
ਵਾਸ਼ਿੰਗਟਨ/ਏ.ਟੀ.ਨਿਊਜ਼: ਭਾਰਤੀ ਵਸਤਾਂ ’ਤੇ ਅਮਰੀਕਾ ’ਚ ਵਾਧੂ 25 ਫ਼ੀਸਦੀ ਟੈਰਿਫ਼ ਅੱਜ ਬੁੱਧਵਾਰ ਤੋਂ ਲਾਗੂ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਵੱਲੋਂ ਰੂਸ ਤੋਂ ਤੇਲ ਖ਼ਰੀਦਣ ਤੋਂ ਬਾਜ਼ ਨਾ ਆਉਣ ਕਾਰਨ 25 ਫ਼ੀਸਦੀ ਵਾਧੂ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਸੀ। ਇਸ ਨਾਲ ਭਾਰਤੀ ਵਸਤਾਂ ’ਤੇ ਟੈਰਿਫ਼ ਵਧ ਕੇ 50 ਫ਼ੀਸਦੀ ਹੋ ਜਾਵੇਗਾ। ਜੁਲਾਈ ’ਚ ਐਲਾਨਿਆ ਗਿਆ 25 ਫ਼ੀਸਦੀ ਟੈਰਿਫ਼ ਪਹਿਲਾਂ ਹੀ 7 ਅਗਸਤ ਤੋਂ ਲਾਗੂ ਹੋ ਚੁੱਕਿਆ ਹੈ। ਵਾਧੂ ਟੈਰਿਫ਼ ਲਾਗੂ ਹੋਣ ਨਾਲ ਭਾਰਤ ਦੀ ਅਮਰੀਕਾ ਨੂੰ ਬਰਾਮਦਗੀ ’ਤੇ 48.2 ਅਰਬ ਡਾਲਰ ਤੋਂ ਵੱਧ ਦਾ ਅਸਰ ਪੈਣ ਦੀ ਸੰਭਾਵਨਾ ਹੈ। ਭਾਰਤ ਤੋਂ ਇਲਾਵਾ ਅਮਰੀਕਾ ਨੇ ਬ੍ਰਾਜ਼ੀਲ ’ਤੇ 50 ਫ਼ੀਸਦੀ ਟੈਰਿਫ਼ ਲਗਾਇਆ ਹੈ।
ਅਮਰੀਕੀ ਹੋਮਲੈਂਡ ਸਕਿਉਰਿਟੀ ਵਿਭਾਗ ਨੇ ਨੋਟੀਫ਼ਿਕੇਸ਼ਨ ਜਾਰੀ ਕਰਕੇ 25 ਫ਼ੀਸਦੀ ਵਾਧੂ ਟੈਰਿਫ਼ ਅਮਲ ’ਚ ਆਉਣ ਦੀ ਜਾਣਕਾਰੀ ਦਿੱਤੀ ਹੈ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਉਤਪਾਦਾਂ ਦੀ ਦਰਾਮਦ ’ਤੇ ਡਿਊਟੀ ਦੀ ਇੱਕ ਨਵੀਂ ਦਰ ਨਿਰਧਾਰਤ ਕੀਤੀ ਗਈ ਹੈ। ਆਦੇਸ਼ ’ਚ ਕਿਹਾ ਗਿਆ ਹੈ ਕਿ ਵਧਿਆ ਹੋਇਆ ਟੈਰਿਫ਼ ਉਨ੍ਹਾਂ ਭਾਰਤੀ ਉਤਪਾਦਾਂ ’ਤੇ ਲਾਗੂ ਹੋਵੇਗਾ ਜਿਨ੍ਹਾਂ ਨੂੰ 27 ਅਗਸਤ ਨੂੰ ‘ਈਸਟਰਨ ਡੇਅਲਾਈਟ ਟਾਈਮ’ ਮੁਤਾਬਕ ਰਾਤ 12 ਵਜ ਕੇ ਇੱਕ ਮਿੰਟ ਜਾਂ ਉਸ ਤੋਂ ਬਾਅਦ ਖਪਤ ਲਈ ਮੁਲਕ ’ਚ ਲਿਆਂਦਾ ਗਿਆ ਹੈ ਜਾਂ ਗੁਦਾਮ ’ਚੋਂ ਕੱਢਿਆ ਗਿਆ ਹੈ। ਆਦੇਸ਼ ਅਨੁਸਾਰ ਭਾਰਤੀ ਉਤਪਾਦਾਂ ’ਤੇ ਵਾਧੂ ਟੈਰਿਫ਼ ਰਾਸ਼ਟਰਪਤੀ ਦੇ ਕਾਰਜਕਾਰੀ ਆਦੇਸ਼ 14329 ਦੀ ਧਾਰਾ 3 ਨੂੰ ਪ੍ਰਭਾਵੀ ਬਣਾਉਣ ਲਈ ਲਗਾਏ ਜਾ ਰਹੇ ਹਨ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੇਵਿਟ ਨੇ ਇਸ ਮਹੀਨੇ ਦੇ ਸ਼ੁਰੂ ’ਚ ਕਿਹਾ ਸੀ ਕਿ ਰਾਸ਼ਟਰਪਤੀ ਟਰੰਪ ਨੇ ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਖ਼ਤਮ ਕਰਨ ਲਈ ਭਾਰਤ ’ਤੇ ਪਾਬੰਦੀਆਂ ਲਗਾਈਆਂ ਹਨ। ਅਮਰੀਕੀ ਵਿੱਤ ਮੰਤਰੀ ਸਕੌਟ ਬੇਸੈਂਟ ਨੇ ਭਾਰਤ ’ਤੇ ਰੂਸੀ ਤੇਲ ਦੀ ਖ਼ਰੀਦ ਮਗਰੋਂ ਉਸ ਨੂੰ ਦੁਬਾਰਾ ਬਾਜ਼ਾਰ ’ਚ ਵੇਚ ਕੇ ‘ਮੁਨਾਫ਼ਾ’ ਕਮਾਉਣ ਦਾ ਦੋਸ਼ ਲਗਾਇਆ ਹੈ।
ਕਈ ਖੇਤਰਾਂ ’ਤੇ ਪਵੇਗਾ ਅਸਰ
ਅਮਰੀਕੀ ਟੈਰਿਫ਼ ਦਾ ਅਸਰ ਭਾਰਤ ਵੱਲੋਂ ਬਰਾਮਦ ਕੀਤੇ ਜਾਂਦੇ ਕੱਪੜਿਆਂ, ਗਹਿਣਿਆਂ, ਝੀਂਗਿਆਂ, ਚਮੜੇ ਨਾਲ ਬਣੀਆਂ ਵਸਤਾਂ, ਜੁੱਤੀਆਂ, ਪਸ਼ੂ ਉਤਪਾਦਾਂ, ਰਸਾਇਣਾਂ, ਇਲੈਕਟ੍ਰੀਕਲ ਅਤੇ ਮਕੈਨੀਕਲ ਮਸ਼ੀਨਰੀ ਜਿਹੇ ਖੇਤਰਾਂ ’ਤੇ ਪਵੇਗਾ। ਫ਼ਾਰਮਾ, ਊਰਜਾ ਅਤੇ ਇਲੈਕਟ੍ਰਾਨਿਕ ਵਸਤਾਂ ਨਾਲ ਜੁੜੇ ਸੈਕਟਰ ਹਾਲੇ ਡਿਊਟੀਆਂ ਤੋਂ ਬਚੇ ਹੋਏ ਹਨ।