
ਲੰਡਨ/ ਵੁਲਵਰਹੈਂਪਟਨ/ਏ.ਟੀ.ਨਿਊਜ਼:
ਇੰਗਲੈਂਡ ਦੇ ਸ਼ਹਿਰ ਵੁਲਵਰਹੈਂਪਟਨ ’ਚ ਦੋ ਬਜ਼ੁਰਗ ਸਿੱਖਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਵੁਲਵਰਹੈਂਪਟਨ ਰੇਲਵੇ ਸਟੇਸ਼ਨ ਦੀ ਦੱਸੀ ਜਾ ਰਹੀ ਹੈ। ਘਟਨਾ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਵਿੱਚ ਦੋ ਬਜ਼ੁਰਗ ਸਿੱਖਾਂ ’ਤੇ ਕੁੱਝ ਅੰਗਰੇਜ਼ ਨੌਜਵਾਨਾਂ ਵੱਲੋਂ ਨਸਲੀ ਟਿੱਪਣੀਆਂ ਕਰਦੇ ਹੋਏ ਹਮਲਾ ਕੀਤਾ ਗਿਆ ਸੀ। ਵੀਡੀਓ ਵਿੱਚ ਇੱਕ ਬਜ਼ੁਰਗ ਬੇਵੱਸ ਹਾਲਤ ਵਿੱਚ ਕਾਰ ਦੇ ਮੂਹਰੇ ਧਰਤੀ ’ਤੇ ਬੈਠਾ ਨਜ਼ਰ ਆਉਂਦਾ ਹੈ, ਜਦਕਿ ਦੂਸਰੇ ਬਜ਼ੁਰਗ ਦੀ ਦਸਤਾਰ ਸੜਕ ’ਤੇ ਡਿੱਗੀ ਹੋਈ ਹੈ ਤੇ ਨੌਜਵਾਨ ਉਸ ਨੂੰ ਕੁੱਟਦਾ ਨਜ਼ਰ ਆ ਰਿਹਾ ਹੈ। ਨੌਜਵਾਨ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਜਦੋਂ ਹੀ ਉਹ ਆਪਣੇ ਪੈਰ ਦਾ ਠੁੱਡ ਬਜ਼ੁਰਗ ਦੇ ਸਿਰ ’ਚ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇੱਕ ਹੋਰ ਵਿਅਕਤੀ ਹਮਲਾਵਰ ਨੂੰ ਪਿਛਾਂਹ ਖਿੱਚ ਲੈਂਦਾ ਹੈ। ਵੀਡੀਓ ਦੇਖਣ ਵੇਲੇ ਤੁਸੀਂ ਸਹਿਜੇ ਅੰਦਾਜਾ ਲਗਾ ਸਕਦੇ ਹੋ ਕਿ ਜੇਕਰ ਉਸ ਬਜ਼ੁਰਗ ਦੇ ਉਹ ਠੁੱਡ ਵੱਜ ਜਾਂਦਾ ਤਾਂ ਧੌਣ ਟੁੱਟਣ ਤੱਕ ਦੀ ਨੌਬਤ ਵੀ ਆ ਸਕਦੀ ਸੀ।
ਕਿਹਾ ਜਾ ਰਿਹਾ ਹੈ ਕਿ ਹਮਲੇ ਪਿੱਛੋਂ ਸਥਾਨਕ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹਮਲੇ ਦੇ ਸੰਬੰਧ ਵਿੱਚ ਤਿੰਨ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ’ਤੇ ਨਸਲੀ ਹਿੰਸਾ ਦਾ ਸ਼ੱਕ ਹੈ। ਦੋਵੇਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਗਿ੍ਰਫ਼ਤਾਰ ਕੀਤੇ ਗਏ ਲੋਕਾਂ ਦੀ ਉਮਰ 17, 19 ਅਤੇ 25 ਸਾਲ ਹੈ। ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਜਾਂਚ ਅਜੇ ਵੀ ਜਾਰੀ ਹੈ।
ਇੱਕ ਪੁਲਿਸ ਬੁਲਾਰੇ ਨੇ ਕਿਹਾ, ‘ਅਸੀਂ ਸੋਸ਼ਲ ਮੀਡੀਆ ’ਤੇ ਘੁੰਮ ਰਹੇ ਵੀਡੀਓ ਤੋਂ ਜਾਣੂ ਹਾਂ ਅਤੇ ਸਮਝਦੇ ਹਾਂ ਕਿ ਇਸ ਨੇ ਭਾਈਚਾਰੇ ਵਿੱਚ ਚਿੰਤਾ ਪੈਦਾ ਕੀਤੀ ਹੈ। ਰੇਲਵੇ ਨੈੱਟਵਰਕ ’ਤੇ ਇਸ ਤਰ੍ਹਾਂ ਦਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਂਦਾ ਅਤੇ ਅਸੀਂ ਇਸ ਮਾਮਲੇ ਦੀ ਪੂਰੀ ਜਾਂਚ ਕਰ ਰਹੇ ਹਾਂ’।”
ਜਿਕਰਯੋਗ ਹੈ ਕਿ ਉਕਤ ਵੀਡੀਓ ਕਲਿੱਪ ਵੀ ਕਿਸੇ ਬਰਤਾਨਵੀ ਔਰਤ ਵੱਲੋਂ ਹੀ ਬਣਾਇਆ ਗਿਆ ਹੈ ਤੇ ਉਹ ਹਮਲਾਵਰਾਂ ਨੂੰ ਵਾਰ ਵਾਰ ਸ਼ਰਮ ਕਰੋ ਲਫਜ ਕਹਿ ਕੇ ਦੱਸ ਰਹੀ ਹੈ ਕਿ ਉਸਨੇ ਉਹਨਾਂ ਦੀ ਵੀਡੀਓ ਬਣਾ ਲਈ ਹੈ। ਇਸ ਘਟਨਾ ਦੀ ਦੇਸ਼ ਵਿਦੇਸ਼ ਵਿੱਚ ਵਸਦੇ ਮਾਨਵਤਾਵਾਦੀ ਲੋਕਾਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ।
ਇਸ ਘਟਨਾ ਤੋਂ ਬਾਅਦ ਯੂ.ਕੇ. ਅਤੇ ਭਾਰਤ ਵਿੱਚ ਸਿੱਖ ਭਾਈਚਾਰੇ ਵਿੱਚ ਗੁੱਸਾ ਅਤੇ ਚਿੰਤਾ ਵਧ ਗਈ ਹੈ। ਭਾਈਚਾਰੇ ਦੇ ਲੋਕਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਬ੍ਰਿਟਿਸ਼ ਸਰਕਾਰ ਸਿੱਖਾਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕੇ ਅਤੇ ਨਸਲੀ ਹਿੰਸਾ ’ਤੇ ਸਖ਼ਤ ਕਾਨੂੰਨ ਲਾਗੂ ਕਰੇ।