
ਨਿਊਯਾਰਕ/ਏ.ਟੀ.ਨਿਊਜ਼: ਬੀਤੇ ਦਿਨੀਂ ਇੱਕ ਬਜ਼ੁਰਗ ਸਿੱਖ ਬਜ਼ੁਰਗ ’ਤੇ ਲਾਸ ਏਂਜਲਸ ਵਿੱਚ ਹਮਲਾ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। 70 ਸਾਲਾ ਹਰਪਾਲ ਸਿੰਘ ’ਤੇ ਪਿਛਲੇ ਦਿਨੀਂ ਲਾਸ ਏਂਜਲਸ ਦੇ ਸਿੱਖ ਗੁਰਦੁਆਰਾ ਨੇੜੇ ਸਵੇਰ ਦੀ ਸੈਰ ਦੌਰਾਨ ਇੱਕ ਬੇਘਰੇ ਵਿਅਕਤੀ ਬੋ ਰਿਚਰਡ ਵਿਟਾਗਲਿਆਨੋ ਨੇ ਹਮਲਾ ਕਰ ਦਿੱਤਾ ਸੀ।
ਲਾਸ ਏਂਜਲਸ ਪੁਲਿਸ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ 44 ਸਾਲਾ ਵਿਟਾਗਲਿਆਨੋ ਨੂੰ ਸਿੰਘ ’ਤੇ ਬੇਰਹਿਮੀ ਨਾਲ ਹਮਲਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਵਿਟਾਗਲਿਆਨੋ ’ਤੇ ਇੱਕ ਜਾਨਲੇਵਾ ਹਥਿਆਰ ਨਾਲ ਹਮਲਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਸਦੀ ਜ਼ਮਾਨਤ 1.1 ਮਿਲੀਅਨ ਅਮਰੀਕੀ ਡਾਲਰ ਨਿਰਧਾਰਤ ਕੀਤੀ ਗਈ ਹੈ।
ਸਿੱਖ ਕੋਲੀਸ਼ਨ ਨਾਮਕ ਐਡਵੋਕੇਸੀ ਸਮੂਹ ਨੇ ਕਿਹਾ ਕਿ ਜਦੋਂ ਕਿ ਦੋਸ਼ੀ ਸਿੰਘ ’ਤੇ ਬੇਰਹਿਮੀ ਨਾਲ ਹਮਲਾ ਕਰਨ ਲਈ ਹਿਰਾਸਤ ਵਿੱਚ ਹੈ, ਪੁਲਿਸ ਇਸ ਮਾਮਲੇ ਨੂੰ ਨਫ਼ਰਤੀ ਅਪਰਾਧ ਵਜੋਂ ਨਹੀਂ ਦੇਖ ਰਹੀ। ਉਨ੍ਹਾਂ ਦੱਸਿਆ ਕਿ ਸਿੰਘ ਨੂੰ ਹਮਲੇ ਦੌਰਾਨ ਬਹੁਤ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਅਜੇ ਵੀ ਨਾਜ਼ੁਕ ਹਾਲਤ ਵਿੱਚ ਹਨ।
ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਿੰਘ ਅਤੇ ਵਿਟਾਗਲਿਆਨੋ ਵਿਚਕਾਰ ਸਰੀਰਕ ਝਗੜਾ ਹੋਇਆ ਸੀ। ਐੱਲ.ਏ.ਪੀ.ਡੀ. ਨੇ ਦੱਸਿਆ ਕਿ ਗਵਾਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਹ ਨਹੀਂ ਦੇਖਿਆ ਕਿ ਝਗੜਾ ਕਿਵੇਂ ਸ਼ੁਰੂ ਹੋਇਆ, ਪਰ ਉਨ੍ਹਾਂ ਨੇ ਇੱਕ ਉੱਚੀ ਆਵਾਜ਼ ਸੁਣੀ, ਫ਼ਿਰ ਦੋ ਵਿਅਕਤੀਆਂ ਨੂੰ ਇੱਕ ਦੂਜੇ ’ਤੇ ਧਾਤੂ ਦੀਆਂ ਵਸਤੂਆਂ ਨਾਲ ਹਮਲਾ ਕਰਦੇ ਦੇਖਿਆ। ਦੋਵਾਂ ਵਿਅਕਤੀਆਂ ਨੂੰ ਸੱਟ ਲੱਗੀ ਅਤੇ ਵਿਟਾਗਲਿਆਨੋ ਨੇ ਸਿੰਘ ’ਤੇ ਹੋਰ ਹਮਲਾ ਕੀਤਾ ਜਦੋਂ ਉਹ ਜ਼ਮੀਨ ’ਤੇ ਡਿੱਗ ਗਿਆ ਸੀ। ਜਦੋਂ ਗਵਾਹਾਂ ਨੇ ਵਿਟਾਗਲਿਆਨੋ ਨੂੰ ਚੀਕ ਕੇ ਰੋਕਿਆ, ਤਾਂ ਉਹ ਆਪਣੇ ਸਾਈਕਲ ’ਤੇ ਭੱਜ ਗਿਆ।