
ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕਾ ਦਾ ਡੋਨਾਲਡ ਟਰੰਪ ਪ੍ਰਸ਼ਾਸਨ ਐਚ-1ਬੀ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਵਿੱਚ ਵੱਡੇ ਬਦਲਾਅ ਕਰਨ ਜਾ ਰਿਹਾ ਹੈ। ਇਹ ਵੀਜ਼ਾ, ਜੋ ਹੁਣ ਤੱਕ ਲਾਟਰੀ ਸਿਸਟਮ ਰਾਹੀਂ ਦਿੱਤਾ ਜਾਂਦਾ ਸੀ, ਹੁਣ ਤਨਖਾਹ-ਆਧਾਰਿਤ ਚੋਣ ਪ੍ਰਣਾਲੀ ਰਾਹੀਂ ਜਾਰੀ ਕੀਤਾ ਜਾਵੇਗਾ। ਵ੍ਹਾਈਟ ਹਾਊਸ ਦੇ ਸੂਚਨਾ ਅਤੇ ਰੈਗੂਲੇਟਰੀ ਮਾਮਲਿਆਂ ਦੇ ਦਫ਼ਤਰ ਨੇ ਇਸ ਸਬੰਧ ਵਿੱਚ ਇੱਕ ਪ੍ਰਸਤਾਵ ਲਿਆਂਦਾ ਹੈ। ਪਿਛਲੇ ਦਿਨੀਂ ਵਿਸ਼ੇਸ਼ ਕਿੱਤਿਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਐਚ-1ਬੀ ਵੀਜ਼ਾ ਦੀ ਵੰਡ ਵਿੱਚ ਵਿਆਪਕ ਬਦਲਾਅ ਕਰਨ ਵਾਲੇ ਨਿਯਮ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਇਹ ਕਦਮ ਡੋਨਾਲਡ ਟਰੰਪ ਪ੍ਰਸ਼ਾਸਨ ਦੀ ‘ਅਮਰੀਕੀ ਚੀਜ਼ਾਂ ਖਰੀਦੋ ਅਤੇ ਅਮਰੀਕੀਆਂ ਨੂੰ ਨੌਕਰੀ ’ਤੇ ਰੱਖੋ’ ਨੀਤੀ ਤਹਿਤ ਚੁੱਕਿਆ ਗਿਆ ਹੈ। ਟਰੰਪ ਪ੍ਰਸ਼ਾਸਨ ਦੇ ਇਸ ਕਦਮ ਨਾਲ ਅਮਰੀਕਾ ਵਿੱਚ ਭਵਿੱਖ ਦੇ ਕੈਰੀਅਰ ਦੀਆਂ ਸੰਭਾਵਨਾਵਾਂ ਦੀ ਭਾਲ ਕਰ ਰਹੇ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਮੁਸ਼ਕਿਲਾਂ ਵਧ ਜਾਣਗੀਆਂ। ਹਾਲ ਹੀ ਵਿੱਚ ਗ੍ਰੈਜੂਏਟ ਹੋਏ ਵਿਦਿਆਰਥੀ ਵੀ ਇਸ ਤੋਂ ਪ੍ਰਭਾਵਿਤ ਹੋਣਗੇ। ਇਸਦਾ ਸਿੱਧਾ ਪ੍ਰਭਾਵ ਭਾਰਤ ਦੇ ਲੋਕਾਂ ’ਤੇ ਵੀ ਪਵੇਗਾ। ਜੇਕਰ ਟਰੰਪ ਪ੍ਰਸ਼ਾਸਨ ਇਸ ਬਦਲਾਅ ਨਾਲ ਅੱਗੇ ਵਧਦਾ ਹੈ, ਤਾਂ ਇਹ ਭਾਰਤੀ ਵਿਦਿਆਰਥੀਆਂ ਅਤੇ ਕੁਝ ਵਿਸ਼ਿਆਂ ਅਤੇ ਗੈਰ-ਸਟੀਮ ਖੇਤਰਾਂ ਵਿੱਚ ਨਵੇਂ ਗ੍ਰੈਜੂਏਟਾਂ ’ਤੇ ਮਾੜਾ ਪ੍ਰਭਾਵ ਪਾ ਸਕਦਾ ਹੈ।
ਐਚ-1ਬੀ ਵੀਜ਼ਾ ਅਮਰੀਕੀ ਕੰਪਨੀਆਂ ਨੂੰ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਵਾਲੇ ਖਾਸ ਕਿੱਤਿਆਂ ਵਿੱਚ ਵਿਦੇਸ਼ੀ ਕਾਮਿਆਂ ਨੂੰ ਨੌਕਰੀ ’ਤੇ ਰੱਖਣ ਦੀ ਆਗਿਆ ਦਿੰਦਾ ਹੈ। ਇਹ ਤਿੰਨ ਸਾਲਾਂ ਦੀ ਮਿਆਦ ਲਈ ਅਮਰੀਕਾ ਵਿੱਚ ਕੰਮ ਕਰਨ ਲਈ ਕੀਤਾ ਜਾ ਸਕਦਾ ਹੈ। ਵਰਤਮਾਨ ਵਿੱਚ ਇਸਦਾ ਸਾਲਾਨਾ ਸਲਾਟ 85,000 ਤੱਕ ਸੀਮਤ ਹੈ। ਹੁਣ ਤੱਕ ਹਰ ਸਾਲ ਨਵੇਂ ਗ੍ਰੈਜੂਏਟ ਅਤੇ ਤਜਰਬੇਕਾਰ ਪੇਸ਼ੇਵਰਾਂ ਨੂੰ ਲਾਟਰੀ ਪ੍ਰਕਿਰਿਆ ਤਹਿਤ ਚੁਣਿਆ ਜਾਂਦਾ ਹੈ। ਡੋਨਾਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਗ੍ਰਹਿ ਸੁਰੱਖਿਆ ਵਿਭਾਗ (ਡੀ.ਐਚ.ਐਸ.) ਨੇ ਐਚ-1ਬੀ ਵੀਜ਼ਾ ਦੀ ਲਾਟਰੀ ਪ੍ਰਣਾਲੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਸੀ। ਇਸ ਸਾਲ ਦੁਬਾਰਾ ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਨੇ ਫਿਰ ਇਸ ਦਿਸ਼ਾ ਵਿੱਚ ਕਦਮ ਚੁੱਕੇ ਹਨ। ਨਵੇਂ ਨਿਯਮ ਬਾਰੇ ਸਭ ਤੋਂ ਵੱਡੀ ਜਾਣਕਾਰੀ ਇਹ ਹੈ ਕਿ ਇਹ ਤਨਖਾਹ ’ਤੇ ਅਧਾਰਤ ਹੈ ਨਾ ਕਿ ਇੱਕ ਲਾਟਰੀ ਪ੍ਰਣਾਲੀ ਜੋ ਸਾਰਿਆਂ ਨੂੰ ਬਰਾਬਰ ਰੱਖਦੀ ਹੈ।
ਅਮਰੀਕਾ ਦੇ ਐਚ-1ਬੀ ਵੀਜ਼ਾ ਪ੍ਰੋਗਰਾਮ ਵਿੱਚ ਭਾਰਤੀਆਂ ਦਾ ਦਬਦਬਾ ਰਿਹਾ ਹੈ। ਭਾਰਤੀਆਂ ਨੂੰ ਐਚ-1ਬੀਵੀਜ਼ਾ ਦਾ 72 ਪ੍ਰਤੀਸ਼ਤ ਤੱਕ ਮਿਲਦਾ ਰਿਹਾ ਹੈ। ਇਸ ਤੋਂ ਬਾਅਦ 12 ਪ੍ਰਤੀਸ਼ਤ ਚੀਨੀ ਨਾਗਰਿਕ ਹਨ। 2023 ਦੇ ਅੰਕੜਿਆਂ ਅਨੁਸਾਰ ਜ਼ਿਆਦਾਤਰ ਐਚ-1ਬੀ ਵੀਜ਼ਾ ਧਾਰਕ ਸਟੀਮ ਖੇਤਰਾਂ ਜਿਵੇਂ ਕਿ ਡੇਟਾ ਸਾਇੰਸ, ਏ.ਆਈ., ਮਸ਼ੀਨ ਲਰਨਿੰਗ ਅਤੇ ਸਾਈਬਰ ਸੁਰੱਖਿਆ ਵਿੱਚ ਕੰਮ ਕਰਦੇ ਹਨ। ਇਨ੍ਹਾਂ ਵਿੱਚੋਂ 65 ਪ੍ਰਤੀਸ਼ਤ ਕੰਪਿਊਟਰ ਨਾਲ ਸਬੰਧਿਤ ਨੌਕਰੀਆਂ ਵਿੱਚ ਹਨ।