ਅਮਰੀਕਾ ’ਚ ਕਈ ਸਵਾਲ ਖੜ੍ਹੇ ਕਰ ਗਿਆ ਚਾਰਲੀ ਕਿਰਕ ਕਤਲ ਮਾਮਲਾ

In ਮੁੱਖ ਲੇਖ
September 19, 2025

ਅਮਰੀਕਾ ’ਚ 31 ਸਾਲਾ ਚਾਰਲੀ ਕਿਰਕ ਦੀ ਪਿਛਲੇ ਦਿਨੀਂ ਦੁਪਹਿਰ ਉਸ ਦੇ ਵਿਚਾਰਾਂ ਦੇ ਘੋਰ ਵਿਰੋਧੀ ਸਿਰਫਿਰੇ ਨੌਜਵਾਨ ਟਾਇਲਰ ਰਾਬਿਨਸਨ ਨੇ ਗ਼ੋਲ਼ੀ ਮਾਰ ਕੇ ਜਾਨ ਲੈ ਲਈ। ਉਸ ਨੂੰ 140 ਗਜ਼ ਦੂਰੀ ਤੋਂ ਇੰਪੋਰਟਿਡ 30-06 ਕੈਲੀਬਰ ਮਾਊਜ਼ਰ ਬੋਲਟ ਐਕਸ਼ਨ ਰਾਈਫਲ ਨਾਲ ਛੱਤ ਤੋਂ ਇੱਕ ਗੋਲ਼ੀ ਮਾਰੀ ਗਈ ਜੋ ਉਸ ਦੀ ਧੌਣ ਵਿੱਚ ਲੱਗੀ ਜਿਸ ਕਾਰਨ ਉਹ ਢੇਰ ਹੋ ਗਿਆ। ਜਦੋਂ ਉਹ ਯੂਟਾ ਵੈਲੀ ਯੂਨੀਵਰਸਿਟੀ, ਓਰਮ ਵਿਖੇ ਇੱਕ ਸਾਦਾ ਚਿੱਟੇ ਰੰਗ ਦੇ ਟੈਂਟ ਵਿੱਚ ਨੌਜਵਾਨਾਂ ਨਾਲ ਡਿਬੇਟ ਵਿੱਚ ਰੁੱਝਾ ਹੋਇਆ ਹੁੰਦਾ ਹੈ, ਉਦੋਂ ਇਹ ਘਟਨਾ ਵਾਪਰੀ। ਇਸ ਹਿਰਦਾ ਕੰਬਾਊ ਘਟਨਾ ਨੇ ਪੂਰੇ ਅਮਰੀਕਾ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਇਹ ਉਸੇ ਹਿੰਸਾ ਅਤੇ ਬੰਦੂਕ ਸੱਭਿਆਚਾਰ ਦਾ ਦਰਦਨਾਕ ਕਾਂਡ ਹੈ ਜੋ ਇਸ ਰਾਸ਼ਟਰ ਦੀ ਮਾਨਸਿਕਤਾ ਦਾ ਅਨਿੱਖੜਵਾਂ ਅੰਗ ਹੈ।
ਚਾਰਲੀ ਕਿਰਕ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਤਿ ਨੇੜਲੇ ਸਮਰਥਕਾਂ ਵਿੱਚੋਂ ਇੱਕ ਸੀ ਜਿਸ ਨੇ ਉਸ ਦੀ 6 ਜਨਵਰੀ 2021 ਵਿੱਚ ਅਮਰੀਕੀ ਕੈਪੀਟਲ ’ਤੇ ਉਸ ਦੇ ਹਮਾਇਤੀਆਂ ਵੱਲੋਂ ਹਮਲਾ ਕਰਨ ਦੀ ਯੋਜਨਾ ਵਿੱਚ ਵੱਡਾ ਯੋਗਦਾਨ ਪਾਉਣ ਅਤੇ ਸੰਨ 2024 ਵਿੱਚ ਉਸ ਦੀ ਚੋਣ ਮੁਹਿੰਮ ਵਿੱਚ ਸਭ ਤੋਂ ਵੱਧ 30 ਸਾਲਾਂ ਤੋਂ ਘੱਟ ਉਮਰ ਦੇ ਨੌਜਵਾਨ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਹੈਰਾਨਕੁੰਨ ਅਮਰੀਕੀ ਹਿੰਸਕ ਇਤਿਹਾਸ ਦੀ ਸਿਤਮਗਿਰੀ ਇਹ ਰਹੀ ਕਿ ਉਸ ਦਾ ਰਾਜਨੀਤਕ ਪਾਲਕ ਅਮਰੀਕੀ ਰਾਸ਼ਟਰਪਤੀ, ਜੋ ਵਿਸ਼ਵ ਦੇ ਸਭ ਤੋਂ ਤਾਕਤਵਰ ਦੇਸ਼ ਦਾ ਸਭ ਤੋਂ ਤਾਕਤਵਰ ਸ਼ਾਸਕ ਹੈ, ਉਸ ਦੀ ਰੱਖਿਆ ਨਾ ਕਰ ਸਕਿਆ। ਜਿਸ ਵੇਲੇ ਉਹ ਡਿਬੇਟ ਕਰ ਰਿਹਾ ਸੀ, ਕਰੀਬ 3000 ਨੌਜਵਾਨ ਉੱਥੇ ਮੌਜੂਦ ਸਨ। ਉਸ ਦੀ ਰੱਖਿਆ ਲਈ 15 ਗਾਰਡ ਉੱਥੇ ਮੌਜੂਦ ਸਨ।
ਚਾਰਲੀ ਕਿਰਕ ਇੱਕ ਰੱਜੇ-ਪੁੱਜੇ ਅਮਰੀਕੀ ਪਰਿਵਾਰ ਨਾਲ ਸਬੰਧਿਤ ਸੀ। ਉਸ ਦਾ ਪਿਤਾ ਇੱਕ ਮਸ਼ਹੂਰ ਆਰਕੀਟੈਕਟ ਅਤੇ ਮਾਂ ਮਾਨਸਿਕ ਸਿਹਤ ਕੌਂਸਲਰ ਸਨ। ਸਕੂਲ ਵਿੱਚ ਉਹ ਇੱਕ ਵਧੀਆ ਸਕਾਊਟ ਸੀ ਜਿਸ ਨੇ ‘ਈਗਲ ਸਕਾਊਟ’ ਖਿਤਾਬ ਜਿੱਤਿਆ ਸੀ। ਇਨਕਲਾਬੀ, ਰਾਸ਼ਟਰਵਾਦੀ ਤੇ ਦੇਸ਼ ਭਗਤ ਵਿਚਾਰਾਂ ਦਾ ਧਾਰਨੀ ਹੋਣ ਕਰਕੇ ਸਕੂਲ ਕੈਫੇ ਵਿੱਚ ਵਸਤਾਂ ਮਹਿੰਗੇ ਭਾਅ ਵੇਚਣ ਵਿਰੁੱਧ ਉਹ ਆਵਾਜ਼ ਉਠਾਉਂਦਾ। ਉਹ ਕਾਲਜ ਸਮੇਂ ਮਾਰਕਸਵਾਦੀ ਵਿਚਾਰਧਾਰਾ ਵਾਲੇ ਪ੍ਰੋਫੈਸਰਾਂ ਨਾਲ ਅਕਸਰ ਖਹਿਬੜ ਪੈਂਦਾ। ਉਹ ਹੋਮੋਫੋਬੀਆ ਤੇ ਇਸਲਾਮੋਫੋਬੀਆ ਵਿਰੋਧੀ ਸੀ।
ਉਸ ਨੇ ਮੌਤ ਵਾਲੇ ਹਫ਼ਤੇ ਵਿੱਚ ਟਵੀਟ ਕੀਤਾ ਸੀ ਕਿ ਉਹ ਇਸਲਾਮ ਨੂੰ ਖੱਬੇ ਪੱਖੀਆਂ ਦੇ ਹੱਥ ਅਮਰੀਕਾ ਦਾ ਗਲਾ ਕੱਟਣ ਵਾਲੀ ਤਲਵਾਰ ਸਮਝਦਾ ਹੈ। ਉਹ ਰਾਜਨੀਤੀ ਅਤੇ ਚਰਚ ਨੂੰ ਇੱਕ-ਦੂਜੇ ਤੋਂ ਵੱਖ ਨਹੀਂ ਸਮਝਦਾ। ਅਠਾਰਾਂ ਸਾਲ ਦੀ ਉਮਰ ਵਿੱਚ ਉਸ ਨੇ ਬਿਲ ਮੋਂਟਗੁਮਰੀ ਨਾਲ ਮਿਲ ਕੇ ‘ਟਰਨਿੰਗ ਪੁਆਇੰਟ ਯੂਐੱਸਏ’ ਸੰਸਥਾ ਸੰਨ 2012 ਵਿੱਚ ਸਥਾਪਤ ਕੀਤੀ। ਨੌਜਵਾਨਾਂ ਦੇ ਬੁਲਾਰੇ ਵਜੋਂ ਰੇਡੀਓ, ਟੈਲੀਵਿਜ਼ਨ ਅਤੇ ਹੋਰ ਸਟੇਜਾਂ ’ਤੇ ਆਪਣੇ ਵਿਚਾਰ ਪ੍ਰਗਟ ਕਰਦਾ ਰਿਹਾ। ਜਦੋਂ ਉਸ ਨੇ ਇਹ ਜਾਗ੍ਰਿਤੀ ਸੰਸਥਾ ਗਠਿਤ ਕੀਤੀ, ਇਸ ਦੀ ਆਮਦਨ 78000 ਡਾਲਰ ਸੀ।
ਸੰਨ 2024 ਵਿੱਚ ਇਸ ਦੀ ਸਾਲਾਨਾ ਆਮਦਨ 85 ਮਿਲੀਅਨ ਡਾਲਰ ਦਰਜ ਕੀਤੀ ਗਈ। ਉਸ ਦੇ ਇੱਕ ਪੋਡਕਾਸਟ ਸ਼ੋਅ ਵਿੱਚ 5 ਤੋਂ ਸਾਢੇ 7 ਲੱਖ ਲੋਕ ਸ਼ਮੂਲੀਅਤ ਕਰਦੇ। ਵਿਸ਼ਵ ਦੇ 25 ਮਕਬੂਲ ਪੋਡਕਾਸਟਾਂ ਵਿੱਚ ਉਸ ਦੇ ਪੋਡਕਾਸਟ ਦਾ ਸ਼ੁਮਾਰ ਸੀ। ਉਸ ਦੀ ਦੀ ਸੰਸਥਾ ਦੇ ਸਟਾਫ ਵਿੱਚ 450 ਲੋਕ ਸਨ। ਟਿਕਟਾਕ ਸਰਵੇ ਅਨੁਸਾਰ ਸੰਨ 2024 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਡੋਨਾਲਡ ਟਰੰਪ ਦੇ 30 ਤੋਂ ਘੱਟ ਉਮਰ ਦੇ ਜਿਨ੍ਹਾਂ ਹਮਾਇਤੀ ਨੌਜਵਾਨਾਂ ਨੇ ਵੋਟਾਂ ਪਾਈਆਂ, ਉਹ ਦਰਅਸਲ ਚਾਰਲੀ ਕਿਰਕ ਦੇ ਭਰੋਸੇਮੰਦ ਪੈਰੋਕਾਰ ਸਨ।
ਉਸ ਦੇ ਕਾਲੇ, ਯਹੂਦੀ, ਅੰਤਰਜਾਤੀ ਅਤੇ ਪਰਵਾਸੀ ਵਿਅਕਤੀਆਂ ਸਬੰਧੀ ਵਿਚਾਰ ਵਿਵਾਦਤ ਸਨ। ਉਹ ਯੂਨੀਵਰਸਿਟੀ ਤੇ ਕਾਲਜ ਕੈਂਪਸਾਂ ਵਿੱਚ ਨੌਜਵਾਨਾਂ ਨੂੰ ਡਿਬੇਟ ਲਈ ਵੰਗਾਰਦਾ ਤੇ ਚੁਣੌਤੀ ਦਿੰਦਾ ਕਿ ਉਹ ਉਸ ਦੇ ਵਿਚਾਰਾਂ ਨੂੰ ਗ਼ਲਤ ਸਾਬਿਤ ਕਰਨ। ਉਸ ਦਾ ਇਹ ਅੰਦਾਜ਼ ਲੱਖਾਂ ਦਰਸ਼ਕਾਂ ਨੂੰ ਪ੍ਰਭਾਵਿਤ ਕਰਦਾ। ਵੈਸੇ ਤਾਂ ਉਸ ਨੇ ਸੰਨ 2010 ਤੋਂ ਸੈਨੇਟਰ ਚੋਣਾਂ ਵੇਲੇ ਤੋਂ ਰਾਜਨੀਤੀ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ ਪਰ ਟੈਕਸਾਸ ਦੇ ਰਿਪਬਲੀਕਨ ਸੈਨੇਟਰ ਟੈੱਡ ਕਰੁਜ਼ ਅਤੇ ਵਿਸਕਾਂਸਨ ਦੇ ਸਾਬਕਾ ਗਵਰਨਰ ਸਕਾਟ ਵਾਕਰ ਦੀ ਹਮਾਇਤ ਤੋਂ ਬਾਅਦ ਉਹ ਸੰਨ 2016 ਵਿੱਚ ਡੋਨਾਲਡ ਟੰਰਪ ਦੀ ਹਮਾਇਤ ’ਤੇ ਐਸਾ ਆਇਆ ਕਿ ਫਿਰ ਉਸ ਨੇ ਪਿਛਾਂਹ ਨਹੀਂ ਤੱਕਿਆ। ਉਸ ਦੀ ਸੰਸਥਾ ਨੇ ਟਰੰਪ ਦੀਆਂ 2024 ਦੀਆਂ ਚੋਣਾਂ ਵਿੱਚ ਲੱਖਾਂ ਡਾਲਰ ਖ਼ਰਚ ਕੀਤੇ। ਸੰਨ 2021 ਵਿੱਚ ਉਸ ਨੇ ਏਰਿਕਾ ਫਰਾਂਟਜ਼ਵ ਨਾਲ ਸ਼ਾਦੀ ਕੀਤੀ। ਅਗਸਤ 2022 ਵਿੱਚ ਉਸ ਦੇ ਘਰ ਇੱਕ ਪੁੱਤਰੀ ਅਤੇ ਜੂਨ 2024 ਵਿੱਚ ਇੱਕ ਲੜਕੇ ਨੇ ਜਨਮ ਲਿਆ।
ਕਿਰਕ ਕੋਈ ਰਵਾਇਤੀ ਕਿਸਮ ਦਾ ਰਾਜਨੀਤੀਵਾਨ ਨਹੀਂ ਸੀ। ਉਹ ਆਧੁਨਿਕ ਪੀੜ੍ਹੀ ਦਾ ਧੜੱਲੇਦਾਰ ਰਾਸ਼ਟਰਵਾਦੀ ਆਗੂ ਸੀ। ਉਹ ਅਮਰੀਕੀ ਨੌਜਵਾਨਾਂ ਦੀ ਉੱਭਰਦੀ ਆਸ ਸੀ। ਉਹ ਆਧੁਨਿਕ ਤੇ ਤਾਕਤਵਰ ਅਮਰੀਕਾ ਨੂੰ ਨਵੇਂ ਸਿਰਿਓਂ ਤਹਿ ਕਰਨ ਦੀ ਸਮਰੱਥਾ ਰੱਖਣ ਵਾਲੇ ਪ੍ਰਤੀਬੱਧ ਨੌਜਵਾਨ ਆਗੂ ਵਜੋਂ ਤੇਜ਼ੀ ਨਾਲ ਉੱਭਰ ਰਿਹਾ ਸੀ। ਰੋਨਾਲਡ ਰੀਗਨ ਮਰਹੂਮ ਰਾਸ਼ਟਰਪਤੀ, ਅਮਰੀਕਾ ਬਾਰੇ ਕਹਿੰਦਾ ਸੀ, ‘‘ਪਹਾੜੀ ’ਤੇ ਇੱਕ ਚਮਕਦਾ ਸ਼ਹਿਰ।’’ ਚਾਰਲੀ ਕਿਰਕ ਵੀ ਅਮਰੀਕਾ ਨੂੰ ਇਸ ਗਲੋਬ ’ਤੇ ਇੱਕ ਖ਼ੂਬਸੂਰਤ ਚਮਕਦੇ ਦੇਸ਼ ਵਜੋਂ ਸਥਾਪਤ ਕਰਨ ਦਾ ਸੁਪਨਾ ਵੇਖ ਰਿਹਾ ਸੀ। ਉਹ ਚੀਨ, ਰੂਸ ਅਤੇ ਉੱਤਰੀ ਕੋਰੀਆ ਦੇ ਸਮੂਹਿਕ ਚੈਲੇਂਜ ਸਨਮੁੱਖ ਅਮਰੀਕਾ ਨੂੰ ਇੱਕ ਭਰੋਸੇਮੰਦ, ਮਜ਼ਬੂਤ ਅਤੇ ਗਲੋਬਲ ਪੱਧਰ ’ਤੇ ਸ਼ਕਤੀਸ਼ਾਲੀ ਰਾਸ਼ਟਰ ਵਜੋਂ ਸਥਾਪਤ ਕਰਨਾ ਚਾਹੁੰਦਾ ਸੀ।
ਅਮਰੀਕਾ ਦੀ ਆਜ਼ਾਦੀ ਰੂਹ ਕੰਬਾਊ ਹਿੰਸਾ ਅਤੇ ਲਹੂ ਭਿੱਜੀਆਂ ਜੰਗਾਂ ’ਤੇ ਖੜ੍ਹੀ ਹੈ। ਇਸ ਦੀ ਰੈਵੋਲੂਸ਼ਨਰੀ ਜੰਗ, ਘਰੋਗੀ ਜੰਗ, ਮੁੜ ਉਸਾਰੀ ਅਤੇ ਸਿਵਲ ਅਧਿਕਾਰ ਜੱਦੋ-ਜਹਿਦ ਅਨੇਕ ਹਿੰਸਕ ਘਟਨਾਵਾਂ ਦੀਆਂ ਦਾਸਤਾਨਾਂ ਨਾਲ ਲਬਰੇਜ਼ ਹਨ। ਤਾਂਹੀਓਂ ਤਾਂ ਡੂੰਘੇ ਰਾਜਨੀਤਕ, ਯੁੱਧਨੀਤਕ, ਸਮਾਜਿਕ, ਮਨੋਵਿਗਿਆਨ ਵਿਸ਼ਲੇਸ਼ਣਕਾਰ ਅਮਰੀਕਾ ਨੂੰ ਇਕ ਐਸਾ ਰਾਸ਼ਟਰ ਮੰਨਦੇ ਹਨ ਜਿਸ ਦੀ ਨਸ-ਨਸ ਵਿੱਚ ਹਿੰਸਾ ਭਰੀ ਹੋਈ ਹੈ।
ਵਿਸ਼ਵ ਦੇ ਵੱਖ-ਵੱਖ ਖਿੱਤਿਆਂ, ਰਾਸ਼ਟਰਾਂ, ਵਰਗਾਂ, ਨਸਲਾਂ, ਜਾਤਾਂ ਅਤੇ ਧਰਮਾਂ ਆਧਾਰਿਤ ਭਾਈਚਾਰਿਆਂ ਵਿੱਚ ਹਿੰਸਾ, ਜੰਗਾਂ, ਰਾਜ ਪਲਟਿਆਂ, ਆਗੂਆਂ ਦੇ ਕਤਲਾਂ ਪਿੱਛੇ ਇਸ ਦੀ ਬਦਨਾਮ ਖ਼ੁਫ਼ੀਆ ਏਜੰਸੀ ਸੀਆਈਏ ਡਿਪਲੋਮੈਟਿਕ ਮਿਸ਼ਨਾਂ ਅਤੇ ਏਜੰਟਾਂ ਦਾ ਹੱਥ ਸਾਬਿਤ ਹੁੰਦਾ ਹੈ। ਇਹ ਇਸ ਦੀ ਘਰੇਲੂ ਹਿੰਸਾ ਦਾ ਹੀ ਵਿਕਰਾਲ ਰੂਪ ਹੈ। ਚਾਰਲੀ ਕਿਰਕ ਦਾ ਕਤਲ ਪਿਛਲੇ ਸਾਲਾਂ ਵਿਚ ਅਨੇਕ ਰਾਜਨੀਤਕ ਕਤਲਾਂ ਦੀ ਲੜੀ ਵਿੱਚ ਹੋਇਆ ਇੱਕ ਕਤਲ ਹੈ। ਸੰਨ 2024 ਵਿਚ ਰਾਸ਼ਟਰਪਤੀ ਪਦ ਦੀ ਚੋਣ ਮੁਹਿੰਮ ਵੇਲੇ ਰਾਸ਼ਟਰਪਤੀ ਟਰੰਪ ’ਤੇ ਦੋ ਕਾਤਲਾਨਾ ਹਮਲੇ ਹੋਏ।
ਇੱਕ ਵਿੱਚ ਉਹ ਮੌਤ ਤੋਂ ਸਿਰਫ਼ 1 ਇੰਚ ਦੂਰ ਰਿਹਾ। ਦਸੰਬਰ, 2024 ’ਚ ਇੱਕ ਸ਼ੂਟਰ ਨੇ ਯੂਨਾਈਟਿਡ ਹੈਲਥ ਕੇਅਰ ਮੁਖੀ ਕਤਲ ਕਰ ਦਿੱਤਾ। ਅਪ੍ਰੈਲ, 2025 ਵਿੱਚ ਪੈਨਸਲਵੇਨੀਆ ਦੇ ਗਵਰਨਰ ਦਾ ਘਰ ਹਿੰਸਾਕਾਰੀਆਂ ਅਗਨਭੇਟ ਕਰ ਦਿੱਤਾ। ਗ਼ਾਜ਼ਾ ’ਚ ਨਸਲਘਾਤ ਜੋ ਅਮਰੀਕਾ ਦੀ ਸ਼ਹਿ ’ਤੇ ਇਜ਼ਰਾਇਲ ਕਰ ਰਿਹਾ ਹੈ, ਵਿਰੁੱਧ 50 ਰਾਜਾਂ ਵਿੱਚ ਸੈਂਕੜੇ ਵਿਰੋਧ ਪ੍ਰਦਰਸ਼ਨ ਵੇਖਣ ਨੂੰ ਮਿਲੇ। ਜੂਨ 2025 ਵਿੱਚ ਪੁਲਿਸ ਵਰਦੀ ਵਿੱਚ ਕਾਤਲ ਨੇ ਮਿਨਸੋਟਾ ਰਾਜ ਵਿਧਾਨ ਸਭਾ ਦੀ ਸਪੀਕਰ ਅਤੇ ਉਸ ਦਾ ਪਤੀ ਮਾਰ ਮੁਕਾਏ। ਇੱਕ ਹੋਰ ਵਿਧਾਇਕ ਅਤੇ ਉਸ ਦੀ ਪਤਨੀ ਜ਼ਖ਼ਮੀ ਕਰ ਦਿੱਤੇ। ਇੱਕ ਹੋਰ ਘਟਨਾ ਵਿੱਚ ਇੱਕ ਪੁਲਿਸ ਅਫ਼ਸਰ ਬਿਮਾਰੀਆਂ ਰੋਕੂ ਕੇਂਦਰ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ।
ਸਰਵੇ ਵਿਖਾਉਂਦੇ ਹਨ ਕਿ ਕਿਵੇਂ ਅਮਰੀਕਾ ’ਚ ਰਾਜਨੀਤਕ ਕਤਲਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂ ਕਿ ਬਹੁ-ਗਿਣਤੀ ਲੋਕ ਅਜਿਹਾ ਨਹੀਂ ਚਾਹੁੰਦੇ। ਸ਼ਿਕਾਗੋ ਪ੍ਰਾਜੈਕਟ ਮੁਖੀ ਰਾਬਰਟ ਪੇਪ ‘ਨਿਊਯਾਰਕ ਟਾਈਮਜ਼’ ਵਿੱਚ ਲਿਖਦਾ ਹੈ ਕਿ ਉਸ ਵੱਲੋਂ ਕੀਤਾ ਸਰਵੇ ਅਤਿ ਚਿੰਤਾਜਨਕ ਹੈ।
ਚਾਲੀ ਪ੍ਰਤੀਸ਼ਤ ਡੈਮੋਕ੍ਰੇਟਾਂ ਨੇ ਟਰੰਪ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਹਿੰਸਾ ਦਾ ਸਹਾਰਾ ਲਿਆ। ਲਗਭਗ 25 ਪ੍ਰਤੀਸ਼ਤ ਰਿਪਬਲਿਕਨ ਟਰੰਪ ਵਿਰੋਧੀ ਮੁਜ਼ਾਹਰੇ ਫ਼ੌਜ ਦੀ ਮਦਦ ਨਾਲ ਦਬਾਉਣ ਨੂੰ ਜਾਇਜ਼ ਕਰਾਰ ਦਿੰਦੇ ਹਨ। ਹੁਣ ਇਨ੍ਹਾਂ ਦੀ ਗਿਣਤੀ ਦੁੱਗਣੀ ਹੋ ਚੁੱਕੀ ਹੈ। ‘ਦਿ ਗਾਰਡੀਅਨ’ ਅਖ਼ਬਾਰ ਨੂੰ 10 ਸਤੰਬਰ, 2025 ਵਿਚ ਦੱਸਦੇ ਹਨ ਕਿ ਅਸੀਂ ਵੱਧ ਤੋਂ ਵੱਧ ਅੱਗ ਦੇ ਗੋਲ਼ੇ ਬਣ ਰਹੇ ਹਾਂ। ਉਨ੍ਹਾਂ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਕਿ ਰਾਜਨੀਤੀਵਾਨ ਹਿੰਸਾ ਵਿਰੁੱਧ ਖੁੱਲ੍ਹ ਕੇ ਆਵਾਜ਼ ਬੁਲੰਦ ਕਰਨ। ਹਿੰਸਾ ਦੀ ਨਿੰਦਾ ਸਾਨੂੰ ਅੱਗੇ ਵਧਣ ਵਿੱਚ ਮਦਦ ਕਰੇਗੀ।
ਟਰੰਪ ਅਜੋਕੀ ਹਿੰਸਾ ਨੂੰ ਜੋ ਬਾਇਡੇਨ ਕਾਲ ਵੇਲੇ ਤਾਕਤਵਰ ਖੱਬੇ-ਪੱਖੀ ਜਮਾਵੜੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਸੰਨ 2016 ਤੋਂ 2023 ਤੱਕ 21 ਦਸਤਾਵੇਜ਼ੀ ਅੱਤਵਾਦੀ ਹਮਲੇ ਦਰਜ ਕੀਤੇ ਗਏ ਹਨ ਜੋ ਅਮਰੀਕੀ ਰਾਜਨੀਤਕ ਇਤਖ਼ਿਲਾਫ਼ਾਂ ਦੀ ਉਪਜ ਹਨ। ਇਸ ਵਿੱਚ ਸੰਨ 2024 ਵਿੱਚ ਟਰੰਪ ’ਤੇ ਦੋ ਹਮਲੇ ਸ਼ਾਮਲ ਨਹੀਂ ਹਨ।
ਇਲੋਨੀਅਸ ਡੈਮੋਕ੍ਰੈਟ ਗਵਰਨਰ ਜੇ.ਬੀ. ਪ੍ਰਿਤਜ਼ਕਰ ਦਾ ਕਹਿਣਾ ਹੈ, ‘‘ਬਦਕਿਸਮਤੀ ਨਾਲ ਰਾਜਨੀਤਕ ਹਿੰਸਾ ਦੇਸ਼ ਵਿੱਚ ਵਧ ਰਹੀ ਹੈ। ਇਹ ਬੰਦ ਹੋਣੀ ਚਾਹੀਦੀ ਹੈ। ਮੈਂ ਸਮਝਦਾ ਹਾਂ ਕਿ ਬਹੁਤ ਸਾਰੇ ਸਿਆਸੀ ਲੋਕ ਹੀ ਹਨ ਜੋ ਇਸ ਨੂੰ ਪੈਦਾ ਕਰ ਰਹੇ ਹਨ। ਰਾਸ਼ਟਰਪਤੀ (ਟਰੰਪ) ਦੀ ਬੋਲ-ਬਾਣੀ ਵੀ ਇਸ ਲਈ ਜ਼ਿੰਮੇਵਾਰ ਹੈ।’’ ਕਾਨੂੰਨ ਦੇ ਰਾਜ ਨੂੰ ਟਿੱਚ ਜਾਣਨਾ, ਕਾਰਜਕਾਰੀ ਸ਼ਕਤੀ ’ਤੇ ਲੱਗੀਆਂ ਸੰਵਿਧਾਨਕ ਰੋਕਾਂ ਨੂੰ ਨਾ ਮੰਨਣਾ ਅਤੇ ਮਨੁੱਖੀ ਆਜ਼ਾਦੀਆਂ ਦੇ ਖ਼ਾਤਮੇ ਸਬੰਧੀ ਟਰੰਪ ਦੀਆਂ ਮਨਮਾਨੀਆਂ ਦੇਸ਼ ਵਿੱਚ ਹਿੰਸਾ ਨੂੰ ਲਾਂਬੂ ਲਾਉਣ ਦੇ ਸਮਾਨ ਹਨ।
ਓਧਰ ਰਾਸ਼ਟਰਪਤੀ ਟਰੰਪ ਚਾਰਲੀ ਨੂੰ ‘ਵਿਚਾਰਾਂ ਦੀ ਅਜ਼ਾਦੀ ਦਾ ਹਰਮਨ ਪਿਆਰਾ ਅਮਰ ਸ਼ਹੀਦ’ ਕਰਾਰ ਦੇ ਰਹੇ ਹਨ। ਮਰਨ ਉਪਰੰਤ ‘ਆਜ਼ਾਦੀ ਦੇ ਰਾਸ਼ਟਰਪਤੀ ਮੈਡਲ’ ਨਾਲ ਨਿਵਾਜ਼ ਰਹੇ ਹਨ।
ਅਮਰੀਕੀ ਸੰਵਿਧਾਨ ਦੀ ਦੂਸਰੀ ਸੋਧ ਜੋ ਅਮਰੀਕੀਆਂ ਨੂੰ ਬੰਦੂਕ ਰੱਖਣ ਦਾ ਸਵੈ-ਰੱਖਿਆ ਦਾ ਅਧਿਕਾਰ ਦਿੰਦੀ ਹੈ, ਉਸ ਵੱਲੋਂ ਪੈਦਾ ਹਿੰਸਕ ਸੱਭਿਆਚਾਰ ਦੀ ਕੀਮਤ ਆਏ ਦਿਨ ਉਤਾਰਨ ਦੇ ਬਾਵਜੂਦ ਇਸ ਨੂੰ ਖ਼ਤਮ ਕਰਨ ਲਈ ਤਿਆਰ ਨਹੀਂ। ਹਿੰਸਕ ਗੰਨ ਲਾਬੀ ਬਹੁਤ ਭਾਰੂ ਹੈ।

-ਦਰਬਾਰਾ ਸਿੰਘ ਕਾਹਲੋਂ

Loading