
ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਅਮਰੀਕਾ ਤੇ ਬਰਤਾਨੀਆ ਦੀ ਦੋਹਰੀ ਨਾਗਰਿਕਤਾ ਰੱਖਣ ਵਾਲੀ ਪੰਜਾਬਣ 42 ਸਾਲਾ ਜਸਵੀਨ ਸੰਘਾ, ਜਿਸ ਨੂੰ ਕੈਟਾਮਾਈਨ ਕੁਈਨ ਵੀ ਕਿਹਾ ਜਾਂਦਾ ਹੈ, ਨੇ 2023 ਵਿੱਚ ਅਦਾਕਾਰ ਮੈਥੀਊ ਪੈਰੀ ਦੀ ਓਵਰਡੋਜ਼ ਕਾਰਨ ਹੋਈ ਮੌਤ ਦੇ ਮਾਮਲੇ ਵਿੱਚ ਆਪਣੇ ਵਿਰੁੱਧ ਲੱਗੇ ਸੰਘੀ ਦੋਸ਼ਾਂ ਨੂੰ ਮੰਨ ਲਿਆ ਹੈ। ਇਹ ਜਾਣਕਾਰੀ ਇਸਤਗਾਸਾ ਪੱਖ ਨੇ ਦਿੱਤੀ ਹੈ। ਸੰਘਾ ਨੇ ਡਰੱਗ ਰੱਖਣ ਤੇ ਕੈਟਾਮਾਈਨ ਵੰਡਣ, ਜਿਸ ਕਾਰਨ ਮੌਤ ਹੋਈ, ਸਮੇਤ ਹੋਰ ਦੋਸ਼ਾਂ ਨੂੰ ਕਬੂਲ ਕਰ ਲਿਆ ਹੈ। ਜਾਂਚਕਾਰਾਂ ਅਨੁਸਾਰ ਸੰਘਾ ਨੇ ਪੈਰੀ ਨੂੰ ਕਈ ਵਾਰ ਕੈਟਾਮਾਈਨ ਦੀ ਸਪਲਾਈ ਕੀਤੀ ਹਾਲਾਂ ਕਿ ਉਹ ਜਾਣਦੀ ਸੀ ਕਿ ਅਦਾਕਾਰ ਨੂੰ ਡਰੱਗ ਦੀ ਆਦਤ ਹੈ। ਲਾਸ ਏਂਜਲਸ ਕਾਊਂਟੀ ਜਾਂਚਕਾਰ ਨੇ ਪੁਸ਼ਟੀ ਕੀਤੀ ਸੀ ਕਿ 28 ਅਕਤੂਬਰ.2023 ਨੂੰ ਪੈਰੀ ਦੀ ਮੌਤ ਦਾ ਮੁੱਢਲਾ ਕਾਰਨ ਜ਼ਹਿਰੀਲਾ ਕੈਟਾਮਾਈਨ ਸੀ। ਸੰਘਾ ਨੂੰ ਸਜ਼ਾ ਸੁਣਾਉਣ ਦੀ ਤਰੀਕ ਅਜੇ ਤੈਅ ਨਹੀਂ ਹੋਈ ਹੈ। ਇਸਤਗਾਸਾ ਪੱਖ ਅਨੁਸਾਰ ਉਸ ਨੂੰ 45 ਸਾਲ ਤੱਕ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।