
ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਆਸਟਿਨ, ਟੈਕਸਾਸ ਵਿੱਚ ਇੱਕ ਟਾਰਗੈੱਟ ਸਟੋਰ ਦੇ ਬਾਹਰਵਾਰ ਹੋਈ ਗੋਲੀਬਾਰੀ ਵਿੱਚ 3 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਗੋਲੀਬਾਰੀ ਕਰਨ ਉਪਰੰਤ ਫ਼ਰਾਰ ਹੋਏ ਸ਼ੱਕੀ ਹਮਲਾਵਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ 32 ਸਾਲਾ ਈਥਾਨ ਨੀਨੇਕਰ ਵੱਜੋਂ ਹੋਈ ਹੈ। ਆਸਟਿਨ ਪੁਲਿਸ ਵਿਭਾਗ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਹ ਅਧਿਕਾਰੀਆਂ ਦੇ ਤਾਲਮੇਲ ਨਾਲ ਘਟਨਾ ਦੀ ਜਾਂਚ ਕਰ ਰਹੇ ਹਨ। ਸੂਚਨਾ ਮਿਲਣ ’ਤੇ ਪੁਲਿਸ ਅਫ਼ਸਰ ਦੁਪਹਿਰ ਬਾਅਦ 2.15 ਵਜੇ ਘਟਨਾ ਸਥਾਨ ’ਤੇ ਪੁੱਜੇ। ਓਦੋਂ ਤੱਕ ਸ਼ੱਕੀ ਸ਼ੂਟਰ ਚੋਰੀ ਦੀ ਕਾਰ ਵਿੱਚ ਫ਼ਰਾਰ ਹੋ ਚੁੱਕਾ ਸੀ।
ਪੁਲਿਸ ਮੁਖੀ ਲੀਸਾ ਡੇਵਿਸ ਨੇ ਕਿਹਾ ਕਿ ਚੋਰੀ ਦੀ ਕਾਰ ਹਾਦਸਾਗ੍ਰਸਤ ਹੋਣ ਉਪਰੰਤ ਸ਼ੱਕੀ ਇੱਕ ਹੋਰ ਗੱਡੀ ਚੋਰੀ ਕਰਕੇ ਲੈ ਗਿਆ। ਪੁਲਿਸ ਨੇ ਉਸ ਦਾ ਪਿੱਛਾ ਕੀਤਾ ਤੇ ਆਖਰਕਾਰ ਉਸ ਉੱਪਰ ਟੀਜ਼ਰ ਸਟੱਨ ਗੰਨ ਦੀ ਵਰਤੋਂ ਕਰਕੇ ਉਸ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਮੁਖੀ ਅਨੁਸਾਰ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸ਼ੱਕੀ ਲੰਬੇ ਸਮਂੇ ਤੋਂ ਮਾਨਸਿਕ ਰੋਗ ਤੋਂ ਪੀੜਿਤ ਹੈ। ਉਸ ਵਿਰੁੱਧ
ਪਹਿਲਾ ਦਰਜਾ ਕਤਲ ਸਮੇਤ ਹੋਰ ਕਈ ਦੋਸ਼ ਆਇਦ ਕੀਤੇ ਗਏ ਹਨ। ਮ੍ਰਿਤਕਾਂ ਦੀ ਪਛਾਣ ਹੈਕਟਰ ਲਿਓਪੋਲਡੋ ਮਾਰਟਿਨਜ਼ ਮਾਚੂਕਾ, ਐਡਮ ਚੋਅ ਤੇ ਉਸ ਦੀ 4 ਸਾਲਾ ਦੋਹਤੀ ਵਜੋਂ ਹੋਈ ਹੈ। ਐਡਮ ਚੋਅ ਤੇ ਦੋਹਤੀ ਦੀ ਮੌਕੇ ਉੱਪਰ ਹੀ ਮੌਤ ਹੋ ਗਈ ਜਦਕਿ ਮਾਚੂਕਾ ਬਾਅਦ ਵਿੱਚ ਹਸਪਤਾਲ ਵਿੱਚ ਦਮ ਤੋੜ ਗਿਆ।