ਅਮਰੀਕਾ ਵਿੱਚ ਫ਼ੜੇ 300 ਤੋਂ ਵਧ ਦੱਖਣੀ ਕੋਰੀਆਈ ਵਰਕਰਾਂ ਨੂੰ ਛੇਤੀ ਵਾਪਿਸ ਲਿਆਂਦਾ ਜਾਵੇਗਾ: ਰਾਸ਼ਟਰਪਤੀ

In ਅਮਰੀਕਾ
September 10, 2025

ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਜਾਰਜੀਆ ਵਿੱਚ ਇੱਕ ਹੁੰਡਾਈ-ਐਲ ਜੀ ਬੈਟਰੀ ਪਲਾਂਟ ’ਤੇ ਮਾਰੇ ਛਾਪੇ ਦੌਰਾਨ ਯੂ. ਐਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫ਼ੋਰਸਮੈਂਟ ਦੁਆਰਾ ਗ੍ਰਿਫ਼ਤਾਰ 300 ਤੋਂ ਵਧ ਦੱਖਣੀ ਕੋਰੀਆਈ ਵਰਕਰਾਂ ਨੂੰ ਛੇਤੀ ਵਾਪਿਸ ਲਿਆਂਦਾ ਜਾ ਰਿਹਾ ਹੈ। ਇਹ ਜਾਣਕਾਰੀ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਿਊਂਗ ਦੇ ਦਫ਼ਤਰ ਦੇ ਅਧਿਕਾਰੀਆਂ ਨੇ ਦਿੱਤੀ ਹੈ। ਪਿਛਲੇ ਦਿਨੀਂ ਸਾਵਾਨਾਹ ਦੇ ਉੱਤਰ ਪੱਛਮ ਵਿੱਚ 30 ਮੀਲ ਦੂਰ ਉਸਾਰੀ ਅਧੀਨ ਬੈਟਰੀ ਪ੍ਰਾਜੈਕਟ ਵਿਖੇ ਯੂ. ਐਸ. ਇਮੀਗ੍ਰੇਸ਼ਨ ਏਜੰਟਾਂ ਦੁਆਰਾ ਮਾਰੇ ਛਾਪੇ ਦੌਰਾਨ ਤਕਰੀਬਨ 475 ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੰਘੀ ਅਧਿਕਾਰੀਆਂ ਅਨੁਸਾਰ ਇਨ੍ਹਾਂ ਵਰਕਰਾਂ ਨੇ ਅਮਰੀਕਾ ਦੀ ਸਰਹੱਦ ਗੈਰ ਕਾਨੂੰਨੀ ਢੰਗ ਨਾਲ ਪਾਰ ਕਰਨ ਤੇ ਟੂਰਿਸਟ ਵੀਜੇ ਉੱਪਰ ਕੰਮ ਕਰਨ ਸਮੇਤ ਅਨੇਕਾਂ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦੇ ਚੀਫ਼ ਆਫ਼ ਸਟਾਫ਼ ਕਾਂਗ ਹੁਨ-ਸਿਕ ਨੇ ਇੱਕ ਟੈਲੀਵੀਜ਼ਨ ਗੱਲਬਾਤ ਦੌਰਾਨ ਕਿਹਾ ਹੈ ਕਿ ਅਮਰੀਕਾ ਨਾਲ ਗੱਲਬਾਤ ਮੁਕੰਮਲ ਹੋ ਗਈ ਹੈ ਤੇ ਵਰਕਰ ਕੁਝ ਪ੍ਰਸ਼ਾਸਨਿਕ ਪ੍ਰਕ੍ਰਿਆ ਮੁਕੰਮਲ ਕਰਨ ਉਪਰੰਤ ਦੇਸ਼ ਵਾਪਿਸ ਆ ਜਾਣਗੇ। ਉਨ੍ਹਾਂ ਕਿਹਾ ਕਿ ਵਰਕਰਾਂ ਨੂੰ ਚਾਰਟਿਡ ਜਹਾਜ਼ ’ਤੇ ਵਾਪਿਸ ਲਿਆਂਦਾ ਜਾਵੇਗਾ। ਗ੍ਰਿਫ਼ਤਾਰੀਆਂ ਉਪਰੰਤ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਿਊਂਗ ਨੇ ਤੁਰੰਤ ਦਖਲ ਦਿੰਦਿਆਂ ਚਿਤਾਵਨੀ ਦਿੱਤੀ ਸੀ ਕਿ ਉਸ ਦੇ ਸ਼ਹਿਰੀਆਂ ਦੇ ਮਾਨਵੀ ਅਧਿਕਾਰਾਂ ਦੀ ਉਲੰਘਣਾ ਨਾ ਕੀਤੀ ਜਾਵੇ ਤੇ ਉਹ ਸਨਮਾਨ ਸਹਿਤ ਆਪਣੇ ਨਾਗਰਿਕਾਂ ਨੂੰ ਵਾਪਿਸ ਲੈ ਕੇ ਆਉਣਗੇ। ਇਸ ਸਬੰਧੀ ਵਾਈਟ ਹਾਊਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਤੇ ਇਹ ਵੀ ਨਹੀਂ ਦੱਸਿਆ ਹੈ ਕਿ ਗ੍ਰਿਫ਼ਤਾਰ ਬਾਕੀ 200 ਦੇ ਕਰੀਬ ਪਰਵਾਸੀਆਂ ਵਿੱਚ ਕਿਹੜੇ-ਕਿਹੜੇ ਦੇਸ਼ ਦੇ ਨਾਗਰਿਕ ਸ਼ਾਮਿਲ ਹਨ।

Loading