ਤਵਾਰੀਖ਼ੀ ਪੈੜ ਬਣ ਗਏ ਹਨ ਚੰਨ ’ਤੇ ਮਨੁੱਖ ਦੇ ਪੈਰਾਂ ਦੇ ਨਿਸ਼ਾਨ

In ਮੁੱਖ ਲੇਖ
August 14, 2025

ਪ੍ਰਿੰ. ਹਰੀ ਕ੍ਰਿਸ਼ਨ ਮਾਇਰ

ਨਿੱਕੇ ਹੁੰਦਿਆਂ ਤੋਂ ਅਸੀਂ ਚੰਨ ਨੂੰ ਵਿੰਹਦੇ ਆ ਰਹੇ ਹਾਂ। ਬਾਤ ਸੁਣਾਉਂਦੀ ਦਾਦੀ ਚੰਨ ਵੱਲ ਉਂਗਲ ਕਰਕੇ ਕਹਿੰਦੀ, ‘‘ਔਹ ਦੇਖ ਚੰਨ ਦੀ ਮਾਂ ਚਰਖਾ ਕੱਤਦੀ।” ਛੋਟਾ ਹੁੰਦਾ ਮੈਂ ਵੀ ਸੋਚਦਾ ਸਾਂ ਕਿ ਚੰਨ ਦਾ ਵੀ ਸਾਡੇ ਵਰਗਾ ਘਰ ਹੁੰਦਾ ਹੋਵੇਗਾ। ਚੰਨ ਦਾ ਕੁੜਤਾ ਪਜਾਮਾ ਬਣਾਉਣ ਲਈ ਉਸ ਦੀ ਮਾਂ ਚਰਖੇ ’ਤੇ ਸੂਤ ਕੱਤਦੀ ਹੋਵੇਗੀ। ਵੱਡਾ ਹੋਇਆ ਤਾਂ ਪਤਾ ਲੱਗਾ ਕਿ ਸੂਰਜ ਤੋਂ ਦੋ ਗਰਮ ਟੁਕੜੇ ਵੱਖ ਹੋਏ ਸਨ। ਇੱਕ ਟੁਕੜਾ ਠੰਡਾ ਹੋ ਕੇ ਧਰਤੀ ਬਣ ਗਿਆ ਅਤੇ ਦੂਜਾ ਚੰਨ। ਧਰਤੀ ਅਤੇ ਚੰਨ ਇੱਕੋ ਸਮੇਂ ਹੋਂਦ ਵਿੱਚ ਆਏ ਮੰਨੇ ਜਾਂਦੇ ਹਨ।

ਪੁਰਾਤਨ ਲੋਕਾਂ ਨੇ ਚੰਨ ਬਾਰੇ ਕਿੰਨੇ ਹੀ ਕਿੱਸੇ ਕਹਾਣੀਆਂ ਜੋੜ ਰੱਖੇ ਸਨ। ਚੰਨ ਨਾਲ ਜੁੜਿਆ ਕੈਲੰਡਰ ਵੀ ਪ੍ਰਚਲਿਤ ਹੈ। ਚੰਨ ਗ੍ਰਹਿਣ ਨੂੰ ਕਿਸੇ ਰਿਸ਼ੀ ਦਾ ਦਿੱਤਾ ਸਰਾਪ ਮੰਨਿਆ ਜਾਂਦਾ ਰਿਹਾ ਹੈ। ਫਿਰ ਜਦੋਂ ਮਨੁੱਖ ਚੰਨ ’ਤੇ ਗੇੜਾ ਲਗਾ ਆਇਆ ਤਾਂ ਇਹ ਸਾਰੇ ਕਿੱਸੇ ਕਹਾਣੀਆਂ ਝੂਠੇ ਨਿਕਲੇ।
ਚੰਨ ਵੱਲ ਭੇਜੇ ਪੁਲਾੜੀ ਵਾਹਨਾਂ ਦੀ ਸ਼ੁਰੂਆਤ 4 ਅਕਤੂਬਰ 1957 ਤੋਂ ਹੋਈ, ਜਦੋਂ ਰੂਸ ਨੇ ਪੁਲਾੜੀ ਯਾਨ ਸਪੂਤਨਿਕ ਨੂੰ ਚੰਨ ਵੱਲ ਭੇਜਿਆ ਸੀ। ਫਿਰ 2 ਜਨਵਰੀ 1959 ਨੂੰ ਪੁਲਾੜੀ ਵਾਹਨ ਲੂਨਾ-1 ਰੂਸ ਦੀ ਧਰਤੀ ਤੋਂ ਉੱਡਿਆ। ਫਿਰ ਲੂਨਾ-2 ਪੁਲਾੜੀ ਯਾਨ 12 ਸਤੰਬਰ 1959 ਨੂੰ ਚੰਨ ਦੀ ਸਤ੍ਹਾ ’ਤੇ ਪਹੁੰਚਣ ਵਾਲਾ ਪਹਿਲਾ ਪੁਲਾੜੀ ਯਾਨ ਬਣ ਗਿਆ। ਲੂਨਾ-3 ਪੁਲਾੜੀ ਵਾਹਨ ਨੂੰ 4 ਅਕਤੂਬਰ 1959 ਨੂੰ ਚੰਨ ਵੱਲ ਭੇਜਿਆ ਗਿਆ। ਇਹ ਚੰਨ ਦੀਆਂ ਫੋਟੋਆਂ ਵੀ ਖਿੱਚ ਲਿਆਇਆ ਸੀ। ਸੰਨ 1966 ’ਚ ਭੇਜਿਆ ਪੁਲਾੜੀ ਵਾਹਨ ਲੂਨਾ -9 ਚੰਨ ’ਤੇ ਸੰਜਮ ਨਾਲ ਉੱਤਰਨ ਵਾਲਾ ਅਤੇ ਲੂਨਾ-10 ਚੰਨ ਦੀ ਧਰਤੀ ਅੰਦਰ ਦਾਖਲ ਹੋਣ ਵਾਲਾ ਪਹਿਲਾ ਪੁਲਾੜੀ ਮਿਸ਼ਨ ਬਣ ਗਿਆ। ਇੰਜ ਰੂਸ ਦੁਨੀਆ ਵਿੱਚ ਸਭ ਤੋਂ ਪਹਿਲਾਂ ਮਨੁੱਖ ਰਹਿਤ ਪੁਲਾੜੀ ਵਾਹਨ ਚੰਨ ’ਤੇ ਭੇਜਣ ਅਤੇ ਉਸ ਨੂੰ ਮੁੜ ਧਰਤੀ ’ਤੇ ਲਿਆਉਣ ਵਿੱਚ ਕਾਮਯਾਬ ਹੋ ਗਿਆ ਸੀ। ਇਸ ਤੋਂ ਬਾਅਦ ਪੁਲਾੜੀ ਵਾਹਨ ਰਾਹੀਂ ਮਨੁੱਖ ਨੂੰ ਚੰਨ ’ਤੇ ਲਿਜਾਣ ਅਤੇ ਮੋੜ ਲਿਆਉਣ ਦੇ ਯਤਨ ਨਿਰੰਤਰ ਜਾਰੀ ਰਹੇ। ਸੰਨ 1961 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੌਹਨ ਕੈਨੇਡੀ ਨੇ ਐਲਾਨ ਕੀਤਾ ਕਿ ਅਮਰੀਕਾ ਸੰਨ 1970 ਤੀਕ ਚੰਨ ਉੱਪਰ ਮਨੁੱਖ ਨੂੰ ਉਤਾਰਨ ਅਤੇ ਵਾਪਸ ਧਰਤੀ ’ਤੇ ਲਿਆਉਣ ਦੇ ਸਮਰੱਥ ਹੋ ਜਾਵੇਗਾ, ਪਰ ਜੌਹਨ ਕੈਨੇਡੀ ਦਾ ਲਿਆ ਸੁਪਨਾ ਮਿੱਥੇ ਸਮੇਂ ਤੋਂ ਪਹਿਲਾਂ ਹੀ ਸਾਕਾਰ ਹੋ ਗਿਆ।
ਅਮਰੀਕਾ ਵੱਲੋਂ 24 ਦਸੰਬਰ 1968 ਨੂੰ ਅਪੋਲੋ-8 ਪੁਲਾੜੀ ਵਾਹਨ ਪੁਲਾੜ ਵਿੱਚ ਭੇਜਿਆ ਗਿਆ। ਇਹ ਪੁਲਾੜੀ ਵਾਹਨ ਚੰਨ ਦੇ ਪੂਰੇ ਦਸ ਚੱਕਰ ਲਗਾ ਕੇ 27 ਦਸੰਬਰ ਨੂੰ ਸ਼ਾਂਤ ਮਹਾਂਸਾਗਰ ’ਤੇ ਵਾਪਸ ਆ ਗਿਆ। ਫਿਰ ਅਪੋਲੋ-10 ਪੁਲਾੜ ਗੱਡੀ 15 ਮਈ 1969 ਨੂੰ ਦੋ ਪੁਲਾੜ ਯਾਤਰੀਆਂ ਸਮੇਤ ਚੰਨ ਵੱਲ ਭੇਜੀ ਗਈ। ਇਸ ਨੇ ਚੰਨ ਦੇ ਤਿੰਨ ਚੱਕਰ ਲਗਾਏ ਅਤੇ ਮੁੜ ਧਰਤੀ ’ਤੇ ਮੁੜ ਆਈ।
ਫਿਰ ਅਮਰੀਕਾ ਦੀ ਪੁਲਾੜੀ ਵਾਹਨ ਅਪੋਲੋ-11 ਦਾ ਮਾਡਿਊਲ ਕੋਲੰਬੀਆ ਤਿੰਨ ਪੁਲਾੜ ਯਾਤਰੀਆਂ ਨੀਲ ਆਰਮਸਟਰਾਂਗ, ਈ. ਐਲਡਰਿਨ ਅਤੇ ਪਾਇਲਟ ਮਾਈਕਲ ਕੋਲਿਨਜ਼ ਨੂੰ ਨਾਲ ਲੈ ਕੇ ਫਲੋਰੀਡਾ ਸਥਿਤ ਕੈਨੇਡੀ ਸਪੇਸ ਸੈਂਟਰ ਤੋਂ 16 ਜੁਲਾਈ 1969 ਨੂੰ ਚੰਨ ਵੱਲ ਰਵਾਨਾ ਹੋਇਆ। ਇਸ ਨੂੰ ਸੈਚੂਰਨ-5 ਰਾਕਟ ਛੱਡ ਕੇ ਆਇਆ ਸੀ। ਇਹ ਪੁਲਾੜੀ ਵਾਹਨ 20 ਜੁਲਾਈ 1969 ਨੂੰ ਚੰਨ ’ਤੇ ਮਿਥੀ ਥਾਂ ਸ਼ਾਂਤੀ ਸਾਗਰ ’ਤੇ ਉਤਾਰਿਆ ਗਿਆ। ਨੀਲ ਆਰਮਸਟਰਾਂਗ ਪੁਲਾੜੀ ਵਾਹਨ ਦੇ ਲੂਨਰ ਮਾਡਿਊਲ ‘ਈਗਲ’ ’ਚੋਂ ਪੌੜੀ ਲਾ ਕੇ ਸਭ ਤੋਂ ਪਹਿਲਾਂ ਚੰਨ ਦੀ ਦਲਦਲੀ ਜ਼ਮੀਨ ’ਤੇ ਉਤਰਿਆ। ਚੰਨ ’ਤੇ ਪੈਰ ਟਿਕਾਉਾਂਦੇਉਹ ਬੋਲਿਆ, ‘‘ਇਹ ਤਾਂ ਇੱਕ ਛੋਟਾ ਜਿਹਾ ਕਦਮ ਹੈ, ਪਰ ਮਾਨਵਤਾ ਲਈ ਇਹ ਇੱਕ ਬਹੁਤ ਵੱਡੀ ਇਤਿਹਾਸਕ ਪੁਲਾਂਘ ਹੈ।” ਆਰਮਸਟਰਾਂਗ ਦੇ ਪੈਰ ਦਲਦਲ ਵਿੱਚ ਧਸ ਗਏ ਸਨ।
ਉਨ੍ਹਾਂ ਪੈਰਾਂ ਦੇ ਨਿਸ਼ਾਨ ਅੱਜ ਚਿਰਾਂ ਤੀਕ ਰਹਿਣ ਵਾਲੀ ਤਵਾਰੀਖ਼ੀ ਪੈੜ ਬਣ ਗਏ ਹਨ। ਵੀਹ ਮਿੰਟ ਪਿੱਛੋਂ ਐਲਡਰਿਨ ਆਰਮਸਟਰਾਂਗ ਵੀ ਨਾਲ ਆ ਰਲਿਆ ਸੀ। ਮਾਈਕਲ ਕੋਲਿਨਜ ਪੁਲਾੜੀ ਵਾਹਨ ਵਿੱਚ ਹੀ ਬੈਠਾ ਫੋਟੋਆਂ ਖਿੱਚਦਾ ਰਿਹਾ। ਡੇਟਾ ਇਕੱਤਰ ਕਰਦਾ ਰਿਹਾ। ਨੀਲ ਆਰਮਸਟਰਾਂਗ ਅਤੇ ਐਲਡਰਿਨ ਤਕਰੀਬਨ ਤਿੰਨ ਘੰਟੇ ਚੰਨ ਦੀ ਧੂੜ, ਮਿੱਟੀ, ਚੱਟਾਨਾਂ ਦੇ ਟੁਕੜੇ ਆਦਿ ਇਕੱਠੇ ਕਰਦੇ ਰਹੇ ਸਨ। ਉਨ੍ਹਾਂ ਨੇ ਚੰਨ ਦੀ ਸਤ੍ਵਾ ਤੋਂ 47.5 ਪੌਂਡ (21.5 ਕਿਲੋਗਰਾਮ) ਪਦਾਰਥ ਇਕੱਤਰ ਕਰ ਲਿਆ ਸੀ। ਚੰਨ ਦੀ ਜ਼ਮੀਨ ਦੀਆਂ ਫੋਟੋਆਂ ਖਿੱਚੀਆਂ। ਕੁਝ ਪ੍ਰਯੋਗ ਕੀਤੇ। ਡੇਟਾ ਇਕੱਠਾ ਕਰਕੇ ਤਰਤੀਬ ’ਚ ਕੀਤਾ। ਕੈਮਰੇ ਦਾ ਮੂੰਹ ਆਪਣੇ ਵੱਲ ਮੋੜ ਕੇ ਆਪਣੇ ਗ੍ਰਹਿ ਧਰਤੀ ਦੇ ਲੋਕਾਂ ਨੂੰ ਪੁਲਾੜ ਯਾਤਰੀ ਚੰਨ ਦੀ ਧਰਤੀ ’ਤੇ ਤੁਰਦੇ ਫਿਰਦੇ ਦਿਖਾਏ ਗਏ ਸਨ। ਉਨ੍ਹਾਂ ਚੰਨ ’ਤੇ ਇੱਕ ਥਾਂ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਚਾਰਲਸ ਨਿਕਸਨ ਦੇ ਦਸਤਖ਼ਤਾਂ ਵਾਲੀ ਧਾਤ ਦੀ ਪਲੇਟ ਰੱਖ ਕੇ, ਅਮਰੀਕਾ ਦਾ ਝੰਡਾ ਵੀ ਲਾਇਆ। ਪੁਲਾੜ ਯਾਤਰੀਆਂ ਨੇ ਚੰਨ ਦੀ ਸਤ੍ਵਾ ’ਤੇ ਤਕਰੀਬਨ 21 ਘੰਟੇ 36 ਮਿੰਟ ਸ਼ਾਂਤੀ ਸਾਗਰ ਸਾਈਟ ’ਤੇ ਗੁਜ਼ਾਰੇ। ਅਪੋਲੋ-11 ਮਿਸ਼ਨ ਦਾ ਤੈਅ ਕੀਤਾ ਸਮਾਂ 8 ਦਿਨ 18 ਮਿੰਟ 35 ਸੈਕਿੰਡ ਸੀ। ਪੁਲਾੜ ਯਾਤਰੀ ਇਸ ਸਮੇਂ ਦੌਰਾਨ ਚੰਨ ਦੀ ਧਰਤੀ ’ਤੇ ਤਕਰੀਬਨ ਇੱਕ ਕਿਲੋਮੀਟਰ ਦੀ ਦੂਰੀ ਤੀਕ ਹੀ ਤੁਰੇ ਸਨ।
ਬਾਅਦ ਵਿੱਚ ਰਾਸ਼ਟਰਪਤੀ ਚਾਰਲਸ ਨੇ ਵ੍ਹਾਈਟ ਹਾਊਸ ਤੋਂ ਪੁਲਾੜ ਯਾਤਰੀਆਂ ਨੂੰ ਫੋਨ ’ਤੇ ਮੁਬਾਰਕਬਾਦ ਵੀ ਦਿੱਤੀ ਸੀ। ਧਰਤੀ ਦੇ ਲੱਖਾਂ ਲੋਕਾਂ ਨੇ ਪ੍ਰਸਾਰਨ ਮਾਧਿਅਮ ਰਾਹੀਂ ਨੀਲ ਆਰਮਸਟਰਾਂਗ ਅਤੇ ਐਲਡਰਿਨ ਨੂੰ ਚੰਨ ਦੀ ਧਰਤੀ ’ਤੇ ਉਤਰਦਿਆਂ ਦੇਖਿਆ ਸੀ। ਵਿਸ਼ਵ ਦੇ ਕਿੰਨੇ ਹੀ ਮੁਲਕਾਂ ਨੇ ਨਾਸਾ ਨੂੰ ਵਧਾਈ ਦੇ ਸੰਦੇਸ਼ ਭੇਜੇ ਸਨ। ਮਾਸਕੋ ਰੇਡੀਓ ਨੇ ਚੰਨ ’ਤੇ ਮਨੁੱਖ ਦੇ ਪੈਰ ਰੱਖਣ ਦੀ ਖ਼ਬਰ ਸਭ ਤੋਂ ਪਹਿਲਾਂ ਪ੍ਰਸਾਰਿਤ ਕੀਤੀ ਸੀ।
ਈਗਲ ਪੁਲਾੜੀ ਵਾਹਨ ਨੂੰ ਪਾਇਲਟ ਨੇ ਪੂਰਨ ਸੁਰੱਖਿਆ ਨਾਲ 21 ਜੁਲਾਈ ਨੂੰ ਕੋਲੰਬੀਆ ਨਾਲ ਜੋੜਨ ਲਈ ਮਿਥੀ ਥਾਂ ’ਤੇ ਲੈ ਆਂਦਾ ਸੀ। ਫਿਰ ਕੋਲੰਬੀਆ ਪੁਲਾੜੀ ਵਾਹਨ ਵਾਪਸ ਧਰਤੀ ਵੱਲ ਮੁੜ ਪਿਆ। ਧਰਤੀ ਵੱਲ ਮੁੜਦਿਆਂ ਗੁਆਮ ਟ੍ਰੈਕਿੰਗ ਸਟੇਸ਼ਨ ਵਿੱਚ ਖ਼ਰਾਬੀ ਪੈਣ ਨਾਲ ਪਲ ਭਰ ਲਈ ਪੁਲਾੜ ਗੱਡੀ ਦਾ ਸੰਪਰਕ ਧਰਤੀ ਨਾਲੋਂ ਟੁੱਟਿਆ ਰਿਹਾ, ਪਰ ਸਟੇਸ਼ਨ ਡਾਇਰੈਕਟਰ ਚਾਰਲਸ ਫੋਰਸ ਦੇ ਦਸ ਸਾਲਾ ਪੁੱਤਰ ਦੇ ਨਿੱਕੇ ਹੱਥਾਂ ਨਾਲ ਹਾਊਸਿੰਗ ਵਿੱਚ ਗ੍ਰੀਸ ਭਰਨ ਨਾਲ ਸੰਪਰਕ ਮੁੜ ਜੁੜ ਗਿਆ ਸੀ। ਫਿਰ 24 ਜੁਲਾਈ 1969 ਨੂੰ ਸਫਲਤਾਪੂਰਵਕ ਪੁਲਾੜੀ ਵਾਹਨ ਦਾ ਮਾਡਿਊਲ ਕੋਲੰਬੀਆ ਧਰਤੀ ਤੇ ਸ਼ਾਂਤ ਮਹਾਂਸਾਗਰ ਦੀ ਸਤ੍ਵਾ ’ਤੇ ਆ ਟਕਰਾਇਆ। ਕਿੰਗ ਹੈਲੀਕਾਪਟਰ ਅਤੇ ਗਰੂਮੈਨ ਟ੍ਰੇਸਰ ਰਿਕਵਰੀ ਉਪਕਰਨ, ਸੰਚਾਰ ਉਪਕਰਨ, ਫੋਟੋਗ੍ਰਾਫਿਕ ਕੈਮਰਿਆਂ ਨਾਲ ਲੈਸ ਹੋ ਕੇ ਪਹਿਲਾਂ ਹੀ ਤਿਆਰ ਸਨ। ਕੋਲੰਬੀਆ ਨੂੰ ਸੰਤੁਲਨ ਵਿੱਚ ਲਿਆਂਦਾ ਗਿਆ। ਗੋਤਾਖੋਰਾਂ ਨੇ ਪੁਲਾੜ ਯਾਤਰੀਆਂ ਨੂੰ ਦੂਜੇ ਲੋਕਾਂ ਤੋਂ ਵੱਖ ਕਰਨ ਲਈ ਵਿਸ਼ੇਸ਼ ਕਿਸਮ ਦੇ ਕੱਪੜੇ ਦਿੱਤੇ। ਉਨ੍ਹਾਂ ਨੂੰ ਸੁਰੱਖਿਅਤ ਬੇੜੀ ਤੀਕ ਲਿਜਾਣ ਵਿੱਚ ਮਦਦ ਕੀਤੀ। ਉਨ੍ਹਾਂ ਨੂੰ ਚੰਨ ਦੀ ਸਤ੍ਵਾ ਤੋਂ ਚਿੰਬੜੇ ਰੋਗਜਨਕ ਪਦਾਰਥਾਂ ਤੋਂ ਮੁਕਤ ਕਰਨ ਲਈ ਸੋਡੀਅਮ ਹਾਈਪੋਕਲੋਰਾਈਟ ਘੋਲ ਨਾਲ ਇਸ਼ਨਾਨ ਕਰਾਇਆ ਗਿਆ। ਪੁਲਾੜ ਗੱਡੀ ਤੋਂ ਚੰਨ ਦੀ ਧੂੜ ਲਾਹੁਣ ਲਈ ਕੋਲੰਬੀਆ ਨੂੰ ਬੀਟਾਡੀਨ ਨਾਲ ਧੋਤਾ ਗਿਆ। ਉਨ੍ਹਾਂ ਨੂੰ ਮੋਬਾਈਲ ਕੁਆਰਟਾਈਨ ਦੀ ਸਹੂਲਤ ਦਿੱਤੀ ਗਈ ਸੀ। ਫਿਰ ਉਨ੍ਹਾਂ ਨੂੰ ਇੱਕੀ ਦਿਨ ਇਕਾਂਤਵਾਸ ਲਈ
ਭੇਜਿਆ ਗਿਆ। ਪੁਲਾੜ ਗੱਡੀ ਵਿੱਚੋਂ ਚੰਨ ਤੋਂ ਲਿਆਂਦੇ ਮਿੱਟੀ ਦੇ ਨਮੂਨੇ, ਡੇਟਾ, ਫਿਲਮਾਂ, ਟੇਪਾਂ ਬਗੈਰਾ ਉਤਾਰ ਲਏ ਗਏ ਸਨ। ਇਨ੍ਹਾਂ ਨੂੰ ਅਗਲੇਰੀ ਜਾਂਚ ਪੜਤਾਲ ਲਈ ਪ੍ਰਯੋਗਸ਼ਾਲਾ ਵਿੱਚ ਭੇਜ ਦਿੱਤਾ ਗਿਆ ਸੀ।
ਅਪੋਲੋ-11 ਮਨੁੱਖ ਨੂੰ ਚੰਨ ’ਤੇ ਲਿਜਾਣ ਵਾਲਾ ਦੁਨੀਆ ਦਾ ਪਹਿਲਾ ਪੁਲਾੜੀ ਵਾਹਨ ਬਣ ਗਿਆ। ਇਸ ਦੇ ਨਾਲ ਨੀਲ ਆਰਮਸਟਰਾਂਗ ਚੰਨ ’ਤੇ ਪੈੜਾਂ ਪਾਉਣ ਵਾਲਾ ਪਹਿਲਾ ਪੁਲਾੜ ਯਾਤਰੀ ਬਣ ਗਿਆ। ਅਮਰੀਕਾ ਮਨੁੱਖ ਨੂੰ ਪੁਲਾੜੀ ਵਾਹਨ ਰਾਹੀਂ ਚੰਨ ’ਤੇ ਲਿਜਾਣ ਵਾਲਾ ਪਹਿਲਾ ਮੁਲਕ ਬਣ ਗਿਆ।

Loading