ਪ੍ਰੋਫੇਸਰ ਰਣਜੀਤ ਸਿੰਘ ਧਨੋਆ
ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਬਾਗੀ ਗੁੱਟ ਨੇ ਆਪਣੇ ਧੜੇ ਦਾ ਪ੍ਰਧਾਨ ਥਾਪ ਕੇ ਇਕ ਵਾਰ ਤਾਂ ਉਨ੍ਹਾਂ ਸਭ ਸ਼ੰਕਿਆਂ ‘ਤੇ ਵਿਸ਼ਰਾਮ ਚਿੰਨ ਲਗਾ ਦਿੱਤਾ ਹੈ, ਜਿਨ੍ਹਾਂ ਅਨੁਸਾਰ ਕਿਹਾ ਜਾਂਦਾ ਸੀ ਕਿ ਪ੍ਰਧਾਨ ਦੀ ਚੋਣ ਵਕਤ ਇਸ ਧੜੇ ਦੇ ਖਿਲਾਰੇ ਪੈ ਜਾਣਗੇ। ਸੁਣਨ ਵਿਚ ਇਹ ਤਰਕਪੂਰਨ ਵੀ ਜਾਪਦਾ ਸੀ, ਕਿਉਂਕਿ ਸਭ ਆਗੂ ਇਕੋ ਸਮੇਂ ਮੂਲ ਪਾਰਟੀ ‘ਚੋਂ ਬਾਹਰ ਆਏ ਸਨ, ਲਿਹਾਜ਼ਾ ਸਿਆਸੀ ਮਾਮਲਿਆਂ ਦੇ ਜਾਣਕਾਰ ਸੋਚਦੇ ਸਨ ਕਿ ਪ੍ਰਧਾਨ ਚੁਣਨ ਲਈ ਲੋੜੀਂਦੀ ਸੀਨੀਆਰਤਾ ਨੂੰ ਕਿਵੇਂ ਮਾਪਦੰਡ ਵਜੋਂ ਦੇਖਿਆ ਜਾਵੇਗਾ? ਫਿਰ ਕਿਸੇ ਪ੍ਰੋੜ੍ਹ ਸਿਆਸੀ ਭੱਥੇ ‘ਚੋਂ ਇਕ ਤੀਰ ਅਜਿਹਾ ਚੱਲਿਆ ਜੋ ਟਿਕਾਣੇ ਵੀ ਜਾ ਲੱਗਾ ਤੇ ਪ੍ਰਧਾਨ ਚੁਣਨ ਦੀ ਕਵਾਇਦ ਨੂੰ ਵੀ ਕਾਫੀ ਸਰਲ ਕਰ ਗਿਆ।
ਹੋਇਆ ਇਹ ਕਿ ਨਵੇਂ ਬਣੇ ਅਕਾਲੀ ਧੜੇ ਨੇ (ਭਾਵੇਂ ਉਨ੍ਹਾਂ ਨੇ ਪਾਰਟੀ ਦਾ ਅਜੇ ਕੋਈ ਪੱਕਾ ਨਾਮ ਨਹੀਂ ਰੱਖਿਆ ਬਲਕਿ ਭਰਤੀ ਕਮੇਟੀ ਹੀ ਆਖ ਰਹੇ ਹਨ) ਇਹ ਮਤਾ ਪਾ ਦਿੱਤਾ ਕਿ ਬਣਨ ਵਾਲਾ ਪ੍ਰਧਾਨ ਕਿਸੇ ਵੀ ਸੰਵਿਧਾਨਕ ਅਹੁਦੇ ਜਾਂ ਚੋਣ ਪ੍ਰਕਿਰਿਆ ਤੋਂ ਦੂਰ ਰਹੇਗਾ। ਪ੍ਰਧਾਨਗੀਆਂ ਦਾ ਅੰਤਿਮ ਉਦੇਸ਼ ਕੋਈ ਨਾ ਕੋਈ ਅਹੁਦਾ ਹੀ ਤਾਂ ਹੁੰਦਾ ਹੈ। ਬੱਸ ਫਿਰ ਕੀ ਸੀ, ਪ੍ਰਧਾਨਗੀ ਵਾਲੀ ਕਵਾਇਦ ਸੌਖੀ ਹੋ ਗਈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਨਵੇਂ ਦਲ ਦਾ ਪ੍ਰਧਾਨ ਚੁਣ ਲਿਆ ਗਿਆ ਅਤੇ ਸਿੱਖ ਕੌਮ ਦੀ ਸਤਿਕਾਰਤ ਸ਼ਖਸੀਅਤ ਬੀਬੀ ਸਤਵੰਤ ਕੌਰ ਜੋ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਹੈ, ਨੂੰ ਧਾਰਮਿਕ ਮਸਲਿਆਂ ਦੇ ਹੱਲ ਲਈ ਬਣੀ ਪੰਥਕ ਕੌਂਸਲ ਦਾ ਚੇਅਰਪਰਸਨ ਥਾਪ ਦਿੱਤਾ ਗਿਆ। ਇਨ੍ਹਾਂ ਦੋ ਨਿਯੁਕਤੀਆਂ ਨਾਲ ਸੰਗਠਨ ਦੀ ਬਣਤਰ ਦੇ ਮੁਢਲੇ ਤੇ ਅਹਿਮ ਕਾਰਜ ਨੂੰ ਸੰਪੂਰਨ ਕਰਨ ਤੋਂ ਬਾਅਦ ਅਗਲੀ ਵਿਉਂਤਬੰਦੀ ਲਈ ਰਾਹ ਪੱਧਰਾ ਕਰ ਲਿਆ ਗਿਆ। ਹਥਲੇ ਲੇਖ ਵਿਚ ਇਸ ਨਵੇਂ ਬਣੇ ਸੰਗਠਨ ਦੀਆਂ ਸੰਭਾਵਨਾਵਾਂ ਤੇ ਦਰਪੇਸ਼ ਚੁਣੌਤੀਆਂ ਦਾ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰਾਂਗੇ।
ਸੰਭਾਵਨਾਵਾਂ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਸੰਖੇਪ ਵਿਚ ਸਮੇਂ ਦੇ ਥੋੜ੍ਹੇ ਜਿਹੇ ਵਰਕੇ ਪਿਛਾਂਹ ਨੂੰ ਪਲਟਣੇ ਪੈਣਗੇ। 2015 ਤੋਂ ਸ਼ੁਰੂ ਹੋਈਆਂ ਬੇਅਦਬੀਆਂ ‘ਤੇ ਡੇਰਾ ਮੁਖੀ ਦੀ ਮੁਆਫੀ ਦੇ ਪ੍ਰਸੰਗ ਵਿਚ ਉਪਜੀਆਂ ਇਕ ਤੋਂ ਬਾਅਦ ਇਕ ਘਟਨਾਵਾਂ ਨੇ ਜਿੱਥੇ ਲੋਕਾਂ ਦੀ ਧਾਰਮਿਕ ਆਸਥਾ ਨੂੰ ਚੋਟ ਪਹੁੰਚਾਈ, ਉਥੇ ਉਹ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵਿਚ ਰੋਸ ਦੀ ਭਾਵਨਾ ਨੂੰ ਪ੍ਰਚੰਡ ਕਰ ਗਈਆਂ। ਲਗਾਤਾਰ ਦਸ ਸਾਲ ਸੂਬੇ ਦੀ ਸਿਆਸੀ ਫਿਜ਼ਾ ‘ਚ ਮਾਲਕ ਬਣ ਕੇ ਵਿਚਰਿਆ ਅਕਾਲੀ ਦਲ ਲੋਕ ਮਨਾਂ ਤੋਂ ਹੀ ਨਹੀਂ, ਪੰਜਾਬ ਦੇ ਸਿਆਸੀ ਨਕਸ਼ੇ ਤੋਂ ਵੀ ਹਾਸ਼ੀਏ ‘ਤੇ ਚਲਾ ਗਿਆ। ਦਲ ਦੇ ਜ਼ਿੰਮੇਵਾਰ ਅਹੁਦਿਆਂ ‘ਤੇ ਬਿਰਾਜਮਾਨ ਆਗੂਆਂ ਨੇ ਪਹਿਲਾਂ ਤਾਂ ਸੋਚਿਆ ਕਿ ਸਮਾਂ ਵੱਡੇ ਤੋਂ ਵੱਡਾ ਜ਼ਖ਼ਮ ਭਰ ਦਿੰਦਾ ਹੈ, ਲਿਹਾਜ਼ਾ ਸਿੱਖ ਸੰਗਤ ਵੀ ਉਨ੍ਹਾਂ ਤੋਂ ਹੋਈਆਂ ਭੁੱਲਾਂ ਵਧੀਕੀਆਂ ਨੂੰ ਭੁੱਲ-ਭੁਲਾ ਜਾਵੇਗੀ, ਪ੍ਰੰਤੂ ਉਪਰੋਥਲੀ ਹੋਈਆਂ ਵਿਧਾਨ ਸਭਾ, ਲੋਕ ਸਭਾ ਤੇ ਜ਼ਿਮਨੀ ਚੋਣਾਂ ਵਿਚ ਜਿਵੇਂ ਕਹਿੰਦੇ ਕਹਾਉਂਦੇ ਆਗੂਆਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ, ਉਸ ਨਾਲ ਇਨ੍ਹਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਤੇ ਕੁਝ ਆਗੂ ਬਗਾਵਤ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਪੇਸ਼ ਹੋਏ।
ਫਿਰ ਦੋ ਦਸੰਬਰ ਦਾ ਹੁਕਮਨਾਮਾ ‘ਤੇ ਬਾਅਦ ਵਿਚ ਪੜਾਅ-ਦਰ-ਪੜਾਅ ਵਾਪਰੀਆਂ ਸਿਆਸੀ ਤੇ ਧਾਰਮਿਕ ਘਟਨਾਵਾਂ ਤੋਂ ਬਾਅਦ ਨਵੇਂ ਦਲ ਦਾ ਪ੍ਰਧਾਨ ਬਣਨ ਤੱਕ ਗੱਲ ਜਾ ਪਹੁੰਚੀ, ਜਿਸ ਤੋਂ ਸਭ ਵਾਕਿਫ ਹਨ, ਲਿਹਾਜ਼ਾ ਤਫ਼ਸੀਲ ਵਿਚ ਜਾਣ ਦੀ ਲੋੜ ਨਹੀਂ। ਸੁਖਬੀਰ ਸਿੰਘ ਬਾਦਲ ਦਾ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਮੰਗ ਕੇ ਤੇ ਸੇਵਾ ਪੂਰੀ ਕਰਨ ਤੋਂ ਬਾਅਦ ਇਹ ਕਹਿਣਾ ਕਿ ‘ਅਸੀਂ ਸਜ਼ਾ ਆਪਣੀ ਝੋਲੀ ਪਵਾ ਲਈ ਭਾਵੇਂ ਅਸੀਂ ਕੀਤਾ ਕੁਝ ਨਹੀਂ’ ਬਣੀ ਬਣਾਈ ਖੇਡ ਵਿਗਾੜ ਗਿਆ, ਕਿਉਂਕਿ ਸੱਤਾ ਸੁਖ ਭੋਗਦਿਆਂ ਖਾਸ ਕਰਕੇ 2012 ਤੋਂ 2017 ਤੱਕ ਜਿਹੋ ਜਿਹੇ ਫੈਸਲੇ ਅਕਾਲੀ ਸਰਕਾਰ (ਜਿਸ ਵਿਚ ਸੁਖਬੀਰ ਸਿੰਘ ਬਾਦਲ ਦਾ ਵਿਸ਼ੇਸ਼ ਪ੍ਰਭਾਵ ਸੀ) ਨੇ ਲਏ ਉਹ ਸਭ ਦੇ ਸਾਹਮਣੇ ਹਨ, ਕਿਸੇ ਤੋਂ ਲੁਕੇ ਛਿਪੇ ਨਹੀਂ। ਇਹ ਜਨਤਾ ਨਾਲ ਕੀਤੇ ਉਸ ਵਾਅਦੇ ਨਾਲ ਸੱਤਾ ਵਿਚ ਆਏ ਸਨ, ਕਿ ਇਕ ਕਮਿਸ਼ਨ ਬਣਾਵਾਂਗੇ, ਜੋ ਜਾਂਚ ਕਰੇਗਾ ਤੇ ਜਿਨੇ ਵੀ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਜਨਤਾ ‘ਤੇ ਜਬਰ-ਜ਼ੁਲਮ ਕਰਨ ਦੇ ਦੋਸ਼ੀ ਪਾਏ ਗਏ ਸਭ ਨੂੰ ਕਟਹਿਰੇ ‘ਚ ਖੜ੍ਹਾ ਕੀਤਾ ਜਾਵੇਗਾ। ਜਨਤਾ ਨੂੰ ਆਸ ਬੱਝੀ ਤੇ ਭਾਰਤੀ ਜਨਤਾ ਪਾਰਟੀ ਦੇ ਸਾਥ ਨਾਲ ਅਕਾਲੀ ਦਲ ਪੰਜਾਬ ਵਿਚ ਸਰਕਾਰ ਬਣਾਉਣ ‘ਚ ਕਾਮਯਾਬ ਹੋ ਗਿਆ। ਅਫਸੋਸ ਨਾਲ ਲਿਖਣਾ ਪੈ ਰਿਹਾ ਹੈ, ਕਿ ਜਿਹੜੇ ਕਮਿਸ਼ਨ ਦੀ ਗੱਲ ਕਰ ਕੇ ਆਮ ਲੋਕਾਂ ਦੀ ਭਾਵਨਾਤਮਿਕ ਹਮਾਇਤ ਹਾਸਿਲ ਕੀਤੀ ਗਈ ਸੀ, ਸੱਤਾ ‘ਚ ਆਉਣ ਸਾਰ ਪਾਰਟੀ ਉਹ ਵਾਅਦੇ ਭੁੱਲ-ਭੁਲਾ ਗਈ। ਉਲਟਾ 2012 ਵਿਚ ਉਨ੍ਹਾਂ ਹੀ ਪੁਲਿਸ ਅਧਿਕਾਰੀਆਂ ਨੂੰ ਤਰੱਕੀਆਂ ਤੇ ਟਿਕਟਾਂ ਨਾਲ ਨਿਵਾਜਿਆ ਗਿਆ, ਜਿਨ੍ਹਾਂ ‘ਤੇ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਣ ਦੇ ਦੋਸ਼ ਲਗਦੇ ਰਹੇ। ਸੁਮੇਧ ਸਿੰਘ ਸੈਣੀ ਨੂੰ ਪੁਲਿਸ ਮੁਖੀ ਲਾਉਣਾ, ਇਜ਼ਹਾਰ ਆਲਮ ਪਰਿਵਾਰ ਨੂੰ ਮਾਲੇਰਕੋਟਲਾ ਵਿਧਾਨ ਸਭਾ ਹਲਕੇ ਤੋਂ ਟਿਕਟ ਦੇਣਾ, ਡੇਰਾ ਮੁਖੀ ਨੂੰ ਬਿਨ ਮੰਗੇ ਮੁਆਫੀ ਤੇ ਬਰਗਾੜੀ ਗੋਲੀ ਕਾਂਡ ਸੱਚਮੁੱਚ ਇਨ੍ਹਾਂ ਘਟਨਾਵਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਸਿੱਖ ਹਿਰਦਿਆਂ ਤੋਂ ਲਾਂਭੇ ਕਰ ਦਿੱਤਾ। ਇਨ੍ਹਾਂ ਫੈਸਲਿਆਂ ਪਿੱਛੇ ਪਾਰਟੀ ਦੀ ਕੋਈ ਮਜਬੂਰੀ ਸੀ ਜਾਂ ਮਨੋਦਸ਼ਾ ‘ਚ ਆਇਆ ਕੋਈ ਖਲਾਅ ਲੋਕਾਂ ਨੂੰ ਅੱਜ ਤੱਕ ਸਮਝ ਨਹੀਂ ਆਇਆ। ਉਕਤ ਕਾਰਨਾਂ ਦੇ ਪ੍ਰਤੀਕਰਮ ਵਜੋਂ ਹੀ ਉਹ ਸਾਰੀਆਂ ਸੰਭਾਵਨਾਵਾਂ ਬਣੀਆਂ ਜਿਨ੍ਹਾਂ ਕਾਰਨ ਪੰਜਾਬ ਦੇ ਲੋਕ ਸੂਬੇ ਵਿਚ ਨਵੇਂ ਬਣ ਰਹੇ ਦਲਾਂ ਜਾਂ ਪਾਰਟੀਆਂ ਤੋਂ ਆਸਾਂ ਰੱਖਦੇ ਪ੍ਰਤੀਤ ਹੁੰਦੇ ਰਹੇ ਹਨ। ਹਾਲ ਹੀ ਵਿਚ ਬਾਬਾ ਬਕਾਲਾ ਸਾਹਿਬ ਵਿਖੇ ਹੋਈਆਂ ਵੱਖ-ਵੱਖ ਪਾਰਟੀਆਂ ਦੀਆਂ ਰੈਲੀਆਂ ਵਿਚ ਹੋਏ ਇਕੱਠਾਂ ਨੇ ਵੀ ਇਸ ਗੱਲ ‘ਤੇ ਮੋਹਰ ਲਾਈ ਹੈ।
ਇਸੇ ਤਰ੍ਹਾਂ ਗੁਰਦੁਆਰਾ ਪ੍ਰਬੰਧਾਂ ਦੀ ਦੇਖਭਾਲ ਲਈ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰਾਂ ਦੇ ਪ੍ਰਬੰਧ ਬਾਰੇ ਅਵੇਸਲੇ ਹੋ ਜਾਣਾ ਵੀ ਨਵੇਂ ਦਲ ਲਈ ਸੰਭਾਵਨਾ ਲੈ ਕੇ ਆਇਆ ਹੈ। ਕਦੇ ਨਹੀਂ ਸੀ ਸੁਣਿਆ ਸ਼੍ਰੋਮਣੀ ਕਮੇਟੀ ਦਾ ਕੋਈ ਵਫ਼ਦ ਕਿਸੇ ਪਿੰਡ ਜਾਂ ਸ਼ਹਿਰ ਕਿਸੇ ਗੁਰੂ ਘਰ ਦੇ ਪ੍ਰਬੰਧਾਂ ਦੀ ਪੜਚੋਲ ਲਈ ਪਹੁੰਚਿਆ ਹੋਵੇ। ਅੰਤ ਨਿਰਾਸ਼ ਹੋਏ ਲੋਕਾਂ ਨੇ ਆਪੋ ਆਪਣੀ ਸਮੱਰਥਾ ਮੁਤਾਬਿਕ ‘ਸਤਿਕਾਰ ਕਮੇਟੀਆਂ’ ਬਣਾਉਣ ਦੀ ਸੋਚੀ ਜੋ ਗੁਰਮਤਿ ਅਤੇ ਗੁਰੂ ਆਸੇ ਤੋਂ ਉਲਟ ਹੋ ਰਹੇ ਮਨਮਤਿ ਦੇ ਖਿਲਾਫ ਮਿਲਦੀਆਂ ਸ਼ਿਕਾਇਤਾਂ ਦੀ ਪੜਚੋਲ ਲਈ ਪਹੁੰਚਦੀਆਂ ਰਹੀਆਂ ਹਨ, ਭਾਵੇਂ ਕਿ ਕਈ ਥਾਵਾਂ ‘ਤੇ ਉਨ੍ਹਾਂ ਦੀਆਂ ਸਰਗਰਮੀਆਂ ਨਾਲ ਵੀ ਵਿਵਾਦ ਪੈਦਾ ਹੋਏ ਹਨ। ਨਵੇਂ ਬਣੇ ਦਲ ਤੋਂ ਇਹ ਸੰਭਾਵਨਾ ਬਣਦੀ ਨਜ਼ਰ ਆਉਂਦੀ ਹੈ, ਕਿ ਗੁਰਦੁਆਰਾ ਪ੍ਰਬੰਧਾਂ ਵਿਚ ਸੁਧਾਰ ਲਈ ਨਵੇਂ ਸਿਰਿਓਂ ਯਤਨ ਕੀਤੇ ਜਾਣਗੇ। ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਹੋਏ ਹੁਕਮਨਾਮਿਆਂ ਨੂੰ ਅਮਲ ਵਿਚ ਲਿਆਉਣ ਦੀ ਕੋਈ ਚਾਰਾਜੋਈ ਆਰੰਭੀ ਜਾਵੇਗੀ। ਧਰਮ ਪ੍ਰਚਾਰ ਲਹਿਰ ਸ਼ੁਰੂ ਕਰਨ, ਸਿੱਖੀ ਸਿਧਾਂਤਾਂ ਦੀ ਤਰਜ਼-ਏ-ਜ਼ਿੰਦਗੀ ਦੇ ਰਾਹ ਖੋਲ੍ਹਣ ਲਈ ਨੌਜਵਾਨਾਂ ਲਈ ਕੋਈ ਪ੍ਰੇਰਨਾਦਾਇਕ ਪ੍ਰੋਗਰਾਮ ਉਲੀਕਿਆ ਜਾਵੇਗਾ, ਜੋ ਅੱਜ ਦੇ ਸਮੇਂ ਦੀ ਮੁੱਖ ਲੋੜ ਭਾਸਦੀ ਹੈ। ਇਸ ਤੋਂ ਇਲਾਵਾ ਪੰਥ ਨਵੇਂ ਦਲ ਤੋਂ ਇਹ ਵੀ ਆਸ ਰੱਖੇਗਾ ਕਿ ਪੰਥ ਤੇ ਪੰਜਾਬ ਦੇ ਧਾਰਮਿਕ, ਸਿਆਸੀ ਅਤੇ ਆਰਥਿਕ ਮਸਲਿਆਂ ਦੇ ਨਿਪਟਾਰੇ ਲਈ ਵੀ ਨਵੇਂ ਪ੍ਰੋਗਰਾਮ ਉਲੀਕੇਗਾ।
ਜੇ ਚੁਣੌਤੀਆਂ ਦੀ ਗੱਲ ਕਰਨੀ ਹੋਵੇ ਤਾਂ ਨਵੇਂ ਬਣੇ ਦਲ ਅੱਗੇ ਇਕ ਨਹੀਂ ਅਨੇਕ ਚੁਣੌਤੀਆਂ ਹਨ। ਸਭ ਤੋਂ ਪਹਿਲਾਂ ਨਾਂਅ ਦੀ ਚੁਣੌਤੀ ਹੈ। ਕੀ ‘ਸ਼੍ਰੋਮਣੀ ਅਕਾਲੀ ਦਲ’ ਨਾਂਅ ਹਾਸਿਲ ਕਰਨ ਲਈ ਕੋਈ ਕਾਨੂੰਨੀ ਪਹਿਲ ਸ਼ੁਰੂ ਕੀਤੀ ਜਾਵੇਗੀ, ਜਿਸ ਨਾਲ ਚੋਣ ਨਿਸ਼ਾਨ ਤੇ ਦਫ਼ਤਰ ਦੇ ਮਾਮਲੇ ਵੀ ਜੁੜੇ ਹੋਏ ਹਨ। ਇਹ ਅਤਿ ਗੁੰਝਲਦਾਰ ਤੇ ਲੰਮੇਰੀ ਕਾਨੂੰਨੀ ਪ੍ਰਕਿਰਿਆ ਵਾਲਾ ਅਮਲ ਹੈ, ਜੋ ਹਾਲ ਦੀ ਘੜੀ ਨਵਾਂ ਬਣਿਆ ਦਲ ਇਸ ਤੋਂ ਗੁਰੇਜ਼ ਕਰੇਗਾ। ਜੇਕਰ ਦਲ ਪੁਰਾਣੀਆਂ ਰਵਾਇਤਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨਾਂਅ ਰੱਖ ਕੇ ਬਰੈਕਟ ਵਿਚ ਕੋਈ ਹੋਰ ਸ਼ਬਦ ਲਾ ਕੇ ਨਵਾਂ ਨਾਂਅ ਰੱਖਦਾ ਹੈ, ਤਾਂ ਇਹ ਰਾਹ ਇਸ ਤੋਂ ਵੀ ਔਖਾ ਹੈ। ਭਾਰਤੀ ਚੋਣ ਕਮਿਸ਼ਨ ਕੋਲ ਬਤੌਰ ਖੇਤਰੀ ਪਾਰਟੀ ਰਜਿਸਟਰ ਹੋਣ ਤੇ ਇਕ ਚੋਣ ਨਿਸ਼ਾਨ ਹਾਸਿਲ ਕਰਨ ਲਈ ਨਿਰਧਾਰਿਤ ਸ਼ਰਤਾਂ ਪੂਰੀਆਂ ਕਰਨੀਆਂ ਵੀ ਸੌਖਾ ਕੰਮ ਨਹੀਂ। ਸੂਬੇ ਦੇ ਕੁੱਲ ਵੋਟਾਂ ਦਾ 6% ਹਾਸਿਲ ਕਰਨਾ ਜਾਂ ਦੋ ਵਿਧਾਨ ਸਭਾ ਸੀਟਾਂ ਜਾਂ ਇਕ ਲੋਕ ਸਭਾ ਸੀਟ ਜਿੱਤਣੀ ਜ਼ਰੂਰੀ ਹੈ, ਫਿਰ ਕਿਧਰੇ ਜਾ ਕੇ ਪਾਰਟੀ ਨੂੰ ਇਕ ਚੋਣ ਨਿਸ਼ਾਨ ਮਿਲ ਸਕਦਾ ਹੈ। ਅਗਲੀ ਚੁਣੌਤੀ ਲੋਕਾਂ ਦਾ ਯਕੀਨ ਜਿੱਤਣ ਦੀ ਹੋਵੇਗੀ। ਉਹ ਕਿਹੜੇ ਨੁਕਤੇ ਹੋਣਗੇ, ਜਿਨ੍ਹਾਂ ਨੂੰ ਆਧਾਰ ਬਣਾ ਕੇ ਇਹ ਦਲ ਲੋਕਾਂ ਵਿਚ ਆਪਣੀ ਥਾਂ ਬਣਾਉਣ ਵਿਚ ਸਫਲ ਹੋ ਸਕੇਗਾ। ਚੋਣ ਪ੍ਰਕਿਰਿਆ ਦੌਰਾਨ ਜਦੋਂ ਕੋਈ ਉਮੀਦਵਾਰ ਵੋਟ ਮੰਗਣ ਕਿਸੇ ਵੋਟਰ ਦੇ ਬੂਹੇ ‘ਤੇ ਦਸਤਕ ਦਿੰਦਾ ਹੈ ਤਾਂ ਵੋਟਰ ਵਲੋਂ ਸੰਭਾਵਿਤ ਪੁੱਛੇ ਜਾਣ ਵਾਲੇ ਇਸ ਪ੍ਰਸ਼ਨ ਦਾ ਜਵਾਬ ਉਹ ਕੀ ਤੇ ਕਿਵੇਂ ਦੇਣਗੇ ਕਿ ਅਸੀਂ ‘ਤੁਹਾਨੂੰ ਵੋਟ ਕਿਉਂ ਦੇਈਏ?
ਇਸ ਤੋਂ ਇਲਾਵਾ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ਾਇਦ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆ ਜਾਣ, ਜਿਸ ਵਿਚ ਉਮੀਦਵਾਰ ਉਤਾਰਨੇ ਇਸ ਨਵੇਂ ਬਣੇ ਦਲ ਲਈ ਇਕ ਵੱਖਰੀ ਚੁਣੌਤੀ ਹੋਵੇਗੀ। ਪਾਰਟੀ ਢਾਂਚਾ ਮਕੁੰਮਲ ਕਰਨਾ ਤੇ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਇਹ ਦਲ ਕਿਹੋ ਜਿਹੀ ਕਾਰਗੁਜ਼ਾਰੀ ਦਿਖਾਉਂਦਾ ਹੈ, ਉਹ ਵੀ ਵੱਡੇ ਅਰਥ ਰੱਖੇਗੀ। ਹੁਣ ਸੋਸ਼ਲ ਮੀਡੀਆ ਦਾ ਯੁੱਗ ਹੈ ਮੂੰਹੋਂ ਨਿਕਲੇ ਸ਼ਬਦ ਦੂਰ ਤੱਕ ਪਹੁੰਚ ਰਹੇ ਹਨ। ਇਸ ਨਵੇਂ ਬਣੇ ਸੰਗਠਨ ਨੂੰ ਲੋਕ ਕਿਵੇਂ ਤੇ ਕਿੰਨਾ ਕੁ ਪ੍ਰਵਾਨ ਕਰਦੇ ਹਨ, ਇਸ ਬਾਰੇ ਕੁੱਝ ਕਹਿਣਾ ਭਾਵੇਂ ਅਜੇ ਸਮੇਂ ਤੋਂ ਪਹਿਲਾਂ ਬੋਲਣ ਵਾਲੀ ਗੱਲ ਹੋਵੇਗੀ, ਪ੍ਰੰਤੂ ਇਕ ਗੱਲ ਜ਼ਰੂਰ ਹੈ, ਕਿ ਇਸ ਨਵੇਂ ਬਣੇ ਦਲ ਨੇ ਦੇਸ਼-ਵਿਦੇਸ਼ ਵਿਚ ਬੈਠੀਆਂ ਸਿੱਖ ਸੰਗਤਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।