ਇਸ ਔਖੇ ਸਮੇਂ ਵਿੱਚ ਸਿਆਸੀ ਆਗੂਆਂ ਅਤੇ ਐੱਨਜੀਓਆਂ ਨਾਲ ਹੀ ਪੰਜਾਬੀ ਗਾਇਕਾਂ ਅਤੇ ਕਲਾਕਾਰਾਂ ਨੇ ਵੀ ਰਾਹਤ ਕਾਰਜਾਂ ਵਿੱਚ ਹਿੱਸਾ ਪਾਇਆ ਹੈ। ਬਾਲੀਵੁੱਡ ਅਤੇ ਪੰਜਾਬੀ ਸਿਨੇਮਾ ਦੇ ਕਲਾਕਾਰ ਵੀ ਅੱਗੇ ਆਏ ਹਨ, ਜਿਨ੍ਹਾਂ ਨੇ ਰਾਸ਼ਨ, ਫੰਡ ਅਤੇ ਹੋਰ ਸਹਾਇਤਾ ਪ੍ਰਦਾਨ ਕੀਤੀ ਹੈ। ਇਹ ਸਭ ਪੰਜਾਬੀਅਤ ਦੀ ਅਟੱਲ ਭਾਵਨਾ ਨੂੰ ਦਰਸਾਉਂਦਾ ਹੈ।
ਮਸ਼ਹੂਰ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਇੱਕ ਵੱਡੀ ਪਹਿਲਕਦਮੀ ਲਈ ਹੈ। ਉਨ੍ਹਾਂ ਨੇ ਆਪਣੀ ਫਾਊਂਡੇਸ਼ਨ ਰਾਹੀਂ ਅੰਮ੍ਰਿਤਸਰ ਦੇ ਅਜਨਾਲਾ, ਫਾਜ਼ਿਲਕਾ ਅਤੇ ਤਰਨ ਤਾਰਨ ਵਿੱਚ ਲਗਭਗ 500 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਹਨ। ਇਸ ਵਿੱਚ ਇੱਕ ਮਹੀਨੇ ਦਾ ਭੋਜਨ ਅਤੇ ਜ਼ਰੂਰੀ ਵਸਤਾਂ ਸ਼ਾਮਲ ਸਨ। ਸਤਿੰਦਰ ਸਰਤਾਜ ਨੇ ਕਿਹਾ, ‘ਇਸ ਔਖੇ ਸਮੇਂ ਵਿੱਚ ਸਾਰਿਆਂ ਨੂੰ ਇਨਸਾਨੀਅਤ ਦੇ ਨਾਤੇ ਪੀੜਤਾਂ ਨਾਲ ਖੜ੍ਹੇ ਹੋਣਾ ਚਾਹੀਦਾ ਹੈ।’ ਉਨ੍ਹਾਂ ਦੀ ਟੀਮ ਨੇ ਹਰੀਕੇ ਪੱਤਣ ਵਿੱਚ ਵੀ ਰਾਸ਼ਨ ਵੰਡਿਆ। ਪ੍ਰਸਿੱਧ ਗਾਇਕ ਗੁਰਦਾਸ ਮਾਨ ਨੇ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਗਾਇਕ ਤੇ ਅਦਾਕਾਰ ਬੱਬੂ ਮਾਨ, ਐਮੀ ਵਿਰਕ, ਗਿੱਪੀ ਗਰੇਵਾਲ, ਅਦਾਕਾਰਾ ਸੋਨਮ ਬਾਜਵਾ, ਬੌਲੀਵੁੱਡ ਅਦਾਕਾਰ ਸੰਜੈ ਦੱਤ ਤੇ ਹਿਮਾਂਸ਼ੀ ਖੁਰਾਣਾ ਸਣੇ ਕਈ ਹੋਰਨਾਂ ਨੇ ਅੱਗੇ ਵਧ ਕੇ ਹੜ੍ਹ ਦੇ ਝੰਬੇ ਪੰਜਾਬ ਦੇ ਲੋਕਾਂ ਦੀ ਬਾਂਹ ਫੜੀ ਹੈ ਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।ਦਿਲਜੀਤ ਦੁਸਾਂਝ ਨੇ ਵੀ ਪੰਜਾਬ ਦੇ 22 ਪਿੰਡਾਂ ਨੂੰ ਗੋਦ ਲੈਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੀ ਮੈਨੇਜਰ ਸੋਨਾਲੀ ਸਿੰਘ ਆਪਣੀ ਟੀਮ ਨਾਲ ਅੰਮ੍ਰਿਤਸਰ ਪਹੁੰਚ ਗਈ ਹੈ ਅਤੇ ਰਾਹਤ ਸਮੱਗਰੀ ਵੰਡ ਰਹੀ ਹੈ। ਸੋਨਾਲੀ ਨੇ ਕਿਹਾ, ‘ਦਿਲਜੀਤ ਨੇ ਹਰ ਪ੍ਰਭਾਵਿਤ ਪਿੰਡ ਵਿੱਚ ਜ਼ਰੂਰੀ ਵਸਤਾਂ ਪਹੁੰਚਾਉਣ ਲਈ ਫੰਡ ਜਾਰੀ ਕੀਤੇ ਹਨ। ਅਸੀਂ ਵਾਲੰਟੀਅਰਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਇਸ ਨਾਲ ਪੀੜਤਾਂ ਨੂੰ ਭੋਜਨ, ਪਾਣੀ ਅਤੇ ਦਵਾਈਆਂ ਮਿਲ ਰਹੀਆਂ ਹਨ।’
ਗਾਇਕ ਗੁਰੂ ਰੰਧਾਵਾ ਨੇ ਡੇਰਾ ਬਾਬਾ ਨਾਨਕ ਅਤੇ ਪਿੰਡ ਧਾਰੋਵਾਲੀ ਵਿੱਚ ਰਾਹਤ ਕੈਂਪ ਲਗਾਏ ਹਨ। ਉਨ੍ਹਾਂ ਨੇ ਇੱਕ ਰਿਲੀਫ ਫੰਡ ਵੀ ਸ਼ੁਰੂ ਕੀਤਾ ਹੈ ਅਤੇ ਆਪਣੇ ਫੈਨਾਂ ਨੂੰ ਯੋਗਦਾਨ ਪਾਉਣ ਲਈ ਅਪੀਲ ਕੀਤੀ ਹੈ। ਕਰਨ ਔਜਲਾ ਨੇ ਲੁਧਿਆਣਾ ਅਧਾਰਤ ਐੱਨਜੀਓ ‘ਇਨੀਸ਼ੀਏਟਰਜ਼ ਆਫ ਚੇਂਜ’ ਨੂੰ ਇੱਕ ਮੋਟਰ ਬੋਟ ਦਾਨ ਕੀਤੀ ਹੈ। ਇਹ ਬੋਟ 3.5 ਲੱਖ ਰੁਪਏ ਦੀ ਹੈ ਅਤੇ ਕੋਲਕਾਤਾ ਤੋਂ ਹਵਾਈ ਜਹਾਜ਼ ਰਾਹੀਂ ਲਿਆਂਦੀ ਗਈ। ਇੰਦਰਜੀਤ ਨਿੱਕੂ ਅਤੇ ਜੱਸ ਬਾਜਵਾ ਨੇ ਵੀ ਬਚਾਅ ਅਤੇ ਰਾਹਤ ਲਈ ਫੰਡ ਅਤੇ ਸਮੱਗਰੀ ਦਾਨ ਕੀਤੀ ਹੈ। ਰਣਜੀਤ ਬਾਵਾ ਨੇ ਆਪਣੇ ਕੈਨੇਡਾ ਦੇ ਪਹਿਲੇ ਸ਼ੋਅ ਦੀ ਆਮਦਨੀ ਹੜ੍ਹ ਪੀੜਤਾਂ ਲਈ ਦਾਨ ਕਰਨ ਦਾ ਐਲਾਨ ਕੀਤਾ ਹੈ।
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਪ੍ਰੋਡਿਊਸਰ ਰਾਜ ਕੁੰਦਰਾ ਨੇ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਮੇਹਰ’ ਦੀ ਪਹਿਲੇ ਦਿਨ ਦੀ ਬਾਕਸ ਆਫਿਸ ਕਮਾਈ ਹੜ੍ਹ ਪੀੜ੍ਹਤਾਂ ਨੂੰ ਦੇਣ ਦਾ ਐਲਾਨ ਕੀਤਾ ਹੈ। ਰਾਜ ਨੇ ਕੁਝ ਪ੍ਰਭਾਵਿਤ ਪਿੰਡਾਂ ਦਾ ਦੌਰਾ ਵੀ ਕੀਤਾ ਅਤੇ ਲੋਕਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ।
![]()
