ਚੁੱਲ੍ਹੇ ਪਕਾਵਾਂ ਰੋਟੀਆਂ…

In ਮੁੱਖ ਲੇਖ
August 14, 2025

ਡਾ. ਪ੍ਰਿਤਪਾਲ ਸਿੰਘ ਮਹਿਰੋਕ
ਚੁੱਲ੍ਹੇ ਦਾ ਪੰਜਾਬੀ ਲੋਕ ਜੀਵਨ ਵਿੱਚ ਵਿਸ਼ੇਸ਼ ਮਹੱਤਵ ਹੈ। ਲੋਕ ਜੀਵਨ ਦੇ ਬਹੁਤੇ ਹਿੱਸੇ ਵਿੱਚ ਅਜੇ ਵੀ ਚੁੱਲ੍ਹੇ ਦਾ ਅਹਿਮ ਸਥਾਨ ਹੈ। ਚੁੱਲ੍ਹਾ ਅਰਧ ਗੋਲੇ ਦੀ ਸ਼ਕਲ ਅਤੇ ਖ਼ਾਸ ਆਕਾਰ ਦਾ ਬਣਾਇਆ ਹੁੰਦਾ ਹੈ। ਚੁੱਲ੍ਹੇ ਵਿੱਚ ਊਰਜਾ ਪੈਦਾ ਕਰਨ ਵਾਲੇ ਕਿਸੇ ਸਰੋਤ ਨਾਲ ਸੇਕ ਪੈਦਾ ਕੀਤਾ ਜਾਂਦਾ ਹੈ। ਉਸ ਊਰਜਾ ਤੋਂ ਭੋਜਨ ਪਕਾਇਆ ਜਾਂਦਾ ਹੈ। ਚੁੱਲ੍ਹੇ ਕਈ ਪ੍ਰਕਾਰ ਦੇ ਹੁੰਦੇ ਹਨ। ਮਿੱਟੀ ਦਾ ਚੁੱਲ੍ਹਾ, ਕਾਂਗੜੀ, ਅੰਗੀਠੀ, ਗੈਸ ਵਾਲਾ ਚੁੱੱਲ੍ਹਾ, ਸੂਖਮ ਤਰੰਗ ਚੁੱਲ੍ਹਾ, ਇੰਡਕੱਸ਼ਨ ਚੁੱਲ੍ਹਾ, ਹੀਟਰ, ਸੂਰਜੀ ਊਰਜਾ ਵਾਲਾ ਚੁੱਲ੍ਹਾ ਤੇ ਕਈ ਹੋਰ ਕਿਸਮਾਂ ਦੇ ਚੁੱਲ੍ਹੇ ਵੀ ਹੋ ਸਕਦੇ ਹਨ। ਵਿਭਿੰਨ ਪ੍ਰਕਾਰ ਦੇ ਚੁੱਲ੍ਹਿਆਂ ਵਿੱਚ ਵਰਤੋਂ ਵਿੱਚ ਲਿਆਉਣ ਵਾਲਾ ਬਾਲਣ ਵੀ ਵੱਖ ਵੱਖ ਵੰਨਗੀਆਂ ਦਾ ਹੁੰਦਾ ਹੈ। ਲੱਕੜੀ, ਗੋਹੇ ਦੀਆਂ ਪਾਥੀਆਂ, ਕੋਇਲਾ, ਲੱਕੜੀ ਦਾ ਬੂਰਾ, ਮਿੱਟੀ ਦਾ ਤੇਲ, ਬਿਜਲੀ, ਸੂਰਜੀ ਊਰਜਾ, ਤਰਲ ਰੂਪ ਵਿੱਚ ਢਾਲ਼ੀ ਪੈਟਰੋਲੀਅਮ ਗੈਸ ਆਦਿ ਨੂੰ ਇਨ੍ਹਾਂ ਵਿਭਿੰਨ ਭਾਂਤੀ ਚੁੱਲ੍ਹਿਆਂ ਵਿੱਚ ਬਾਲਣ ਵਜੋਂ ਵਰਤਿਆ ਜਾਂਦਾ ਹੈ।
ਇਥੇ ਗੱਲ ਅਸੀਂ ਮਿੱਟੀ ਦੇ ਚੁੱਲ੍ਹੇ ਦੀ ਕਰਨੀ ਹੈ। ਜਿਸ ਭਾਂਡੇ ਵਿੱਚ ਰਿੰਨ੍ਹਣ ਪਕਾਉਣ ਵਾਲੀ ਚੀਜ਼ ਪਾਉਣੀ ਹੁੰਦੀ ਹੈ, ਉਸ ਨੂੰ ਚੁੱਲ੍ਹੇ ਉੱਤੇ ਟਿਕਾਉਣ ਲਈ ਚੁੱਲ੍ਹੇ ਦੇ ਤਿੰਨ ਮੁੰਨੇ ਬਣਾਏ ਜਾਂਦੇ ਹਨ। ਲੋਕਧਾਰਾ ਵਿੱਚ ਤਿੰਨ ਮੁੰਨਿਆਂ ਨੂੰ ਤ੍ਰੈ-ਮੂਰਤੀ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ। ਅਗਨੀ, ਵਾਯੂ ਅਤੇ ਸੂਰਜ ਦੀ ਤ੍ਰੈ-ਮੂਰਤੀ ਦਾ ਬਹੁਤ ਗਹਿਰਾ ਸਬੰਧ/ਮਹੱਤਵ ਹੈ। ਲੋਕ ਸੱਭਿਆਚਾਰ ਵਿੱਚ ਅੰਨ ਨੂੰ ਦੇਵਤਾ ਸਮਝਿਆ ਜਾਂਦਾ ਹੈ। ਚੁੱਲ੍ਹੇ ਉੱਪਰ ਕਿਉਂ ਜੋ ਅੰਨ ਪਕਾਇਆ ਜਾਂਦਾ ਹੈ, ਇਸ ਲਈ ਲੋਕਧਾਰਾ ਵਿੱਚ ਚੁੱਲ੍ਹੇ ਨੂੰ ਦੇਵਮ ਅਸਥਾਨ ਮੰਨਿਆ ਜਾਣ ਲੱਗ ਪਿਆ। ਚੁੱਲ੍ਹੇ ਵਿੱਚ ਅਗਨੀ ਤਾਂ ਨਿਵਾਸ ਕਰਦੀ ਹੀ ਹੈ, ਇਸ ਲਈ ਇਹ ਅਗਨੀ ਦਾ ਨਿਵਾਸ ਅਸਥਾਨ ਵੀ ਮੰਨਿਆ ਜਾਣ ਲੱਗਾ। ਇਸੇ ਕਾਰਨ ਪਹਿਲੇ ਸਮਿਆਂ ਵਿੱਚ ਚੁੱਲ੍ਹੇ ਨੂੰ ਸਦਾ ਪਵਿੱਤਰ ਰੱਖਣ ਲਈ ਸੁਆਣੀਆਂ ਇਸ ਉੱਤੇ ਹਰ ਰੋਜ਼ ਗੋਹੇ ਦੀ ਮਿੱਟੀ ਦਾ ਪੋਚਾ ਫੇਰਨ ਦੇ ਨੇਮ ਦੀ ਪਾਲਣਾ ਕਰਦੀਆਂ ਸਨ। ਇਸ ਨਾਲ ਚੁੱਲ੍ਹਾ ਪਵਿੱਤਰ ਹੋ ਜਾਂਦਾ ਸੀ। ਲੋਕ ਵਿਸ਼ਵਾਸ ਅਨੁਸਾਰ ਚੁੱਲ੍ਹੇ ਉੱਪਰ ਕੋਈ ਜੂਠੀ ਚੀਜ਼ ਨਹੀਂ ਸੀ ਰੱਖੀ ਜਾਂਦੀ। ਇੱਥੋਂ ਤੱਕ ਕਿ ਚੁੱਲ੍ਹੇ ਵਿੱਚ ਬਲਦੀ ਅੱਗ ਨੂੰ ਜੇ ਇਕਦਮ ਬੁਝਾਉਣ ਦੀ ਲੋੜ ਪੈਂਦੀ ਸੀ ਤਾਂ ਅੱਗ ਬੁਝਾਉਣ ਲਈ ਜੂਠੇ ਪਾਣੀ ਦਾ ਛਿੜਕਾਅ ਨਹੀਂ ਸੀ ਕੀਤਾ ਜਾਂਦਾ। ਪੈਰਾਂ ਵਿੱਚ ਜੁੱਤੀ ਪਹਿਨ ਕੇ ਚੁੱਲ੍ਹੇ ਨੇੜੇ ਜਾਣ ਜਾਂ ਕੋਲ ਬੈਠਣ ਜਾਂ ਕੋਲ ਬੈਠ ਕੇ ਰੋਟੀ ਖਾਣ ਦੀ ਲਗਪਗ ਮਨਾਹੀ ਹੁੰਦੀ ਸੀ। ਇਸ ਪਿੱਛੇ ਚੁੱਲ੍ਹੇ ਦੀ ਸੁੱਚਮਤਾ ਤੇ ਪਵਿੱਤਰਤਾ ਨੂੰ ਬਣਾਈ ਰੱਖਣ ਦੀ ਮਨਸ਼ਾ ਦੀ ਪ੍ਰਾਥਮਿਕਤਾ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਸੀ।
ਪਹਿਲੇ ਸਮਿਆਂ ਵਿੱਚ ਲੋਕੀਂ ਅਕਸਰ ਰਾਤ ਨੂੰ ਚੁੱਲ੍ਹੇ ਦੀ ਸੁਆਹ ਵਿੱਚ ਅੱਗ ਦੱਬ ਦਿੰਦੇ ਸਨ ਅਤੇ ਤੜਕਸਾਰ ਰਾਤ ਨੂੰ ਦੱਬ ਕੇ ਰੱਖੀ ਅੱਗ ਤੋਂ ਸੁਆਹ ਝਾੜ ਕੇ ਫੂਕਾਂ ਮਾਰ-ਮਾਰ ਕੇ ਉਸ ਤੋਂ ਮੁੜ ਅੱਗ ਬਾਲ ਲੈਂਦੇ ਸਨ। ਲੋਕ ਮਾਨਤਾ ਅਨੁਸਾਰ ਲੋਹੜੀ ਵਾਲੀ ਰਾਤ ਨੂੰ ਬਾਲ਼ੀ ਅੱਗ ਵਿੱਚੋਂ ਬਚੀ ਅੱਗ ਚੁੱਲ੍ਹੇ ਵਿੱਚ ਬਾਲਣ ਨਾਲ ਚੁੱਲ੍ਹੇ ਵਿੱਚ ਹਮੇਸ਼ਾ ਅੱਗ ਭਖਦੀ ਰਹਿੰਦੀ ਸੀ। ਇਸ ਮਨੌਤ ਅਨੁਸਾਰ ਕਹਿੰਦੇ ਹਨ ਕਿ ਚੁੱਲ੍ਹੇ ਵਿੱਚ ਬਰਕਤ ਬਣੀ ਰਹਿੰਦੀ ਸੀ ਤੇ ਚੁੱਲ੍ਹੇ ’ਤੇ ਪਕਾਉਣ ਵਾਲੇ ਅੰਨ ਦੀ ਕਦੇ ਘਾਟ ਨਹੀਂ ਸੀ ਰਹਿੰਦੀ।
‘ਪੰਜਾਬੀ ਲੋਕਧਾਰਾ ਵਿਸ਼ਵਕੋਸ਼’ ਵਿੱਚ ਡਾ.ਸੋਹਿੰਦਰ ਸਿੰਘ ਵਣਜਾਰਾ ਬੇਦੀ ਦੇ ਲਿਖਣ ਅਨੁਸਾਰ- ‘ਪਹਿਲਿਆਂ ਸਮਿਆਂ ਵਿੱਚ ਚੁੱਲ੍ਹਾ ਘਰ ਵਿੱਚ ਸਭ ਤੋਂ ਸੁਰੱਖਿਅਤ ਥਾਂ ਹੋਣ ਕਰਕੇ ਕਈ ਲੋਕ ਆਪਣਾ ਸੋਨਾ-ਚਾਂਦੀ ਤੇ ਕਈ ਹੋਰ ਕੀਮਤੀ ਚੀਜ਼ਾਂ ਚੁੱਲ੍ਹੇ ਦੇ ਹੇਠਾਂ ਘੜੋਲੀ ਵਿੱਚ ਦੱਬ ਦਿੰਦੇ ਸਨ।’
ਪੰਜਾਬੀ ਲੋਕ ਜੀਵਨ ਵਿੱਚ ਚੁੱਲ੍ਹਾ ਸਾਂਝੇ ਪਰਿਵਾਰ ਦਾ ਪ੍ਰਤੀਕ ਵੀ ਸਮਝਿਆ ਜਾਂਦਾ ਰਿਹਾ ਹੈ। ਲੋਕ ਪਰੰਪਰਾ ਅਨੁਸਾਰ ਜਦੋਂ ਸਾਂਝੇ ਪਰਿਵਾਰ ਵਿੱਚੋਂ ਕੋਈ ਜੀਅ ਵੱਖਰਾ ਹੋ ਜਾਂਦਾ ਸੀ ਤਾਂ ਉਸ ਦਾ ਚੁੱਲ੍ਹਾ ਚੌਂਕਾ ਵੀ ਵੱਖਰਾ ਕਰ ਦਿੱਤਾ ਜਾਂਦਾ ਸੀ। ਲੋਕਧਾਰਾ ਵਿਗਿਆਨੀਆਂ ਅਨੁਸਾਰ ਚੁੱਲ੍ਹੇ ਵਿੱਚ ਬਾਲ਼ੀ ਲੱਕੜੀ ਜਾਂ ਗੋਹਿਆਂ ਦੀ ਸੁਆਹ ਨੂੰ ਬੜਾ ਪਵਿੱਤਰ ਸਮਝਿਆ ਜਾਂਦਾ ਸੀ। ਇਸ ਸੁਆਹ ਨਾਲ ਵੀ ਕਈ ਮਨੌਤਾਂ ਜੁੜੀਆਂ ਹਨ। ਲੱਕੜੀ ਜਾਂ ਪਾਥੀਆਂ ਅਗਨੀ ਪ੍ਰੀਖਿਆ ਵਿੱਚੋਂ ਗੁਜ਼ਰਨ ਪਿੱਛੋਂ ਸੁਆਹ (ਭਸਮ) ਦਾ ਰੂਪ ਧਾਰਨ ਕਰਦੇ ਹਨ। ਕਹਿੰਦੇ ਹਨ ਕਿ ਜਿਸ ਨੂੰ ਅਗਨੀ ਛੂਹ ਜਾਵੇ, ਉਹ ਚੀਜ਼ ਪਵਿੱਤਰ ਹੋ ਜਾਂਦੀ ਹੈ। ਇਸ ਲਈ ਚੁੱਲ੍ਹੇ ਦੀ ਸੁਆਹ ਨੂੰ ਜੂਠੇ ਭਾਂਡੇ ਮਾਂਜਣ ਲਈ ਵਰਤਿਆ ਜਾਂਦਾ ਰਿਹਾ ਹੈ। ਕਹਿੰਦੇ ਹਨ ਕਿ ਇਸ ਤਰ੍ਹਾਂ ਭਾਂਡਿਆਂ ਦੀ ਜੂਠ ਬਿਲਕੁਲ ਸਾਫ਼ ਹੋ ਜਾਂਦੀ ਹੈ।
ਚੁੱਲ੍ਹੇ ਅਤੇ ਚੁੱਲ੍ਹੇ ਵਿੱਚ ਬਲਦੀ ਅੱਗ ਨੂੰ ਅਤੇ ਘਰ ਵਿਚਲੇ ਘੜੇ ਵਿੱਚ ਪਾਣੀ ਹੋਣ ਨੂੰ ਘਰ ਦੀ ਖ਼ੁਸ਼ਹਾਲੀ ਤੇ ਘਰ ਵਿੱਚ ਬਰਕਤ ਹੋਣ ਦੇ ਪ੍ਰਤੀਕ ਵਜੋਂ ਲਿਆ ਜਾਂਦਾ ਰਿਹਾ ਹੈ। ਇਨ੍ਹਾਂ ਨੂੰ ਵੱਸਦੇ ਘਰਾਂ ਦੇ ਪ੍ਰਤੀਕ ਵੀ ਸਮਝਿਆ ਜਾਂਦਾ ਸੀ। ਪਾਣੀ ਨਾਲ ਭਰਿਆ ਘੜਾ ਅਤੇ ਚੁੱਲ੍ਹੇ ਵਿੱਚ ਬਲਦੀ ਅੱਗ ਦੋਹਾਂ ਨੂੰ ਘਰ ਦਾ ਅਤੇ ਘਰ ਦੀ ਸੁਆਣੀ ਦਾ ਸ਼ਿੰਗਾਰ ਸਮਝਿਆ ਜਾਂਦਾ ਸੀ। ਇਨ੍ਹਾਂ ਬਰਕਤਾਂ ਤੋਂ ਵਿਹੂਣੇ ਘਰ ਜਾਂ ਲੋਕਾਂ ਬਾਰੇ ਪੰਜਾਬੀ ਲੋਕ ਗੀਤਾਂ ਦੀਆਂ ਪੰਕਤੀਆਂ ਵਿੱਚ ਵੀ ਹਵਾਲੇ ਮਿਲਦੇ ਹਨ:
* ਚੁੱਲ੍ਹੇ ਅੱਗ ਨਾ ਘੜੇ ਦੇ ਵਿੱਚ ਪਾਣੀ
ਉਹ ਘਰ ਛੜਿਆਂ ਦਾ।
* ਚੁੱਲ੍ਹੇ ਅੱਗ ਨਾ ਘੜੇ ਵਿੱਚ ਪਾਣੀ
ਛੜਿਆਂ ਨੂੰ ਵਖ਼ਤ ਪਿਆ।
ਲੋਕ ਸੱਭਿਆਚਾਰ ਵਿੱਚ ਚੁੱਲ੍ਹੇ ਦੇ ਮਹੱਤਵਪੂਰਨ ਸਥਾਨ ਅਤੇ ਚਰਚਾ ਦੀ ਪਛਾਣ ਕਰਦਿਆਂ ਇਸ ਨੂੰ ਪੰਜਾਬੀ ਲੋਕ ਗੀਤਾਂ ਵਿੱਚ ਯਥਾਯੋਗ ਥਾਂ ਮਿਲੀ ਹੈ:
* ਚੱਕੀ ਛੁੱਟ ਗਈ, ਚੁੱਲ੍ਹੇ ਨੇ ਛੁੱਟ ਜਾਣਾ
ਤੀਵੀਆਂ ਦਾ ਰਾਜ ਹੋ ਗਿਆ।
* ਚੁੱਲ੍ਹੇ ਬੈਠ ਕੇ ਧੂੰਏਂ ਦੇ ਪੱਜ ਰੋਵੇ
ਵਿਆਹੁੜ ਨਿਆਣੇ ਦੀ…
* ਕਿਤੇ ਯਾਰ ਨੂੰ ਭਿੜਾ ਕੇ ਮਾਰੂ
ਚੰਦ ਕੁਰ ਚੱਖਮਾ ਚੁੱਲ੍ਹਾ।
* ਚੁੱਲ੍ਹੇ ਪਕਾਵਾਂ ਰੋਟੀਆਂ ਤੇ ਹਾਰੇ ਧਰਦੀ ਦਾਲ
ਸਾਰੀਆਂ ਖਾ ਗਿਆ ਰੋਟੀਆਂ
ਤੇ ਸਾਰੀ ਪੀ ਗਿਆ ਦਾਲ
ਵੇ ਤੈਨੂੰ ਹਾਈਆ ਹੋਜੇ
ਭੁੱਖੇ ਤਾਂ ਮਰਗੇ ਮੇਰੇ ਲਾਲ
ਵੇ ਤੈਨੂੰ…
* ਘਰੇ ਜਾ ਕੇ ਚੁੱਲ੍ਹੇ ’ਚ ਲੱਤ ਮਾਰੀਂ
ਨੱਚਣਾ ਤਾਂ ਹੁਣ ਨੱਚ ਲੈ…
* ਘਰ ਅੰਦਰ ਚੁੱਲ੍ਹਾ ਚੌਂਕਾ
ਅੱਜ ਕੱਲ੍ਹ ਕੁੜੀਆਂ ਦਾ
ਟੇਢਾ ਚੀਰ ਤੇ ਖੁੱਲ੍ਹਾ ਪੌਂਚਾ।
* ਚੁੱਲ੍ਹੇ ਵਿਚਲੀ ਅੱਗ ਸੌਂ ਗਈ, ਸੁੱਤੇ ਚੰਨ ਸਿਤਾਰੇ
ਸੁੱਤੀ ਰੋਟੀ ਤਵੇ ਦੇ ਉਪਰ, ਨੀਂਦ ਸੈਨਤਾਂ ਮਾਰੇ।
ਲੋਹੜੀ ਦੇ ਮੌਕੇ ’ਤੇ ਅੱਗ ਬਾਲ਼ੀ ਜਾਂਦੀ ਹੈ। ਅੱਗ ਸੇਕਦਿਆਂ ਸੇਕਦਿਆਂ ਲੋਹੜੀ ਨਾਲ ਸਬੰਧਿਤ ਕਈ ਲੋਕ ਗੀਤ ਗਾਏ ਜਾਂਦੇ ਹਨ। ਉਸ ਅਵਸਰ ’ਤੇ ਹੇਠ ਲਿਖੇ ਬੋਲ ਵੀ ਤਰੰਨਮ ਵਿੱਚ ਜਾਂ ਸਹਿਜ ਭਾਵ ਨਾਲ ਉਚਾਰੇ ਜਾਂਦੇ ਹਨ :
ਈਸਰ ਆ, ਦਲਿੱਦਰ ਜਾ
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ।
ਇਨ੍ਹਾਂ ਬੋਲਾਂ ਰਾਹੀਂ ਅਰਜ਼ੋਈ ਕੀਤੀ ਜਾਂਦੀ ਹੈ ਕਿ ਈਸ਼ਵਰ ਦੀ ਮਿਹਰ ਹੋਵੇ, ਦੁੱਖ ਦਲਿੱਦਰ ਦੂਰ ਹੋਣ ਤੇ ਸਾਰੇ ਦੁੱਖਾਂ-ਕਲੇਸ਼ਾਂ ਦੀ ਜੜ੍ਹ ਸੜ ਜਾਵੇ !
ਪੰਜਾਬੀ ਲੋਕ ਗੀਤਾਂ ਵਿੱਚ ਕਈ ਹੋਰ ਪ੍ਰਸੰਗਾਂ ਵਿੱਚ ਵੀ ਚੁੱਲ੍ਹੇ ਦਾ ਜ਼ਿਕਰ ਛਿੜਦਾ ਹੈ –
* ਆਇਆ ਨਾਦਰ ਫਿੱਟੀ ਚਾਦਰ
ਚੁੱਲ੍ਹੀਂ ਰਿੱਝਣ ਨਾ ਚੌਲ ਕੁੜੇ
ਵਿਛੜਿਆ ਸਾਡਾ ਢੋਲ ਕੁੜੇ…
* ਜੇ ਤੂੰ ਤੁਰਿਓਂ ਨੌਕਰੀ,
ਜੀ ਮੈਂ ਚੁੱਲ੍ਹੇ ਪਾਉਂਨੀਆਂ ਅੱਗ
ਸੱਸ ਨਨਾਣਾਂ ਡਾਢੀਆਂ,
ਮੈਂ ਰੋਨੀਂ ਆਂ ਧੂੰਏਂ ਦੇ ਪੱਜ…
ਅਜਿਹੇ ਹਨ ਕੁਝ ਹੋਰ ਪੰਜਾਬੀ ਲੋਕ ਗੀਤਾਂ ਦੀਆਂ ਪੰਕਤੀਆਂ ਵੀ ਵੇਖੀਆਂ ਜਾ ਸਕਦੀਆਂ ਹਨ –
* ਚੌਂਕੇ ਚੜ੍ਹਨਾ ਮਾਹੀ ਵੇ ਤੇ ਰੋਟੀ ਕਰਨਾ ਢੋਲਾ
ਏਸ ਬਹਾਨੇ ਮਾਹੀ ਵੇ, ਤ੍ਰੀਮਤ ਦਾ ਮਰਨਾਂ ਢੋਲਾ
ਦੋ ਜੀਅ ਆਪਣੇ ਮਾਹੀ ਵੇ, ਉੱਤੋਂ ਰੁੱਤ ਹੁਨਾਲਾ ਢੋਲਾ
ਚੁੱਲ੍ਹੇ ਅੱਗੇ ਮਾਹੀ ਵੇ, ਪੈਂਦਾ ਜੀ ਕਾਹਲਾ ਢੋਲਾ…
* ਨਾ ਤੂੰ ਚੁੱਲ੍ਹੇ ਦੀ ਮਿੱਟੀ, ਨਾ ਤੂੰ ਹਾਰੇ ਦੀ ਮਿੱਟੀ
ਨਾ ਤੂੰ ਚੁੱਲ੍ਹੇ ਦੀ ਮਿੱਟੀ, ਨਾ ਤੂੰ ਹਾਰੇ ਦੀ ਮਿੱਟੀ
ਤੈਨੂੰ ਸਾਂਭ ਸਾਂਭ ਰੱਖਾਂ
ਤੂੰ ਹਮਾਮ ਦੀ ਟਿੱਕੀ…
ਤੈਨੂੰ ਸਾਂਭ ਸਾਂਭ ਰੱਖਾਂ…
ਪੰਜਾਬੀ ਲੋਕ ਜੀਵਨ ਵਿੱਚ ਵਿਆਹ ਦੇ ਮੌਕੇ ’ਤੇ, ਖੁਸ਼ੀ ਦੇ ਕਿਸੇ ਹੋਰ ਅਵਸਰ ਨਾਲ ਸਬੰਧਿਤ ਰਖਾਏ ਗਏ ਪਾਠ ਦੇ ਮੌਕੇ ’ਤੇ ਜਾਂ ਖੁਸ਼ੀ ਦੇ ਕਿਸੇ ਹੋਰ ਅਵਸਰ ’ਤੇ ਪਿੰਡ ਵਿੱਚ ਸਾਂਝ ਵਾਲਿਆਂ ਨੂੰ, ਸ਼ਰੀਕੇ ਭਾਈਚਾਰੇ ਨੂੰ ਅਤੇ ਦੋਸਤਾਂ ਸਨੇਹੀਆਂ ਨੂੰ ਰੋਟੀ ਕੀਤੀ ਜਾਂਦੀ ਸੀ, ਜਿਸਨੂੰ ਚੁੱਲ੍ਹੇ ਨਿਉਂਦਾ ਜਾਂ ਚੁੱਲ੍ਹੇ ਨਿਉਂਦ ਕਿਹਾ ਜਾਂਦਾ ਸੀ। ਸਮਾਗਮ ਵਿੱਚ ਸ਼ਾਮਲ ਹੋਣ, ਰਲ-ਮਿਲ ਕੇ ਇਕੱਠੇ ਜੁੜ ਬੈਠਣ, ਗੱਲਾਂ-ਬਾਤਾਂ ਕਰਨ ਤੇ ਇਕੱਠਿਆਂ ਖਾਣ-ਪੀਣ ਦਾ ਇਹ ਇਕ ਖੁਸ਼ੀਆਂ ਭਰਪੂਰ ਮੌਕਾ ਹੁੰਦਾ ਸੀ। ਨਵੀਂ ਵਿਆਹੀ ਆਈ ਵਹੁਟੀ ਨੂੰ ਚੁੱਲ੍ਹੇ ਚੌਂਕੇ ਚੜ੍ਹਾਉਣਾ ਇਕ ਰਸਮ ਵੀ ਹੁੰਦੀ ਸੀ।
ਪ੍ਰੋ. ਮਨਜੀਤ ਸਿੰਘ ਨੇ ਆਪਣੀ ਪੁਸਤਕ ‘ਪਿੰਡ ਵਿਉਂਤ ਅਤੇ ਸੱਭਿਆਚਾਰ’ ਵਿੱਚ ਚੁੱਲ੍ਹੇ ਬਾਰੇ ਖੋਜ ਭਰਪੂਰ ਜਾਣਕਾਰੀ ਦਿੱਤੀ ਹੈ। ਉਸ ਅਨੁਸਾਰ ਪੰਜਾਬ ਵਿੱਚ ਗਰਮ ਮੌਸਮ ਦੌਰਾਨ ਖੁੱਲ੍ਹੇ ਅਸਮਾਨ ਥੱਲੇ ਚੁੱਲ੍ਹਾ ਬਣਾ ਕੇ ਉਸ ਉੱਪਰ ਅੰਨ ਪਕਾਇਆ ਜਾਂਦਾ ਰਿਹਾ ਹੈ। ਪੁਸਤਕ ਵਿੱਚ ਚੁੱਲ੍ਹੇ ਦੇ ਨਾਲ ਲੂੰਬੀ ਵਾਲਾ ਚੁੱਲ੍ਹਾ, ਚਾਵਾਂ ਚੁੱਲ੍ਹਾ, ਦੁੱਧ ਕਾੜ੍ਹਨ ਵਾਲੀ ਭੜੋਲੀ, ਲੋਹ, ਅੰਗੀਠੀ, ਤੰਦੂਰ ਆਦਿ ਬਾਰੇ ਵੀ ਲੇਖਕ ਨੇ ਜਾਣਕਾਰੀ ਦਿੱਤੀ ਹੈ। ਪਹਿਲਾਂ ਚੁੱਲ੍ਹੇ ਦੇ ਪਿੱਛੇ ਕਈ ਵਾਰ ਚੁੱਲ੍ਹੇ ਦੇ ਨਾਲ ਹੀ ਵਿੱਚੋਂ ਦੀ ਰਸਤਾ ਰੱਖ ਕੇ ਲੂੰਬੀ ਵਾਲਾ ਚੁੱਲ੍ਹਾ ਬਣਾ ਲਿਆ ਜਾਂਦਾ ਸੀ , ਇਹ ਅੱਜ ਵੀ ਪਿੰਡਾਂ ਵਿੱਚ ਕਿਤੇ-ਕਿਤੇ ਦੇਖਿਆ ਜਾ ਸਕਦਾ ਹੈ। ਇਸ ਦਾ ਕਾਰਨ ਚੁੱਲ੍ਹੇ ਵਿੱਚ ਬਲ ਰਹੀ ਅੱਗ ਦੇ ਸੇਕ ਨੂੰ ਅਜਾਈਂ ਜਾਣ ਤੋਂ ਬਚਾਉਣਾ ਹੁੰਦਾ ਸੀ। ਇਸ ਲੂੰਬੀ ਵਾਲੇ ਚੁੱਲ੍ਹੇ ਉੱਪਰ ਛੋਟੇ ਭਾਂਡੇ ਵਿੱਚ ਰੱਖੀ ਕਿਸੇ ਚੀਜ਼ ਨੂੰ ਗਰਮ ਕਰਨ ਲਈ ਜਾਂ ਤੜਕਾ ਲਗਾਉਣ ਲਈ ਵਰਤ ਲਿਆ ਜਾਂਦਾ ਸੀ। ਚਾਵਾਂ ਚੁੱਲ੍ਹਾ (ਜਿਸ ਨੂੰ ਚੱਕਵਾਂ ਚੁੱਲ੍ਹਾ ਵੀ ਕਹਿ ਲਿਆ ਜਾਂਦਾ ਸੀ) ਇੱਕ ਥਾਂ ਤੋਂ ਚੁੱਕ ਕੇ ਦੂਜੀ ਥਾਂ ’ਤੇ ਵੀ ਰੱਖ ਲਿਆ ਜਾਂਦਾ ਸੀ। ਇਹ ਚੁੱਲ੍ਹਾ ਕਿਸੇ ਟੁੱਟੇ ਘੜੇ ਦੇ ਅੱਧੇ ਹਿੱਸੇ ਉੱਤੇ ਮਿੱਟੀ ਨਾਲ ਬੜੀ ਜੁਗਤ ਨਾਲ ਬਣਾਇਆ ਜਾਂਦਾ ਸੀ। ਇਸ ਚੁੱਲ੍ਹੇ ਲਈ ਇੱਕ ਟਿਕਾਣਾ ਨਿਸ਼ਚਿਤ ਨਹੀਂ ਸੀ ਹੁੰਦਾ। ਚੁੱਲ੍ਹੇ ਦਾ ਇੱਕ ਰੂਪ ਭੜੋਲੀ ਵੀ ਹੈ।
ਚੁੱਲ੍ਹੇ ਨੂੰ ਲਿੱਪ ਪੋਚ ਕੇ ਸ਼ਿੰਗਾਰਨ ਦਾ ਹੁਨਰ ਪੰਜਾਬਣਾਂ ਦੇ ਕਲਾ ਪ੍ਰੇਮ, ਸੁਹਜ ਤੇ ਸਿਰਜਣਾਤਮਕ ਰੁਚੀ ਨੂੰ ਪ੍ਰਗਟ ਕਰਦਾ ਹੈ। ਸੁਆਣੀਆਂ ਚੀਕਣੀ ਮਿੱਟੀ, ਗੋਹੇ ਅਤੇ ਗਾਚੀ ਆਦਿ ਨਾਲ ਚੁੱਲ੍ਹਿਆਂ ਨੂੰ ਲਿੱਪਦੀਆਂ,ਪੋਚਦੀਆਂ, ਸੰਵਾਰਦੀਆਂ ਤੇ ਸ਼ਿੰਗਾਰਦੀਆਂ ਸਨ। ਚੁੱਲ੍ਹੇ ਨੂੰ ਲਿੱਪਣ ਪੋਚਣ ਨਾਲ ਜੁੜੇ ਪੰਜਾਬੀ ਦੇ ਇਕ ਲੋਕ ਗੀਤ ਦੀਆਂ ਕੁਝ ਪੰਕਤੀਆਂ ਵੇਖਣਯੋਗ ਹਨ ਜੋ ਹਾਲੋਂ ਬੇਹਾਲ ਹੋ ਗਈ ਇਕ ਸੁਆਣੀ ਦੀ ਦਸ਼ਾ ਬਿਆਨ ਕਰਦੀਆਂ ਹਨ :
* ਚੁੱਲ੍ਹਾ ਚੌਂਕਾ ਲਿੱਪਦੀ ਮੈਂ ਗਛ ਖਾ ਕੇ ਡਿੱਗ ਪਈ
ਬਚਣੇ ਦੀ ਆਸ ਕੋਈ ਨਾ,
ਨਣਦੇ ਮੇਰੀਏ
ਬਚਣੇ ਦੀ ਆਸ ਕੋਈ ਨਾ…
* ਜੇ ਤੂੰ ਚਿਲਮ ਤੰਬਾਕੂ ਪੀਵੇਂਗਾ
ਮੈਂ ਵੀ ਚੁੱਲ੍ਹੇ ਵਿੱਚ
ਮੈਂ ਵੀ ਚੁੱਲ੍ਹੇ ਵਿੱਚ ਪਾਣੀ ਪਾ ਦਊਂਗੀ
ਜੇ ਤੂੰ ਚੁੱਲ੍ਹੇ ਵਿੱਚ ਪਾਣੀ ਪਾ ਦਏਂਗੀ
ਮੈਂ ਵੀ ਕੱਲਰੀਂ ਧੂੰਆਂ ਉਡਾ ਦਊਂਗਾ…
ਪੰਜਾਬੀ ਸੱਭਿਆਚਾਰ ਦੀ ਇਹ ਵਿਸ਼ੇਸ਼ਤਾ ਰਹੀ ਹੈ ਕਿ ਇਸ ਸੱਭਿਆਚਾਰ ਨੂੰ ਉਸਾਰਨ ਵਾਲੇ ਲੋਕ ਦੁੱਖ-ਸੁੱਖ ਦੇ ਸਮੇਂ ਵਿੱਚ ਇੱਕ-ਦੂਜੇ ਦੇ ਅੰਗ-ਸੰਗ ਰਹੇ ਹਨ। ਪਹਿਲਾਂ ਜੇ ਕਿਸੇ ਪਿੰਡ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਸੀ ਤਾਂ ਉਸ ਘਰ ਉਦੋਂ ਤੱਕ ਚੁੱਲ੍ਹੇ ਵਿੱਚ ਅੱਗ ਨਹੀਂ ਸੀ ਬਾਲ਼ੀ ਜਾਂਦੀ, ਜਦੋਂ ਤੱਕ ਮ੍ਰਿਤਕ ਦਾ ਸਸਕਾਰ ਨਹੀਂ ਸੀ ਕਰ ਦਿੱਤਾ ਜਾਂਦਾ।
ਦੇਖਦਿਆਂ ਹੀ ਦੇਖਦਿਆਂ ਚੁੱਲ੍ਹੇ ਨੇ ਕਈ ਰੂਪ ਬਦਲੇ ਹਨ। ਮਿੱਟੀ ਨਾਲ ਬਣਾਏ ਸਾਦੇ ਚੁੱਲ੍ਹੇ ਤੋਂ ਕੋਲਿਆਂ ਵਾਲੀ ਅੰਗੀਠੀ, ਚਾਦਰ ਦੀ ਬਣੀ ਅੰਗੀਠੀ, ਲੱਕੜੀ ਦੇ ਬੂਰੇ ਵਾਲੀ ਅੰਗੀਠੀ, ਮਿੱਟੀ ਦੇ ਤੇਲ ਨਾਲ ਚਲਾਉਣ ਵਾਲਾ ਬੱਤੀਆਂ ਵਾਲਾ ਸਟੋਵ ਤੇ ਪ੍ਰੈਸ਼ਰ ਸਟੋਵ, ਗੈਸ ਸਟੋਵ, ਮਾਈਕਰੋ ਓਵਨ, ਇੰਡਕਸ਼ਨ ਚੁੱਲ੍ਹਾ, ਰੋਟੀ ਮੇਕਰ ਤੇ ਖਾਣ ਪੀਣ ਦੇ ਪਕਵਾਨ ਬਣਾਉਣ ਵਾਲੇ ਕਈ ਹੋਰ ਵੰਨ-ਸਵੰਨੇ ਯੰਤਰਾਂ ਦੀ ਕਾਢ ਮਨੁੱਖ ਦੀਆਂ ਪ੍ਰਾਪਤੀਆਂ ਵਿੱਚ ਸ਼ਾਮਲ ਹੈ। ਫਿਰ ਵੀ ਰਵਾਇਤੀ ਚੁੱਲ੍ਹੇ ਦੇ ਮਹੱਤਵ ਨੂੰ ਭੁਲਾਇਆ ਨਹੀਂ ਜਾ ਸਕਦਾ। ਚੁੱਲ੍ਹੇ ਦਾ ਰੂਪ ਕੋਈ ਵੀ ਹੋਵੇ, ਉਸਦੀ ਉਪਯੋਗਤਾ ਦੇ ਮਹੱਤਵਪੂਰਨ ਪਹਿਲੂ ਨੇ ਬਰਕਰਾਰ ਰਹਿਣਾ ਹੈ। ਸ਼ਾਲਾ ! ਘਰਾਂ ਵਿੱਚ ਚੁੱਲ੍ਹੇ ਬਲਦੇ ਰਹਿਣ ਤੇ ਲੋਕ ਜੀਵਨ ਬਰਕਤਾਂ ਨਾਲ ਭਰਪੂਰ ਰਹੇ।

Loading