਸਮਝੌਤਾ ਹੋਰ 90 ਦਿਨਾਂ ਲਈ ਟਾਲ ਦਿੱਤਾ ਹੈ, ਜਿਸ ਨਾਲ ਦੁਨੀਆ ਦੇ ਦੋ ਸਭ ਤੋਂ ਵੱਡੇ ਅਰਥਚਾਰਿਆਂ ਵਿਚਾਲੇ ਇੱਕ ਵਾਰ ਫਿਰ ਤੋਂ ਹੋਣ ਵਾਲਾ ਖਤਰਨਾਕ ਟਕਰਾਅ ਟਲ ਗਿਆ ਹੈ। ਟਰੰਪ ਨੇ ‘ਟਰੁੱਥ ਸੋਸ਼ਲ’ ਮੰਚ ’ਤੇ ਪੋਸਟ ਕੀਤਾ ਕਿ ਉਨ੍ਹਾਂ ਵਿਸਤਾਰ ਲਈ ਕਾਰਜਕਾਰੀ ਹੁਕਮ ’ਤੇ ਦਸਤਖ਼ਤ ਕੀਤੇ ਹਨ ਅਤੇ ‘ਸਮਝੌਤੇ ਦੀਆਂ ਹੋਰ ਸਾਰੀਆਂ ਗੱਲਾਂ ਜਿਉਂ ਦੀਆਂ ਤਿਉਂ ਰਹਿਣਗੀਆਂ।’ ਚੀਨ ਨਾਲ ਵਪਾਰ ਸਮਝੌਤੇ ਦੀ 90 ਦਿਨ ਦੀ ਪਿਛਲੀ ਸਮਾਂ-ਸੀਮਾ ਅੱਜ ਰਾਤ 12 ਵੱਜ ਕੇ ਇੱਕ ਮਿੰਟ ’ਤੇ ਖਤਮ ਹੋਣ ਵਾਲੀ ਸੀ। ਜੇ ਅਜਿਹਾ ਹੁੰਦਾ ਤਾਂ ਅਮਰੀਕਾ, ਚੀਨ ਤੋਂ ਹੋਣ ਵਾਲੀ ਦਰਾਮਦ ’ਤੇ ਪਹਿਲਾਂ ਤੋਂ ਜਾਰੀ 30 ਫੀਸਦੀ ਦੇ ਉੱਚ ਟੈਕਸ ਨੂੰ ਹੋਰ ਵਧਾ ਸਕਦਾ ਸੀ ਅਤੇ ਚੀਨ ਅਮਰੀਕੀ ਬਰਾਮਦ ’ਤੇ ਜਵਾਬੀ ਟੈਕਸ ਵਧਾ ਕੇ ਇਸ ਦਾ ਜਵਾਬ ਦੇ ਸਕਦਾ ਸੀ। ਇਸ ਸਮਝੌਤੇ ਦੀ ਮਿਆਦ ਵਧਣ ਨਾਲ ਦੋਵਾਂ ਦੇਸ਼ਾਂ ਨੂੰ ਆਪਣੇ ਕੁਝ ਮਤਭੇਦ ਸੁਲਝਾਉਣ ਦਾ ਸਮਾਂ ਮਿਲ ਗਿਆ ਹੈ, ਜਿਸ ਨਾਲ ਸੰਭਵ ਹੈ ਕਿ ਇਸ ਸਾਲ ਦੇ ਅੰਤ ਵਿੱਚ ਟਰੰਪ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਸਿਖਰ ਸੰਮੇਲਨ ਦਾ ਰਾਹ ਸਾਫ ਹੋ ਗਿਆ ਹੈ। ਦੂਜੇ ਪਾਸੇ ਚੀਨ ਨਾਲ ਵਪਾਰ ਕਰਨ ਵਾਲੀਆਂ ਅਮਰੀਕੀ ਕੰਪਨੀਆਂ ਨੇ ਵੀ ਇਸ ਦਾ ਸਵਾਗਤ ਕੀਤਾ ਹੈ। ‘ਯੂਐੱਸ-ਚਾਈਨਾ ਬਿਜ਼ਨਸ ਕਾਊਂਸਲ’ ਦੇ ਪ੍ਰਧਾਨ ਸੀਨ ਸਟੀਨ ਨੇ ਕਿਹਾ ਕਿ ਇਸ ਵਿਸਤਾਰ ਨਾਲ ਦੋਵਾਂ ਸਰਕਾਰਾਂ ਨੂੰ ਵਪਾਰ ਸਮਝੌਤੇ ਬਾਰੇ ਗੱਲਬਾਤ ਕਰਨ ਲਈ ਹੋਰ ਸਮਾਂ ਮਿਲੇਗਾ ਜੋ ਕਾਫੀ ਅਹਿਮ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਕਾਰੋਬਾਰੀਆਂ ਨੂੰ ਉਮੀਦ ਹੈ ਕਿ ਇਸ ਨਾਲ ਚੀਨ ’ਚ ਉਨ੍ਹਾਂ ਦੀ ਬਾਜ਼ਾਰ ਪਹੁੰਚ ਵਿੱਚ ਸੁਧਾਰ ਹੋਵੇਗਾ ਅਤੇ ਕੰਪਨੀਆਂ ’ਚ ਦਰਮਿਆਨੇ ਤੇ ਲੰਮੇ ਸਮੇਂ ਦੀਆਂ ਯੋਜਨਾਵਾਂ ਬਣਾਉਣ ਲਈ ਲੋੜੀਂਦਾ ਭਰੋਸਾ ਕਾਇਮ ਹੋਵੇਗਾ।