
ਸੰਯੁਕਤ ਅਰਬ ਅਮੀਰਾਤ ਦਾ ਸ਼ਹਿਰ ਦੁਬਈ ਅੱਜਕੱਲ੍ਹ ਧਰਮ ਪਰਿਵਰਤਨ ਦੇ ਮਾਮਲੇ ਵਿੱਚ ਸੁਰਖੀਆਂ ਵਿੱਚ ਹੈ। ਇੱਕ ਰਿਪੋਰਟ ਮੁਤਾਬਕ, 2025 ਦੇ ਪਹਿਲੇ ਛੇ ਮਹੀਨਿਆਂ ਵਿੱਚ 3600 ਤੋਂ ਵੱਧ ਵਿਅਕਤੀਆਂ ਨੇ ਦੁਬਈ ਵਿੱਚ ਇਸਲਾਮ ਧਰਮ ਅਪਣਾਇਆ ਹੈ। ਇਹ ਸਾਰੀ ਪ੍ਰਕਿਰਿਆ ਮੁਹੰਮਦ ਬਿਨ ਰਾਸ਼ਿਦ ਇਸਲਾਮਿਕ ਕਲਚਰਲ ਸੈਂਟਰ ਦੀ ਨਿਗਰਾਨੀ ਹੇਠ ਹੋਈ, ਜੋ ਇਸਲਾਮਿਕ ਮਾਮਲਿਆਂ ਅਤੇ ਧਰਮਾਰਥ ਗਤੀਵਿਧੀਆਂ ਵਿਭਾਗ ਦੇ ਅਧੀਨ ਕੰਮ ਕਰਦਾ ਹੈ। ਇਸ ਸੈਂਟਰ ਦਾ ਮੁੱਖ ਮਕਸਦ ਇਸਲਾਮਿਕ ਸੱਭਿਆਚਾਰ ਨੂੰ ਪ੍ਰਫ਼ੁੱਲਤ ਕਰਨਾ ਅਤੇ ਧਾਰਮਿਕ ਜਾਗਰੂਕਤਾ ਵਧਾਉਣਾ ਹੈ। ਰਿਪੋਰਟ ਦੱਸਦੀ ਹੈ ਕਿ ਇਸਲਾਮ ਅਪਣਾਉਣ ਵਾਲੇ ਲੋਕ ਵੱਖ-ਵੱਖ ਧਰਮਾਂ ਨਾਲ ਸਬੰਧਿਤ ਸਨ, ਪਰ ਇਹ ਸਵਾਲ ਵੀ ਉੱਠਦਾ ਹੈ ਕਿ ਕੀ ਇਹ ਸਾਰੇ ਧਰਮ ਪਰਿਵਰਤਨ ਸਵੈ-ਇੱਛਾ ਨਾਲ ਹੋਏ ਜਾਂ ਇਸ ਪਿੱਛੇ ਕੋਈ ਜਬਰ ਜਾਂ ਲਾਲਚ ਸੀ?
ਕੁਝ ਲੋਕਾਂ ਦਾ ਮੰਨਣਾ ਹੈ ਕਿ ਦੁਬਈ ਵਿੱਚ ਲੋਕਾਂ ਨੂੰ ਜਬਰਦਸਤੀ ਜਾਂ ਲਾਲਚ ਦੇ ਕੇ ਇਸਲਾਮ ਅਪਣਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਪਰ ਇਸ ਸਬੰਧੀ ਕੋਈ ਪੁਖਤਾ ਸਬੂਤ ਨਹੀਂ ਮਿਲੇ। ਸੰਯੁਕਤ ਅਰਬ ਅਮੀਰਾਤ ਦੀ ਸਰਕਾਰ ਅਤੇ ਇਸਲਾਮਿਕ ਮਾਮਲਿਆਂ ਅਤੇ ਧਰਮਾਰਥ ਗਤੀਵਿਧੀਆਂ ਵਿਭਾਗ ਦਾ ਕਹਿਣਾ ਹੈ ਕਿ ਧਰਮ ਪਰਿਵਰਤਨ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਕਾਨੂੰਨੀ ਅਤੇ ਪਾਰਦਰਸ਼ੀ ਹੈ। ਜੋ ਵੀ ਵਿਅਕਤੀ ਇਸਲਾਮ ਅਪਣਾਉਣਾ ਚਾਹੁੰਦਾ ਹੈ, ਉਸ ਨੂੰ ਨਿਆਂ ਮੰਤਰਾਲੇ ਅਤੇ ਸਥਾਨਕ ਅਧਿਕਾਰੀਆਂ ਦੀਆਂ ਨਿਰਧਾਰਤ ਪ੍ਰਕਿਰਿਆਵਾਂ ਦਾ ਪਾਲਣ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਇਸਲਾਮਿਕ ਮਾਮਲਿਆਂ ਅਤੇ ਧਰਮਾਰਥ ਗਤੀਵਿਧੀਆਂ ਵਿਭਾਗ ਵੱਲੋਂ ਧਰਮ ਪਰਿਵਰਤਨ ਦਾ ਸਰਟੀਫ਼ਿਕੇਟ ਜਾਰੀ ਕੀਤਾ ਜਾਂਦਾ ਹੈ।
ਮੁਹੰਮਦ ਬਿਨ ਰਾਸ਼ਿਦ ਇਸਲਾਮਿਕ ਕਲਚਰਲ ਸੈਂਟਰ ਨੇ ਨਾ ਸਿਰਫ਼ ਧਰਮ ਪਰਿਵਰਤਨ ਵਿੱਚ ਅਹਿਮ ਭੂਮਿਕਾ ਨਿਭਾਈ, ਸਗੋਂ ਇਸਲਾਮਿਕ ਸਿੱਖਿਆ ਨੂੰ ਵੀ ਉਤਸ਼ਾਹਿਤ ਕੀਤਾ ਹੈ। ਸੈਂਟਰ ਵੱਲੋਂ 1300 ਤੋਂ ਵੱਧ ਵਿਦਿਆਰਥੀਆਂ ਨੇ ਇਸਲਾਮੀ ਮਾਨਤਾਵਾਂ ਅਤੇ ਪ੍ਰਥਾਵਾਂ ’ਤੇ ਅਧਾਰਤ ਕੋਰਸਾਂ ਵਿੱਚ ਰਜਿਸਟ੍ਰੇਸ਼ਨ ਕਰਵਾਇਆ। ਇਸ ਤੋਂ ਇਲਾਵਾ, 47 ਵਿੱਦਿਅਕ ਅਤੇ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ, ਜਿਨ੍ਹਾਂ ਵਿੱਚ 1400 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਸੈਂਟਰ ਦਾ ਮੰਨਣਾ ਹੈ ਕਿ ਇਹ ਪ੍ਰੋਗਰਾਮ ਇਸਲਾਮ ਦੀ ਸਹੀ ਸਮਝ ਵਧਾਉਣ ਅਤੇ ਸਹਿਣਸ਼ੀਲਤਾ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਦੇ ਹਨ। ਨਵੇਂ ਧਰਮ ਅਪਣਾਉਣ ਵਾਲਿਆਂ ਨੂੰ ਸਮਾਜ ਵਿੱਚ ਏਕੀਕ੍ਰਿਤ ਹੋਣ ਲਈ ਸਰੋਤ ਅਤੇ ਮਾਰਗਦਰਸ਼ਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ।