ਸੇਵਾ, ਸਿੱਖ ਧਰਮ

In ਮੁੱਖ ਲੇਖ
September 23, 2025

ਪ੍ਰਮਿੰਦਰ ਸਿੰਘ ਪ੍ਰਵਾਨਾ
ਮਹਾਂਮਾਰੀਆਂ ਸਮਾਜਿਕ ਹੋਣ ਜਾਂ ਕੁਦਰਤੀ ਹੋਣ ਦਾ ਮਨੁੱਖੀ ਜੀਵਨ ਦਾ ਮੁੱਢ ਕਦੀਮ ਹਿੱਸਾ ਰਹੀਆਂ ਹਨ। ਜਿਵੇਂ ਬੱਦਲ ਦਾ ਫਟਣਾ, ਤੂਫਾਨ, ਸੁਨਾਮੀ, ਭੂਚਾਲ, ਬਿਮਾਰੀ, ਅਗਜਨੀ, ਗੈਸ ਦਾ ਰਿਸਣਾ, ਪਹਾੜਾਂ ਦਾ ਖਿਸਕਣਾ ਅਤੇ ਹੜ੍ਹ ਆਦਿ। ਅਗਸਤ 2025 ਵਿੱਚ ਪੰਜਾਬ ਦੇ ਪਿੰਡ ਨੂੰ ਭਾਰੀ ਤਬਾਹਕੁੰਨ ਹੜ੍ਹ ਦੇ ਸੰਕਟ ਦਾ ਸਾਹਮਣਾ ਕਰਨਾ ਪਿਆ। ਜੋ ਕਿ 1988 ਤੋਂ ਬਾਅਦ ਇੱਕ ਵੱਡਾ ਹੜ੍ਹ ਸੰਕਟ ਹੈ। ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿੱਚ ਅਸਧਾਰਨ ਤੌਰ ’ਤੇ ਭਾਰੀ ਬਾਰਸ਼ਾਂ ਕਾਰਨ ਆਏ ਹੜ੍ਹ ਕਈ ਡੈਮਾਂ, ਜਿਵੇਂ ਪੌਂਗ ਡੈਮ, ਰਣਜੀਤ ਸਾਗਰ ਅਤੇ ਭਾਖੜਾ ਤੋਂ ਵਾਧੂ ਪਾਣੀ ਛੱਡਣ ਨਾਲ ਹੇਠਲੇ ਜ਼ਿਲ੍ਹਿਆਂ ਜਿਵੇਂ ਰਾਵੀ, ਬਿਆਸ ਅਤੇ ਸਤਲੁਜ ਦਰਿਆਵਾਂ ਦੇ ਖੇਤਰ ਵਿੱਚ ਹੜ੍ਹਾਂ ਦੀ ਮਾਰ ਤੇਜ਼ ਹੋਈ। ਸਾਰਾ ਪੰਜਾਬ ਹੜ੍ਹਾਂ ਤੋਂ ਪ੍ਰਭਾਵਿਤ ਹੋਇਆ ਹੈ। ਜਿਸ ਵਿੱਚ ਫ਼ਸਲਾਂ ਦਾ ਨੁਕਸਾਨ, ਉਜਾੜਾ ਅਤੇ ਬੁਨਿਆਦੀ ਢਾਂਚੇ ਦਾ ਵੀ ਨੁਕਸਾਨ ਹੋਇਆ ਹੈ। ਹੜ੍ਹਾਂ ਨੇ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਪੰਜਾਬ, ਉੱਤਰਾਖੰਡ, ਅਰੁਣਾਚਲ ਪ੍ਰਦੇਸ਼, ਬਿਹਾਰ, ਛਤੀਸਗੜ੍ਹ, ਪੱਛਮੀ ਬੰਗਾਲ ਅਤੇ ਪਾਕਿਸਤਾਨ ਦੇ ਪੰਜਾਬ ਰਾਜ ਵੀ ਪ੍ਰਭਾਵਿਤ ਹੋਏ।
ਲੱਖਾਂ ਏਕੜ ਫ਼ਸਲ ਡੁੱਬ ਗਈ ਹੈ। ਲੱਖਾਂ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਕਈਆਂ ਦੀਆਂ ਜਾਨਾਂ ਗਈਆਂ ਹਨ। ਨਿਕਾਸੀ ਵਿਘਨ ਹੋਇਆ ਹੈ। ਪੰਜਾਬ ਦੀ ਇਸ ਮੁਸੀਬਤ ਵਿੱਚ ਪੰਜਾਬੀ ਨੌਜਵਾਨ, ਕਮੇਟੀਆਂ, ਰਾਜਨੀਤਿਕ ਪਾਰਟੀਆਂ, ਧਾਰਮਿਕ ਸੰਸਥਾਵਾਂ, ਨਿਹੰਗ ਜਥੇਬੰਦੀਆਂ, ਕਾਰ ਸੇਵਾ ਵਾਲੇ, ਰਾਸ਼ਟਰਪਤੀ ਪੱਧਰ ’ਤੇ ਏਜੰਸੀਆਂ ਫ਼ੌਜ ਬੀ.ਐਸ.ਐਫ਼ ਵੱਖ- ਵੱਖ ਗੈਰ ਸਰਕਾਰੀ ਸੰਸਥਾਵਾਂ ਅਤੇ ਅਧਿਕਾਰੀ, ਪੰਜਾਬੀ ਕਲਾਕਾਰਾਂ, ਗਲੋਬਲ ਸਿੱਖਸ ਅਤੇ ਖ਼ਾਲਸਾ ਏਡ ਆਦਿ ਨੂੰ ਤਨ, ਮਨ, ਧਨ ਨਾਲ ਅੱਗੇ ਹੋ ਕੇ ਸੇਵਾ ਕੀਤੀ ਹੈ। ਸਾਂਝੇ ਯਤਨਾਂ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਂਵਾਂ ’ਤੇ ਪਹੁੰਚਾਇਆ ਹੈ। ਰਾਹਤ ਕੈਂਪ ਲਗਾਏ ਗਏ ਹਨ। ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਭੋਜਨ ਅਤੇ ਦਵਾਈਆਂ ਪਹੁੰਚਾਉਣ ਲਈ ਡਰੋਨ ਭੇਜੇ ਗਏ ਹਨ। ਪੀਣ ਵਾਲਾ ਪਾਣੀ, ਰਾਸ਼ਨ, ਦਵਾਈਆਂ ਡਾਕਟਰੀ ਸਹਾਇਤਾ, ਪਸ਼ੂਆਂ ਲਈ ਚਾਰਾ ਵਰਗੀਆਂ ਜ਼ਰੂਰੀ ਵਸਤੂਆਂ ਦਾ ਪ੍ਰਬੰਧ ਕੀਤਾ ਗਿਆ ਹੈ। ਭਾਵੇਂ ਕੇਂਦਰ ਅਤੇ ਰਾਜ ਸਰਕਾਰਾਂ ਮੁਆਵਜ਼ਾ ਦੇਣ ਦਾ ਵਾਅਦਾ ਕਰ ਰਹੀਆਂ ਹਨ, ਪਰ ਆਪਸੀ ਸਾਂਝੀਵਾਲਤਾ ਅਤੇ ਸਹਿਯੋਗ ਨਾਲ ਪੰਜਾਬ ਦੇ ਮੁੜ ਪਰਤ ਆਉਣ ਮੁੜ ਖੜੇ ਹੋਣ ਦੀ ਉਮੀਦ ਬਣੀ ਹੈ। ਭਾਵੇਂ ਮੁੜ ਵਸੇਬੇ ਲਈ ਹੋਰ ਚੁਣੌਤੀਆਂ ਅਤੇ ਯਤਨਾਂ ਦੀ ਲੋੜ ਹੈ।
ਸਿੱਖ ਧਰਮ ਵਿੱਚ ਸੇਵਾ ਦਾ ਬੜਾ ਮਹੱਤਵ ਹੈ। ਸਿੱਖ ਧਰਮ ਦੀ ਸਥਾਪਨਾ ਸਰਬਤ ਦਾ ਭਲਾ ਸਿੱਧਾਂਤ ਨਾਲ ਕੀਤੀ ਗਈ ਹੈ। ਸਭ ਦੇ ਸਾਂਝੇ ਭਲੇ ਲਈ ਕੰਮ ਪਰਮਾਤਮਾ ਪ੍ਰਤੀ ਸ਼ਰਧਾ ਵਜੋਂ ਸਾਰੀ ਮਨੁੱਖਤਾ ਦੀ ਸੇਵਾ ਅਤੇ ਉੱਨਤੀ ਲਈ ਕੰਮ ਕਰਨਾ ਸਿੱਖ ਕਦਰਾਂ ਕੀਮਤਾਂ ਨੂੰ ਦਰਸਾਉਂਦੀ ਹੈ। ਸੇਵਾ ਦਾ ਅਰਥ ਨਿਰਸਵਾਰਥ ਸੇਵਾ ਹੈ। ਸੰਸਕ੍ਰਿਤ ਦੇ ਮੂਲ ਸ਼ਬਦ ਸੇਵ ਦਾ ਅਰਥ ਹੈ ਸੇਵਾ ਕਰਨਾ। ਸੇਵਾ ਤਨ,ਮਨ ਅਤੇ ਧਨ ਨਾਲ ਕੀਤੀ ਜਾਂਦੀ ਹੈ। ਮਨੁੱਖਤਾ ਦੀ ਸੇਵਾ ਸਿੱਖੀ ਦਾ ਆਦਰਸ਼ ਹੈ। ਸੇਵਾ ਜੀਵਨ ਸ਼ੈਲੀ ਦਾ ਇੱਕ ਮਹੱਤਵਪੂਰਨ ਅੰਗ ਹੈ। ਸੇਵਾ ਵਿੱਚ ਇੱਕ ਵਿਅਕਤੀ ਕਿਸੇ ਵੀ ਭੌਤਿਕ ਤਰੀਕੇ ਨਾਲ ਬਿਨਾ ਮੁਆਵਜ਼ਾ ਦੇ ਦੂਜਿਆਂ ਲਈ ਜਾਂ ਕਿਸੇ ਸਾਂਝੇ ਉਦੇਸ਼ ਲਈ ਕੰਮ ਕਰਦਾ ਹੈ।
ਪੁਰਾਣੇ ਸਮਿਆਂ ਵਿੱਚ ਜਦ ਸਿਹਤ ਸਹੂਲਤਾਂ ਘੱਟ ਸਨ। ਚੰਗੇ ਇਲਾਜ ਉਪਲਬਧ ਨਹੀਂ ਸਨ। ਦਵਾ ਨਾਲ ਦੁਆਵਾਂ ਦਾ ਅਸਰ ਹੀ ਸਹਾਰਾ ਸੀ। ਧਾਰਮਿਕ ਉਪਦੇਸ਼ ਅਰਾਮ ਦਾ ਧਰਵਾਸ ਦਿੰਦੇ ਸਨ। ਸਿੱਖ ਧਰਮ ਵਿੱਚ ਮਹਾਂਮਾਰੀ ਨਾਲ ਨਜਿੱਠਣ ਲਈ ਸੇਵਾ ਦਾ ਸਿੱਧਾਂਤ ਹੈ। ਮੱਧ ਕਾਲੀਨ ਯੁੱਗ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖ਼ਿੱਤੇ ਵਿੱਚ ਸਿੱਖ ਧਰਮ ਦੇ ਗੁਰੂ ਸਾਹਿਬਾਨ ਜੀ ਨੇ ਮਨੁੱਖਤਾ ਦੀ ਸੇਵਾ ਲਾਚਾਰ ਅਤੇ ਬਿਮਾਰਾਂ ਦੀ ਸੇਵਾ, ਆਫ਼ਤ ਵਿੱਚ ਘਿਰੇ, ਲੋਕਾਂ ਦੀ ਸੇਵਾ ਦੇਖ ਭਾਲ, ਨਿੱਜੀ ਸਵਾਰਥ ਤੋਂ ਉਪਰ ਉਠ ਕੇ ਸੇਵਾ ਕਰਨ ਦਾ ਉਪਦੇਸ਼ ਦਿੱਤਾ। ਸੇਵਾ ਦੀ ਭਾਵਨਾ ਨੂੰ ਮੁਕਤੀ ਨਾਲ ਜੋੜ ਦਿੱਤਾ। ਇਸ ਤਰ੍ਹਾਂ ਸਿਹਤਮੰਦ ਸਮਾਜ ਦੀ ਉਸਾਰੀ ਕੀਤੀ। ਅਜੋਕੇ ਸਮੇਂ ਵਿੱਚ ਵੀ ਗੁਰੂ ਸਾਹਿਬਾਨ ਦੀ ਸਿੱਖਿਆ ਅਤੇ ਗੁਰਬਾਣੀ ਤੋਂ ਸੇਧ ਲੈ ਕੇ ਸ਼ਰਧਾਲੂਆਂ ਨੂੰ ਸੇਵਾ ਕਰਨ ਦਾ ਉਤਸ਼ਾਹ ਮਿਲਦਾ ਹੈ।
ਜਿਹੜਾ ਸੇਵਕ ਗੁਰੂ ਦੇ ਘਰ ਵਿੱਚ ਭਾਵ ਗੁਰੂ ਦੇ ਦਰ ’ਤੇ ਰਹਿੰਦਾ ਹੈ ਤੇ ਗੁਰੂ ਦਾ ਹੁਕਮ ਮਨ ਵਿੱਚ ਮੰਨਦਾ ਹੈ। ਜੋ ਆਪਣੇ ਆਪ ਨੂੰ ਵੱਡਾ ਨਹੀਂ ਜਤਾਉਂਦਾ ਹੈ। ਪ੍ਰਭੂ ਦਾ ਨਾਮ ਸਦਾ ਹਿਰਦੇ ਵਿੱਚ ਧਿਆਉਂਦਾ ਹੈ ਜੋ ਆਪਣਾ ਮਨ ਸਤਿਗੁਰ ਅੱਗੇ ਵੇਚ ਦਿੰਦਾ ਹੈ। ਭਾਵ ਗੁਰੂ ਦੇ ਹਵਾਲੇ ਕਰ ਦਿੰਦਾ ਹੈ। ਉਸ ਸੇਵਕ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ। ਜੋ ਸੇਵਕ ਗੁਰੂ ਦੀ ਸੇਵਾ ਕਰਦਿਆਂ ਕਿਸੇ ਫਲ ਦੀ ਖ਼ਾਹਸ਼ ਨਹੀਂ ਰੱਖਦਾ, ਉਸ ਨੂੰ ਮਾਲਿਕ ਪ੍ਰਭੂ ਮਿਲ ਪੈਂਦਾ ਹੈ। ਹੇ ਨਾਨਕ! ਉਹ ਸੇਵਕ ਸਤਿਗੁਰੂ ਦੀ ਸਿੱਖਿਆ ਲੈਂਦਾ ਹੈ, ਜਿਸ ’ਤੇ ਪ੍ਰਭੂ ਆਪਣੀ ਮਿਹਰ ਕਰਦਾ ਹੈ।
ਜਿਸ ਮਨੁੱਖ ਨੂੰ ਇਸ ਸਰੀਰ ਵਿੱਚ ਗੁਰੂ ਦਾ ਉਪਦੇਸ਼ ਅਸਰ ਕਰਦਾ ਹੈ, ਪ੍ਰਭੂ ਦੀ ਸੇਵਾ ਕਰਨ ਨਾਲ ਸਿਮਰਨ ਕਰਨ ਨਾਲ ਉਸ ਨੂੰ ਆਤਮਿਕ ਆਨੰਦ ਮਿਲਦਾ ਹੈ। ਜਗਤ ਉਸ ਨੂੰ ਨਾਸਵੰਤ ਦਿਸਦਾ ਹੈ। ਹੇ ਭਾਈ! ਦੁਨੀਆ ਵਿੱਚ ਆ ਕੇ ਪ੍ਰਭੂ ਦੀ ਸੇਵਾ ਸਿਮਰਨ ਕਰਨੀ ਚਾਹੀਦੀ ਹੈ ਤਦੋਂ ਹੀ ਉਸ ਦੀ ਹਜ਼ੂਰੀ ਵਿੱਚ ਬੈਠਣ ਨੂੰ ਥਾਂ ਮਿਲਦਾ ਹੈ। ਹੇ ਨਾਨਕ, ਆਪ ਸਿਮਰਨ ਦੀ ਬਰਕਤ ਨਾਲ ਬੇਫ਼ਿਕਰ ਹੋ ਜਾਈਦਾ ਹੈ। ਕੋਈ ਚਿੰਤਾ ਸੋਗ ਨਹੀਂ ਵਿਆਪਦਾ।
ਜਿਸ ਮਨੁੱਖ ਉੱਤੇ ਪ੍ਰਭੂ ਦੀ ਬਖਸ਼ਿਸ਼ ਹੋਵੇ, ਉਸ ਨੂੰ ਪ੍ਰਭੂ ਗੁਰੂ ਮਿਲਾਉਂਦਾ ਹੈ। ਸੇਵਾ ਵਿੱਚ ਸੁਰਤਿ ਟਿਕਾਉਂਦਾ ਹੈ।
ਹੇ ਭਾਈ ਚੁਰਾਸੀ ਲੱਖ ਜੂਨਾਂ ਤੋਂ ਬਾਅਦ ਹੁਣ ਤੈਨੂੰ ਮਨੁੱਖਾ ਜਨਮ ਮਿਲਿਆ ਹੈ। ਸਾਧ ਸੰਗਤ ਵਿੱਚ ਆ ਗੁਰੂ ਦੀ ਮਤਿ ਲੈ ਕੇ ਖ਼ਲਕਤ ਦੀ ਸੇਵਾ ਕਰਕੇ ਪਰਮਾਤਮਾ ਦਾ ਭਜਨ ਕਰ। ਗੁਰੂ ਦੀ ਦੱਸੀ ਸੇਵਾ ਬੜੀ ਔਖੀ ਹੈ। ਆਪਾ ਭਾਵ ਗਵਾ ਕੇ ਸਿਰ ਦੇਣਾ ਪੈਂਦਾ ਹੈ। ਸਤਿਗੁਰੂ ਦੇ ਹੁਕਮ ਵਿੱਚ ਤੁਰਨਾ ਬੜੀ ਔਖੀ ਕਾਰ ਹੈ। ਸਿਰ ਦੇਣਾ ਪੈਂਦਾ ਹੈ ਤੇ ਆਪਾ ਗਵਾ ਕੇ ਸੇਵਾ ਹੈ। ਜੋ ਮਨੁੱਖ ਸਤਿਗੁਰੂ ਦੀ ਸਿੱਖਿਆ ਦੁਆਰਾ ਸੰਸਾਰ ਵੱਲੋਂ ਮਰਦੇ ਹਨ, ਉਹ ਫਿਰ ਜਨਮ ਮਰਨ ਵਿੱਚ ਨਹੀਂ ਰਹਿੰਦੇ। ਉਹਨਾਂ ਦੀ ਸਾਰੀ ਸੇਵਾ ਕਬੂਲ ਪੈ ਜਾਂਦੀ ਹੈ।
ਜੋ ਮਨੁੱਖ ਅਕਲ ਹੁੰਦਿਆਂ ਵੀ ਅੰਞਾਣਾ ਬਣੇ, ਭਾਵ ਅਕਲ ਦੇ ਤ੍ਰਾਣ ਦੂਜਿਆਂ ’ਤੇ ਕੋਈ ਦਬਾਉ ਨਾ ਪਾਏ। ਜੋਰ ਹੁੰਦਿਆਂ ਕਮਜ਼ੋਰਾਂ ਵਾਂਗ ਜੀਵੇ, ਭਾਵ ਕਿਸੇ ਉੱਤੇ ਧੱਕਾ ਨਾ ਕਰੇ। ਜਦੋਂ ਕੁਝ ਵੀ ਦੇਣ ਜੋਗਾ ਨਾਂਹ ਹ ੋਵੇ ਤਦੋਂ ਆਪਣਾ ਹਿੱਸਾ ਵੰਡ ਦੇਵੇ। ਕਿਸੇ ਅਜਿਹੇ ਮਨੁੱਖ ਨੂੰ ਹੀ ਭਗਤ ਆਖਣਾ ਚਾਹੀਦਾ ਹੈ। ਹੇ ਭਾਈ ਪਰਮਾਤਮਾ ਆਪ ਹੀ ਕਿਸੇ ਜੀਵ ਨੂੰ ਆਤਮਿਕ ਮੌਤ ਦੇ ਰਿਹਾ ਹੈ, ਕਿਸੇ ਨੂੰ ਆਤਮਿਕ ਜੀਵਨ ਬਖ਼ਸ਼ ਰਿਹਾ ਹੈ। ਪ੍ਰਭੂ ਆਪ ਹੀ ਜੀਵਾਂ ਨੂੰ ਗੁਰੂ ਮਿਲਾਉਂਦਾ ਹੈ ਤੇ ਗੁਰੂ ਮਿਲਾ ਕੇ ਆਪਣੇ ਚਰਨਾਂ ਨਾਲ ਜੋੜਦਾ ਹੈ। ਗੁਰੂ ਦੀ ਦੱਸੀ ਸੇਵਾ ਕਰਨ ਵਾਲੇ ਨੇ ਸਦਾ ਆਤਮਿਕ ਆਨੰਦ ਮਾਣਿਆ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਤਮਿਕ ਅਡੋਲਤਾ ਵਿੱਚ ਲੀਨ ਰਹਿੰਦਾ ਹੈ। ਹੇ ਦਇਆ ਦੇ ਘਰ ਪ੍ਰਭੂ, ਮੈਂ ਤੈਥੋਂ ਇਹ ਮੰਗਦਾ ਹਾਂ ਕਿ ਮੈਨੂੰ ਆਪਣੇ ਦਾਸਾਂ ਦੇ ਦਾਸ ਬਣਾ ਲੈ। ਤੇਰਾ ਨਾਮ ਉਚਾਰਿਆਂ ਹੀ ਮੈਂ ਜਿਉਂਦਾ ਹਾਂ। ਤੇ ਮਾਨੋ ਨੌ ਖ਼ਜ਼ਾਨੇ ਤੇ ਧਰਤੀ ਦਾ ਰਾਜ ਪਾ ਲੈਂਦਾ ਹਾਂ। ਇਹ ਅੰਮ੍ਰਿਤ ਨਾਮ ਰੂਪ ਖ਼ਜ਼ਾਨਾ ਤੇਰੇ ਸੇਵਕਾਂ ਦੇ ਘਰ ਵਿੱਚ ਬਹੁਤ ਹੈ। ਜਦੋਂ ਮੈਂ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਆਪਣੇ ਕੰਨਾ ਨਲ ਤੇਰਾ ਜਸ ਸੁਣਦਾ ਹਾਂ ਮੈਂ ਨਿਹਾਲ ਹੋ ਜਾਂਦਾ ਹਾਂ। ਜਿਉਂ ਜਿਉਂ ਮੈਂ ਉਹਨਾਂ ਦੀ ਸੇਵਾ ਕਰਦਾ ਹਾਂ। ਮੇਰਾ ਸਰੀਰ ਪਵਿੱਤਰ ਹੁੰਦਾ ਹੈ। ਉਹਨਾਂ ਨੂੰ ਪੱਖਾ ਝੱਲ ਕੇ ਉਹਨਾਂ ਲਈ ਪਾਣੀ ਢੋਹ ਕੇ ਚੱਕੀ ਪੀਹ ਕੇ ਤੇ ਉਹਨਾਂ ਦੇ ਪੈਰ ਧੋ ਕੇ ਮੈਂ ਖੁਸ਼ ਹੁੰਦਾ ਹਾਂ। ਪਰ ਹੇ ਪ੍ਰਭੂ ਮੈਥੋਂ ਆਪਣੇ ਆਪ ਤੋਂ ਕੁਝ ਨਹੀਂ ਹੋ ਸਕਦਾ। ਤੂੰ ਹੀ ਮੇਰੇ ਵੱਲ ਮਿਹਰ ਦੀ ਨਜ਼ਰ ਨਾਲ ਤੱਕ,ਤੇ ਮੈਨੂੰ ਗੁਣ ਹੀਣ ਨੂੰ ਸੰਤਾਂ ਦੀ ਸੰਗਤ ਵਿੱਚ ਥਾਂ ਦੇਹ।
ਕਬੀਰ ਜੀ ਦਾ ਫੁਰਮਾਣ ਹੈ ਕਿ ਜਿਨ੍ਹਾਂ ਘਰਾਂ ਵਿੱਚ ਨੇਕ ਬੰਦਿਆਂ ਦੀ ਸੇਵਾ ਨਹੀਂ ਹੁੰਦੀ ਤੇ ਪਰਮਾਤਮਾ ਦੀ ਭਗਤੀ ਨਹੀਂ ਕੀਤੀ ਜਾਂਦੀ, ਉਹ ਘਰ ਭਾਵੇਂ ਕਿਤਨੇ ਹੀ ਸੁੱਚੇ ਤੇ ਸਾਫ ਰੱਖੇ ਜਾਂਦੇ ਹੋਣ ਮਸਾਣਾਂ ਵਰਗੇ ਹਨ। ਉਹਨਾਂ ਘਰਾਂ ਵਿੱਚ ਮਨੁੱਖ ਨਹੀਂ ਭੂਤਨੇ ਵੱਸਦੇ ਹਨ।
ਜੇ ਮਨੁੱਖ ਪ੍ਰਭੂ ਦੇ ਡਰ ਵਿੱਚ ਰਚ ਕੇ ਗੁਰੂ ਦੀ ਦੱਸੀ ਹੋਈ ਸੇਵਾ ਚਾਕਰੀ ਕਾਰ ਕਰੇ ਤੇ ਉਸੇ ਪ੍ਰਭੂ ਦੀ ਰਜਾ ਵਿੱਚ ਤੁਰੇ ਤਾਂ ਊਸ ਪ੍ਰਭੂ ਵਰਗਾ ਹੀ ਹੋ ਜਾਂਦਾ ਹੈ, ਜਿਸ ਨੂੰ ਇਹ ਸਿਮਰਦਾ ਹੈ। ਫਿਰ ਹੇ ਨਾਨਕ ਫਿਰ ਐਸੇ ਮਨੁੱਖ ਨੂੰ ਸਭਨੀਂ ਥਾਂਈਂ ਪ੍ਰਭੂ ਹੀ ਪ੍ਰਭੂ ਦਿਸਦਾ ਹੈ। ਉਸ ਤੋਂ ਬਿਨਾਂ ਕੋਈ ਹੋਰ ਨਹੀਂ ਦਿਸਦਾ ਤੇ ਨਾਂਹ ਕੋਈ ਹੋਰ ਆਸਰੇ ਦੀ ਥਾਂ ਦਿਸਦੀ ਹੈ।
ਜੇ ਮਨੁੱਖ ਸਤਿਗੁਰ ਦੇ ਭਾਣੇ ਵਿੱਚ ਤੁਰਨ, ਤਾਂ ਹੀ ਗੁਰੂ ਦੀ ਸੇਵਾ ਚਾਕਰੀ ਪ੍ਰਵਾਨ ਹੁੰਦੀ ਹੈ। ਜੇ ਮਨੁੱਖ ਆਪਾ ਭਾਵ ਮਿਟਾ ਕੇ ਗੁਰੂ ਦੇ ਦਰ ’ਤੇ ਜਾਵੇ ਤਾਂ ਉਹ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ। ਹੇ ਨਾਨਕ! ਅਜਿਹੇ ਬੰਦਿਆਂ ਨੂੰ ਪ੍ਰਭੂ ਦਾ ਨਾਮ ਨਹੀਂ ਭੁੱਲਦਾ। ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿੱਚ ਜੁੜੇ ਰਹਿੰਦੇ ਹਨ।
ਹੇ ਨਾਨਕ! ਗੁਰੂ ਦੀ ਦੱਸੀ ਸੇਵਾ ਭੀ ਉਹੀ ਮਨੁੱਖ ਕਰਦਾ ਹੈ, ਜਿਸ ਪਾਸੋਂ ਪਰਮਾਤਮਾ ਆਪ ਹੀ ਕਰਾਂਦਾ ਹੈ। ਨਹੀਂ ਤਾਂ ਇਹ ਮਾਇਆ ਦਾ ਮੋਹ ਬੜਾ ਪ੍ਰਬਲ ਹੈ। ਆਪਾ ਭਾਵ ਗਵਾਇਆ ਹੀ ਇਸ ਤੋਂ ਖ਼ਲਾਸੀ ਹੁੰਦੀ ਹੈ। ਜਿਹੜਾ ਮਨੁੱਖ ਸਿਰ ਗੁਰੂ ਦੇ ਹਵਾਲੇ ਕਰਦਾ ਹੈ। ਉਹ ਪਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਮਾਣ ਪ੍ਰਾਪਤ ਕਰਦਾ ਹੈ।
ਜੇ ਕੋਈ ਮਨੁੱਖ ਚਿਤ ਲਾ ਕੇ ਸੇਵਾ ਕਰੇ ਤਾਂ ਸਤਿਗੁਰੂ ਦੀ ਦੱਸੀ ਸੇਵਾ ਜਰੂਰ ਫਲ ਲਾਉਂਦੀ ਹੈ। ਮਨ ਇੱਛਿਆ ਫਲ ਮਿਲਦਾ ਹੈ। ਅਹੰਕਾਰ ਮਨ ਵਿੱਚੋਂ ਦੂਰ ਹੁੰਦਾ ਹੈ। ਗੁਰੂ ਦੀ ਦੱਸੀ ਕਾਰ, ਮਾਇਆ ਦੇ ਬੰਧਨਾਂ ਨੂੰ ਤੋੜ ਦੀ ਹੈ। ਬੰਧਨਾਂ ਤੋਂ ਖ਼ਲਾਸੀ ਹੋ ਜਾਂਦੀ ਹੈ ਤੇ ਸੱਚੇ ਹਰੀ ਵਿੱਚ ਮਨੁੱਖ ਸਮਾਇਆ ਰਹਿੰਦਾ ਹੈ।
ਅੰਤਿਕਾ : ਹੇ ਨਾਨਕ! ਪ੍ਰਭੂ ਦੇ ਦਰ ’ਤੇ ਆਈ ਹੇ ਮੇਰੇ ਮਾਲਕ! ਜੇ ਕੋਈ ਗੁਰਮੁਖਿ ਮੈਨੂੰ ਤੇਰੀ ਕੋਈ ਗੱਲ ਸੁਣਾਵੇ ਤਾਂ ਮੈਂ ਉਸ ਅੱਗੇ ਕਿਹੜੀ ਭੇਂਟ ਧਰਾਂ। ਆਪਣਾ ਸਿਰ ਵੱਢ ਕੇ ਮੈਂ ਉਸ ਦੇ ਬੈਠਣ ਲਈ ਆਸਣ ਬਣਾ ਦਿਆਂ ਭਾਵ ਆਪਾ ਭਾਵ ਦੂਰ ਕਰਕੇ ਮੈਂ ਉਸ ਦੀ ਸੇਵਾ ਕਰਾਂ। ਜਦੋਂ ਸਾਡਾ ਪ੍ਰਭੂ ਪਤੀ ਸਾਡੀ ਮੂਰਖਤਾ ਦੇ ਕਾਰਨ, ਸਾਥੋਂ ਉਪਰਾ ਹੋ ਜਾਵੇ ਤਾਂ ਉਸ ਨੂੰ ਮੁੜ ਆਪਣਾ ਬਨਾਣ ਲਈ ਇਹੀ ਇੱਕ ਤਰੀਕਾ ਹੈ ਕਿ ਅਸੀਂ ਆਪਾ ਭਾਵ ਮਾਰ ਦੇਈਏ, ਤੇ ਆਪਣੀ ਜਿੱਦ ਉਸ ਤੋਂ ਸਦਕੇ ਕਰ ਦੇਈਏ।

Loading