ਇਕਵਾਕ ਸਿੰਘ ਪੱਟੀ
ਸਿੱਖ ਵਿਚਾਰਧਾਰਾ ਵਿੱਚ ਨਿਮਰਤਾ ਨੂੰ ਮਨੁੱਖੀ ਜੀਵਨ ਦਾ ਅਹਿਮ ਗੁਣ ਮੰਨਿਆ ਗਿਆ ਹੈ। ਇਹ ਨਿਮਰਤਾ ਹੀ ਗੁਰਸਿੱਖੀ ਜੀਵਨ ਦਾ ਆਧਾਰ ਹੈ। ਇਹ ਵੀ ਦੱਸਿਆ ਕਿ ਨਿਮਰਤਾ ਕੇਵਲ ਵਿਖਾਵੇ ਦੀ ਨਹੀਂ ਸਗੋਂ ਦਿਲੋਂ/ਮਨੋਂ ਹੋਣੀ ਚਾਹੀਦੀ ਹੈ ਅਤੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜਦੋਂ ਮਨੁੱਖ ਆਪਣੇ ਅੰਦਰੋਂ ਹੰਕਾਰ ਹਊਮੈ ਨੂੰ ਖ਼ਤਮ ਕਰ ਦੇਵੇਗਾ। ਇਹੀ ਕਾਰਨ ਹੈ ਕਿ ਗੁਰਬਾਣੀ ਵਿੱਚ ਹਊਮੈ ਨੂੰ ਮਾਰਨ ਜਾਂ ਤਿਆਗਣ ਪੁਰ ਖ਼ਾਸਾ ਜ਼ੋਰ ਦਿੱੱਤਾ ਗਿਆ ਹੈ ਤਾਂ ਕਿ ਮਨੁੱਖ ਇਸ ਜਗ/ਸੰਸਾਰ ਵਿੱਚ ਨਿਮਾਣਾ ਹੋ ਕੇ ਵਿਚਰੇ ਅਤੇ ਅਜਿਹਾ ਕਰਨ ਨਾਲ ਉਸ ਨੂੰ ਸਮੂਹ ਮਨੁੱਖਾ ਜਾਤੀ ਵਿੱਚ ਪਰਮਾਤਮਾ ਵਿਦਮਾਨ ਦਿਖਾਈ ਦੇਣ ਲੱਗ ਪਵੇਗਾ। ਗੁਰੂ ਅਰਜਨ ਪਾਤਸ਼ਾਹ ਜੀ ਦਾ ਫ਼ੁਰਮਾਣ ਹੈ:
ਹੋਇ ਨਿਮਾਨਾ ਜਗਿ ਰਹਹੁ ਨਾਨਕ ਨਦਰੀ ਪਾਰਿ॥
ਇਸ ਲਈ ਸਾਨੂੰ ਆਪਣੇ ਅੰਦਰੋਂ ਹਊਮੈ/ਮੈਂ ਜਾਂ ਹੰਕਾਰ ਦੀ ਭਾਵਨਾ ਖ਼ਤਮ ਕਰਨੀ ਹੋਵੇਗੀ। ਇਹ ਹੰਕਾਰ ਕਿਸੇ ਵੀ ਗੱਲ ਦਾ ਹੋ ਸਕਦਾ ਹੈ ਆਪਣੇ ਗਿਆਨ ਦਾ, ਸੋਝੀ ਦਾ, ਵੱਧ ਕਿਤਾਬਾਂ/ਗ੍ਰੰਥ ਪੜ੍ਹੇ ਹੋਣ ਦਾ, ਸੁਹਣੇ ਹੋਣ ਦਾ, ਆਪਣੇ ਰੁਤਬੇ ਦਾ, ਆਪਣੀ ਜਾਤ।-ਬਰਾਦਰੀ ਦਾ ਆਦਿ।
ਆਓ ਤੁਹਾਨੂੰ ਰਾਜਾ ਬਿਕ੍ਰਮਾਦਿੱਤ ਦੀ ਜੀਵਨ ਵਿੱਚ ਇੱਕ ਘਟਨਾ ਦੱਸਦਾ ਹਾਂ। ਕਹਿੰਦੇ ਨੇ ਇੱਕ ਵਾਰ ਦੀ ਗੱਲ ਹੈ, ਇੱਕ ਵਿਅਕਤੀ ਇੱਕ ਰਾਜ-ਭਾਗ ਵਿੱਚ ਘੁੰਮਦਾ-ਫਿਰਦੇ ਆਇਆ ਅਤੇ ਰਸਤਾ ਭੁੱਲ ਗਿਆ। ਅਚਾਨਕ ਉਸ ਨੂੰ ਇੱਕ
ਵਿਅਕਤੀ ਦਿਸਿਆ ਜਿਸ ਨੇ ਸਰਕਾਰੀ ਵਰਦੀ ਪਹਿਨੀ ਹੋਈ ਸੀ। ਉਹ ਵਿਅਕਤੀ ਉਸ ਆਦਮੀ ਕੋਲ ਗਿਆ, ਜੋ ਸ਼ਾਇਦ ਕੋਈ ਸਰਕਾਰੀ ਅਧਿਕਾਰੀ ਸੀ ਅਤੇ ਪੁੱਛਣ ਲੱਗਿਆ ਕਿ, ‘ਮੈਂ ਪਰਦੇਸੀ ਹਾਂ ਅਤੇ ਰਸਤਾ ਭੁੱਲ ਗਿਆ ਹਾਂ, ਕ੍ਰਿਪਾ ਕਰਕੇ ਮੈਨੂੰ ਫਲਾਣੇ ਟਿਕਾਣੇ ਬਾਰੇ ਦੱਸਿਓ, ਕਿ ਮੈਂ ਕਿਸ ਪਾਸੇ ਜਾਵਾਂ?’ ਤਾਂ ਉਹ ਅਧਿਕਾਰੀ ਹੰਕਾਰ ਵਿੱਚ ਆਖਣ ਲੱਗਾ, ‘ਤੈਨੂੰ ਦਿਸਦਾ ਨਹੀਂ, ਮੈਂ ਇੱਕ ਸਰਕਾਰੀ ਅਧਿਕਾਰੀ ਹਾਂ, ਲੋਕਾਂ ਨੂੰ ਰਸਤੇ ਦੱਸਦੇ ਫਿਰਨਾ ਮੇਰਾ ਕੰਮ ਨਹੀਂ ਹੈ।’
ਤਾਂ ਉਹ ਰਾਹੀ ਨਿਮਰਤਾ ਸਹਿਤ ਆਖਣ ਲੱਗਿਆ, ਕਿ ਜੇਕਰ ਕੋਈ ਵੱਡਾ ਸਰਕਾਰੀ ਅਧਿਕਾਰੀ ਵੀ ਕਿਸੇ ਯਾਤਰੀ ਨੂੰ ਰਸਤਾ ਦੱਸ ਦੇਵੇ ਤਾਂ ਇਸ ਵਿੱਚ ਕੋਈ ਬੁਰਾਈ ਨਹੀਂ ਹੈ। ਖ਼ੈਰ! ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਕਿਸ ਅਹੁਦੇ ’ਤੇ ਹੋ?’ ਤਾਂ ਉਹ ਸਰਕਾਰੀ ਅਧਿਕਾਰੀ ਗੁੱਸੇ ਵਿੱਚ ਆਖਣ ਲੱਗਿਆ, ‘ਕੀ ਤੂੰ ਅੰਨ੍ਹਾ ਹੈਂ? ਤੈਨੂੰ ਮੇਰੀ ਵਰਦੀ ਤੋਂ ਪਛਾਣ ਨਹੀਂ ਹੋਈ ਕਿ ਮੈਂ ਕੌਣ ਹਾਂ?’ ਤਾਂ ਰਾਹੀ ਕਹਿਣ ਲੱਗਾ ਕੀ ਤੁਸੀਂ ਮਹੱਲ ਦੇ ਰੱਖਿਅਕ ਹੋ?’ ਤਾਂ ਜਵਾਬ
ਆਇਆ, ‘ਨਹੀਂ! ਉਸ ਤੋਂ ਵੀ ਉੱਪਰ ਦੇ ਅਹੁਦੇ ’ਤੇ ਹਾਂ।’ ਤਾਂ ਰਾਹੀ ਨੇ ਕਿਹਾ, ‘ਫਿਰ ਤੁਸੀਂ ਸ਼ਾਹੀ ਰੱਖਿਅਕ ਹੋਵੋਗੇ?’ ਤਾਂ ਅਧਿਕਾਰੀ ਬੋਲਿਆ, ‘ਨਹੀਂ! ਉਸ ਤੋਂ ਵੀ ਉੱਪਰ ਹਾਂ।’ ਤਾਂ ਰਾਹੀ ਨੇ ਮੁੜ ਕਿਹਾ, ‘ਫਿਰ ਤਾਂ ਤੁਸੀਂ ਸੈਨਾਪਤੀ ਹੋਵੋਗੇ?’ ਤਾਂ ਅਧਿਕਾਰੀ ਨੇ ਕਿਹਾ, ‘ਹਾਂ! ਮੈਂ ਮਹੱਲ ਦਾ ਸੈਨਾਪਤੀ ਹਾਂ। ਹੁਣ ਤੂੰ ਸਹੀ
ਪਛਾਣਿਆ ਹੈ ਕਿ ਮੈਂ ਇੱਕ ਸੈਨਾਪਤੀ ਹਾਂ, ਪਰ ਤੂੰ ਕੌਣ ਏਂ, ਜੋ ਇੰਨੇ ਸਵਾਲ ਪੁੱਛ ਰਿਹਾ ਹੈਂ?
ਤਾਂ ਉਹ ਰਾਹੀ ਆਖਣ ਲੱਗਾ ਕਿ ਮੈਂ ਵੀ ਇੱਕ ਸਰਕਾਰੀ ਅਧਿਕਾਰੀ ਹਾਂ। ਇਹ ਸੁਣ ਕੇ ਸਰਕਾਰੀ ਅਧਿਕਾਰੀ ਦਾ ਹੰਕਾਰ ਕੁਝ ਘੱਟ ਹੋਇਆ। ਹੁਣ ਸੈਨਾਪਤੀ ਸਵਾਲ ਪੁੱਛਣ ਲੱਗਿਆ, ‘ਕੀ ਤੁਸੀਂ ਸੈਨਿਕ ਹੈ?’ ਤਾਂ ਰਾਹੀ ਬੋਲਿਆ,
‘ਨਹੀਂ, ਉਸ ਤੋਂ ਵੀ ਉੱਪਰ।’ ਇਹ ਸੁਣ ਅਧਿਕਾਰੀ ਘਬਰਾ ਗਿਆ ਅਤੇ ਪੁੱਛਣ ਲੱਗਿਆ, ‘ਤਾਂ ਫਿਰ ਕੋਈ ਮੰਤਰੀ ਹੋ?’
ਤਾਂ ਰਾਹੀ ਨੇ ਜਵਾਬ ਦਿੱਤਾ, ‘ਨਹੀਂ! ਸਾਰੇ ਸਰਕਾਰੀ ਅਧਿਕਾਰੀਆਂ ਤੋਂ ਉੱਪਰ ਹਾਂ।’
ਜਦ ਅਧਿਕਾਰੀ ਨੇ ਧਿਆਨ ਨਾਲ ਤੱਕਿਆ ਤਾਂ ਪਤਾ ਲੱਗਾ ਕਿ ਉਸ ਦੇ ਸਾਹਮਣੇ ਖ਼ੁਦ ਰਾਜਾ ਵਿਕ੍ਰਮਾਦਿੱਤ ਖੜ੍ਹੇ ਸਨ। ਜੋ ਭੇਸ ਬਦਲ ਕੇ ਆਪਣੀ ਪ੍ਰਜਾ/ਰਿਆਇਆ ਦਾ ਹਾਲ ਜਾਣਨ ਲਈ ਨਿਕਲੇ ਹੋਏ ਸਨ। ਉਹ ਸਰਕਾਰੀ ਅਧਿਕਾਰੀ ਰਾਜਾ ਦੇ ਪੈਰਾਂ ਪੁਰ ਡਿੱਗ ਪਿਆ ਅਤੇ ਗਿੜਗੜਾਉਂਦਾ ਹੋਇਆ ਮੁਆਫ਼ੀ ਮੰਗਣ ਲੱਗਿਆ।
ਤਾਂ ਹੀ ਸਿਆਣੇ ਕਹਿੰਦੇ ਨੇ, ‘ਹੰਕਾਰਿਆ ਸੋ ਮਾਰਿਆ’ ਜਾਂ ‘ਹੰਕਾਰ ਦਾ ਸਿਰ ਨੀਵਾਂ’ ਆਦਿ। ਇਸ ਲਈ ਸਾਨੂੰ ਕਿਸੇ ਵੀ ਤਰ੍ਹਾਂ ਦੇ ਹੰਕਾਰ ਤੋਂ ਹਮੇਸ਼ਾਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਗੁਰੂ ਅਰਜਨ ਦੇਵ ਜੀ ਸਮਝਾਉਂਦੇ ਹਨ ਕਿ, ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ॥ ਇਸ ਹਊਮੇ ਦੇ ਸਿੱਟੇ ਅਤੇ ਪ੍ਰਭਾਵ ਹਮੇਸ਼ਾ ਭੈੜੇ ਹੀ ਹੁੰਦੇ ਹਨ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸਮਝਾਇਆ ਹੈ ਕਿ ਹਊਮੈ ਤੋਂ ਕਦੇ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਇਹ ਮਨਮਤ ਜਾਂ ਹਊਮੈ ਝੂਠੀ ਮਿਥਿਆ ਹੈ। ਸੱਚ ਕੇਵਲ ਪਰਮਾਤਮਾ ਹੈ। ਜੋ ਵਿਅਕਤੀ ਆਪਣੀ ਸੁਤੰਤਰ ਸੱਤਾ ਮੰਨਣ ਲੱਗ ਪੈਂਦੇ ਹਨ, ਉਹ ਦਵੈਤ-ਭਾਵ ਕਰਕੇ ਨਸ਼ਟ ਹੋ ਜਾਂਦੇ ਹਨ। ਹਊਮੇ ਤੋਂ ਮੁਕਤ ਹੋ ਕੇ ਸਾਧਨਾ ਉਹੀ ਕਰ ਸਕਦਾ ਹੈ, ਜਿਸ ਦੇ ਭਾਗਾਂ ਵਿੱਚ ਲਿਖਿਆ ਗਿਆ ਹੈ: ਹਊਮੈ ਕਰਤਿਆ ਨਹ ਸੁਖੁ ਹੋਇ॥ ਮਨਮਤਿ ਝੂਠੀ ਸਚਾ ਸੋਇ॥ ਸਗਲ ਬਿਗੂਤੇ ਭਾਵੈ ਦੋਇ॥ ਸੋ ਕਮਾਵੈ ਧੁਰਿ ਲਿਖਿਆ ਹੋਇ॥’ ਇਸ ਲਈ
ਆਓ! ਆਪਣੀ ਹਊਮੈ ਨੂੰ ਤਿਆਗਣ ਲਈ ਯਤਨਸ਼ੀਲ ਹੋਈਏ ਅਤੇ ਨਿਮਰ ਭਾਵ ਧਾਰਨ ਕਰੀਏ। ਗੁਰਬਾਣੀ ਦਾ ਸੰਦੇਸ਼ ਹੈ ਕਿ, ‘ਆਪਸ ਕਉ ਜੋ ਜਾਣੈ ਨੀਚਾ॥ ਸੋਊ ਗਨੀਐ ਸਭ ਤੇ ਊਚਾ॥’ ਭਾਵ ਜਿਹੜਾ ਮਨੁੱਖ ਆਪਣੇ ਆਪ ਨੂੰ
ਨੀਵਾਂ ਸਮਝਦਾ ਹੈ, ਉਹੀ ਸਾਰਿਆਂ ਨਾਲੋਂ ਵੱਡਾ ਗਿਣਿਆ ਜਾਂਦਾ ਹੈ।