ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਇੱਕ ਸੰਘੀ ਅਦਾਲਤ ਨੇ 2 ਅਰਬ ਡਾਲਰ ਦੀ ਫ਼ੰਡ ਕਟੌਤੀ ਦੇ ਮਾਮਲੇ ਵਿੱਚ ਹਾਰਵਰਡ ਯੂਨੀਵਰਿਸਟੀ ਦੇ ਹੱਕ ਵਿੱਚ ਫ਼ੈਸਲਾ ਦੇ ਕੇ ਟਰੰਪ ਪ੍ਰਸ਼ਾਸਨ ਨੂੰ ਵੱਡਾ ਝਟਕਾ ਦਿੱਤਾ ਹੈ। ਬੋਸਟਨ ਵਿੱਚ ਯੂ ਐਸ ਡਿਸਟ੍ਰਿਕਟ ਜੱਜ ਐਲੀਸਨ ਬੂਰੌਘਜ ਨੇ ਯੂਨੀਵਰਿਸਟੀ ਦੇ ਹੱਕ ਵਿੱਚ ਫ਼ੈਸਲਾ ਸੁਣਾਉਂਦਿਆਂ ਟਰੰਪ ਪ੍ਰਸ਼ਾਸਨ ਦੀ ਇਹ ਦਲੀਲ ਰੱਦ ਕਰ ਦਿੱਤੀ ਕਿ ਉਸ ਨੇ ਫ਼ੰਡ ਇਸ ਲਈ ਰੋਕੇ ਸਨ ਕਿਉਂਕਿ ਹਾਰਵਰਡ ਕੈਂਪਸ ਵਿੱਚ ਯਹੂਦੀ ਵਿਰੋਧੀ ਵਾਤਾਵਰਣ ਦੇ ਦੋਸ਼ ਲੱਗੇ ਸਨ।
ਜੱਜ ਨੇ ਕਿਹਾ ਟਰੰਪ ਪ੍ਰਸ਼ਾਸਨ ਨੇ ਯਹੂਦੀ ਵਿਰੋਧੀ ਦੋਸ਼ਾਂ ਨੂੰ ਸਮੋਕਸਕਰੀਨ ਵਜੋਂ ਵਰਤਿਆ ਹੈ। ਜੱਜ ਨੇ ਆਪਣੇ 84 ਸਫ਼ਿਆਂ ’ਤੇ ਅਧਾਰਿਤ ਫ਼ੈਸਲੇ ਵਿੱਚ ਕਿਹਾ ਹੈ ਕਿ ਇਸ ਤੋਂ ਇਲਾਵਾ ਹੋਰ ਕੋਈ ਸਿੱਟਾ ਕੱਢਣਾ ਮੁਸ਼ਕਿਲ ਹੈ ਕਿ ਟਰੰਪ ਪ੍ਰਸ਼ਾਸਨ ਨੇ ਦੇਸ਼ ਦੀ ਪ੍ਰਮੁੱਖ ਯੂਨੀਵਰਸਿਟੀ ਉੱਪਰ ਵਿਚਾਰਧਾਰਾ ਪ੍ਰੇਰਿਤ ਹਮਲਾ ਕੀਤਾ ਹੈ ਤੇ ਯਹੂਦੀਵਾਦ ਵਿਰੋਧ ਨੂੰ ਪਰਦੇ ਦੇ ਤੌਰ ’ਤੇ ਵਰਤਿਆ ਹੈ।
ਹਾਰਵਰਡ ਯੂਨੀਵਰਸਿਟੀ ਦੀ ਇਹ ਵੱਡੀ ਜਿੱਤ ਹੈ। ਹਾਰਵਰਡ ਹੀ ਇੱਕੋ ਇੱਕ ਯੂਨੀਵਰਸਿਟੀ ਹੈ ਜੋ ਵਾਇਟ ਹਾਊਸ ਨੂੰ ਅਦਾਲਤ ਵਿੱਚ ਲੈ ਕੇ ਗਈ ਹੈ। ਜੱਜ ਨੇ ਹੋਰ ਕਿਹਾ ਕਿ ਸਾਨੂੰ ਯਹੂਦੀਵਾਦ ਵਿਰੋਧੀ ਲੜਾਈ ਜਰੂਰ ਲੜਨੀ ਚਾਹੀਦੀ ਹੈ ਪਰੰਤੂ ਅਜਿਹਾ ਕਰਦੇ ਸਮਂੇ ਸਾਨੂੰ ਬੋਲਣ ਜਾਂ ਭਾਸ਼ਣ ਦੇਣ ਦੀ ਆਜ਼ਾਦੀ ਦੇ ਹੱਕ ਨੂੰ ਸੁਰੱਖਿਅਤ ਕਰਨਾ ਪਵੇਗਾ।