ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਦੱਖਣੀ ਕੈਰੋਲੀਨਾ ਵਿੱਚ 16 ਸਤੰਬਰ ਨੂੰ ਇਕ ਗੈਸ ਸਟੇਸ਼ਨ ‘ਤੇ ਵਾਪਰੀ
ਲੁੱਟਮਾਰ ਦੀ ਘਟਨਾ ਵਿੱਚ ਮਾਰੀ ਗਈ ਭਾਰਤੀ ਮੂਲ ਦੀ 49 ਸਾਲਾ ਔਰਤ ਕਿਰਨ ਪਟੇਲ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ 21
ਸਾਲਾ ਨੌਜਵਾਨ ਜ਼ੀਦਾਨ ਮੈਕ ਹਿੱਲ ਨੂੰ ਗ੍ਰਿਫਤਾਰ ਕਰਕੇ ਉਸ ਵਿਰੁੱਧ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਹਿੱਲ ਨੂੰ ਕੁਝ
ਘੰਟਿਆਂ ਦੇ ਟਕਰਾਅ ਉਪਰੰਤ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਉਸ ਨੂੰ ਦੋ ਵੱਖ ਵੱਖ ਥਾਂਵਾਂ ‘ਤੇ ਹੋਈ ਗੋਲੀਬਾਰੀ ਨਾਲ ਸਬੰਧਿਤ
ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਪਟੇਲ ਨੂੰ ਡੀ ਡੀ ਦੇ ਫੂਡ ਮਾਰਟ ਵਿਖੇ ਗੋਲੀ ਮਾਰ ਦਿੱਤੀ ਗਈ ਸੀ ਜਿਥੇ ਉਹ ਸਟੋਰ
ਚਲਾਉਂਦੀ ਸੀ। ਪੁਲਿਸ ਅਨੁਸਾਰ ਨਕਦੀ ਹਵਾਲੇ ਕਰਨ ਤੋਂ ਪਹਿਲਾਂ ਹੀ ਹਿੱਲ ਨੇ ਪਟੇਲ ਨੂੰ ਗੋਲੀ ਮਾਰ ਦਿੱਤੀ ਸੀ। ਪਰਿਵਾਰ
ਅਨਸਾਰ ਪਟੇਲ ਨੇ ਲੁਟੇਰੇ ਉਪਰ ਬੋਤਲ ਸੁੱਟੀ ਤੇ ਆਪਣੇ ਆਪ ਨੂੰ ਬਚਾਉਣ ਲਈ ਦੌੜੀ ਪਰੰਤੂ ਉਹ ਗੋਲੀ ਵੱਜਣ ਉਪਰੰਤ ਜਮੀਨ
ਉਪਰ ਡਿੱਗ ਗਈ ਤੇ ਦਮ ਤੋੜ ਦਿੱਤਾ। ਪੁਲਿਸ ਹਿੱਲ ਨੂੰ ਗ੍ਰਿਫਤਾਰ ਕਰਨ ਲਈ ਉਸ ਦੀ ਰਿਹਾਇਸ਼ ਉਪਰ ਗਈ ਤਾਂ ਉਸ ਨੇ
ਆਤਮ ਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਲੰਬਾ ਸਮਾਂ ਚੱਲੇ ਟਕਰਾਅ ਉਪਰੰਤ ਪੁਲਿਸ ਉਸ ਨੂੰ ਘਰ ਤੋਂ ਬਾਹਰ
ਲਿਆਉਣ ਵਿੱਚ ਸਫਲ ਰਹੀ। ਉਸ ਨੂੰ ਯੁਨੀਅਨ ਕਾਊਂਟੀ ਜੇਲ ਵਿੱਚ ਰਖਿਆ ਗਿਆ ਹੈ।