ਹਾਕੀ: ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰ ਨਾ ਜਾਣ

In ਸੰਪਾਦਕੀ
September 11, 2025

ਏਸ਼ੀਆ ਹਾਕੀ ਕੱਪ ਜਿੱਤਣ ਤੋਂ ਬਾਅਦ ਭਾਰਤ ਹਾਕੀ ਟੀਮ ਨੇ ‘ਵਿਸ਼ਵ ਕੱਪ’ ਲਈ ਕੁਆਲੀਫਾਈ ਕਰ ਲਿਆ ਹੈ। ਏਸ਼ੀਆ ਕੱਪ ਦੀ ਟਰਾਫ਼ੀ ਹੱਥ ਵਿੱਚ ਫੜ ਕੇ ਭਾਰਤੀ ਖਿਡਾਰੀ ਹੁਣੇ ਤੋਂ ਹੀ ‘ਵਿਸ਼ਵ ਕੱਪ ਜੇਤੂ’ ਬਣਨ ਦਾ ਸੁਪਨਾ ਵੇਖਣ ਲੱਗ ਪਏ ਹਨ। ਵਿਸ਼ਵ ਹਾਕੀ ਕੱਪ ਅਗਲੇ ਸਾਲ 14 ਤੋਂ 30 ਅਗਸਤ ਤੱਕ ਬੈਲਜੀਅਮ ਅਤੇ ਨੀਦਰਲੈਂਡ ਵਿੱਚ ਹੋਣਾ ਹੈ। ਭਾਰਤ ਨੇ ਹੁਣ ਤੱਕ ਸਿਰਫ਼ ਇੱਕ ਵਾਰ 1975 ਵਿੱਚ ਕੁਆਲਾਲੰਪੁਰ ਵਿੱਚ ਵਿਸ਼ਵ ਕੱਪ ਜਿੱਤਿਆ ਹੈ। ਜੇ ਏਸ਼ੀਆ ਹਾਕੀ ਕੱਪ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਨੇ ਇਸ ਤੋਂ ਪਹਿਲਾਂ 2003, 2007 ਅਤੇ 2017 ਵਿੱਚ ਏਸ਼ੀਆ ਕੱਪ ਜਿੱਤਿਆ ਸੀ। ਦੱਖਣੀ ਕੋਰੀਆ ਨੇ 1994, 1999, 2009, 2013 ਅਤੇ 2022 ਵਿੱਚ ਏਸ਼ੀਆ ਕੱਪ ਜਿੱਤਿਆ ਹੈ।
ਭਾਰਤੀ ਹਾਕੀ ਦਾ ਇਤਿਹਾਸ ਸੁਨਿਹਰੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ। ਭਾਰਤੀ ਹਾਕੀ ਪੂਰੇ 28 ਸਾਲ ਲਗਾਤਾਰ ਉਲੰਪਿਕ ਖੇਡਾਂ ਵਿੱਚ ਸੋਨੇ ਦੇ ਤਗ਼ਮੇ ਜਿੱਤ ਕੇ ਆਪਣਾ ਸੁਨਿਹਰੀ ਇਤਿਹਾਸ ਸਿਰਜਦੀ ਰਹੀ। ਭਾਰਤੀ ਹਾਕੀ ਨੂੰ ਇਹ ਮਾਣ ਜਾਂਦਾ ਹੈ ਕਿ ਉਲੰਪਿਕ ਖੇਡਾਂ ਵਿੱਚ ਸਭ ਤੋਂ ਪਹਿਲਾ ਸੋਨੇ ਦਾ ਤਗ਼ਮਾ ਵੀ ਹਾਕੀ ਦੀ ਖੇਡ ਵਿੱਚ ਹੀ ਭਾਰਤ ਨੂੰ ਮਿਲਿਆ। ਇਸ ਤੋਂ ਇਲਾਵਾ ਹਾਕੀ ਵਿੱਚ ਹੀ ਭਾਰਤ ਉਲੰਪਿਕ ਖੇਡਾਂ ਵਿੱਚ ਅੱਠ ਵਾਰ ਸੋਨੇ ਦੇ ਤਗ਼ਮੇ, ਇੱਕ ਵਾਰ ਚਾਂਦੀ ਤੇ ਦੋ ਵਾਰ ਕਾਂਸੇ ਦਾ ਤਗ਼ਮੇ ਵੀ ਜਿੱਤ ਚੁੱਕਿਆ ਹੈ।
ਉਲੰਪਿਕ ਖੇਡਾਂ ਵਿੱਚ ਪਹਿਲੀ ਵਾਰ ਹਾਕੀ ਨੂੰ ਸੰਨ 1908 ਵਿੱਚ ਸ਼ਾਮਲ ਕੀਤਾ ਗਿਆ। ਇਹ ਖੇਡਾਂ ਲੰਡਨ ਵਿਖੇ ਹੋਈਆਂ ਸਨ ਤੇ ਇਹਨਾਂ ਉਲੰਪਿਕ ਖੇਡਾਂ ਵਿੱਚ ਹਾਕੀ ਦਾ ਗੋਲਡ ਮੈਡਲ ਇੰਗਲੈਂਡ ਨੇ ਜਿੱਤਿਆ ਸੀ। ਇਸ ਤੋਂ ਬਾਅਦ 1920 ਦੀਆਂ ਉਲੰਪਿਕ ਖੇਡਾਂ ਵਿੱਚ ਇੱਕ ਵਾਰ ਫੇਰ ਹਾਕੀ ਨੂੰ ਸ਼ਾਮਲ ਕੀਤਾ ਗਿਆ , ਇਹ ਉਲੰਪਿਕ ਖੇਡਾਂ ਐਂਟਵਰਪ ਵਿਖੇ ਹੋਈਆਂ ਸਨ ਅਤੇ ਇਹਨਾਂ ਖੇਡਾਂ ਵਿੱਚ ਇਕ ਵਾਰ ਫਿਰ ਇੰਗਲੈਂਡ ਨੇ ਹੀ ਗੋਲਡ ਮੈਡਲ ਜਿੱਤਿਆ। ਜਦੋਂ ਉਲੰਪਿਕ ਖੇਡਾਂ 1928 ਵਿੱਚ ਨੀਂਦਰਲੈਂਡ ਦੇ ਸ਼ਹਿਰ ਐਮਸਟਰਡਮ ਵਿਖੇ ਹੋਈਆਂ ਤਾਂ ਹਾਕੀ ਨੂੰ ਪੱਕੇ ਤੌਰ ਉਪਰ ਹੀ ਉਲੰਪਿਕ ਖੇਡਾਂ ਦਾ ਹਿਸਾ ਬਣਾ ਲਿਆ ਗਿਆ। ਅਗਲੀਆਂ ਉਲੰਪਿਕ ਖੇਡਾਂ ਸਾਲ 2028 ਵਿੱਚ ਹੋਣੀਆਂ ਹਨ, ਪਰ ਉਸ ਤੋਂ ਪਹਿਲਾਂ ਅਗਲੇ ਸਾਲ ‘ਵਿਸ਼ਵ ਹਾਕੀ ਕੱਪ’ ਹੋਣਾ ਹੈ, ਜਿਸ ਲਈ ਭਾਰਤੀ ਟੀਮ ਨੇ ਕੁਆਲੀਫਾਈ ਕਰਕੇ ਆਪਣੀ ਸ਼ਕਤੀ ਦਾ ਪ੍ਰਗਟਾਵਾ ਕੀਤਾ ਹੈ। ਏਸ਼ੀਆ ਕੱਪ ਜਿੱਤਣ ਤੋਂ ਬਾਅਦ ਭਾਰਤੀ ਹਾਕੀ ਟੀਮ ਦੀਆਂ ਗੱਲਾਂ ਪੂਰੇ ਵਿਸ਼ਵ ਵਿੱਚ ਹੋਣ ਲੱਗੀਆਂ ਹਨ ਅਤੇ ਭਾਰਤੀ ਹਾਕੀ ਟੀਮ ਨੇ ਪੂਰੇ ਵਿਸ਼ਵ ਦੇ ਖੇਡ ਪ੍ਰੇਮੀਆ ਦਾ ਧਿਆਨ ਖਿੱਚਿਆ ਹੈ। ਇਸ ਸਮੇਂ ਭਾਰਤੀ ਹਾਕੀ ਟੀਮ ਵਿੱਚ 10 ਖਿਡਾਰੀ ਪੰਜਾਬ ਦੇ ਹਨ, ਜਿਸ ਕਰਕੇ ਭਾਰਤੀ ਹਾਕੀ ਟੀਮ ਦੀਆਂ ਪ੍ਰਾਪਤੀਆਂ ਵਿੱਚ ਪੰਜਾਬ ਦਾ ਵੱਡਾ ਯੋਗਦਾਨ ਮੰਨਿਆ ਜਾ ਸਕਦਾ ਹੈ।
ਇੱਕ ਸਮਾਂ ਅਜਿਹਾ ਵੀ ਸੀ, ਜਦੋਂ ਪੂਰੇ ਵਿਸ਼ਵ ਦੀ ਹਾਕੀ ਵਿੱਚ ਭਾਰਤ ਦੀ ਸ਼ਾਨ ਅਤੇ ਸਰਦਾਰੀ ਹੁੰਦੀ ਸੀ। ਹਾਕੀ ਖਿਡਾਰੀ ਬਲਬੀਰ ਸਿੰਘ (ਸਾਰੇ), ਊਧਮ ਸਿੰਘ, ਸੁਰਜੀਤ ਸਿੰਘ ਦੀਆਂ ਵਾਰਾਂ ਮੇਲਿਆਂ ਵਿੱਚ ਢਾਡੀ ਅਤੇ ਕਵੀਸ਼ਰ ਗਾਇਆ ਕਰਦੇ ਸਨ ਪਰ ਕਈ ਸਾਲ ਪਹਿਲਾਂ ਭਾਰਤੀ ਹਾਕੀ ਟੀਮ ਦਾ ਕਾਰਗੁਜ਼ਾਰੀ ਕਾਫ਼ੀ ਢਿੱਲੀ ਰਹਿਣ ਲੱਗ ਪਈ ਸੀ, ਜਿਸ ਕਾਰਨ ਟੀਮ ਦੀ ਚੋਣ ’ਤੇ ਵੀ ਸਵਾਲ ਉੱਠਣ ਲੱਗ ਪਏ ਸਨ ਅਤੇ ਸਾਰੇ ਵਿਸ਼ਵ ਨੂੰ ਹਾਕੀ ਸਿਖਾਉਣ ਵਾਲਾ ਭਾਰਤ ਹਾਕੀ ਵਿੱਚ ਫਾਡੀ ਰਹਿਣ ਲੱਗ ਪਿਆ ਸੀ।
ਸਮਾਂ ਬਦਲਿਆ ਅਤੇ ਭਾਰਤੀ ਹਾਕੀ ਵਿੱਚ ਮੁੜ ਜਾਨ ਪੈ ਗਈ। ਪਿਛਲੀਆਂ ਦੋ ਉਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਲਗਾਤਾਰ ਕਾਂਸੇ ਦੇ ਤਗ਼ਮੇ ਜਿੱਤਦੀ ਆ ਰਹੀ ਹੈ ਅਤੇ ਸਾਲ 2028 ਦੀਆਂ ਉਲੰਪਿਕ ਖੇਡਾਂ ਵਿੱਚ ਤਗ਼ਮੇ ਦਾ ਰੰਗ ਬਦਲਣ ਲਈ ਭਾਰਤੀ ਹਾਕੀ ਟੀਮ ਹੁਣੇ ਤੋਂ ਤਿਆਰੀ ਕਰ ਰਹੀ ਹੈ। ਇਸ ਤੋਂ ਪਹਿਲਾਂ ਅਗਲੇ ਸਾਲ ਹੋਣ ਵਾਲੇ ਵਿਸ਼ਵ ਹਾਕੀ ਕੱਪ ਲਈ ਭਾਰਤੀ ਹਾਕੀ ਟੀਮ ਪੂਰੀ ਤਰ੍ਹਾਂ ਤਿਆਰ ਹੈ। ਏਸ਼ੀਆ ਕੱਪ ਜਿੱਤਣ ਤੋਂ ਬਾਅਦ ਭਾਰਤੀ ਹਾਕੀ ਟੀਮ ਵੱਲੋਂ ਵਿਸ਼ਵ ਹਾਕੀ ਕੱਪ ਜਿੱਤਣ ਦੀ ਉਮੀਦ ਵੀ ਬਣ ਗਈ ਹੈ।
ਜੇ ਹੁਣ ਭਾਰਤੀ ਹਾਕੀ ਟੀਮ ਦੀਆਂ ਕਮਜ਼ੋਰੀਆਂ ਦੀ ਗੱਲ ਨਾ ਕੀਤੀ ਗਈ ਤਾਂ ਗੱਲ ਅਧੂਰੀ ਰਹੇਗੀ ਭਾਵੇਂ ਕਿ ਭਾਰਤੀ ਹਾਕੀ ਟੀਮ ਅਹਿਮ ਜਿੱਤਾਂ ਪ੍ਰਾਪਤ ਕਰ ਰਹੀ ਹੈ, ਪਰ ਅਜੇ ਵੀ ਇਸ ਟੀਮ ਵਿੱਚ ਕੁਝ ਕਮਜ਼ੋਰੀਆਂ ਹਨ, ਜਿਨ੍ਹਾਂ ਨੂੰ ਦੂਰ ਵੀ ਕੀਤਾ ਜਾ ਸਕਦਾ ਹੈ। ਏਸ਼ੀਆ ਕੱਪ ਦੌਰਾਨ ਕਈ ਮੈਚਾਂ ਵਿੱਚ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਵਿੱਚ ਆਪਸੀ ਤਾਲਮੇਲ ਦੀ ਘਾਟ ਵੀ ਦਿਖਾਈ ਦਿੱਤੀ ਅਤੇ ਮੌਕਿਆਂ ਨੂੰ ਗੋਲ ਵਿੱਚ ਬਦਲਣ ਦੀ ਸੂਝ-ਬੂਝ ਅਤੇ ਯੋਗਤਾ ਵੀ ਘੱਟ ਦਿਖਾਈ ਦਿੱਤੀ। ਏਸ਼ੀਆ ਕੱਪ ਦੌਰਾਨ ਭਾਰਤ ਨੇ ਭਾਵੇਂ ਚੀਨ ਅਤੇ ਜਪਾਨ ’ਤੇ ਵੀ ਜਿੱਤਾਂ ਪ੍ਰਾਪਤ ਕੀਤੀਆਂ ਪਰ ਇਹ ਜਿੱਤਾਂ ਏਨੀਆਂ ਸੰਘਰਸ਼ਪੂਰਨ ਸਨ ਕਿ ਭਾਰਤੀ ਟੀਮ ਲੈਅ ਨਹੀਂ ਸੀ ਫੜ ਸਕੀ। ਇਸ ਤੋਂ ਇਲਾਵਾ ਭਾਰਤੀ ਹਾਕੀ ਟੀਮ ਮੈਚ ਦੌਰਾਨ ਮਿਲਦੇ ਸਾਰੇ ਪੈਨਲਟੀ ਕੋਰਨਰਾਂ ਨੂੰ ਗੋਲ ਵਿੱਚ ਬਦਲਣ ਦੇ ਮੌਕੇ ਵੀ ਅਕਸਰ ਖੁੰਝਾਅ ਦਿੰਦੀ ਹੈ, ਜੋ ਕਿ ਉਸ ਦੀ ਵੱਡੀ ਕਮਜੋਰੀ ਹੈ। ਭਾਰਤੀ ਹਾਕੀ ਟੀਮ ਦੇ ਕੋਚ ਕ੍ਰੇਗ ਫੁਲਟੋਨ ਹੁਣ ਭਾਰਤੀ ਹਾਕੀ ਟੀਮ ਦੀਆਂ ਇਹਨਾਂ ਕਮਜ਼ੋਰੀਆਂ ਨੂੰ ਦੂਰ ਕਰਨ ਦਾ ਯਤਨ ਕਰ ਰਹੇ ਹਨ।
ਏਸ਼ੀਆ ਕੱਪ ਜਿੱਤ ਕੇ ਭਾਰਤੀ ਹਾਕੀ ਟੀਮ ਨੇ ਭਾਰਤੀਆਂ ਦੇ ਦਿਲ ਜਿੱਤ ਲਏ ਹਨ। ਬਿਹਾਰ ਦੇ ਰਾਜਗੀਰ ਵਿਖੇ ਕਰਵਾਇਆ ਗਿਆ ਏਸ਼ੀਆ ਹਾਕੀ ਕੱਪ ਨਵੀਂ ਪੀੜ੍ਹੀ ਨੂੰ ਹਾਕੀ ਦੀ ਜਾਗ ਲਗਾਉਣ ਵਿੱਚ ਵੀ ਕਾਮਯਾਬ ਰਿਹਾ ਹੈ। ਭਾਰਤੀ ਹਾਕੀ ਟੀਮ ਤੋਂ ਭਾਰਤੀਆਂ ਨੂੰ ਬਹੁਤ ਉਮੀਦਾਂ ਹਨ। ਭਾਰਤੀ ਹਾਕੀ ਟੀਮ ਨੂੰ ਭਾਰਤੀਆਂ ਦੀਆਂ ਉਮੀਦਾਂ ’ਤੇ ਖਰ੍ਹਾ ਉਤਰਣ ਅਤੇ ਆਪਣੀ ਜੇਤੂ ਲੈਅ ਬਰਕਰਾਰ ਰੱਖਣ ਲਈ ਸਖ਼ਤ ਮਿਹਨਤ ਕਰਨੀ ਪਵੇਗੀ ਤਾਂ ਕਿ ਫ਼ੌਜਾਂ ਜਿੱਤ ਕੇ ਅੰਤ ਨੂੰ ਭਾਵ ਵਿਸ਼ਵ ਹਾਕੀ ਕੱਪ ’ਚ ਹਾਰ ਨਾ ਜਾਣ।

Loading