
ਭਾਜਪਾ ਨੇ ਕਿਹਾ ਕਿ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ’ਤੇ ਅੱਜ ਸਵੇਰੇ ਸਿਵਲ ਲਾਈਨਜ਼ ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ‘ਜਨ ਸੁਣਵਾਈ’ ਪ੍ਰੋਗਰਾਮ ਦੌਰਾਨ ਕਥਿਤ ਹਮਲਾ ਕੀਤਾ ਗਿਆ।ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਹਫਤਾਵਾਰੀ ‘ਜਨ ਸੁਣਵਾਈ’ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ’ਤੇ ਹੋਏ ‘ਹਮਲੇ’ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਪਾਰਟੀ ਸੂਤਰਾਂ ਨੇ ਕਿਹਾ ਕਿ ਗੁਪਤਾ ’ਤੇ ਕਰੀਬ 35 ਸਾਲ ਉਮਰ ਦੇ ਇੱਕ ਵਿਅਕਤੀ ਨੇ ‘ਹਮਲਾ’ ਕੀਤਾ। ਉਨ੍ਹਾਂ ਕਿਹਾ ਕਿ ਹਮਲਾਵਰ ਨੇ ਪਹਿਲਾਂ ਮੁੱਖ ਮੰਤਰੀ ਨੂੰ ਜਨਤਕ ਸੁਣਵਾਈ ਦੌਰਾਨ ਕੁਝ ਕਾਗਜ਼ਾਤ ਦਿੱਤੇ ਅਤੇ ਫਿਰ ਕਥਿਤ ਤੌਰ ’ਤੇ ਉਨ੍ਹਾਂ ਉੱਤੇ ਹਮਲਾ ਕੀਤਾ। ਮੁਲਜ਼ਮ ਦੀ ਪਛਾਣ 41 ਸਾਲਾ ਰਾਜੇਸ਼ ਖੀਮਜੀ ਵਜੋਂ ਹੋਈ ਹੈ, ਜੋ ਕਿ ਰਾਜਕੋਟ, ਗੁਜਰਾਤ ਦਾ ਰਹਿਣ ਵਾਲਾ ਹੈ।ਪੁਲੀਸ ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਡੀਸੀਪੀ ਉੱਤਰੀ ਰਾਜਾ ਬੰਠੀਆ ਸਮੇਤ ਸੀਨੀਅਰ ਪੁਲੀਸ ਅਧਿਕਾਰੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ’ਤੇ ਪਹੁੰਚ ਗਏ।
ਭਾਜਪਾ ਦਿੱਲੀ ਦੇ ਮੁਖੀ ਵੀਰੇਂਦਰ ਸਚਦੇਵਾ ਨੇ ਕਿਹਾ ਕਿ ਮੁੱਖ ਮੰਤਰੀ ਠੀਕ ਹਨ ਅਤੇ ਉਨ੍ਹਾਂ ਦੇ ਮੱਥੇ ’ਤੇ ਮਾਮੂਲੀ ਸੱਟ ਲੱਗੀ ਹੈ। ਡਾਕਟਰਾਂ ਦੀ ਇੱਕ ਟੀਮ ਉਨ੍ਹਾਂ ਦੀ ਦੇਖਭਾਲ ਕਰ ਰਹੀ ਹੈ। ਸਚਦੇਵਾ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਨਿਰਧਾਰਿਤ ਪ੍ਰੋਗਰਾਮਾਂ ਨੂੰ ਜਾਰੀ ਰੱਖਣਗੇ। ਸਚਦੇਵਾ ਨੇ ਕਿਹਾ ਕਿ ਜਾਂਚ ਤੋਂ ਹਮਲੇ ਪਿਛਲੇ ਅਸਲ ਕਾਰਨ ਦਾ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਇਹ ਹਮਲਾ ‘ਜਨ ਸੁਣਵਾਈ’ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ। ਹਮਲੇ ਮਗਰੋਂ ਸ਼ਹਿਰ ਭਰ ਦੇ ਸਿਆਸਤਦਾਨਾਂ ਨੇ ਹਮਲੇ ਦੀ ਨਿੰਦਾ ਕੀਤੀ ਹੈ।