ਵਿਆਹ ਸਮਾਗਮ ਵਿੱਚ ਹੋਈ ਗੋਲੀਬਾਰੀ ਵਿੱਚ 1 ਮੌਤ ਤੇ 6 ਜ਼ਖਮੀ

In ਅਮਰੀਕਾ
September 24, 2025

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਨੈਸ਼ੂਆ, ਨਿਊ ਹੈਂਪਸ਼ਾਇਰ ਵਿੱਚ ਸਕਾਈ ਮੀਡੋਅ ਕਾਊਂਟੀ ਕਲੱਬ ਵਿੱਚ ਇੱਕ
ਵਿਆਹ ਸਮਾਗਮ ਦੌਰਾਨ ਹੋਈ ਗੋਲੀਬਾਰੀ ਵਿੱਚ ਇਕ ਵਿਅਕਤੀ ਦੇ ਮਾਰੇ ਜਾਣ ਤੇ 6 ਹੋਰਨਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ।
ਮੌਕੇ ਦੇ ਗਵਾਹਾਂ ਅਨੁਸਾਰ ਗੋਲੀਬਾਰੀ ਉਪਰੰਤ ਕਲੱਬ ਵਿਚ ਅਫਰਾ ਤਫਰੀ ਦਾ ਮਹੌਲ ਬਣ ਗਿਆ ਤੇ ਲੋਕਾਂ ਨੇ ਆਪਣੇ ਆਪ ਨੂੰ
ਬਚਾਉਣ ਲਈ ਇਧਰ ਉਧਰ ਭੱਜਣਾ ਸ਼ੁਰੂ ਕਰ ਦਿੱਤਾ। ਸਟੇਟ ਅਟਾਰਨੀ ਜਨਰਲ ਜੌਹਨ ਐਮ ਫਾਰਮੇਲਾ ਨੇ ਪੱਤਰਕਾਰਾਂ ਨਾਲ
ਗੱਲਬਾਤ ਕਰਦਿਆਂ ਦਸਿਆ ਕਿ ਗੋਲੀਬਾਰੀ ਵਿੱਚ 59 ਸਾਲਾ ਰਾਬਰਟ ਸਟੀਵਨ ਡੀਸੈਸਾਰੇ ਦੀ ਮੌਤ ਹੋ ਗਈ ਜਦ ਕਿ ਦੋ ਹੋਰ
ਗੋਲੀਆਂ ਵੱਜਣ ਕਾਰਨ ਜ਼ਖਮੀ ਹੋਏ ਹਨ। ਭਗਦੜ ਮਚਣ ਕਾਰਨ 4 ਹੋਰ ਜ਼ਖਮੀ ਹੋਏ ਹਨ ਤੇ ਉਨਾਂ ਦੇ ਗੋਲੀਆਂ ਨਹੀਂ ਵੱਜੀਆਂ
ਹਨ। ਨੈਸ਼ੂਆ ਪੁਲਿਸ ਮੁਖੀ ਕੈਵਿਨ ਰੌਰਕੇ ਨੇ ਕਿਹਾ ਹੈ ਕਿ ਜ਼ਖਮੀਆਂ ਵਿੱਚੋਂ ਇਕ ਜੋ ਕਲੱਬ ਦਾ ਮੁਲਾਜ਼ਮ ਹੈ, ਦੀ ਹਾਲਤ ਗੰਭੀਰ
ਪਰ ਸਥਿੱਰ ਹੈ। ਉਸ ਨੂੰ ਹੈਲੀਕਾਪਟਰ ਰਾਹੀਂ ਮੈਸਾਚੂਸੈਟਸ ਜਨਰਲ ਹਸਪਤਾਲ ਲਿਜਾਇਆ ਗਿਆ ਹੈ। ਦੋਸ਼ੀ 23 ਸਾਲਾ ਹੰਟਰ
ਨੈਡੀਊ ਜੋ ਕਲੱਬ ਦਾ ਸਾਬਕਾ ਮੁਲਾਜ਼ਮ ਹੈ, ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਵਿਰੁੱਧ ਦੂਸਰਾ ਦਰਜਾ ਹੱਤਿਆ ਦੇ ਦੋਸ਼
ਲਾਏ ਗਏ ਹਨ।

Loading