
ਹਰਦੀਪ ਸਿੰਘ ਪੁਰੀ
ਭਾਰਤੀ ਸੱਭਿਅਤਾ ਵਿੱਚ ਲੰਬੇ ਸਮੇਂ ਤੋਂ ਇਹ ਮਾਨਤਾ ਰਹੀ ਹੈ ਕਿ ਕਾਮਯਾਬੀ ਤੋਂ ਪਹਿਲਾਂ ਪ੍ਰੀਖਿਆ ਹੁੰਦੀ ਹੈ। ਜਿਵੇਂ ਸਮੁੰਦਰ ਮੰਥਨ ਦੀ ਪ੍ਰਕਿਰਿਆ ਨਾਲ ਅੰਮ੍ਰਿਤ ਨਿਕਲਿਆ ਸੀ, ਇਸੇ ਤਰ੍ਹਾਂ ਆਰਥਿਕ ਮੰਥਨ ਨੇ ਵੀ ਹਮੇਸ਼ਾ ਨਵੀਨਤਾ ਦਾ ਰਾਹ ਪੱਧਰਾ ਕੀਤਾ ਹੈ। ਸਾਲ 1991 ਦੇ ਸੰਕਟ ਨਾਲ ਜਿੱਥੇ ਉਦਾਰੀਕਰਨ ਦਾ ਜਨਮ ਹੋਇਆ, ਉੱਥੇ ਮਹਾਂਮਾਰੀ ਨਾਲ ਡਿਜੀਟਲ ਵਰਤੋਂ ਤੇਜ਼ ਹੋਈ। ਭਾਰਤ ਨੂੰ ‘ਮ੍ਰਿਤਕ ਅਰਥਵਿਵਸਥਾ’ ਕਹਿਣ ਵਾਲੇ ਸ਼ੱਕੀਆਂ ਦੇ ਰੌਲੇ-ਰੱਪੇ ਦੇ ਵਿਚਕਾਰ ਅੱਜ ਤੇਜ਼ ਵਿਕਾਸ ਅਤੇ ਵਿਆਪਕ ਮੌਕਿਆਂ ਦੀ ਇਕ ਤੱਥਾਂ ਵਾਲੀ ਕਹਾਣੀ ਸਾਹਮਣੇ ਆਈ ਹੈ। ਜੀ.ਡੀ.ਪੀ. ਦੇ ਤਾਜ਼ਾ ਅੰਕੜਿਆਂ ਅਨੁਸਾਰ ਵਿੱਤੀ ਵਰ੍ਹੇ 2025-26 ਦੀ ਪਹਿਲੀ ਤਿਮਾਹੀ ਵਿੱਚ ਅਸਲ ਜੀ.ਡੀ.ਪੀ. 7.8 ਫ਼ੀਸਦੀ ਦੀ ਦਰ ਨਾਲ ਵਧੀ ਹੈ, ਜੋ ਪਿਛਲੀਆਂ 5 ਤਿਮਾਹੀਆਂ ਵਿੱਚ ਸਭ ਤੋਂ ਵੱਧ ਹੈ। ਇਹ ਵਾਧਾ ਵਿਆਪਕ ਹੈ। ਕੁੱਲ ਮੁੱਲ ਜੋੜ (ਜੀ.ਵੀ.ਏ) 7.6 ਫ਼ੀਸਦੀ ਵਧਿਆ ਹੈ, ਜਿਸ ਵਿੱਚ ਮੈਨੂਫੈਕਚਰਿੰਗ ਖੇਤਰ 7.7 ਫ਼ੀਸਦੀ , ਨਿਰਮਾਣ 7.6 ਫ਼ੀਸਦੀ ਤੇ ਸੇਵਾਵਾਂ ਖੇਤਰ ਵਿੱਚ 9.3 ਫ਼ੀਸਦੀ ਦਾ ਵਾਧਾ ਹੋਇਆ ਹੈ। ਭਾਰਤ ਹੁਣ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਤੇ ਸਭ ਤੋਂ ਤੇਜ਼ੀ ਨਾਲ ਅੱਗੇ ਵਧ ਰਹੀ ਮੁੱਖ ਅਰਥਵਿਵਸਥਾ ਹੈ। ਜੋ ਦੁਨੀਆ ਦੀ ਪਹਿਲੀ (ਅਮਰੀਕਾ) ਤੇ ਦੂਜੀ (ਚੀਨ) ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਨੂੰ ਪਛਾੜ ਕੇ ਅੱਗੇ ਨਿਕਲ ਗਈ ਹੈ। ਅਸੀਂ ਮੌਜੂਦਾ ਗਤੀ ਨਾਲ ਇਸ ਦਹਾਕੇ ਦੇ ਅੰਤ ਤੱਕ ਜਰਮਨੀ ਨੂੰ ਪਛਾੜ ਕੇ ਮਾਰਕਿਟ-ਐਕਸਚੇਂਜ ਦੇ ਮਾਮਲੇ ਵਿੱਚ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਰਾਹ ’ਤੇ ਹਾਂ। ਭਾਰਤ ਵਿਸ਼ਵ ਵਿਕਾਸ ਵਿੱਚ 15 ਫ਼ੀਸਦੀ ਤੋਂ ਵੱਧ ਯੋਗਦਾਨ ਪਾ ਰਿਹਾ ਹੈ। ਵੱਖ-ਵੱਖ ਬਾਜ਼ਾਰਾਂ ਤੇ ਰੇਟਿੰਗ ਏਜੰਸੀਆਂ ਨੇ ਇਸ ਅਨੁਸ਼ਾਸਨ ਨੂੰ ਮਾਨਤਾ ਦਿੱਤੀ ਹੈ। ਐੱਸ.ਐਂਡ ਪੀ.ਗਲੋਬਲ ਨੇ 18 ਸਾਲਾਂ ਵਿੱਚ ਪਹਿਲੀ ਵਾਰ ਭਾਰਤ ਦੀ ਸੌਵਰੇਨ ਰੇਟਿੰਗ ਨੂੰ ਅਪਗ੍ਰੇਡ ਕੀਤਾ ਹੈ, ਜਿਸ ਵਿੱਚ ਮਜ਼ਬੂਤ ਵਿਕਾਸ, ਮੁਦਰਾ ਭਰੋਸੇਯੋਗਤਾ ਤੇ ਵਿੱਤੀ ਇਕਜੁੱਟਤਾ ਦਾ ਹਵਾਲਾ ਦਿੱਤਾ ਗਿਆ ਹੈ। ਇਹ ਮਹੱਤਵਪੂਰਨ ਹੈ ਕਿ ਸਾਲ 2013-14 ਅਤੇ 2022-23 ਦੇ ਵਿਚਕਾਰ 24.82 ਕਰੋੜ ਭਾਰਤੀ ਗ਼ਰੀਬੀ ਰੇਖਾ ਤੋਂ ਬਾਹਰ ਨਿਕਲ ਆਏ ਹਨ। ਇਹ ਪਰਿਵਰਤਨ ਬੁਨਿਆਦੀ ਸੇਵਾਵਾਂ- ਬੈਂਕ ਖਾਤੇ, ਰਸੋਈ ਦੇ ਲਈ ਸਵੱਛ ਈਂਧਣ, ਸਿਹਤ ਬੀਮਾ, ਟੂਟੀ ਦਾ ਪਾਣੀ ਅਤੇ ਸਹੂਲਤਾਂ ਦੀ ਵੱਡੇ ਪੈਮਾਨੇ ’ਤੇ ਸਪਲਾਈ ’ਤੇ ਨਿਰਭਰ ਕਰਦਾ ਹੈ, ਜਿਸ ਨਾਲ ਗ਼ਰੀਬਾਂ ਨੂੰ ਬਦਲ ਚੁਣਨ ਦਾ ਮੌਕਾ ਮਿਲਦਾ ਹੈ। ਦੁਨੀਆ ਦੇ ਸਭ ਤੋਂ ਜੀਵੰਤ ਲੋਕਤੰਤਰ ਤੇ ਜ਼ਿਕਰਯੋਗ ਜਨਸੰਖਿਆ ਚੁਣੌਤੀਆਂ ਦਰਮਿਆਨ ਅਸੀਂ ਇਕ ਮੈਰਾਥਨ ਦੌੜਾਕ ਦੀ ਤਰਜ਼ ’ਤੇ ਇੱਕ ਲੰਬੀ-ਦੂਰੀ ਦੀ ਅਰਥਵਿਵਸਥਾ ਬਣਾ ਰਹੇ ਹਾਂ।
ਭਾਰਤ ਦੇ ਪੈਟਰੋਲੀਅਮ ਮੰਤਰੀ ਹੋਣ ਦੇ ਨਾਤੇ, ਮੈਂ ਪੁਸ਼ਟੀ ਕਰ ਸਕਦਾ ਹਾਂ ਕਿ ਸਾਡੀ ਊਰਜਾ ਸੁਰੱਖਿਆ ਇਸ ਤੇਜ਼ ਵਿਕਾਸ ਦਾ ਸਮਰਥਨ ਕਰ ਰਹੀ ਹੈ। ਅੱਜ, ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਊਰਜਾ ਖਪਤਕਾਰ, ਚੌਥਾ ਸਭ ਤੋਂ ਵੱਡਾ ਤੇਲ ਸਾਫ਼ ਕਰਨ ਵਾਲਾ ਅਤੇ ਐੱਲ.ਐੱਨ.ਜੀ. ਦਾ ਚੌਥਾ ਸਭ ਤੋਂ ਵੱਡਾ ਦਰਾਮਦਕਾਰ ਹੈ। ਸਾਡੀ ਤੇਲ ਸਾਫ਼ ਕਰਨ ਦੀ ਸਮਰੱਥਾ ਪ੍ਰਤੀ ਦਿਨ 5.2 ਮਿਲੀਅਨ ਬੈਰਲ ਤੋਂ ਵੱਧ ਹੈ ਅਤੇ ਸਾਡੇ ਕੋਲ ਇਸ ਦਹਾਕੇ ਦੇ ਅੰਤ ਤੱਕ ਇਸ ਨੂੰ 40 ਕਰੋੜ ਟਨ ਪ੍ਰਤੀ ਸਾਲ ਤੋਂ ਵਧਾਉਣ ਲਈ ਇਕ ਸਪੱਸ਼ਟ ਰੋਡਮੈਪ ਹੈ। ਭਾਰਤ ਦੀ ਊਰਜਾ ਸੰਬੰਧੀ ਮੰਗ 2047 ਤੱਕ ਦੁੱਗਣੀ ਹੋਣ ਦਾ ਅਨੁਮਾਨ ਹੈ। ਸਰਕਾਰ ਦਾ ਦ੍ਰਿਸ਼ਟੀਕੋਣ ਸੁਰੱਖਿਆ ਨੂੰ ਸੁਧਾਰਾਂ ਨਾਲ ਜੋੜਨ ਦਾ ਰਿਹਾ ਹੈ। ਤੇਲ ਦੀ ਖੋਜ ਅਧੀਨ ਖੇਤਰ 2021 ਵਿੱਚ 8 ਫ਼ੀਸਦੀ ਤੋਂ ਵਧ ਕੇ 2025 ਵਿੱਚ 16 ਫ਼ੀਸਦੀ ਤੋਂ ਵੱਧ ਹੋ ਗਿਆ ਹੈ। ਸਾਡੀ ਊਰਜਾ ਦੀ ਕਹਾਣੀ ਸਿਰਫ਼ ਹਾਈਡ੍ਰੋਕਾਰਬਨ ਦੀ ਹੀ ਨਹੀਂ, ਸਗੋਂ ਪਰਿਵਰਤਨ ਦੀ ਵੀ ਕਹਾਣੀ ਹੈ।
ਭਾਰਤ ਵਲੋਂ ਰੂਸ ਤੋਂ ਕੱਚੇ ਤੇਲ ਦੀ ਖ਼ਰੀਦ ਨੂੰ ਲੈ ਕੇ ਕੁਝ ਹਿੱਸਿਆਂ ਵਿੱਚ ਬਹੁਤ ਚਰਚਾ ਹੈ। ਅਸੀਂ ਰੂਸ ਦੇ ਤੇਲ ਕਰਕੇ ਇਰਾਨ ਜਾਂ ਵੈਨੇਜ਼ੁਏਲਾ ਦੇ ਕੱਚੇ ਤੇਲ ’ਤੇ ਪੂਰੀ ਤਰ੍ਹਾਂ ਕਦੇ ਵੀ ਪਾਬੰਦੀ ਨਹੀਂ ਲਗਾਈ। ਭਾਰਤ ਰੂਸ ਯੂਕ੍ਰੇਨ ਸੰਘਰਸ਼ ਤੋਂ ਬਹੁਤ ਪਹਿਲਾਂ ਦਹਾਕਿਆਂ ਤੋਂ ਪੈਟਰੋਲੀਅਮ ਉਤਪਾਦਾਂ ਦਾ ਚੌਥਾ ਸਭ ਤੋਂ ਵੱਡਾ ਨਿਰਯਾਤਕ ਰਿਹਾ ਹੈ ਅਤੇ ਸਾਡੇ ਰਿਫਾਈਨਰ ਦੁਨੀਆ ਭਰ ਦੇ ਵੱਖ-ਵੱਖ ਸਰੋਤਾਂ ਤੋਂ ਕੱਚਾ ਤੇਲ ਹਾਸਲ ਕਰਦੇ ਹਨ। ਦਰਅਸਲ, ਰੂਸ ਦੇ ਕੱਚੇ ਤੇਲ ’ਤੇ ਪਾਬੰਦੀਆਂ ਲਗਾਉਣ ਤੋਂ ਬਾਅਦ ਯੂਰਪ ਨੇ ਵੀ ਭਾਰਤੀ ਈਂਧਣਾਂ ਵੱਲ ਰੁਖ ਕੀਤਾ ਹੈ। ਭਾਰਤ ਨੇ ਯੂਕ੍ਰੇਨ ਸੰਘਰਸ਼ ਤੋਂ ਬਾਅਦ ਆਲਮੀ ਕੀਮਤਾਂ ਵਿੱਚ ਉਛਾਲ ਆਉਣ ਤੋਂ ਰੋਕਣ ਲਈ ਅਤੇ ਆਪਣੇ ਨਾਗਰਿਕਾਂ ਦੇ ਹਿਤਾਂ ਦੀ ਰੱਖਿਆ ਲਈ ਫੈਸਲਾਕੁੰਨ ਕਾਰਵਾਈ ਕੀਤੀ ਹੈ। ਵੱਡੀ ਸੱਚਾਈ ਇਹ ਹੈ ਕਿ ਆਲਮੀ ਤੇਲ ਦਾ ਲਗਭਗ 10 ਫ਼ੀਸਦੀ ਸਪਲਾਈ ਕਰਨ ਵਾਲੇ ਦੁਨੀਆ ਦੇ ਇਸ ਦੂਸਰੇ ਸਭ ਤੋਂ ਵੱਡੇ ਉਤਪਾਦਕ ਦਾ ਕੋਈ ਬਦਲ ਨਹੀਂ ਹੈ। ਉਂਗਲੀਆਂ ਚੁੱਕਣ ਵਾਲੇ ਇਸ ਤੱਥ ਨੂੰ ਨਜ਼ਰਅੰਦਾਜ਼ ਕਰਦੇ ਹਨ।
ਇਹ ਉਹੀ ‘ਮੇਡ ਇਨ ਇੰਡੀਆ’ ਹੈ ਜੋ ਭਾਰਤ ਵਿੱਚ ਵਿਸ਼ਵ ਦ੍ਰਿਸ਼ਟੀਕੋਣ ਲਈ ਨਵੀਂ ਉਦਯੋਗਿਕ ਕ੍ਰਾਂਤੀ ਨੂੰ ਆਕਾਰ ਦਿੰਦਾ ਹੈ। ਜਿਸ ਵਿੱਚ ਸੈਮੀਕੰਡਕਟਰ, ਇਲੈਕਟ੍ਰੋਨਿਕਸ, ਨਵਿਆਉਣਯੋਗ ਊਰਜਾ, ਰੱਖਿਆ ਅਤੇ ਵਿਸ਼ੇਸ਼ ਰਸਾਇਣ ਸ਼ਾਮਿਲ ਹਨ। ਸੈਮੀਕੰਡਕਟਰ ਨਿਰਮਾਣ ਦਾ ਵਾਧਾ ਹੁਣ ਨਵੀਆਂ ਉਚਾਈਆਂ ’ਤੇ ਪਹੁੰਚ ਰਿਹਾ ਹੈ। ਡਿਜੀਟਲ ਅਰਥਵਿਵਸਥਾ ਇਨ੍ਹਾਂ ਲਾਭਾਂ ਨੂੰ ਕਈ ਗੁਣਾ ਵਧਾ ਦਿੰਦੀ ਹੈ। ਭਾਰਤ ਰੀਅਲ-ਟਾਈਮ ਵਿੱਚ ਭੁਗਤਾਨ ਦੇ ਮਾਮਲੇ ਵਿੱਚ ਦੁਨੀਆ ਭਰ ਵਿੱਚ ਮੋਹਰੀ ਹੈ। ਯੂ.ਪੀ.ਆਈ. ਦੀ ਵਿਆਪਕਤਾ ਛੋਟੇ ਕਾਰੋਬਾਰਾਂ ਦੀ ਉਤਪਾਦਕਤਾ ਨੂੰ ਵਧਾਉਂਦੀ ਹੈ। ਭਾਰਤ 2038 ਤੱਕ ਪੀ.ਪੀ.ਪੀ. ਆਧਾਰ ’ਤੇ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦਾ ਹੈ, ਜਿਸ ਦੀ ਜੀ.ਡੀ.ਪੀ. 34 ਟ੍ਰਿਲੀਅਨ ਅਮਰੀਕੀ ਡਾਲਰ ਤੋਂ ਵੱਧ ਹੋਵੇਗੀ। ਇਹ ਤਰੱਕੀ ਨਿਰੰਤਰ ਸੁਧਾਰਾਂ, ਮਨੁੱਖੀ ਪੂੰਜੀ ਤੇ ਭਰੋਸੇਯੋਗ ਊਰਜਾ ’ਤੇ ਆਧਾਰਿਤ ਹੈ। ਜਦੋਂ ਵੀ ਭਾਰਤ ਦੀ ਸਮਰੱਥਾ ’ਤੇ ਅਤੀਤ ਵਿੱਚ ਸ਼ੱਕ ਕੀਤਾ ਗਿਆ ਹੈ ਤਾਂ ਇਸ ਦੇਸ਼ ਨੇ ਹਰੀ ਕ੍ਰਾਂਤੀ, ਆਈ.ਟੀ ਕ੍ਰਾਂਤੀ ਅਤੇ ਸਿੱਖਿਆ ਅਤੇ ਉੱਦਮ ਰਾਹੀਂ ਲੱਖਾਂ ਲੋਕਾਂ ਦੇ ਸ਼ਾਨਦਾਰ ਉਭਾਰ ਨਾਲ ਇਸ ਦਾ ਜਵਾਬ ਦਿੱਤਾ ਹੈ। ਅਸੀਂ ਆਪਣੇ ਦ੍ਰਿਸ਼ਟੀਕੋਣ ’ਤੇ ਕਾਇਮ ਰਹਿੰਦਿਆਂ ਸੁਧਾਰਾਂ ਨੂੰ ਨਿਰੰਤਰ ਜਾਰੀ ਰੱਖਾਂਗੇ ਅਤੇ ਆਪਣੇ ਵਿਕਾਸ ਨੂੰ ਤੇਜ਼, ਲੋਕਤੰਤਰੀ ਅਤੇ ਸਭ ਦੀ ਸ਼ਮੂਲੀਅਤ ਵਾਲਾ ਬਣਾਈ ਰੱਖਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ, ਵਿਕਸਿਤ ਭਾਰਤ ਸਿਰਫ਼ ਇਕ ਇੱਛਾ ਨਹੀਂ ਹੈ, ਸਗੋਂ ਪ੍ਰਾਪਤੀਆਂ ਦਾ ਇੱਕ ਸਾਰ ਹੈ ਅਤੇ ਵਿਕਾਸ ਨਾਲ ਇਹ ਅੰਕੜੇ ਉਸ ਵਿਆਪਕ ਕਹਾਣੀ ਦੇ ਤਾਜ਼ਾ ਅਧਿਆਇ ਹਨ।
-ਲੇਖਕ ਕੇਂਦਰੀ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਨ