ਲੰਡਨ: ਬ੍ਰਿਟੇਨ ਵਿੱਚ ਹੋਏ ਵੱਡੇ ਪਰਵਾਸ ਵਿਰੋਧੀ ਮੁਜ਼ਾਹਰੇ ਵਿੱਚ ਅਮਰੀਕੀ ਰਿਪਬਲਿਕਨ ਪਾਰਟੀ ਦੀ ਨੇਤਾ ਅਤੇ ਡੌਨਲਡ ਟਰੰਪ ਦੀ ਕੱਟੜ ਸਮਰਥਕ ਵੈਲੈਂਟਾਈਨਾ ਗੋਮੇਜ਼ ਨੇ ਮੁਸਲਮਾਨਾਂ ਵਿਰੁੱਧ ਜ਼ਹਿਰ ਉਗਲਿਆ। ਪਿਛਲੇ ਦਿਨੀਂ ਟੌਮੀ ਰੌਬਿਨਸਨ ਵੱਲੋਂ ਆਯੋਜਿਤ ‘ਯੂਨਾਈਟ ਦਿ ਕਿੰਗਡਮ’ ਰੈਲੀ ਵਿੱਚ 1,10,000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਗੋਮੇਜ਼ ਨੇ ਇੱਥੇ ਮੁਸਲਮਾਨਾਂ ਨੂੰ ‘ਬਲਾਤਕਾਰੀ’ ਤੇ ‘ਪੀਡੋਫਾਈਲ’ ਕਹਿ ਕੇ ਨਿਸ਼ਾਨਾ ਬਣਾਇਆ ਅਤੇ ਐਕਸ (ਟਵਿੱਟਰ) ਤੇ ਪੋਸਟ ਕਰਕੇ ਧਮਕੀ ਦਿੱਤੀ ਕਿ ਅਸੀਂ ਅਮਰੀਕਾ ਅਤੇ ਯੂਰਪ ਤੋਂ ਇਸਲਾਮ ਨੂੰ ਖ਼ਤਮ ਕਰ ਦੇਵਾਂਗੇ। ਇਹ ਰੈਲੀ ਹਿੰਸਕ ਹੋ ਗਈ, ਜਿਸ ਵਿੱਚ ਪੁਲਿਸ ਨਾਲ ਝੜਪਾਂ ਹੋਈਆਂ ਅਤੇ 24 ਲੋਕ ਗ੍ਰਿਫ਼ਤਾਰ ਹੋਏ।
ਗੋਮੇਜ਼, ਜੋ ਮਿਸੂਰੀ ਤੋਂ ਕਾਂਗਰਸ ਨੇਤਾ ਅਭਿਆਸੀ ਹੈ, ਨੇ ਰੈਲੀ ਵਿੱਚ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਨਿਸ਼ਾਨਾ ਬਣਾਇਆ। ਉਸ ਨੇ ਵੀਡੀਓ ਸ਼ੇਅਰ ਕਰਕੇ ਕਿਹਾ, ‘ਕੀਰ ਸਟਾਰਮਰ, ਤੁਸੀਂ ਪੀਡੋਫਾਈਲਾਂ ਦੇ ਸਭ ਤੋਂ ਵੱਡੇ ਸਮਰਥਕ ਹੋ ਅਤੇ ਗਾਡ ਵੇਖ ਰਿਹਾ ਹੈ ਕਿ ਤੁਸੀਂ ਇੰਗਲੈਂਡ ਨਾਲ ਕੀ ਕੀਤਾ ਹੈ’। ਇਹ ਇਲਜ਼ਾਮ ਪੁਰਾਣੇ ਵਿਵਾਦ ਨਾਲ ਜੁੜਿਆ ਹੈ, ਜਿੱਥੇ ਸਟਾਰਮਰ ਨੂੰ ਬ੍ਰਿਟੇਨ ਦੇ ਚੀਫ਼ ਪ੍ਰਾਸੀਕਿਊਟਰ ਰਹਿੰਦੇ ਹੋਏ ਪਾਕਿਸਤਾਨੀ ਮੁਸਲਿਮਾਂ ਵੱਲੋਂ ਨਾਬਾਲਿਗ ਬ੍ਰਿਟਿਸ਼ ਲੜਕੀਆਂ ਨਾਲ ਬਲਾਤਕਾਰ ਦੇ ਮਾਮਲਿਆਂ ਨੂੰ ਦਬਾਉਣ ਦਾ ਦੋਸ਼ ਲੱਗਿਆ ਸੀ। ਗੋਮੇਜ਼ ਨੇ ਰੈਲੀ ਵਿੱਚ ਪੁਲਿਸ ਨੂੰ ਵੀ ਉਕਸਾਇਆ ਕਿ ‘ਸਰਕਾਰ ਦੇ ਹੁਕਮ ਨਾ ਮੰਨੋ, ਕਿਉਂਕਿ ਤੁਹਾਡੇ ਦੇਸ਼ ਵਿੱਚ ਬਲਾਤਕਾਰ ਹੋ ਰਹੇ ਨੇ ਅਤੇ ਤੁਹਾਨੂੰ ਦੂਜੀ ਤਰਫ਼ ਵੇਖਣ ਨੂੰ ਕਿਹਾ ਜਾ ਰਿਹਾ ਹੈ’। ਉਸ ਨੇ ਲੋਕਾਂ ਨੂੰ ਉੱਠਣ ਅਤੇ ਲੜਨ ਦੀ ਅਪੀਲ ਕੀਤੀ, ਕਹਿ ਕੇ ‘ਇਹ ‘ਹੁਣ ਜਾਂ ਕਦੇ ਨਹੀਂ’ ਦਾ ਸਮਾਂ ਹੈ’।
ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਗੋਮੇਜ਼ ਨੇ ਕਿਹਾ, ‘ਜੇ ਇਹ ਬਲਾਤਕਾਰੀ ਮੁਸਲਿਮ ਬ੍ਰਿਟੇਨ ਤੇ ਕਬਜ਼ਾ ਕਰ ਲੈਣਗੇ ਤਾਂ ਤੁਹਾਡੀਆਂ ਔਰਤਾਂ ਨਾਲ ਬਲਾਤਕਾਰ ਹੀ ਨਹੀਂ ਕਰਨਗੇ, ਤੁਹਾਡੇ ਬੇਟਿਆਂ ਦੇ ਸਿਰ ਕੱਟ ਦੇਣਗੇ, ਜਿਵੇਂ ਉਨ੍ਹਾਂ ਨੇ 7 ਅਕਤੂਬਰ ਨੂੰ ਇਜ਼ਰਾਇਲ ਵਿੱਚ ਕੀਤਾ’। ਉਸ ਨੇ ਲੋਕਾਂ ਨੂੰ ‘ਜੀਸਸ ਕਰਾਈਸਟ ਦੇ ਯੋਧੇ’ ਕਹਿ ਕੇ ਲੜਨ ਲਈ ਉਕਸਾਇਆ ਅਤੇ ਕਿਹਾ, ‘ਅਸੀਂ ਲੜਨ ਵਾਲੇ ਹਾਂ… ਲੜੋ ਜਾਂ ਮਰੋ’। ਗੋਮੇਜ਼ ਨੇ ਮੁਸਲਮਾਨਾਂ ਨੂੰ ਵਾਪਸ ਉਨ੍ਹਾਂ ਦੇ ‘ਸ਼ਰੀਆ ਵਾਲੇ ਦੇਸ਼ਾਂ’ ਭੇਜਣ ਦੀ ਮੰਗ ਕੀਤੀ ਅਤੇ ਕਿਹਾ, ‘ਸਾਨੂੰ ਇੱਕ ਨਵੇਂ ਪ੍ਰਧਾਨ ਮੰਤਰੀ ਦੀ ਲੋੜ ਹੈ ਜੋ ਬ੍ਰਿਟਿਸ਼ ਲੋਕਾਂ ਲਈ ਖੜ੍ਹਾ ਹੋਵੇ ਅਤੇ ਇਨ੍ਹਾਂ ਬਲਾਤਕਾਰੀ ਮੁਸਲਮਾਨਾਂ ਨੂੰ ਵਾਪਸ ਭੇਜੇ’। ਇੱਕ ਹੋਰ ਪੋਸਟ ਵਿੱਚ ਉਸ ਨੇ ਕਿਹਾ, ‘ਇੰਗਲੈਂਡ ਇੰਗਲਿਸ਼ ਲੋਕਾਂ ਲਈ ਹੈ’।
ਗੋਮੇਜ਼ ਪਹਿਲਾਂ ਵੀ ਵਿਵਾਦਾਂ ਵਿੱਚ ਰਹੀ ਹੈ। ਉਸ ਨੇ ਪਵਿੱਤਰ ਕੁਰਾਨ ਨੂੰ ਸਾੜਨ ਵਾਲੀ ਵੀਡੀਓ ਸ਼ੇਅਰ ਕੀਤੀ ਸੀ, ਜਿਸ ਨਾਲ ਇਸਲਾਮੋਫੋਬੀਆ ਦੇ ਦੋਸ਼ ਲੱਗੇ। ਉਸ ਦੇ ਐਕਸ ਪੋਸਟਾਂ ਵਿੱਚ ਉਹ ਅਕਸਰ ਮੁਸਲਮਾਨਾਂ ਨੂੰ ਅੱਤਵਾਦੀਆਂ ਨਾਲ ਜੋੜਦੀ ਹੈ । ਇਸ ਰੈਲੀ ਵਿੱਚ ਉਸ ਦੇ ਨਾਲ ਐਲਨ ਮਸਕ (ਵੀਡੀਓ ਰਾਹੀਂ), ਫ੍ਰੈਂਚ ਫਾਰ-ਰਾਈਟ ਨੇਤਾ ਐਰਿਕ ਜ਼ੈਮੂਰ ਅਤੇ ਜਰਮਨੀ ਦੀ ਏਐਫਡੀ ਪਾਰਟੀ ਨੇਤਾ ਪੈਟਰ ਬਾਈਸਟ੍ਰੌਨ ਵੀ ਸਨ।
ਇਸ ਰੈਲੀ ਨੂੰ ਬ੍ਰਿਟੇਨ ਦੇ ਸਭ ਤੋਂ ਵੱਡੇ ਫਾਰ-ਰਾਈਟ ਮੁਜ਼ਾਹਰੇ ਵਜੋਂ ਵੇਖਿਆ ਜਾ ਰਿਹਾ ਹੈ, ਜਿਸ ਵਿੱਚ ਪਰਵਾਸੀਆਂ ਵਿਰੁੱਧ ਨਫ਼ਰਤ ਅਤੇ ਗਲੋਬਲ ਰਾਈਟ-ਵਿੰਗ ਐਲਾਇੰਸ ਦਾ ਪ੍ਰਦਰਸ਼ਨ ਹੋਇਆ। ਐਂਟੀ-ਰੇਸਿਜ਼ਮ ਗਰੁੱਪਾਂ ਨੇ ਇਸ ਨੂੰ ‘ਹਿੰਸਕ ਅਤੇ ਨਸਲਵਾਦੀ’ ਕਿਹਾ ਹੈ। ਗੋਮੇਜ਼ ਦੀਆਂ ਧਮਕੀਆਂ ਨੇ ਅੰਤਰਰਾਸ਼ਟਰੀ ਪੱਧਰ ’ਤੇ ਵਿਵਾਦ ਖੜ੍ਹਾ ਕਰ ਦਿੱਤਾ ਹੈ, ਜਿੱਥੇ ਮੁਸਲਿਮ ਸੰਗਠਨਾਂ ਨੇ ਇਸ ਨੂੰ ਨਸਲਵਾਦੀ ਕਿਹਾ ਹੈ ਬ੍ਰਿਟੇਨ ਵਿੱਚ ਐਂਟੀ-ਰੈਸਿਜ਼ਮ ਕਾਊਂਟਰ-ਪ੍ਰੋਟੈਸਟ ਹੋਏ, ਪਰ ਗਲੋਬਲ ਰਾਈਟ-ਵਿੰਗ ਲਹਿਰ ਨੂੰ ਰੋਕਣ ਲਈ ਵੱਡੀ ਚੁਣੌਤੀ ਹੈ।