ਸਿੱਖ ਪੰਥ ਵਿੱਚ ਦਲਿਤ ਜਾਤੀ ਦੇ ਸਿੱਖਾਂ ਨੂੰ ਹਮੇਸ਼ਾ ਮਿਲਿਆ ਸਤਿਕਾਰ

In ਪੰਜਾਬ
August 26, 2025

ਸਿੱਖ ਧਰਮ ਦੀ ਨੀਂਹ ਹੀ ਜਾਤੀ ਪਾਤ ਨੂੰ ਨਕਾਰਨ ਵਾਲੀ ਹੈ। ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਨਾ ਕੋਈ ਹਿੰਦੂ ਹੈ ਤੇ ਨਾ ਮੁਸਲਮਾਨ, ਨਾ ਹੀ ਕੋਈ ਜਾਤੀ ਹੈ, ਸਭ ਇੱਕ ਅਕਾਲ ਪੁਰਖ ਦੇ ਬੰਦੇ ਹਨ। ਇਹ ਫ਼ਲਸਫ਼ਾ ਸਿੱਖ ਪੰਥ ਨੂੰ ਬਰਾਬਰੀ ਦਾ ਸੰਦੇਸ਼ ਦਿੰਦਾ ਹੈ। ਇਸ ਨੂੰ ਅਮਲੀ ਰੂਪ ਵਿੱਚ ਗੁਰੂ ਸਾਹਿਬਾਨ ਨੇ ਲੰਗਰ, ਸਰੋਵਰ, ਸੇਵਾ ਪ੍ਰਥਾ ਨਾਲ ਵਿਖਾਇਆ, ਜਿੱਥੇ ਅਮੀਰ ਗਰੀਬ, ਉੱਚ ਨੀਚ ਸਭ ਬਰਾਬਰ ਹਨ। ਭਾਰਤੀ ਰਾਜਨੀਤੀ ਵਿੱਚ ਵੀ ਜਾਤੀ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ, ਪਰ ਦਲਿਤਾਂ ਨੂੰ ਕਦੇ ਮਾਣ ਨਹੀਂ ਮਿਲਿਆ ਜੋ ਸਿੱਖ ਧਰਮ ਤੇ ਰਾਜਨੀਤੀ ਵਿੱਚ ਮਿਲਿਆ ਹੈ। 2011 ਦੀ ਮਰਦਮਸ਼ੁਮਾਰੀ ਮੁਤਾਬਕ ਪੰਜਾਬ ਦੀ ਸਿੱਖ ਆਬਾਦੀ ਦਾ ਇੱਕ ਤਿਹਾਈ ਹਿੱਸਾ ਅਨੁਸੂਚਿਤ ਜਾਤੀਆਂ ਵਿੱਚੋਂ ਹੈ, ਪਰ ਉਹਨਾਂ ਨੂੰ ਸਿਆਸੀ ਨੁਮਾਇੰਦਗੀ ਤੇ ਸਤਿਕਾਰ ਅਕਾਲੀ ਰਾਜਨੀਤੀ ਵਿੱਚ ਬਾਕੀ ਸਿਆਸੀ ਧਿਰਾਂ ਨਾਲੋਂ ਵਧ ਮਿਲਦਾ ਹੈ। ਸ਼੍ਰੋਮਣੀ ਕਮੇਟੀ ਵਿੱਚ ਦਲਿਤ ਜਾਤਾਂ ਵਾਲੇ ਆਗੂ ਮੁੱਖ ਅਹੁਦਿਆਂ ਉੱਪਰ ਹਨ। ਗਿਆਨੀ ਹਰਪ੍ਰੀਤ ਸਿੰਘ, ਜੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ, ਅਨੁਸੂਚਿਤ ਜਾਤੀ ਵਿੱਚੋਂ ਨੇ ਅਤੇ ਉਹਨਾਂ ਨੂੰ ਕਦੇ ਜਾਤੀ ਨੂੰ ਲੈ ਕੇ ਵਿਤਕਰਾ ਨਹੀਂ ਸਹਿਣਾ ਪਿਆ। ਉਹਨਾਂ ਨੇ ਖੁਦ ਕਿਹਾ ਕਿ ਸਿੱਖ ਪੰਥ ਵਿੱਚ ਜਾਤੀ ਨੂੰ ਮਹੱਤਵ ਨਹੀਂ ਦਿੱਤਾ ਜਾਂਦਾ, ਸਿਰਫ਼ ਗੁਰੂ ਦੇ ਫ਼ਲਸਫ਼ੇ ਪ੍ਰਤੀ ਸਮਰਪਣ ਤੇ ਗੁਣਾਂ ਨੂੰ ਵੇਖਿਆ ਜਾਂਦਾ ਹੈ। ਉਹਨਾਂ ਦੇ ਪਿਤਾ ਵੀ ਗ੍ਰੰਥੀ ਸਨ ਅਤੇ ਉਹਨਾਂ ਨੇ ਆਪਣੀ ਮਿਹਨਤ ਨਾਲ ਉੱਚ ਅਹੁਦੇ ਹਾਸਲ ਕੀਤੇ ਹਨ। ਸਿੱਖ ਧਰਮ ਨੇ ਉਹਨਾਂ ਨੂੰ ਬਹੁਤ ਮਾਣ ਬਖਸ਼ਿਆ ਹੈ।
ਇਸੇ ਤਰ੍ਹਾਂ ਬੀਬੀ ਜਗੀਰ ਕੌਰ, ਜੋ ਐਸ.ਜੀ.ਪੀ.ਸੀ. ਦੀ ਪਹਿਲੀ ਮਹਿਲਾ ਪ੍ਰਧਾਨ ਬਣੀ, ਬੀ.ਸੀ. ਪਿਛੋਕੜ ਵਿੱਚੋਂ ਨੇ ਅਤੇ ਉਹਨਾਂ ਨੇ ਕਿਹਾ ਕਿ ਪੰਥ ਵਿੱਚ ਜਾਤੀ ਨੂੰ ਕਦੇ ਵਿਚਾਰ ਨਹੀਂ ਕੀਤਾ ਜਾਂਦਾ। ਭਾਈ ਰਣਜੀਤ ਸਿੰਘ,ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ, ਰਾਮਗੜ੍ਹੀਆ ਪਿਛੋਕੜ ਵਿੱਚੋਂ ਨੇ ਅਤੇ ਬੀ.ਸੀ. ਵਿੱਚ ਸ਼ਾਮਲ ਨੇ। ਗਿਆਨੀ ਭਗਵਾਨ ਸਿੰਘ, ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ, ਦਲਿਤ ਜਾਤੀ ਵਿੱਚੋਂ ਨੇ। ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸਾਬਕਾ ਐਸ.ਜੀ.ਪੀ.ਸੀ. ਪ੍ਰਧਾਨ , ਬੀ.ਸੀ. ਨੇ।
ਗ੍ਰੰਥੀਆਂ, ਰਾਗੀਆਂ ਅਤੇ ਪ੍ਰਚਾਰਕਾਂ ਵਿੱਚ ਵੱਡੀ ਗਿਣਤੀ ਐਸ.ਸੀ. ਅਤੇ ਬੀ.ਸੀ. ਵਿੱਚੋਂ ਨੇ। ਭਾਈ ਨਿਰਮਲ ਸਿੰਘ, ਜੋ ਪਦਮ ਸ਼੍ਰੀ ਅਵਾਰਡੀ ਰਾਗੀ ਸਨ, ਮਜ਼ਹਬੀ ਸਿੱਖ ਨੇ ਅਤੇ ਉਹਨਾਂ ਨੂੰ ਪੂਰੇ ਪੰਥ ਵਿੱਚ ਸਤਿਕਾਰ ਮਿਲਿਆ। ਸਰੂਪ ਸਿੰਘ ਕਡਿਆਣਾ, ਢਾਡੀ ਜਥੇ ਦੇ ਆਗੂ ਹਨ। ਉਹਨਾਂ ਨੇ ਕਿਹਾ ਕਿ ਪੰਥ ਵਿੱਚ ਉਹਨਾਂ ਨੂੰ ਕਦੇ ਜਾਤੀ ਨੂੰ ਲੈ ਕੇ ਵਿਤਕਰਾ ਨਹੀਂ ਸਹਿਣਾ ਪਿਆ।
ਇਹਨਾਂ ਉਦਾਹਰਣਾਂ ਨਾਲ ਪਤਾ ਲੱਗਦਾ ਹੈ ਕਿ ਸਿੱਖ ਪੰਥ ਵਿੱਚ ਮਿਹਨਤ ਅਤੇ ਸਮਰਪਣ ਨਾਲ ਨੀਵੀਂਆਂ ਜਾਤਾਂ ਵਾਲੇ ਆਗੂ ਵੀ ਉੱਚ ਅਹੁਦੇ ਹਾਸਲ ਕਰ ਸਕਦੇ ਨੇ ।

Loading