
ਜਗਮੋਹਨ ਸਿੰਘ ਲੱਕੀ
- ਪੰਜਾਬ ਦੀ ਜ਼ਿੰਦਗੀ ਦੀ ਧੜਕਣ ਕਹੇ ਜਾਂਦੇ ਪੰਜਾਬ ਦੇ ਦਰਿਆ ਸਤਲੁਜ, ਬਿਆਸ ਅਤੇ ਰਾਵੀ ਇਸ ਸਮੇਂ ਏਨੇ ਕਹਿਰਵਾਨ ਹੋ ਚੁੱਕੇ ਹਨ ਕਿ ਇਹਨਾਂ ਵਿੱਚ ਆਏ ਹੜ੍ਹਾਂ ਨੇ ਪੰਜਾਬ ਵਿੱਚ ਜ਼ਿੰਦਗੀ ਨੂੰ ਲੀਹ ਤੋਂ ਲਾਹ ਦਿੱਤਾ ਹੈ। ਦਰਿਆਵਾਂ ਦਾ ਪਾਣੀ ਤਾਂ ਤਬਾਹੀ ਦਾ ਕਾਰਨ ਬਣਿਆ ਹੀ, ਹੁਣ ਪੰਜਾਬੀਆਂ ਦੀਆਂ ਅੱਖਾਂ ’ਚੋਂ ਬਰਬਾਦੀ ਦਾ ਦਰਿਆ ਵਹਿ ਰਿਹਾ ਹੈ। ਹੱਸਦੇ ਵੱਸਦੇ ਘਰਾਂ ਵਿੱਚ ਕਈ ਕਈ ਫ਼ੁੱਟ ਹੜ੍ਹਾਂ ਦਾ ਪਾਣੀ ਆਉਣ ਕਾਰਨ ਵੱਡੀ ਗਿਣਤੀ ਲੋਕ ਸੁਰੱਖਿਅਤ ਥਾਂਵਾਂ ’ਤੇ ਬੈਠੇ ਦਿਨ ਕੱਟੀ ਕਰ ਰਹੇ ਹਨ। ਇਹਨਾਂ ਹੜ੍ਹਾਂ ਵਿੱਚ ਸਿਰਫ਼ ਪੰਜਾਬ ਹੀ ਨਹੀਂ ਰੁੜਿ੍ਹਆ ਸਗੋਂ ਲੱਖਾਂ ਪੰਜਾਬੀਆਂ ਦੇ ਸੁਪਨੇ ਅਤੇ ਉਮੀਦਾਂ ਵੀ ਰੁੜ੍ਹ੍ਹ ਗਈਆਂ ਹਨ। ਇਹਨਾਂ ਹੜ੍ਹਾਂ ਨੇ ਪੰਜਾਬ ਨੂੰ ਇੱਕ ਵਾਰ ਫ਼ੇਰ ਬਰਬਾਦ ਕਰ ਦਿੱਤਾ ਹੈ, ਜਿਸ ਕਰਕੇ ਪੰਜਾਬ ਨੂੰ ਇੱਕ ਵਾਰ ਫ਼ੇਰ ਮਜ਼ਬੂਤ ਹੋ ਕੇ ਉਭਰਨਾ ਪਵੇਗਾ। ਇਤਿਹਾਸ ਗਵਾਹ ਹੈ ਕਿ ਪੰਜਾਬ ਪਹਿਲਾਂ ਵੀ ਕਈ ਵਾਰ ਉੱਜੜਿਆ ਅਤੇ ਕਈ ਵਾਰ ਵਸਿਆ ਹੈ। ਪੰਜਾਬ ’ਤੇ ਕਦੇ ਕੁਦਰਤ ਦਾ, ਕਦੇ ਅਫ਼ਗਾਨ, ਅਰਬ, ਤੁਰਕ, ਮੁਗਲ ਧਾੜਵੀਆਂ ਦਾ ਅਤੇ ਕਦੇ ਆਪਣੇ ਹੀ ਦੇਸ਼ ਦੀਆਂ ਫ਼ੌਜਾਂ ਦਾ ਹੱਲਾ ਹੁੰਦਾ ਆਇਆ ਹੈ। ਹਰ ਹੱਲੇ ਦਾ ਪੰਜਾਬੀਆਂ ਨੇ ਡਟ ਕੇ ਸਾਹਮਣਾ ਕੀਤਾ ਹੈ ਅਤੇ ਇਸ ਸਮੇਂ ਹੜ੍ਹਾਂ ਦਾ ਸਾਹਮਣਾ ਵੀ ਪੰਜਾਬੀ ਡਟ ਕੇ ਕਰ ਰਹੇ ਹਨ। ਪੰਜਾਬ ਸ਼ੁਰੂ ਤੋਂ ਹੀ ਆਪਣੀ ਲੜਾਈ ਆਪ ਲੜਦਾ ਆਇਆ ਹੈ। ਜੇ ਸੜਦੀਆਂ ਫ਼ਸਲਾਂ ਤੋਂ ਹਿੰਮਤ ਨੂੰ ਸੇਕ ਨਹੀਂ ਲੱਗਿਆ ਤਾਂ ਹੜ੍ਹਾਂ ਵਿੱਚ ਵੀ ਪੰਜਾਬੀਆਂ ਦੇ ਹੌਂਸਲਿਆਂ ਦਾ ਬੰਨ੍ਹ ਨਹੀਂ ਟੁੱਟਣਾ।
ਰਿਪੋਰਟਾਂ ਅਨੁਸਾਰ ਇਸ ਹੜ੍ਹ ਤੋਂ ਲਗਪਗ 2 ਲੱਖ 56 ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ।ਜਿਹੜੇ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ, ਉਹ ਤਾਂ ਸਮਾਂ ਪਾ ਕੇ ਸੰਭਲ ਜਾਣਗੇ ਅਤੇ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਜਿਉਣ ਲੱਗਣਗੇ ਪਰ ਜਿਹੜੇ ਲੋਕਾਂ ਦੇ ਪਰਿਵਾਰਕ ਮੈਂਬਰ ਇਹਨਾਂ ਹੜ੍ਹਾਂ ਦੀ ਭੇਂਟ ਚੜ੍ਹ ਗਏ ਹਨ, ਉਹਨਾਂ ਦੀ ਘਾਟ ਕਿਸੇ ਵੀ ਤਰ੍ਹਾਂ ਪੂਰੀ ਨਹੀਂ ਕੀਤੀ ਜਾ ਸਕਦੀ।
ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ। ਇਸ ਦੇ ਵੱਡੀ ਗਿਣਤੀ ਵਸਨੀਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਇਹਨਾਂ ਹੜ੍ਹਾਂ ਦੌਰਾਨ ਪੰਜਾਬ ਦੇ ਵੱਡੀ ਗਿਣਤੀ ਇਲਾਕਿਆਂ ਵਿੱਚ ਕਿਸਾਨਾਂ ਦੀ ਫ਼ਸਲ ਹੜ੍ਹਾਂ ਵਿੱਚ ਹੜ੍ਹ ਗਈ ਹੈ। ਪੰਜਾਬ ਦੇ ਕਿਸਾਨਾਂ ਨੇ ਜੁਲਾਈ ਮਹੀਨੇ ’ਚ ਝੋਨੇ ਦੀ ਫ਼ਸਲ ਦੀ ਲੁਆਈ ਬੜੀਆਂ ਉਮੀਦਾਂ ਨਾਲ ਕੀਤੀ। ਫ਼ਸਲ ਦੀ ਰੰਗਤ ਦੇਖ ਕੇ ਕਿਸਾਨਾਂ ਦੇ ਦਿਲ ਬਾਗੋਬਾਗ ਸਨ ਪਰ ਹੜ੍ਹ ’ਚ ਸਭ ਕੁਝ ਬਰਬਾਦ ਹੋ ਗਿਆ। ਝੋਨੇ ਦੀ ਲਹਿਰਾਉਂਦੀ ਫ਼ਸਲ ਪਾਣੀ ਵਿੱਚ ਰੁੜ੍ਹ੍ਹਦੇ ਦੇਖ ਕੇ ਕਿਸਾਨਾਂ ਦਾ ਕਲੇਜਾ ਫ਼ਟਿਆ ਜਾ ਰਿਹਾ ਹੈ। ਸਭ ਤੋਂ ਵੱਡੀ ਚਿੰਤਾ ਇਸ ਗੱਲ ਦੀ ਹੈ ਕਿ ਜਿਹੜੇ ਕਿਸਾਨਾਂ ਨੇ ਜ਼ਮੀਨ ਠੇਕੇ ’ਤੇ ਲੈ ਕੇ ਫ਼ਸਲ ਬੀਜੀ ਸੀ ਉਹ ਜ਼ਮੀਨ ਮਾਲਕ ਨੂੰ ਪੈਸੇ ਕਿਵੇਂ ਦੇਣਗੇ? ਕਰਜ਼ਾ ਕਿਵੇਂ ਲਾਹੁਣਗੇ? ਪਰਿਵਾਰ ਨੂੰ ਕੀ ਖੁਆਵਾਂਗੇ? ਹੜ੍ਹਾਂ ਤੋਂ ਪ੍ਰਭਾਵਿਤ ਅਨੇਕਾਂ ਲੋਕਾਂ ਨੇ ਆਪਣੀਆਂ ਧੀਆਂ ਦੇ ਵਿਆਹ ਲਈ ਦਾਜ ਦਾ ਸਮਾਨ ਜੋੜਿਆ ਹੋਇਆ ਸੀ ਜੋ ਕਿ ਹੜ੍ਹਾਂ ਦੇ ਪਾਣੀ ਵਿੱਚ ਖਰਾਬ ਹੋ ਗਿਆ। ਵਿਆਹੁਣ ਯੋਗ ਧੀਆਂ ਦੇ ਚਿਹਰਿਆਂ ’ਤੇ ਫ਼ੈਲੀ ਉਦਾਸੀ ਵੇਖ ਕੇ ਮਾਪਿਆਂ ਕੋਲ ਝੂਰਨ ਤੋਂ ਸਿਵਾਏ ਹੋਰ ਕੋਈ ਰਸਤਾ ਵੀ ਤਾਂ ਨਹੀਂ।
ਪੰਜਾਬ ਦੇ ਲੇਖਾਂ ’ਚ ਵਾਰ ਵਾਰ ਉੱਜੜ ਕੇ ਮੁੜ ਵਸਣਾ ਲਿਖਿਆ ਹੋਇਆ ਹੈ। ਸਾਲ 1955 ’ਚ ਆਏ ਹੜ੍ਹਾਂ ਦੀ ਮਾਰ ਵੀ ਅਜੇ ਕਈ ਬਜ਼ੁਰਗ ਪੰਜਾਬੀਆਂ ਨੂੰ ਯਾਦ ਹੈ। ਉਸ ਤੋਂ ਬਾਅਦ ਤਾਂ ਏਨੇ ਵਾਰ ਹੜ੍ਹ ਆ ਚੁੱਕੇ ਹਨ ਕਿ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਹਰ ਸਾਲ ਹੀ ਹੜ੍ਹ ਆਉਂਦੇ ਹੋਣ। ਹੁਣ ਆਏ ਹੜ੍ਹਾਂ ਕਾਰਨ ਪੰਜਾਬ ਵਿੱਚ ਜੀਵਨ ਅਸਤ- ਵਿਅਸਤ ਹੋ ਗਿਆ ਹੈ, ਪਰ ਪੰਜਾਬੀ ਬਹੁਤ ਹੌਂਸਲੇ ਵਾਲੇ ਹਨ। ਇਹ ਇਸ ਮੁਸੀਬਤ ਦਾ ਡਟ ਕੇ ਸਾਹਮਣਾ ਕਰ ਰਹੇ ਹਨ ਅਤੇ ਜਲਦੀ ਹੀ ਪੰਜਾਬੀ ਹੜ੍ਹਾਂ ਦੇ ਕਹਿਰ ਤੋਂ ਛੁਟਕਾਰਾ ਪਾ ਲੈਣਗੇ ਅਤੇ ਮੁੜ ਆਪਣੇ ਪੈਰਾਂ ਸਿਰ ਖੜੇ ਹੋਣ ਲਈ ਜੱਦੋ-ਜਹਿਦ ਕਰਨਗੇ। ਹੜ੍ਹਾਂ ਦੇ ਪਾਣੀ ’ਚ ਘਿਰਿਆ ਪੰਜਾਬ ਇਸ ਸਮੇਂ ਵੀ ਚੜ੍ਹਦੀਕਲਾ ਵਿੱਚ ਹੈ ਅਤੇ ਹਮੇਸ਼ਾ ਚੜ੍ਹਦੀਕਲਾ ਵਿੱਚ ਰਹੇਗਾ।