ਪਾਧਾ ਗੁਰਮੁਖਿ ਆਖੀਐ…….

In ਮੁੱਖ ਲੇਖ
August 29, 2025

ਇਕਵਾਕ ਸਿੰਘ ਪੱਟੀ
ਪ੍ਰਸਿੱਧ ਦਾਰਸ਼ਨੀਕ ਅਰਸਤੂ ਦੇ ਵਿਚਾਰਾਂ ਤੋਂ ਗੱਲ ਸ਼ੁਰੂ ਕਰਦੇ ਹਾਂ ਉਹ ਲਿਖਦੇ ਹਨ ‘ਜਨਮ ਦੇਣ ਵਾਲੇ ਨਾਲੋਂ, ਚੰਗੀ ਸਿੱਖਿਆ ਦੇਣ ਵਾਲੇ ਨੂੰ ਜਿਆਦਾ ਸਨਮਾਨ ਦੇਣਾ ਚਾਹੀਦਾ ਹੈ, ਕਿਉਂਕਿ ਇੱਕ ਨੇ ਤਾਂ ਕੇਵਲ ਜਨਮ ਦਿੱਤਾ ਹੈ, ਪਰ ਦੂਜੇ ਨੇ ਜਿਊਣਾ ਸਿਖਾਇਆ ਹੈ।’
ਜਪਾਨ ਦੀ ਮਸ਼ਹੂਰ ਕਹਾਵਤ ਹੈ ਕਿ, ‘ਮਹਾਨ ਅਧਿਆਪਕ ਦੇ ਚਰਨਾਂ ਵਿੱਚ ਗੁਜ਼ਾਰਿਆ ਇੱਕ ਦਿਨ ਪੋਥੀਆਂ ਪੜ੍ਹਨ ਵਿੱਚ ਗੁਜ਼ਾਰੇ ਹਜ਼ਾਰਾਂ ਦਿਨਾਂ ਨਾਲੋਂ ਕਿਤੇ ਬਿਹਤਰ ਹੈ।’ ਸੰਸਾਰ ਪੱਧਰ ’ਤੇ ਵਿਸ਼ਵ ਅਧਿਆਪਕ ਦਿਵਸ 1994 ਤੋਂ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਯੂਨੈਸਕੋ ਅਤੇ ਅੰਤਰਰਾਸ਼ਟਰੀ ਕਿਰਤ ਸੰਗਠਨ ਵੱਲੋਂ ਸਾਲ 1966 ਵਿੱਚ ਕੀਤੀ ਗਈ ਇੱਕ ਸਾਂਝੀ ਇਕੱਤਰਾ (ਜਿਸ ਵਿੱਚ ਅਧਿਆਪਕਾਂ ਦੀ ਸਥਿਤੀ ਬਾਰੇ ਚਰਚਾ ਹੋਈ ਸੀ) ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਕੁੱਝ ਹੋਰਾਂ ਦੇਸ਼ਾਂ ਵਿੱਚ ਇਸ ਦਿਵਸ ਨੂੰ ਮਨਾਉਣ ਦੀਆਂ ਤਰੀਕਾਂ ਵੱਖੋ-ਵੱਖ ਹਨ। ਕੁੱਝ ਦੇਸ਼ਾਂ ਵਿੱਚ ਉਸ ਦਿਨ ਦੀ ਛੁੱਟੀ ਹੁੰਦੀ ਹੈ ਜਦੋਂ ਕਿ ਕੁੱਝ ਦੇਸ਼ ਇਸ ਦਿਨ ਨੂੰ ਕੰਮ-ਕਾਜ ਕਰਦੇ ਹੋਏ ਮਨਾਉਂਦੇ ਹਨ। ਭਾਰਤ ਵਿੱਚ ਇਹ ਦਿਵਸ 5 ਸਤੰਬਰ ਨੂੰ ਹਰ ਸਾਲ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ ਸੰਨ 1962 ਤੋਂ ਹੋਈ ਜਦੋਂ ਸਾਲ 1962 ਵਿੱਚ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਭਾਰਤ ਦੇਸ਼ ਦੇ ਰਾਸ਼ਟਰਪਤੀ ਬਣੇ ਤਾਂ ਉਹਨਾਂ ਦੇ ਕੁੱਝ ਵਿਦਿਆਰਥੀਆਂ ਅਤੇ ਦੋਸਤਾਂ ਨੇ ਸਾਂਝੇ ਤੌਰ ’ਤੇ 5 ਸਤੰਬਰ ਨੂੰ ਉਹਨਾਂ ਦਾ ਜਨਮ ਦਿਨ ਮਨਾਉਣ ਦੀ
ਇੱਛਾ ਜ਼ਾਹਰ ਕੀਤੀ ਤਾਂ ਡਾ. ਸਾਹਿਬ ਨੇ ਵਿਚਾਰ ਦਿੱਤਾ ਕਿ ਕਿਉਂ ਨਾ ਇਹ ਦਿਨ ਅਧਿਆਪਕਾਂ ਨੂੰ ਸਮਰਪਿਤ ਕੀਤਾ ਜਾਵੇ। ਕਿਉਂਕਿ ਬਤੌਰ ਅਧਿਆਪਕ ਡਾ. ਸਾਹਿਬ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਸਨ ਅਤੇ ਇਸ ਤਰ੍ਹਾਂ ਕਰਕੇ ਉਹਨਾਂ ਆਪਣੇ ਅਧਿਆਪਨ ਦੇ ਖੇਤਰ ਪ੍ਰਤੀ ਅਥਾਹ ਪਿਆਰ ਪ੍ਰਗਟ ਕੀਤਾ। ਫਿਰ ਸੰਨ 1967 ਤੋਂ ਹਰ ਸਾਲ 5 ਸਤੰਬਰ ਨੂੰ ਭਾਰਤ ਵਿੱਚ ਇਹ ਦਿਨ ‘ਅਧਿਆਪਕ ਦਿਵਸ’ ਵਜੋਂ ਪ੍ਰਵਾਨ ਕੀਤਾ ਗਿਆ। ਇਸ ਦਿਨ ਅਧਿਆਪਨ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਂਦਾ ਹੈ।
ਜਨਮ ਤੋਂ ਬਾਅਦ ਬੱਚੇ ਦਾ ਪਹਿਲਾ ਸਕੂਲ ਉਸਦਾ ਘਰ ਅਤੇ ਫਿਰ ਅਧਿਆਪਕ ਦੇ ਤੌਰ ’ਤੇ ਮਾਤਾ/ਪਿਤਾ ਦਾ ਨਾਂ ਆਉਂਦਾ ਹੈ। ਜਿੱਥੋਂ ਉਸਦੀ ਜਿੰਦਗੀ ਦੀ ਪਹੀਆ ਰਿੜਨਾ ਸ਼ੁਰੂ ਹੁੰਦਾ ਹੈ, ਪਰ ਇਸ ਪਹੀਏ ਨੂੰ ਸਹੀ ਦਿਸ਼ਾ ਨਿਰਦੇਸ਼ ਦੇ ਕੇ, ਸਹੀ ਰਸਤੇ ਤੇ ਲਿਜਾਉਣ ਦੇ ਅਹਿਮ ਕਾਰਜ ਦੀ ਵੱਡੀ ਜਿੰਮੇਵਾਰੀ ਹੁੰਦੀ ਹੈ, ਸਕੂਲ ਵਿੱਚ ਦਾਖਲੇ ਤੋਂ ਬਾਅਦ ਬੱਚੇ ਦੇ ਅਧਿਆਪਕ ਦੀ। ਅਕਸਰ ਮਾਤਾ/ਪਿਤਾ ਵੱਲੋਂ ਬੱਚਿਆਂ ਦੇ ਅਧਿਆਪਕਾਂ ਨੂੰ ਇਹ ਕਹਿੰਦੇ ਸੁਣੀਦਾ ਹੈ ਕਿ ਤੁਸੀਂ ਜੇਕਰ ਕੁੱਝ ਕਹੋਗੇ ਤਾਂ ਬੱਚਾ ਬਹੁਤ ਜਲਦੀ ਮਨ ਜਾਵੇਗਾ। ਕਿਉਂਕਿ ਬੱਚੇ ਅਧਿਆਪਕ ਦੀ ਗੱਲ ਨੂੰ ਪਹਿਲ ਦਿੰਦੇ ਹਨ। ਚੰਗੀ ਗੱਲ ਵੀ ਹੈ।
ਇੱਕ ਚੰਗਾ ਅਧਿਆਪਕ ਹਮੇਸ਼ਾ ਆਪਣੇ ਵਿਦਿਆਰਥੀਆਂ ਵਿੱਚ ਹਰਮਨ ਪਿਆਰਾ ਬਣਿਆ ਰਹਿੰਦਾ ਹੈ। ਜੋ ਔਖੇ ਸੁਆਲਾਂ ਨੂੰ ਵੀ ਸੌਖੇ ਢੰਗ ਨਾਲ ਬੱਚਿਆਂ ਨੂੰ ਸਮਝਾਉਣ ਵਿੱਚ ਸਫਲ ਹੋ ਜਾਂਦਾ ਹੈ। ਇਸ ਦੇ ਨਾਲ ਹੀ ਹੁਸ਼ਿਆਰ ਬੱਚਿਆਂ ਨੂੰ ਸਮਝਾਉਣਾ/ਪੜਾਉਣਾ ਭਾਵੇਂ ਕਿ ਸੌਖਾ ਕੰਮ ਹੁੰਦਾ ਹੈ, ਪਰ ਕਮਜ਼ੋਰ ਵਿਦਿਆਰਥੀਆਂ ਵੱਲ ਉਚੇਚਾ ਧਿਆਨ ਦੇ ਕੇ, ਪਿਆਰ, ਲਗਨ, ਮਿਹਨਤ ਨਾਲ ਉਹਨਾਂ ਨੂੰ ਵੀ ਕਾਬਿਲ ਵਿਦਿਆਰਥੀਆਂ ਦੀ ਕਤਾਰ ਵਿੱਚ ਖੜ੍ਹਾ ਕਰਨ ਵਾਲਾ ਅਧਿਆਪਕ ਸਹੀ ਮਾਇਨਿਆਂ ਵਿੱਚ ਆਪਣੇ ਕਿੱਤੇ ਨਾਲ ਇਨਸਾਫ ਕਰ ਪਾਉਂਦਾ ਹੈ। ਵਿਦਿਆਰਥੀਆਂ ਦੇ ਮਨਾਂ ਅੰਦਰ ਉਤਸ਼ਾਹ, ਆਤਮ ਵਿਸ਼ਵਾਸ਼, ਦਿਲਚਸਪੀ ਪੈਦਾ ਕਰਨ ਦੀਆਂ ਅਹਿਮ ਜਿੰਮੇਵਾਰੀਆਂ ਨਿਭਾਉਣਾ ਅਧਿਆਪਕ ਦੇ ਹਿੱਸੇ ਵਿੱਚ ਆਉਂਦਾ ਹੈ ਅਤੇ ਇਹੀ ਕਾਰਨ ਹੈ ਕਿ ਅਧਿਆਪਕ ਨੂੰ ਸਮਾਜ ਸਿਰਜਕ ਕਿਹਾ ਜਾਂਦਾ ਹੈ।
ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤਾ ਮਨੁੱਖ ਜਿੰਦਗੀ ਵਿੱਚਲੇ ਅਹਿਮ ਰਿਸ਼ਤਿਆਂ ਵਿੱਚੋਂ ਹੁੰਦਾ ਹੈ। ਹਰ ਅਧਿਆਪਕ ਲਈ ਜ਼ਰੂਰੀ ਹੈ ਕਿ ਬੱਚਿਆਂ ਦੇ ਮਨਾਂ ਅੰਦਰ ਵਿੱਦਿਆ ਪ੍ਰਤੀ ਚਾਨਣ ਪੈਦਾ ਕਰਨ ਦੇ ਨਾਲ ਨਾਲ ਨੈਤਿਕ ਗੁਣ ਪੈਦਾ ਕੀਤੇ ਜਾਣ। ਕਮਜ਼ੋਰ ਵਿਦਿਆਰਥੀਆਂ ਦੀ ਮੱਦਦ ਲਈ ਹਮੇਸ਼ਾ ਤਿਆਰ
ਰਿਹਾ ਜਾਵੇ। ਵਿਦਿਆਰਥੀਆਂ ਅੰਦਰ ਚੰਗੇ ਸਦਾਚਾਰਕ ਗੁਣ ਪੈਦਾ ਕਰਨ ਲਈ ਅਧਿਆਪਕ ਦਾ ਆਪਣਾ ਜੀਵਣ ਵਿਦਿਆਰਥੀ ਲਈ ਸਭ ਤੋਂ ਪਹਿਲਾ ਪ੍ਰੇਰਣਾ ਸਰੋਤ ਹੋਵੇ। ਇਸ ਦੇ ਨਾਲ ਹੀ ਅਧਿਆਪਕ ਦੁਨਿਆਵੀ ਵਿੱਦਿਆ ਦੇ ਨਾਲ ਨਾਲ ਬੱਚਿਆਂ ਨੂੰ ਕਾਦਰ ਅਤੇ ਕੁਦਰਤ ਦੀ ਭੂਮਿਕਾ ਬਾਰੇ ਵੀ ਜ਼ਰੂਰ ਦੱਸੇ ਭਾਵ ਵਿਦਿਆਰਥੀਆਂ ਨੂੰ ਪਰਮਾਤਮਾ ਨਾਲ ਜੋੜਨ ਦਾ ਵੀ ਯਤਨ ਕਰੇ। ਜਿਵੇਂ ਗੁਰਬਾਣੀ ਅੰਦਰ ਗੁਰੂ ਨਾਨਕ ਪਾਤਸ਼ਾਹ ਦਾ ਫ਼ੁਰਮਾਣ ਹੈ, ‘ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ॥ ਨਾਮੁ ਸਮਾਲਹੁ ਨਾਮੁ ਸੰਗਰਹੁ ਲਾਹਾ ਜਗ ਮਹਿ ਲੇਇ॥’ ਭਾਵ: ਉਹ ਪਾਂਧਾ ਗੁਰਮੁਖਿ ਆਖਣਾ ਚਾਹੀਦਾ ਹੈ ਜੋ ਆਪਣੇ ਸ਼ਾਗਿਰਦਾਂ ਨੂੰ ਇਹ ਸਿੱਖਿਆ ਦਿੰਦਾ ਹੈ ਕਿ ਹੇ ਵਿਦਿਆਰਥੀਓ ਪ੍ਰਭੂ ਦਾ ਨਾਮ ਜਪੋ ਅਤੇ ਨਾਮ ਧਨ ਇਕੱਠਾ ਕਰੋ।
ਅਧਿਆਪਕ ਬੱਚੇ ਅੰਦਰ ਲੁਕੀ ਪ੍ਰਤਿਭਾ ਨੂੰ ਪਹਿਚਾਣ ਕੇ ਉਸਦੇ ਅੰਦਰ ਉਸ ਅੰਦਰ ਉਤਸ਼ਾਹ ਪੈਦਾ ਕਰ ਸਕਦੇ ਹਾ ਜਿਸ ਪ੍ਰਤੀ ਸ਼ਾਇਦ ਵਿਦਿਆਰਥੀ ਸੰਵੇਦਨਸ਼ੀਲ ਨਹੀਂ ਹੁੰਦਾ। ਮੈਨੂੰ ਯਾਦ ਹੈ ਕਿ ਕਾਲਜ ਵਿੱਚ ਪੜ੍ਹਦਿਆਂ ਮੇਰੇ ਸਤਿਕਾਰਯੋਗ ਅਧਿਆਪਕ ਅਤੇ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨੇ ਮੇਰੀ ਪਹਿਲੀ ਲਿਖਤ ਨੂੰ ਬਹੁਤ ਸਲਾਹਿਆ ਸੀ ਅਤੇ ਜਦ ਮੈਂ ਪਹਿਲੀ ਵਾਰ ਸਟੇਜ ’ਤੇ ਜਾ ਕੇ ਬੋਲਿਆ ਤਾਂ ਉਸ ਵੇਲੇ ਵੀ ਉਹਨਾਂ ਮੈਨੂੰ ਬਹੁਤ ਉਤਸ਼ਾਹਤ ਕੀਤਾ ਕਿ ਅੱਜ ਜਿੱਥੇ ਮੈਂ ਬਤੌਰ ਲੇਖਕ ਆਪਣੀ ਪਹਿਚਾਣ ਬਨਾਉਣ ਵਿੱਚ ਸਫਲ ਹੋਇਆ ਹਾਂ ਉੱਥੇ ਐਂਕਰ ਵੱਜੋਂ ਮੈਂ ਟੀ.ਵੀ. ਚੈਨਲ ਅਤੇ ਰੇਡੀਉ ਲਈ ਕੰਮ ਕਰ ਰਿਹਾ ਹਾਂ। ਅਧਿਆਪਕ ਵੱਲੋਂ ਉਤਸ਼ਾਹਤ ਵਿਦਿਆਰਥੀ ਜਿੰਦਗੀ ਵਿੱਚ ਕਾਮਯਾਬ ਜ਼ਰੂਰ ਹੁੰਦਾ ਹੈ, ਬਸ਼ਰਤੇ ਉਹ ਆਪਣਾ ਕੰਮ ਮਿਹਨਤ ਅਤੇ ਲਗਨ ਨਾਲ ਕਰਦਾ ਰਹੇ।
ਮੌਜੂਦਾ ਦੌਰ ਵਿੱਚ ਸਾਡੇ ਵਿੱਦਿਅਕ ਢਾਂਚੇ ਵਿੱਚ ਵੱਡੇ ਬਦਲਾਅ ਆਏ ਹਨ। ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਵੀ ਕਿਤੇ ਨਾ ਕਿਤੇ ਟੁੱਟਦਾ ਨਜ਼ਰ ਆ ਰਿਹਾ ਹੈ ਅਤੇ ਕਈ ਤਰ੍ਹਾਂ ਦੀਆਂ ਖਾਮੀਆਂ ਸਾਹਮਣੇ ਆ ਰਹੀਆਂ ਹਨ। ਇਹ ਸੱਭ ਕੁੱਝ ਉਦੋਂ ਵਾਪਰਿਆ ਜਦੋਂ ਅਧਿਆਪਕਾਂ ਨੇ ਇਸ ਨੂੰ ਕਾਰੋਬਾਰੀ ਰੂਪ ਦੇ ਦਿੱਤਾ ਅਤੇ ਉਹ ਆਪਣੇ ਵਿਦਿਆਰਥੀ ਨੂੰ ਆਪਣੇ ਗ੍ਰਾਹਕ ਵਜੋਂ ਦੇਖਣ ਲੱਗ ਪਏ। ਗੁਰਬਾਣੀ ਅੰਦਰ ਇੱਕ ਥਾਈਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਹੈ ਕਿ, ‘ਮਨਮੁਖੁ ਬਿਦਿਆ ਬਿਕ੍ਰਦਾ ਬਿਖੁ ਖਟੇ ਬਿਖੁ ਖਾਇ। ਮੂਰਖੁ ਸਬਦੁ ਨ ਚੀਨਈ ਸੂਝ ਬੂਝ ਨਹ ਕਾਇ॥’ ਭਗਤ ਕਬੀਰ ਜੀ ਦਾ ਸ਼ਬਦ ‘ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ॥’ ਅਜੋਕੇ ਦੌਰ ਵਿੱਚ ਪੂਰੀ ਤਰ੍ਹਾਂ ਢੁਕਵੇਂ ਲੱਗਦੇ ਹਨ ਜਦੋਂ ਹਰ ਪਾਸੇ ਵਿਦਿਆ ਦਾ ਵਾਪਾਰ ਹੁੰਦਾ ਦਿੱਸਦਾ ਹੈ। ਸ਼ਾਇਦ ਇਹ ਵੀ ਇੱਕ ਕਾਰਨ ਹੈ ਕਿ ਵਿਦਿਆਰਥੀ ਮਨਾਂ ਅੰਦਰ ਅਧਿਆਪਕ ਪ੍ਰਤੀ ਸ਼ਰਧਾ, ਸਤਿਕਾਰ ਖ਼ਤਮ ਹੋ ਚੁੱਕਿਆ ਹੈ। ਜਦਕਿ ਵਿਦਿਆਰਥੀ ਵੀ ਆਪਣੀ ਜਿੰਮੇਵਾਰੀ ਤੋਂ ਭੱਜਦੇ ਨਜ਼ਰ ਆ ਰਹੇ ਹਨ ਕਿਉਂ ਜੁ ਉਹ ਆਪਣੀ ਨਿੱਜਤਾ ਨੂੰ ਅਧਿਆਪਕ ਉੱਪਰ ਠੋਸਣਾ ਚਾਹੁੰਦੇ ਹਨ ਆਪਣੀ ਮਰਜ਼ੀ ਕਰਨਾ ਚਾਹੁੰਦੇ ਹਨ ਬਿਲਕੁਲ ਉਸੇ ਤਰ੍ਰਾਂ ਜਿਸ ਤਰ੍ਹਾਂ ਬੱਚੇ ਘਰ ਵਿੱਚ ਆਪਣੇ ਮਾਤਾ ਪਿਤਾ ਨਾਲ ਕਰਦੇ ਹਨ।
ਜੋ ਵੀ ਹੋਵੇ ਅੱਜ ਲੋੜ ਹੈ ਕਿ ਇਸ ਰਿਸ਼ਤੇ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਅਧਿਆਪਕ ਪ੍ਰਤੀ ਸਤਿਕਾਰ ਦੀ ਭਾਵਨਾ ਬਣੇ ਅਤੇ ਅਧਿਆਪਕ ਵੀ ਅਧਿਆਪਕ ਹੋਣ ਦਾ ਫਰਜ਼ ਨਿਭਾਉਣ ਨੂੰ ਤਰਜ਼ੀਹ ਦੇਣ ਤਾਂ ਕਿ ਅਧਿਆਪਕ
ਅਤੇ ਵਿਦਿਆਰਥੀ ਵਿਚਕਾਰ ਮਜ਼ਬੂਤ ਰਿਸ਼ਤਾ ਬਣੇ ਅਤੇ ਵਿਦਿਆਰਥੀਆ ਜਿੰਦਗੀ ਵਿੱਚ ਕਾਮਯਾਬੀ ਹਾਸਲ ਕਰ ਸਕੇ ਕਿਉਂਕਿ ਇਹਨਾਂ ਵਿਦਿਆਰਥੀਆਂ ਨੇ ਹੀ ਅੱਗੇ ਜਾ ਕੇ ਦੇਸ਼ ਦਾ ਭਵਿੱਖ ਬਣਨਾ ਹੁੰਦਾ ਹੈ ਅਤੇ ਦੇਸ਼ ਦੇ ਭਵਿੱਖ ਨੂੰ ਵਧੀਆ ਬਣਾਉਣ ਵਾਲੇ ਭਵਿੱਖ ਘਾੜੇ ਅਧਿਆਪਕ ਦੀ ਸੱਭ ਤੋਂ ਮਹੱਤਵਪੂਰਨ
ਜਿੰਮੇਵਾਰੀ ਹੈ। ਇਸ ਲਈ ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਵਿੱਚ ਸਤਿਕਾਰ ਦੀ ਭਾਵਨਾ ਅਤੇ ਆਪਣੇ ਫ਼ਰਜ਼ ਪ੍ਰਤੀ ਚੇਤੰਨਤਾ ਬੇਅੰਤ ਜ਼ਰੂਰੀ ਹੈ। ਉਸਦੇ ਨਾਲ ਹੀ ਮਾਪਿਆਂ ਨੂੰ ਵੀ ਅਧਿਆਪਕ ਪ੍ਰਤੀ ਆਪਣੀ ਡਿਊਟੀ ਸਹੀ ਢੰਗ ਨਾਲ ਸਮਝਣੀ ਚਾਹੀਦੀ ਹੈ।

  • ਇਕਵਾਕ ਸਿੰਘ ਪੱਟੀ
    ਅੰਮ੍ਰਿਤਸਰ ਸਾਹਿਬ।

Loading