ਰੂਸੀ ਫ਼ੌਜ ’ਚ ਭਾਰਤੀ ਨਾਗਰਿਕਾਂ ਨੂੰ ਭਰਤੀ ਕਰਨਾ ਬੰਦ ਕਰੇ ਰੂਸ : ਭਾਰਤ

In ਮੁੱਖ ਖ਼ਬਰਾਂ
September 12, 2025

ਨਵੀਂ ਦਿੱਲੀ/ਏ.ਟੀ.ਨਿਊਜ਼ : ਭਾਰਤ ਨੇ ਰੂਸ ਤੋਂ ਮੰਗ ਕੀਤੀ ਹੈ ਕਿ ਉਹ ਰੂਸੀ ਫ਼ੌਜ ’ਚ ਭਾਰਤੀ ਨਾਗਰਿਕਾਂ ਨੂੰ ਸਹਾਇਕ ਅਮਲੇ ਵਜੋਂ ਭਰਤੀ ਕਰਨਾ ਬੰਦ ਕਰੇ। ਰੂਸੀ ਫ਼ੌਜ ਵੱਲੋਂ ਭਾਰਤੀਆਂ ਦੀ ਤਾਜ਼ਾ ਭਰਤੀ ਦੀਆਂ ਰਿਪੋਰਟਾਂ ਮਗਰੋਂ ਭਾਰਤ ਨੇ ਰੂਸੀ ਫ਼ੌਜ ’ਚ ਕੰਮ ਕਰ ਰਹੇ ਸਾਰੇ ਭਾਰਤੀਆਂ ਨੂੰ ਛੱਡਣ ਦੀ ਮੰਗ ਕੀਤੀ ਹੈ। ਭਾਰਤ ਨੇ ਆਪਣੇ ਨਾਗਰਿਕਾਂ ਨੂੰ ਚੌਕਸ ਕੀਤਾ ਹੈ ਕਿ ਉਹ ‘ਜੋਖਮਾਂ ਅਤੇ ਖ਼ਤਰਿਆਂ’ ਦੇ ਮੱਦੇਨਜ਼ਰ ਰੂਸੀ ਫ਼ੌਜ ’ਚ ਸ਼ਾਮਲ ਹੋਣ ਦੀਆਂ ਪੇਸ਼ਕਸ਼ਾਂ ਨਾ ਮੰਨਣ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ, ‘‘ਅਸੀਂ ਹੁਣੇ ਜਿਹੇ ਰੂਸੀ ਫ਼ੌਜ ’ਚ ਭਾਰਤੀ ਨਾਗਰਿਕਾਂ ਦੀ ਭਰਤੀ ਦੀਆਂ ਰਿਪੋਰਟਾਂ ਦੇਖੀਆਂ ਹਨ। ਸਰਕਾਰ ਨੇ ਬੀਤੇ ਇੱਕ ਸਾਲ ’ਚ ਕਈ ਮੌਕਿਆਂ ’ਤੇ ਅਜਿਹੀ ਕਾਰਵਾਈ ’ਚ ਸ਼ਾਮਲ ਜੋਖਮਾਂ ਅਤੇ ਖ਼ਤਰਿਆਂ ਦਾ ਜ਼ਿਕਰ ਕੀਤਾ ਹੈ ਅਤੇ ਉਸੇ ਮੁਤਾਬਕ ਭਾਰਤੀ ਨਾਗਰਿਕਾਂ ਨੂੰ ਚੌਕਸ ਕੀਤਾ ਜਾਂਦਾ ਰਿਹਾ ਹੈ।’’ ਜੈਸਵਾਲ ਇਸ ਮੁੱਦੇ ’ਤੇ ਮੀਡੀਆ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ, ‘‘ਅਸੀਂ ਦਿੱਲੀ ਅਤੇ ਮਾਸਕੋ ਦੋਵੇਂ ਥਾਵਾਂ ’ਤੇ ਰੂਸੀ ਅਧਿਕਾਰੀਆਂ ਨਾਲ ਵੀ ਇਸ ਮਾਮਲੇ ਨੂੰ ਚੁੱਕਿਆ ਹੈ ਅਤੇ ਆਖਿਆ ਹੈ ਕਿ ਅਜਿਹੀ ਭਰਤੀ ਨੂੰ ਬੰਦ ਕੀਤਾ ਜਾਵੇ ਅਤੇ ਸਾਡੇ ਨਾਗਰਿਕਾਂ ਨੂੰ ਛੱਡਿਆ ਜਾਵੇ। ਅਸੀਂ ਪ੍ਰਭਾਵਿਤ ਭਾਰਤੀ ਨਾਗਰਿਕਾਂ ਦੇ ਪਰਿਵਾਰਾਂ ਦੇ ਸੰਪਰਕ ’ਚ ਵੀ ਹਾਂ।’’ ਜੈਸਵਾਲ ਨੇ ਕਿਹਾ ਕਿ ਉਹ ਦੁਬਾਰਾ ਸਾਰੇ ਭਾਰਤੀ ਨਾਗਰਿਕਾਂ ਨੂੰ ਰੂਸੀ ਫ਼ੌਜ ’ਚ ਸ਼ਾਮਲ ਹੋਣ ਦੀ ਕਿਸੇ ਵੀ ਪੇਸ਼ਕਸ਼ ਨੂੰ ਨਾ ਮੰਨਣ ਦੀ ਪੁਰਜ਼ੋਰ ਅਪੀਲ ਕਰਦੇ ਹਨ ਕਿਉਂਕਿ ਇਹ ਰਾਹ ਖ਼ਤਰਿਆਂ ਨਾਲ ਭਰਿਆ ਹੋਇਆ ਹੈ। ਭਾਰਤ, ਰੂਸ ਨੂੰ ਆਪਣੀ ਫ਼ੌਜ ’ਚ ਕੁੱਕ ਅਤੇ ਹੈਲਪਰ ਜਿਹੇ ਕੰਮਾਂ ਲਈ ਭਰਤੀ ਕੀਤੇ ਗਏ ਭਾਰਤੀਆਂ ਨੂੰ ਛੱਡਣ ਦੀ ਵਾਰ-ਵਾਰ ਅਪੀਲ ਕਰਦਾ ਆ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਰੂਸ ਦੇ ਆਪਣੇ ਦੌਰੇ ਦੌਰਾਨ ਵੀ ਇਹ ਮੁੱਦਾ ਚੁੱਕਿਆ ਸੀ।

Loading