
ਡੇਰਾ ਬਾਬਾ ਨਾਨਕ/ਏ.ਟੀ.ਨਿਊਜ਼: ਪੰਜਾਬੀ ਸਿੰਗਰ ਮਨਕੀਰਤ ਔਲਖ ਮੁੜ ਡੇਰਾ ਬਾਬਾ ਨਾਨਕ ਹਲਕੇ ’ਚ ਪਿੰਡ ਸ਼ਾਹਪੁਰ ਜਾਜਨ ਪਹੁੰਚੇ। ਇੱਥੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਇਸ ਇਲਾਕੇ ਦੇ ਹੜ੍ਹ ਪੀੜਤਾਂ ਦੀ ਮਦਦ ਲਈ 10 ਟਰੈਕਟਰ ਗਲੋਬਲ ਸਿੱਖ ਸੰਸਥਾ ਨੂੰ ਦੇ ਕੇ ਚੱਲੇ ਹਾਂ ਅਤੇ ਹੋਰ ਸੰਸਥਾ ਜਾਂ ਕਿਸਾਨਾਂ ਨੂੰ ਲੋੜ ਅਨੁਸਾਰ ਹੋਰ ਟਰੈਕਟਰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕੀਤੀ ਅਪੀਲ ਕਿ ਛੋਟੇ ਕਿਸਾਨ, ਜੋ ਇਸ ਵੇਲੇ ਹੜ੍ਹ ਦੀ ਮਾਰ ਝੱਲ ਰਹੇ ਹਨ, ਉਨ੍ਹਾਂ ਦਾ ਕਰਜ਼ ਮੁਆਫ਼ ਕੀਤਾ ਜਾਵੇ ਅਤੇ ਉਨ੍ਹਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਇਸ ਤੋਂ ਪਹਿਲਾਂ ਮਨਕੀਰਤ ਔਲਖ ਨੇ ਹੜ੍ਹ ਪੀੜਤਾਂ ਦੀ 5 ਕਰੋੜ ਰੁਪਏ ਦੀ ਸੇਵਾ ਕਰਨ ਦਾ ਐਲਾਨ ਕੀਤਾ ਸੀ।
ਮਨਕੀਰਤ ਔਲਖ ਦਾ ਕਹਿਣਾ ਸੀ ਕਿ ਉਹ ਉਸ ਹਰ ਘਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਜਿੱਥੇ ਹੜ੍ਹ ਨੇ ਨੁਕਸਾਨ ਕੀਤਾ। ਪੰਜਾਬੀ ਕਿਸੇ ਵੀ ਨੁਕਸਾਨ ਦੀ ਪਰਵਾਹ ਨਹੀਂ ਕਰਦੇ ਅਤੇ ਮੈਂ ਅੱਜ ਦਾਅਵੇ ਨਾਲ ਕਹਿੰਦਾ ਹਾਂ ਕਿ ਇੱਕ ਮਹੀਨੇ ’ਚ ਪੰਜਾਬ ਦੀ ਜ਼ਿੰਦਗੀ ਮੁੜ ਲੀਹ ’ਤੇ ਆ ਜਾਏਗੀ ਅਤੇ ਪੰਜਾਬੀ ਸਾਰੇ ਨੁਕਸਾਨ ਭੁੱਲ ਕੇ ਮੁੜ ਤਗੜੇ ਹੋ ਜਾਣਗੇ।