ਅਮਰੀਕਾ ਦੀ ਇੱਕ ਕਲੱਬ ਵਿੱਚ ਹੋਈ ਗੋਲੀਬਾਰੀ ਵਿੱਚ 3 ਮੌਤਾਂ ਤੇ 9 ਜ਼ਖਮੀ

In ਅਮਰੀਕਾ
August 21, 2025

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਨਿਊਯਾਰਕ ਦੀ ਇੱਕ ਕਲੱਬ ਵਿੱਚ ਹੋਈ ਸਮੂਹਿਕ ਗੋਲੀਬਾਰੀ ਵਿੱਚ 3
ਵਿਅਕਤੀਆਂ ਦੇ ਮਾਰੇ ਜਾਣ ਤੇ 9 ਹੋਰਨਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਨਿਊਯਾਰਕ ਸਿੱਟੀ ਪੁਲਿਸ ਵਿਭਾਗ ਨੇ ਜਾਰੀ ਇੱਕ
ਬਿਆਨ ਵਿੱਚ ਕਿਹਾ ਹੈ ਕਿ ਸ਼ੂਟਰ ਇੱਕ ਤੋਂ ਜਿਆਦਾ ਸਨ ਜਿਨਾਂ ਦੀ ਭਾਲ ਵੱਡੀ ਪੱਧਰ ‘ਤੇ ਕੀਤੀ ਜਾ ਰਹੀ ਹੈ। ਸ਼ਹਿਰ ਦੇ ਮੇਅਰ
ਐਰਿਕ ਐਡਮਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੋਲੀਬਾਰੀ ਦੀ ਇਸ ਭਿਆਨਕ ਘਟਨਾ ਨੇ ਸੱਭ ਨੂੰ ਝੰਜੋੜ ਕੇ
ਰੱਖ ਦਿੱਤਾ ਹੈ। ਪੁਲਿਸ ਕਮਿਸ਼ਨਰ ਜੈਸੀਕਾ ਟਿਸ਼ ਅਨੁਸਾਰ ਪੁਲਿਸ ਨੂੰ ਤੜਕਸਾਰ 3.27 ਵਜੇ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ।
ਮੌਕੇ ਉਪਰ ਪੁੱਜੀ ਪੁਲਿਸ ਨੂੰ 12 ਲੋਕ ਜ਼ਖਮੀ ਹਾਲਤ ਵਿੱਚ ਮਿਲੇ ਜਿਨਾਂ ਦੇ ਗੋਲੀਆਂ ਵੱਜੀਆਂ ਹੋਈਆਂ ਸਨ। ਉਨਾਂ ਕਿਹਾ ਕਿ
ਬਰੁੱਕਲਿਨ ਦੇ ਕਰਾਊਨ ਹਾਈਟਸ ਦੇ ਗਵਾਂਢ ਵਿੱਚ ਟੇਸਟ ਆਫ ਦੀ ਸਿਟੀ ਲਾਂਜ ਵਿੱਚ ਵਾਪਰੀ ਗੋਲੀਬਾਰੀ ਦੀ ਇਸ ਘਟਨਾ ਦੇ
ਪੀੜਤਾਂ ਦੀ ਉਮਰ 19 ਤੋਂ 61 ਸਾਲਾਂ ਦੇ ਦਰਮਿਆਨ ਹੈ। ਉਨਾਂ ਕਿਹਾ ਕਿ 19 ਸਾਲ ਦੇ ਇੱਕ ਵਿਅਕਤੀ ਨੂੰ ਮੌਕੇ ਉਪਰ ਹੀ ਮ੍ਰਿਤਕ
ਐਲਾਨ ਦਿੱਤਾ ਗਿਆ ਜਦ ਕਿ 27 ਤੇ 25 ਸਾਲ ਦੇ ਦੋ ਵਿਅਕਤੀ ਹਸਪਤਾਲ ਵਿੱਚ ਦਮ ਤੋੜ ਗਏ। ਟਿਸ਼ ਅਨੁਸਾਰ ਜ਼ਖਮੀ 9
ਜਣਿਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਤੇ ਉਨਾਂ ਦੇ ਜ਼ਖਮ ਜਾਨ ਲੇਵਾ ਨਹੀਂ ਹਨ। ਪੁਲਿਸ ਨੇ ਪੀੜਤਾਂ ਦੇ ਨਾਂ ਜਾਰੀ ਨਹੀਂ ਕੀਤੇ
ਹਨ।

Loading