ਲੰਡਨ ਵਿੱਚ ਪਰਵਾਸ ਵਿਰੋਧੀ ਵੱਡਾ ਮੁਜ਼ਾਹਰਾ ਹੋਇਆ

In ਮੁੱਖ ਖ਼ਬਰਾਂ
September 17, 2025

ਨਿਊਜ਼ ਵਿਸ਼ਲੇਸ਼ਣ

ਸਦੀਆਂ ਤੋਂ ਦੁਨੀਆ ਦੇ ਕਈ ਹਿੱਸਿਆਂ ’ਤੇ ਰਾਜ ਕਰਨ ਵਾਲਾ ਬ੍ਰਿਟੇਨ ਅੱਜ ਬਦਲਾਅ ਅਤੇ ਡਰ ਦੇ ਇੱਕ ਨਵੇਂ ਪੜਾਅ ਵਿੱਚੋਂ ਲੰਘ ਰਿਹਾ ਹੈ। ਹਾਲ ਹੀ ਵਿੱਚ ਲੱਖਾਂ ਲੋਕਾਂ ਨੇ ਲੰਡਨ ਦੀਆਂ ਸੜਕਾਂ ’ਤੇ ‘ਯੂਨਾਈਟ ਦ ਕਿੰਗਡਮ’ ਨਾਮਕ ਇੱਕ ਰੈਲੀ ਕੱਢੀ ਅਤੇ ਪਰਵਾਸੀਆਂ ਵਿਰੁੱਧ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਮੰਨਣਾ ਹੈ ਕਿ ਵਧਦੀ ਪਰਵਾਸੀ ਆਬਾਦੀ ਉਨ੍ਹਾਂ ਦੀ ਆਜ਼ਾਦੀ ਅਤੇ ਪਛਾਣ ਨੂੰ ਖ਼ਤਰੇ ਵਿੱਚ ਪਾ ਰਹੀ ਹੈ।
ਇਹ ਵਿਰੋਧ ਪ੍ਰਦਰਸ਼ਨ ਵੈਸਟਮਿੰਸਟਰ ਬ੍ਰਿਜ ਤੋਂ ਸ਼ੁਰੂ ਹੋਇਆ ਅਤੇ ਬ੍ਰਿਟੇਨ ਦੀਆਂ ਸੜਕਾਂ ’ਤੇ ਫ਼ੈਲ ਗਿਆ। ਪ੍ਰਬੰਧਕਾਂ ਦਾ ਦਾਅਵਾ ਹੈ ਕਿ ਇਸ ਪ੍ਰਦਰਸ਼ਨ ਵਿੱਚ ਲਗਭਗ 10 ਲੱਖ ਲੋਕਾਂ ਨੇ ਹਿੱਸਾ ਲਿਆ। ਪ੍ਰਦਰਸ਼ਨਕਾਰੀਆਂ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਉਹ ਆਪਣਾ ਦੇਸ਼ ਵਾਪਸ ਚਾਹੁੰਦੇ ਹਨ ਅਤੇ ਪਰਵਾਸੀਆਂ ਨੂੰ ਵਾਪਸ ਭੇਜਿਆ ਜਾਣਾ ਚਾਹੀਦਾ ਹੈ।
ਪਰ ਸ਼ੁਰੂ ਵਿੱਚ ਸ਼ਾਂਤਮਈ ਜਾਪਣ ਵਾਲਾ ਇਹ ਮਾਰਚ ਬਾਅਦ ਵਿੱਚ ਹਿੰਸਕ ਹੋ ਗਿਆ, ਜਿਸ ਵਿੱਚ ਪੁਲਿਸ ਨਾਲ ਝੜਪਾਂ ਹੋਈਆਂ, 26 ਪੁਲਿਸ ਵਾਲੇ ਜ਼ਖ਼ਮੀ ਹੋਏ ਅਤੇ 9 ਤੋਂ ਵੱਧ ਲੋਕ ਗ੍ਰਿਫ਼ਤਾਰ ਕੀਤੇ ਗਏ।
ਮਾਰਚ ਦਾ ਮੰਜ਼ਰ ਅਤੇ ਨਾਅਰੇ ਮੈਟਰੋਪੋਲੀਟਨ ਪੁਲਿਸ ਮੁਤਾਬਕ, ਇਹ ਮਾਰਚ ਵਾਟਰਲੂ ਬ੍ਰਿਜ ਤੋਂ ਸ਼ੁਰੂ ਹੋ ਕੇ ਵ੍ਹਾਈਟਹਾਲ ਤੱਕ ਪਹੁੰਚਿਆ। ਪ੍ਰਦਰਸ਼ਨਕਾਰੀਆਂ ਨੇ ਯੂਨੀਅਨ ਜੈਕ, ਸੇਂਟ ਜਾਰਜ ਦੇ ਝੰਡੇ ਅਤੇ ਲੱਕੜ ਦੇ ਕਰਾਸ ਲਹਿਰਾਉਂਦੇ ਹੋਏ ‘ ‘ਗੈਰ-ਕਾਨੂੰਨੀ ਪਰਵਾਸ ਰੋਕੋ’ ਵਰਗੇ ਨਾਅਰੇ ਲਗਾਏ। ਟੌਮੀ ਰੌਬਿਨਸਨ ਨੇ ਵੀਡੀਓ ਲਿੰਕ ਰਾਹੀਂ ਭੀੜ ਨੂੰ ਸੰਬੋਧਨ ਕੀਤਾ ਅਤੇ ਦਾਅਵਾ ਕੀਤਾ ਕਿ ‘ਪਰਵਾਸੀਆਂ ਨੂੰ ਬਰਤਾਨਵੀ ਨਾਗਰਿਕਾਂ ਨਾਲੋਂ ਵੱਧ ਅਧਿਕਾਰ ਮਿਲ ਰਹੇ ਹਨ।’ ਪੁਲਿਸ ਨੇ ਅੰਦਾਜ਼ਾ ਲਾਇਆ ਕਿ ਭੀੜ ਲਗਭਗ 1.10 ਲੱਖ ਦੀ ਸੀ, ਪਰ ਸੋਸ਼ਲ ਮੀਡੀਆ ’ਤੇ ਵਾਇਰਲ ਤਸਵੀਰਾਂ ਅਤੇ ਹਵਾਈ ਦ੍ਰਿਸ਼ਾਂ ਤੋਂ ਲੱਗਦਾ ਹੈ ਕਿ ਅਸਲ ਗਿਣਤੀ ਇਸ ਨਾਲੋਂ ਕਿਤੇ ਵੱਧ ਸੀ।
ਇਥੇ ਜ਼ਿਕਰਯੋਗ ਹੈ ਕਿ ਬ੍ਰਿਟੇਨ ਦੀ ਆਬਾਦੀ ਵਿੱਚ ਮੂਲ ਬ੍ਰਿਟਿਸ਼ ਨਾਗਰਿਕਾਂ ਦਾ ਹਿੱਸਾ ਲਗਾਤਾਰ ਘਟ ਰਿਹਾ ਹੈ। ਰਿਪੋਰਟਾਂ ਅਨੁਸਾਰ ਇਸ ਵੇਲੇ ਯੂ. ਕੇ. ਦੀ ਆਬਾਦੀ ਦਾ ਲਗਭਗ 73% ਮੂਲ ਨਿਵਾਸੀ ਹਨ, ਜੋ ਕਿ 2050 ਤੱਕ ਘੱਟ ਕੇ 57% ਅਤੇ 2063 ਤੱਕ 50% ਤੋਂ ਘੱਟ ਹੋ ਜਾਵੇਗਾ। 2075 ਤੱਕ ਇਹ ਘੱਟ ਕੇ 44% ਅਤੇ ਸਦੀ ਦੇ ਅੰਤ ਤੱਕ ਸਿਰਫ਼ 33% ਹੋ ਸਕਦਾ ਹੈ। ਇਸ ਬਦਲਾਅ ਨੂੰ ਲੈ ਕੇ ਬ੍ਰਿਟੇਨ ਦੇ ਮੂਲ ਨਾਗਰਿਕਾਂ ਵਿੱਚ ਡੂੰਘੀ ਚਿੰਤਾ ਅਤੇ ਡਰ ਹੈ ਕਿ ਉਹ ਆਪਣੇ ਦੇਸ਼ ਵਿੱਚ ਘੱਟ ਗਿਣਤੀ ਬਣ ਸਕਦੇ ਹਨ। ਪਿਛਲੇ ਕੁਝ ਸਾਲਾਂ ਵਿੱਚ ਬ੍ਰਿਟੇਨ ਵਿੱਚ ਪਰਵਾਸੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ। 2022 ਵਿੱਚ ਲਗਭਗ 7 ਲੱਖ 64 ਹਜ਼ਾਰ ਪਰਵਾਸੀ ਪਹੁੰਚੇ, ਜਦੋਂ ਕਿ 2023 ਵਿੱਚ ਇਹ ਗਿਣਤੀ ਲਗਭਗ 6 ਲੱਖ 85 ਹਜ਼ਾਰ ਸੀ। ਇਸ ਸਾਲ ਜੂਨ ਤੱਕ ਇੱਕ ਲੱਖ ਤੋਂ ਵੱਧ ਲੋਕਾਂ ਨੇ ਸ਼ਰਣ ਲਈ ਅਰਜ਼ੀ ਦਿੱਤੀ ਹੈ। ਪਰਵਾਸੀਆਂ ਦੀ ਇਸ ਤੇਜ਼ੀ ਨਾਲ ਵਧਦੀ ਗਿਣਤੀ ਨੇ ਬ੍ਰਿਟਿਸ਼ ਜਨਤਾ ਵਿੱਚ ਆਰਥਿਕ ਮੌਕਿਆਂ ਅਤੇ ਸੱਭਿਆਚਾਰਕ ਪਛਾਣ ਪ੍ਰਤੀ ਅਸੁਰੱਖਿਆ ਦੀ ਭਾਵਨਾ ਨੂੰ ਵਧਾ ਦਿੱਤਾ ਹੈ।
ਬ੍ਰਿਟੇਨ ਵਿੱਚ ਮੁਸਲਿਮ ਆਬਾਦੀ ਤੇਜ਼ੀ ਨਾਲ ਵਧ ਰਹੀ ਹੈ। 2001 ਵਿੱਚ ਇੱਥੇ ਲਗਭਗ 1.6 ਮਿਲੀਅਨ ਮੁਸਲਮਾਨ ਸਨ, ਜੋ ਕਿ ਕੁੱਲ ਆਬਾਦੀ ਦਾ ਸਿਰਫ਼ 3% ਸੀ। ਹੁਣ ਉਨ੍ਹਾਂ ਦੀ ਗਿਣਤੀ ਵੱਧ ਕੇ ਲਗਭਗ 4 ਮਿਲੀਅਨ (6.5%) ਹੋ ਗਈ ਹੈ। ਅੰਦਾਜ਼ਾ ਲਗਾਇਆ ਗਿਆ ਹੈ ਕਿ 2050 ਤੱਕ ਮੁਸਲਿਮ ਆਬਾਦੀ 14 ਮਿਲੀਅਨ ਤੱਕ ਪਹੁੰਚ ਸਕਦੀ ਹੈ, ਜੋ ਕਿ ਕੁੱਲ ਆਬਾਦੀ ਦਾ 17.2% ਹੋਵੇਗੀ। ਇਸ ਵਾਧੇ ਨੇ ਬਹੁਤ ਸਾਰੇ ਲੋਕਾਂ ਵਿੱਚ ਡਰ ਅਤੇ ਚਿੰਤਾ ਪੈਦਾ ਕੀਤੀ ਹੈ। ਬ੍ਰਿਟੇਨ ਵਿੱਚ ਲਗਭਗ 85 ਸ਼ਰੀਆ ਅਦਾਲਤਾਂ ਵੀ ਕੰਮ ਕਰ ਰਹੀਆਂ ਹਨ, ਜੋ ਕਿ ਪੱਛਮੀ ਦੇਸ਼ਾਂ ਵਿੱਚ ਸਭ ਤੋਂ ਵੱਧ ਹੈ। 2024 ਵਿੱਚ ਮੁਸਲਿਮ ਵਿਰੋਧੀ ਨਫ਼ਰਤ ਦੇ ਲਗਭਗ 6,300 ਮਾਮਲੇ ਦਰਜ ਕੀਤੇ ਗਏ ਸਨ, ਜੋ ਕਿ ਪਿਛਲੇ ਸਾਲ ਨਾਲੋਂ 43% ਵੱਧ ਹਨ। ਲੰਡਨ, ਬਰਮਿੰਘਮ ਵਰਗੇ ਵੱਡੇ ਸ਼ਹਿਰਾਂ ਵਿੱਚ ਮੁਸਲਿਮ ਆਬਾਦੀ 15 ਤੋਂ 20 ਪ੍ਰਤੀਸ਼ਤ ਦੇ ਵਿਚਕਾਰ ਪਹੁੰਚ ਗਈ ਹੈ।

ਟੌਮੀ ਰੌਬਿਨਸਨ ਕੌਣ ਹੈ?

ਟੌਮੀ ਰੌਬਿਨਸਨ ਦਾ ਅਸਲ ਨਾਮ ਸਟੀਵਨ ਯੈਕਸਲੇ-ਲੈਨਿਨ ਹੈ। ਉਹ ਇੰਗਲਿਸ਼ ਡਿਫ਼ੈਂਸ ਲੀਗ (ਈਡੀਐਲ) ਦਾ ਸੰਸਥਾਪਕ ਹੈ ਅਤੇ ਲੰਬੇ ਸਮੇਂ ਤੋਂ ਇਸਲਾਮ-ਵਿਰੋਧੀ ਅਤੇ ਪਰਵਾਸ-ਵਿਰੋਧੀ ਵਿਚਾਰਾਂ ਕਰਕੇ ਚਰਚਾ ਵਿੱਚ ਰਹੇ ਹਨ। ਉਸ ਵਿਰੁੱਧ ਅਦਾਲਤੀ ਹੁਕਮਾਂ ਦੀ ਉਲੰਘਣਾ, ਹਮਲੇ ਅਤੇ ਹੋਰ ਅਪਰਾਧਾਂ ਦੇ ਕਈ ਮੁਕੱਦਮੇ ਦਰਜ ਹਨ। ਮਈ 2025 ਵਿੱਚ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਉਸ ਨੇ ਇਸ ‘ਫ਼੍ਰੀ ਸਪੀਚ ਫ਼ੈਸਟੀਵਲ’ ਦਾ ਆਯੋਜਨ ਕੀਤਾ, ਜੋ ਪਿਛਲੇ ਸਾਲ ਅਕਤੂਬਰ ਵਿੱਚ ਹੋਣ ਵਾਲਾ ਸੀ ਪਰ ਕਾਨੂੰਨੀ ਮਸਲਿਆਂ ਕਰਕੇ ਟਲ ਗਿਆ। 42 ਸਾਲਾ ਰੌਬਿਨਸਨ ਨੂੰ ਇੱਕ ਸੀਰੀਆਈ ਸ਼ਰਨਾਰਥੀ ਬਾਰੇ ਝੂਠੇ ਦਾਅਵੇ ਕਰਨ ਕਰਕੇ ਜੇਲ੍ਹ ਵੀ ਜਾਣਾ ਪਿਆ ਸੀ, ਜਿਸ ਨੇ ਉਸ ਵਿਰੁੱਧ ਮਾਣਹਾਨੀ ਦਾ ਕੇਸ ਜਿੱਤਿਆ।
ਵਿਰੋਧੀ ਮੁਜ਼ਾਹਰਾ ਅਤੇ ਸਿਆਸੀ ਮਾਹੌਲ

ਇਸ ਦੇ ਨਾਲ ਹੀ, ‘ਸਟੈਂਡ ਅੱਪ ਟੂ ਰੇਸਿਜ਼ਮ’ ਨਾਮਕ ਸਮੂਹ ਨੇ ਰਸਲ ਸਕੁਏਅਰ ਤੋਂ ਵ੍ਹਾਈਟਹਾਲ ਤੱਕ ਮਾਰਚ ਕੀਤਾ, ਜਿਸ ਵਿੱਚ ਲਗਭਗ 5,000 ਲੋਕ ਸ਼ਾਮਲ ਹੋਏ। ਇਸ ਵਿੱਚ ਲੇਬਰ ਪਾਰਟੀ ਦੀਆਂ ਸੰਸਦ ਮੈਂਬਰ ਜਰਾਹ ਸੁਲਤਾਨਾ ਅਤੇ ਡਾਇਨ ਐਬੋਟ ਵੀ ਸ਼ਾਮਲ ਸਨ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ‘ਸ਼ਰਨਾਰਥੀਆਂ ਦਾ ਸਵਾਗਤ ਹੈ’ ਅਤੇ ‘ਟੌਮੀ ਰੌਬਿਨਸਨ ਦਾ ਵਿਰੋਧ’ ਵਰਗੇ ਨਾਅਰੇ ਲਗਾਏ। ਇੱਕ ਪ੍ਰਦਰਸ਼ਨਕਾਰੀ ਨੇ ਕਿਹਾ, “ਇਹ ਫ਼ਾਸੀਵਾਦ ਵਿਰੁੱਧ ਲੜਾਈ ਹੈ।” ਦੋਵੇਂ ਮੁਜ਼ਾਹਰਿਆਂ ਦਰਮਿਆਨ ਤਣਾਅ ਚਰਮ ’ਤੇ ਸੀ, ਪਰ ਪੁਲਿਸ ਨੇ ਵੱਡੇ ਸੰਘਰਸ਼ ਨੂੰ ਰੋਕ ਲਿਆ।

ਈਲੋਨ ਮਸਕ ਦੀ ਸ਼ਮੂਲੀਅਤ

ਹੈਰਾਨੀ ਵਾਲੀ ਗੱਲ ਇਹ ਸੀ ਕਿ ਅਰਬਪਤੀ ਈਲੋਨ ਮਸਕ ਵੀ ਵੀਡੀਓ ਲਿੰਕ ਰਾਹੀਂ ਇਸ ਮੁਜ਼ਾਹਰੇ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਭੀੜ ਨੂੰ ਸੰਬੋਧਨ ਕਰਦਿਆਂ ਕਿਹਾ, “ਚਾਹੇ ਤੁਸੀਂ ਹਿੰਸਾ ਚੁਣੋ ਜਾਂ ਨਾ, ਹਿੰਸਾ ਤੁਹਾਡੇ ਵੱਲ ਆਉਣ ਵਾਲੀ ਹੈ। ਜਾਂ ਤਾਂ ਤੁਸੀਂ ਵਾਪਸੀ ਕਰੋ ਜਾਂ ਮਰ ਜਾਓ।” ਮਸਕ ਨੇ ‘ਬੇਕਾਬੂ ਪਰਵਾਸ’ ’ਤੇ ਚਿੰਤਾ ਜ਼ਾਹਰ ਕੀਤੀ ਅਤੇ ਸਰਕਾਰ ਬਦਲਣ ਦੀ ਮੰਗ ਕੀਤੀ।
ਇਹ ਮੁਜ਼ਾਹਰਾ ਬਰਤਾਨੀਆ ਵਿੱਚ ਵਧ ਰਹੇ ਪਰਵਾਸ ਵਿਰੋਧੀ ਮਾਹੌਲ ਦਾ ਹਿੱਸਾ ਸੀ। ਨਿਗੇਲ ਫ਼ਰਾਜ ਦੀ ਰਿਫ਼ਾਰਮ ਯੂਕੇ ਪਾਰਟੀ ਨੂੰ ਹਾਲ ਹੀ ਦੀਆਂ ਚੋਣਾਂ ਵਿੱਚ ਵੱਡੀ ਸਫ਼ਲਤਾ ਮਿਲੀ ਸੀ।

ਪਰਵਾਸੀਆਂ ਵਿਰੋਧੀ ਮੁਹਿੰਮ ਕਾਰਨ ਸਰਕਾਰ ’ਤੇ ਵਧਿਆ ਦਬਾਅ

ਇਹ ਪ੍ਰਦਰਸ਼ਨ ਬਰਤਾਨੀਆ ਦੀ ਬਦਲਦੀ ਸਿਆਸੀ ਸਥਿਤੀ ਦਾ ਸੰਕੇਤ ਹਨ। ਰਿਫ਼ਾਰਮ ਯੂ.ਕੇ. ਪਾਰਟੀ ਦੇ ਵਧਦੇ ਸਮਰਥਨ ਦੇ ਨਾਲ, ਰੌਬਿਨਸਨ ਦਾ ਅੰਦੋਲਨ ਮੁੱਖਧਾਰਾ ਵਿੱਚ ਜਗ੍ਹਾ ਬਣਾ ਰਿਹਾ ਹੈ। ਪਰ ਉਸ ਦਾ ਅਪਰਾਧਿਕ ਇਤਿਹਾਸ ਉਸ ਨੂੰ ਇਸ ਪਾਰਟੀ ਤੋਂ ਵੱਖ ਰੱਖਦਾ ਹੈ। ਇਸ ਦੌਰਾਨ, ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਲੇਬਰ ਸਰਕਾਰ ’ਤੇ ਦਬਾਅ ਵਧ ਗਿਆ ਹੈ। ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਹਿੰਸਾ ਦੀ ਸਖ਼ਤ ਨਿਖੇਧੀ ਕੀਤੀ ਅਤੇ ਕਿਹਾ, “ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ।”
ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਇਸ ਸਥਿਤੀ ’ਤੇ ਕਿਹਾ ਕਿ ਉਹ ਹਿੰਸਾ ਅਤੇ ਵੰਡ ਫ਼ੈਲਾਉਣ ਵਾਲਿਆਂ ਅੱਗੇ ਨਹੀਂ ਝੁਕਣਗੇ। ਦੂਜੇ ਪਾਸੇ, ਟੌਮੀ ਰੌਬਿਨਸਨ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਅਮਰੀਕੀ ਕਾਰੋਬਾਰੀ ਐਲੋਨ ਮਸਕ ਦਾ ਸਮਰਥਨ ਵੀ ਮਿਲਿਆ ਹੈ। ਮਸਕ ਨੇ ਕਿਹਾ ਕਿ ਯੂਰਪ ਕੋਲ ਹੁਣ ਕੋਈ ਬਦਲ ਨਹੀਂ ਬਚਿਆ ਹੈ, ਉਨ੍ਹਾਂ ਨੂੰ ‘ਲੜੋ ਜਾਂ ਮਰੋ’ ਵਾਲੀ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ।
ਇਹ ਮੁਜ਼ਾਹਰੇ ਪੱਛਮੀ ਦੇਸ਼ਾਂ ਵਿੱਚ ਪਰਵਾਸੀਆਂ ਵਿਰੁੱਧ ਵਧ ਰਹੇ ਤਣਾਅ ਦੀ ਤਸਵੀਰ ਪੇਸ਼ ਕਰਦੇ ਹਨ, ਜਿੱਥੇ ਸਥਾਨਕ ਲੋਕਾਂ ਅਤੇ ਪਰਵਾਸੀਆਂ ਦੇ ਹੱਕਾਂ ਦੀ ਚਰਚਾ ਤੇਜ਼ ਹੋ ਰਹੀ ਹੈ।
ਕੈਨੇਡਾ ਵਿੱਚ ਵੀ ਪਰਵਾਸ ਵਿਰੋਧੀ ਮੁਜ਼ਾਹਰੇ
ਇਸੇ ਦੌਰਾਨ, ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਵੀ ਪਰਵਾਸ ਵਿਰੁੱਧ ‘ਕੈਨੇਡਾ ਫ਼ਰਸਟ’ ਰੈਲੀ ਹੋਈ, ਜਿਸ ਵਿੱਚ ਕੁਝ ਦਰਜਨ ਲੋਕ ਸ਼ਾਮਲ ਹੋਏ। ਉਨ੍ਹਾਂ ਨੇ ਸਰਕਾਰ ਦੀਆਂ ਪਰਵਾਸ ਨੀਤੀਆਂ ਖ਼ਿਲਾਫ਼ ਨਾਅਰੇ ਲਗਾਏ ਅਤੇ ਪਰਵਾਸੀਆਂ ਨੂੰ ਵਾਪਸ ਭੇਜਣ ਦੀ ਮੰਗ ਕੀਤੀ। ਪਰ ਸਮਾਨਾਂਤਰ ਹੋਏ ਪ੍ਰੋ-ਇਮੀਗ੍ਰੈਂਟ ਮੁਜ਼ਾਹਰੇ ਵਿੱਚ ਵੱਧ ਲੋਕ ਸ਼ਾਮਲ ਸਨ, ਜਿਨ੍ਹਾਂ ਨੇ ਪਰਵਾਸੀਆਂ ਦੇ ਹੱਕ ਵਿੱਚ ਅਤੇ ਨਸਲੀ ਵਿਤਕਰੇ ਖ਼ਿਲਾਫ਼ ਨਾਅਰੇ ਲਗਾਏ। ਝੜਪਾਂ ਦੌਰਾਨ ਪੁਲਿਸ ਨੇ 10 ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ।

Loading