ਨੇਪਾਲ ਵਿੱਚ ਹਿੰਦੂਤਵ ਦੀ ਸਿਆਸਤ ਵਿੱਚ ਸੰਘ ਪਰਿਵਾਰ ਦਾ ਦਖਲ

In ਮੁੱਖ ਖ਼ਬਰਾਂ
August 15, 2025

ਨੇਪਾਲ, ਜੋ ਕਿ ਭਾਰਤ ਨਾਲ ਖੁੱਲ੍ਹੀ ਸਰਹੱਦ ਸਾਂਝੀ ਕਰਦਾ ਹੈ, ਅੱਜ-ਕੱਲ੍ਹ ਇੱਕ ਨਵੇਂ ਸਿਆਸੀ ਦੌਰ ਵਿੱਚੋਂ ਲੰਘ ਰਿਹਾ ਹੈ। ਇਸ ਗੁਆਂਢੀਂ ਮੁਲਕ ਵਿੱਚ ਹਿੰਦੂਤਵ ਦੀ ਸਿਆਸਤ ਤੇਜ਼ੀ ਨਾਲ ਫ਼ੈਲ ਰਹੀ ਹੈ। ਰਾਸ਼ਟਰੀ ਸਵੈਮਸੇਵਕ ਸੰਘ ਤੋਂ ਪ੍ਰੇਰਿਤ ਹਿੰਦੂ ਸਵੈਮਸੇਵਕ ਸੰਘ ਦੀ ਅਗਵਾਈ ਵਿੱਚ ਏਕਲ ਵਿਦਿਆਲਿਆਂ ਅਤੇ ਪਸ਼ੂਪਤੀ ਸਿੱਖਿਆ ਮੰਦਰਾਂ ਦੇ ਜ਼ਰੀਏ ਹਿੰਦੂ ਰਾਸ਼ਟਰ ਦੀ ਧਾਰਨਾ ਨੂੰ ਮਜ਼ਬੂਤੀ ਮਿਲ ਰਹੀ ਹੈ। ਇਸ ਦੇ ਨਾਲ ਹੀ, ਨੇਪਾਲ ਦੀ ਸੰਪ੍ਰਭੂਤਾ ਅਤੇ ਸਮਾਜਿਕ ਸਦਭਾਵਨਾ ’ਤੇ ਸਵਾਲ ਖੜ੍ਹੇ ਹੋ ਰਹੇ ਹਨ।
ਨੇਪਾਲ ਵਿੱਚ ਹਿੰਦੂਤਵ ਦੀ ਸਿਆਸਤ ਦਾ ਉਭਾਰ ਕਿਉਂ?
ਨੇਪਾਲ, ਜਿਸ ਨੂੰ ਕਦੇ ਦੁਨੀਆਂ ਦਾ ਇਕੱਲਾ ਹਿੰਦੂ ਰਾਸ਼ਟਰ ਮੰਨਿਆ ਜਾਂਦਾ ਸੀ, 2008 ਵਿੱਚ ਰਾਜਸ਼ਾਹੀ ਦੇ ਖਾਤਮੇ ਤੋਂ ਬਾਅਦ ਧਰਮ ਨਿਰਪੱਖ ਰਾਜ ਬਣ ਗਿਆ। ਪਰ ਹੁਣ, ਇੱਥੇ ਹਿੰਦੂ ਰਾਸ਼ਟਰ ਦੀ ਵਾਪਸੀ ਦੀ ਮੰਗ ਫ਼ਿਰ ਤੋਂ ਜ਼ੋਰ ਫ਼ੜ ਰਹੀ ਹੈ। ਬੀ.ਬੀ.ਸੀ. ਦੀ ਰਿਪੋਰਟ ਮੁਤਾਬਕ, ਨੇਪਾਲ ਦੇ ਬੀਰਗੰਜ ਵਰਗੇ ਇਲਾਕਿਆਂ ਵਿੱਚ 1992 ਤੋਂ ਚੱਲ ਰਹੇ ਏਕਲ ਵਿਦਿਆਲਿਆਂ ਨੇ ਹਿੰਦੂਤਵ ਦੀ ਵਿਚਾਰਧਾਰਾ ਨੂੰ ਫ਼ੈਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਹ ਸਕੂਲ ਮੁੱਖ ਤੌਰ ’ਤੇ ਦਲਿਤ ਭਾਈਚਾਰੇ ਦੇ ਬੱਚਿਆਂ ਨੂੰ ਸਿੱਖਿਆ ਦਿੰਦੇ ਹਨ, ਪਰ ਨਾਲ ਹੀ ਉਹਨਾਂ ਨੂੰ ਹਿੰਦੂਤਵ ਦੇ ਸਿਧਾਂਤਾਂ ਜਿਵੇਂ ਕਿ ਗਊ ਹੱਤਿਆ ਰੋਕਣ, ਧਰਮ ਪਰਿਵਰਤਨ ਵਿਰੁੱਧ ਜਾਗਰੂਕਤਾ ਅਤੇ ਨੇਪਾਲ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਸੰਕਲਪ ਵੱਲ ਪ੍ਰੇਰਿਤ ਕਰਦੇ ਹਨ।
ਬੀਰਗੰਜ ਦੇ ਸੋਨਰਨੀਆ ਪਿੰਡ ਵਿੱਚ ਸੁਰੇਸ਼ ਪਾਸਵਾਨ ਦੇ ਘਰ ਚੱਲਣ ਵਾਲੇ ਏਕਲ ਵਿਦਿਆਲੇ ਦੇ ਮੁਖੀ ਸੋਹਨਲਾਲ ਪ੍ਰਸਾਦ ਸਾਹ ਖੁੱਲ੍ਹਕੇ ਦੱਸਦੇ ਹਨ ਕਿ ਇਹ ਸਕੂਲ ਸੰਘ ਪਰਿਵਾਰ ਨਾਲ ਜੁੜੇ ਹੋਏ ਹਨ। ਸਾਹ ਨੇ ਖੁਦ ਗੋਰਖਪੁਰ ਵਿੱਚ ਸੰਘ ਪਰਿਵਾਰ ਦੀ 21 ਦਿਨਾਂ ਦੀ ਸਿਖਲਾਈ ਵਰਕਸ਼ਾਪ ਵਿੱਚ ਹਿੱਸਾ ਲਿਆ ਸੀ। ਨੇਪਾਲ ਵਿੱਚ ਹਿੰਦੂ ਸਵੈਮਸੇਵਕ ਸੰਘ ਦੇ 1048 ਏਕਲ ਵਿਦਿਆਲੇ ਅਤੇ 35 ਪਸ਼ੂਪਤੀ ਸਿੱਖਿਆ ਮੰਦਰ ਸਰਗਰਮ ਹਨ, ਜੋ ਹਿੰਦੂਤਵ ਦੀ ਵਿਚਾਰਧਾਰਾ ਨੂੰ ਪਿੰਡ-ਪਿੰਡ ਤੱਕ ਪਹੁੰਚਾਉਣ ਦਾ ਕੰਮ ਕਰ ਰਹੇ ਹਨ।
ਇਹਨਾਂ ਸਕੂਲਾਂ ਦੀ ਸਥਾਪਨਾ ਅਤੇ ਸੰਚਾਲਨ ਦਾ ਤਰੀਕਾ ਸੰਘ ਪਰਿਵਾਰ ਦੀਆਂ ਸ਼ਾਖਾਵਾਂ ਨਾਲ ਮਿਲਦਾ-ਜੁਲਦਾ ਹੈ। ਇਹਨਾਂ ਵਿੱਚ ਸੰਘ ਪਰਿਵਾਰ ਦੀਆਂ ਸ਼ਾਖਾਵਾਂ ਵਾਂਗ ਮਾਹੌਲ, ਵਰਦੀਆਂ ਅਤੇ ਪ੍ਰਾਰਥਨਾਵਾਂ ਦੇਖਣ ਨੂੰ ਮਿਲਦੀਆਂ ਹਨ। ਸਕੂਲਾਂ ਦੀਆਂ ਕੰਧਾਂ ’ਤੇ ਸੰਘ ਪਰਿਵਾਰ ਦੇ ਸੰਸਥਾਪਕ ਕੇਸ਼ਵ ਬਲੀਰਾਮ ਹੇਡਗੇਵਾਰ ਅਤੇ ਸਾਬਕਾ ਸਰਸੰਘਚਾਲਕ ਮਾਧਵ ਸਦਾਸ਼ਿਵ ਗੋਲਵਲਕਰ ਦੀਆਂ ਤਸਵੀਰਾਂ ਪ੍ਰਮੁੱਖਤਾ ਨਾਲ ਲੱਗੀਆਂ ਹੁੰਦੀਆਂ ਹਨ, ਜੋ ਇਸ ਦੀ ਵਿਚਾਰਧਾਰਕ ਜੁੜਤ ਨੂੰ ਸਪੱਸ਼ਟ ਕਰਦੀਆਂ ਹਨ।
ਸੰਘ ਪਰਿਵਾਰ ਦੀ ਭੂਮਿਕਾ:
ਹਿੰਦੂ ਸਵੈਮਸੇਵਕ ਸੰਘ ਨੇਪਾਲ ਸਮੇਤ ਅਮਰੀਕਾ, ਬਰਤਾਨੀਆ, ਆਸਟ੍ਰੇਲੀਆ ਅਤੇ ਕੈਨੇਡਾ ਵਰਗੇ ਮੁਲਕਾਂ ਵਿੱਚ ਸਰਗਰਮ ਹੈ। ਹਾਲਾਂਕਿ ਸੰਘ ਪਰਿਵਾਰ ਅਤੇ ਹਿੰਦੂ ਸਵੈਮਸੇਵਕ ਸੰਘ ਆਪਣੀਆਂ ਵੈਬਸਾਈਟਾਂ ’ਤੇ ਇੱਕ-ਦੂਜੇ ਨਾਲ ਸਬੰਧ ਦਾ ਜ਼ਿਕਰ ਨਹੀਂ ਕਰਦੇ, ਪਰ ਦੋਹਾਂ ਦਰਮਿਆਨ ਡੂੰਘਾ ਸਬੰਧ ਸਾਫ਼ ਜ਼ਾਹਿਰ ਹੈ। ਹਿੰਦੂ ਸਵੈਮਸੇਵਕ ਸੰਘ ਦੇ ਕਾਰਜਕਰਤਾਵਾਂ ਦੀ ਸਿਖਲਾਈ ਸੰਘ ਪਰਿਵਾਰ ਦੇ ਨਾਗਪੁਰ ਸਥਿਤ ਮੁੱਖ ਦਫ਼ਤਰ ਵਿੱਚ ਵੀ ਹੁੰਦੀ ਹੈ। ਹਿੰਦੂ ਸਵੈਮਸੇਵਕ ਸੰਘ ਦੇ ਰਾਸ਼ਟਰੀ ਸੰਘਚਾਲਕ ਕਲਿਆਣ ਕੁਮਾਰ ਤਿਮਸੀਨਾ, ਜੋ ਸਾਬਕਾ ਪੁਲਿਸ ਅਧਿਕਾਰੀ ਹਨ, ਹਿੰਦੂਤਵ ਨੂੰ ਉਤਸ਼ਾਹਿਤ ਕਰਨ ਦੀ ਗੱਲ ਸਵੀਕਾਰਦੇ ਹਨ, ਪਰ ਸੰਘ ਪਰਿਵਾਰ ਨਾਲ ਸਬੰਧਾਂ ’ਤੇ ਸਪੱਸ਼ਟ ਜਵਾਬ ਦੇਣ ਤੋਂ ਬਚਦੇ ਹਨ।
ਨੇਪਾਲ ਵਿੱਚ ਹਿੰਦੂਤਵ ਦੇ ਪ੍ਰਚਾਰ ਵਿੱਚ ਰਵੀਤ ਕੁਮਾਰ ਅਤੇ ਵੇਦ ਪ੍ਰਕਾਸ਼ ਵਰਗੇ ਲੋਕ ਸਰਗਰਮ ਹਨ, ਜੋ ਹਿੰਦੂ ਸਵੈਮਸੇਵਕ ਸੰਘ ਤੋਂ ਸਿਖਲਾਈ ਪ੍ਰਾਪਤ ਹਨ। ਇਹ ਸੰਗਠਨ ਪਿੰਡਾਂ-ਪਿੰਡਾਂ ਵਿੱਚ ਸ਼ਾਖਾਵਾਂ, ਸਿੱਖਿਆ ਪ੍ਰੋਗਰਾਮਾਂ ਅਤੇ ਸਮਾਜਿਕ ਸੇਵਾਵਾਂ ਦੇ ਜ਼ਰੀਏ ਹਿੰਦੂਤਵ ਦੀ ਵਿਚਾਰਧਾਰਾ ਨੂੰ ਫ਼ੈਲਾਉਣ ਦਾ ਕੰਮ ਕਰ ਰਹੇ ਹਨ। 1992 ਵਿੱਚ ਹਿੰਦੂ ਸਵੈਮਸੇਵਕ ਸੰਘ ਦੀ ਸਥਾਪਨਾ ਨੇਪਾਲ ਵਿੱਚ ਹੋਈ ਸੀ, ਅਤੇ ਇਸ ਦੇ ਬਾਅਦ ਤੋਂ ਇਹ ਸੰਗਠਨ ਸਿੱਖਿਆ ਅਤੇ ਸਮਾਜਿਕ ਸੇਵਾਵਾਂ ਦੇ ਨਾਮ ’ਤੇ ਹਿੰਦੂਤਵ ਦੇ ਏਜੰਡੇ ਨੂੰ ਅੱਗੇ ਵਧਾ ਰਿਹਾ ਹੈ।
ਸੰਘ ਦੀ ਵਿਚਾਰਧਾਰਾ ਨੇਪਾਲ ਦੀ ਸਿਆਸਤ ’ਤੇ ਡੂੰਘਾ ਅਸਰ ਪਾਇਆ ਹੈ। 2014 ਵਿੱਚ ਭਾਰਤ ਵਿੱਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨੇਪਾਲ ਵਿੱਚ ਹਿੰਦੂਤਵ ਨੂੰ ਹੋਰ ਉਤਸ਼ਾਹ ਮਿਲਿਆ। ਮੋਦੀ ਦੀ 2018 ਵਿੱਚ ਜਨਕਪੁਰ ਯਾਤਰਾ ਅਤੇ ਉਸ ਦੌਰਾਨ ਸ਼ਹਿਰ ਦੀਆਂ ਕੰਧਾਂ ਨੂੰ ਕੇਸਰੀ ਰੰਗ ਵਿੱਚ ਰੰਗਵਾਉਣ ਵਰਗੇ ਕਦਮਾਂ ਨੇ ਵੀ ਹਿੰਦੂਤਵ ਦੀ ਸਿਆਸਤ ਨੂੰ ਹਵਾ ਦਿੱਤੀ।
ਹਿੰਦੂਤਵ ਦੀ ਸਿਆਸਤ ਦਾ ਇਤਿਹਾਸ ਅਤੇ ਪ੍ਰੇਰਨਾ ਸਰੋਤ
ਨੇਪਾਲ ਵਿੱਚ ਹਿੰਦੂਤਵ ਦੀ ਸਿਆਸਤ ਦਾ ਇਤਿਹਾਸ ਕਾਫ਼ੀ ਪੁਰਾਣਾ ਹੈ। ਆਧੁਨਿਕ ਨੇਪਾਲ ਦੇ ਨਿਰਮਾਤਾ ਪ੍ਰਿਥਵੀ ਨਾਰਾਇਣ ਸ਼ਾਹ ਨੇ ਨੇਪਾਲ ਨੂੰ ‘ਅਸਲੀ ਹਿੰਦੁਸਤਾਨ’ ਮੰਨਿਆ ਸੀ। 19ਵੀਂ ਸਦੀ ਵਿੱਚ ਮਰਾਠੀ ਬ੍ਰਾਹਮਣਾਂ ਦੇ ਪ੍ਰਭਾਵ ਅਤੇ 1925 ਵਿੱਚ ਸੰਘ ਪਰਿਵਾਰ ਦੀ ਸਥਾਪਨਾ ਨੇ ਨੇਪਾਲ ਵਿੱਚ ਹਿੰਦੂਤਵ ਦੇ ਵਿਚਾਰਾਂ ਨੂੰ ਹੋਰ ਮਜ਼ਬੂਤ ਕੀਤਾ। 1960 ਦੇ ਦਹਾਕੇ ਵਿੱਚ ਰਾਜਾ ਮਹਿੰਦਰ ਦੇ ਸ਼ਾਸਨਕਾਲ ਦੌਰਾਨ ਸੰਘ ਪਰਿਵਾਰ ਨਾਲ ਨੇੜਤਾ ਵਧੀ, ਅਤੇ 2008 ਵਿੱਚ ਰਾਜਸ਼ਾਹੀ ਦੇ ਖਾਤਮੇ ਤੋਂ ਬਾਅਦ ਵੀ ਹਿੰਦੂਤਵ ਦੀ ਸਿਆਸਤ ਨੇ ਜ਼ੋਰ ਫ਼ੜਿਆ।
ਨੇਪਾਲ ਦੀ 81% ਤੋਂ ਵੱਧ ਆਬਾਦੀ ਹਿੰਦੂ ਹੈ, ਜੋ ਹਿੰਦੂਤਵ ਦੀ ਸਿਆਸਤ ਦੇ ਉਭਾਰ ਦਾ ਇੱਕ ਵੱਡਾ ਕਾਰਨ ਹੈ। 2008 ਵਿੱਚ ਰਾਜਸ਼ਾਹੀ ਦੇ ਖਾਤਮੇ ਅਤੇ ਧਰਮ ਨਿਰਪੱਖਤਾ ਦੀ ਘੋਸ਼ਣਾ ਤੋਂ ਬਾਅਦ, ਕਈ ਸੰਗਠਨਾਂ ਅਤੇ ਸਿਆਸੀ ਪਾਰਟੀਆਂ ਨੇ ਹਿੰਦੂ ਰਾਸ਼ਟਰ ਦੀ ਮੰਗ ਨੂੰ ਜ਼ੋਰਦਾਰ ਕੀਤਾ। ਨੇਪਾਲੀ ਕਾਂਗਰਸ ਵਰਗੀਆਂ ਪਾਰਟੀਆਂ ਦੇ ਕੁਝ ਨੇਤਾ ਵੀ ਹਿੰਦੂ ਰਾਸ਼ਟਰ ਦੀ ਵਕਾਲਤ ਕਰਦੇ ਹਨ, ਜਦਕਿ ਸਾਬਕਾ ਜਨਰਲ ਰੁਕਮੰਗੁਦ ਕਟਾਵਾਲ ਨੇ 2021 ਵਿੱਚ ‘ਹਿੰਦੂ ਪਹਿਚਾਣ ਬਹਾਲ’ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਸੀ।
ਇਸ ਦੇ ਨਾਲ ਹੀ, ਭਾਰਤ ਦੀ ਸਿਆਸਤ, ਖਾਸਕਰ ਭਾਜਪਾ ਅਤੇ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹਿੰਦੂਤਵ ਦੀ ਮਜ਼ਬੂਤੀ ਨੇ ਨੇਪਾਲ ਵਿੱਚ ਵੀ ਇਸ ਵਿਚਾਰਧਾਰਾ ਨੂੰ ਨੈਤਿਕ ਸਮਰਥਨ ਪ੍ਰਦਾਨ ਕੀਤਾ ਹੈ। ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਵਰਗੇ ਨੇਤਾਵਾਂ ਨੇ ਵੀ ਹਿੰਦੂ ਰਾਸ਼ਟਰਵਾਦੀ ਭਾਵਨਾਵਾਂ ਨੂੰ ਹਵਾ ਦਿੱਤੀ, ਜਿਸ ਨੇ ਪਸ਼ੂਪਤੀਨਾਥ ਮੰਦਰ ਵਿੱਚ ਪੂਜਾ ਕਰਕੇ ਅਤੇ ਰਾਮ ਦੀ ਮੂਰਤੀ ਸਥਾਪਤ ਕਰਕੇ ਹਿੰਦੂਤਵ ਨੂੰ ਉਤਸ਼ਾਹਿਤ ਕੀਤਾ ਹੈ ।
. ਸੰਪ੍ਰਭੂਤਾ ਅਤੇ ਸਮਾਜਿਕ ਸਦਭਾਵਨਾ ’ਤੇ ਸਵਾਲ
ਨੇਪਾਲ ਵਿੱਚ ਹਿੰਦੂਤਵ ਦੀ ਵਧਦੀ ਸਰਗਰਮੀ ਨੇ ਕਈ ਚਿੰਤਾਵਾਂ ਨੂੰ ਜਨਮ ਦਿੱਤਾ ਹੈ। ਸਾਬਕਾ ਵਿਦੇਸ਼ ਮੰਤਰੀ ਪ੍ਰਦੀਪ ਗਿਆਵਾਲੀ ਅਤੇ ਸੰਸਦ ਮੈਂਬਰ ਅਮਰੇਸ਼ ਸਿੰਘ ਵਰਗੇ ਲੋਕ ਮੰਨਦੇ ਹਨ ਕਿ ਹਿੰਦੂਤਵ ਦੀ ਸਿਆਸਤ ਨੇਪਾਲ ਦੀ ਸੰਪ੍ਰਭੂਤਾ ਲਈ ਖਤਰਾ ਬਣ ਸਕਦੀ ਹੈ। ਮਧੇਸ ਖੇਤਰ ਵਿੱਚ ਫ਼ਿਰਕੂ ਤਣਾਅ ਦੀਆਂ ਘਟਨਾਵਾਂ, ਜਿਵੇਂ ਕਿ ਹਨੂੰਮਾਨ ਜੈਯੰਤੀ ਅਤੇ ਰਾਮਨਵਮੀ ਦੌਰਾਨ ਹੋਈਆਂ ਝੜਪਾਂ, ਇਸ ਚਿੰਤਾ ਨੂੰ ਹੋਰ ਗੰਭੀਰ ਕਰ ਰਹੀਆਂ ਹਨ। ਨੇਪਾਲੀ ਕਾਂਗਰਸ ਦੀ ਸੰਸਦ ਮੈਂਬਰ ਜਾਵੇਦਾ ਖਾਤੂਨ ਦਾ ਕਹਿਣਾ ਹੈ ਕਿ ਭਾਰਤ ਦੀ ਸਿਆਸਤ ਦਾ ਅਸਰ ਨੇਪਾਲ ਦੇ ਧਾਰਮਿਕ ਸਦਭਾਵਨਾ ’ਤੇ ਪੈ ਰਿਹਾ ਹੈ।
ਜਨਕਪੁਰ ਵਿੱਚ ਜਾਨਕੀ ਮੰਦਰ ਅਤੇ ਮਸਜਿਦ ਦਰਮਿਆਨ ਵਧਦੀ ਦੂਰੀ ਵੀ ਇਸ ਸਮੱਸਿਆ ਨੂੰ ਦਰਸਾਉਂਦੀ ਹੈ। ਪਹਿਲਾਂ ਜਿੱਥੇ ਮੁਸਲਮਾਨ ਅਤੇ ਹਿੰਦੂ ਇਕੱਠੇ ਵਿਵਾਹ ਪੰਚਮੀ ਵਰਗੇ ਤਿਉਹਾਰਾਂ ਵਿੱਚ ਸ਼ਾਮਲ ਹੁੰਦੇ ਸਨ, ਹੁਣ ਸਥਿਤੀ ਬਦਲ ਗਈ ਹੈ। 2018 ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਜਨਕਪੁਰ ਯਾਤਰਾ ਅਤੇ ਮੋਦੀ ਦੇ ਦੌਰੇ ਨੇ ਸਥਾਨਕ ਸਿਆਸਤ ’ਤੇ ਡੂੰਘਾ ਅਸਰ ਪਾਇਆ।
ਕੁਝ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਹਿੰਦੂਤਵ ਦੀ ਸਿਆਸਤ ਨੇਪਾਲ ਦੀ ਸੱਭਿਆਚਾਰਕ ਅਤੇ ਧਾਰਮਿਕ ਵਿਭਿੰਨਤਾ ਨੂੰ ਚੁਣੌਤੀ ਦੇ ਰਹੀ ਹੈ। ਨੇਪਾਲ ਦੀ 5% ਮੁਸਲਮਾਨ ਅਤੇ 8% ਬੋਧੀ ਆਬਾਦੀ ਦੇ ਨਾਲ-ਨਾਲ ਹੋਰ ਘੱਟ-ਗਿਣਤੀ ਕੌਮਾਂ ਨੂੰ ਇਸ ਦੇ ਪ੍ਰਭਾਵ ਦੀ ਚਿੰਤਾ ਹੈ। ਮੁਸਲਮਾਨਾਂ ਦੀ ਵਧਦੀ ਆਬਾਦੀ ਅਤੇ ਧਰਮ ਪਰਿਵਰਤਨ ਦੇ ਮੁੱਦਿਆਂ ਨੇ ਵੀ ਹਿੰਦੂਤਵ ਸੰਗਠਨਾਂ ਨੂੰ ਹੋਰ ਸਰਗਰਮ ਕੀਤਾ ਹੈ।
ਨੇਪਾਲ ਦੀ ਸਰਕਾਰ ਅਤੇ ਸਮਾਜ ਨੂੰ ਇਸ ਸਥਿਤੀ ਨਾਲ ਨਜਿੱਠਣ ਲਈ ਸੁਚੇਤ ਅਤੇ ਸੰਤੁਲਿਤ ਪਹੁੰਚ ਦੀ ਲੋੜ ਹੈ, ਤਾਂ ਜੋ ਵਿਭਿੰਨਤਾ ਅਤੇ ਏਕਤਾ ਨੂੰ ਕਾਇਮ ਰੱਖਿਆ ਜਾ ਸਕੇ।

Loading