ਹਰਵਿੰਦਰ ਸਿੰਘ ਖਾਲਸਾ
ਜਿਊਂਦੀਆਂ ਜਾਗਦੀਆਂ ਕੌਮਾਂ ਹੀ ਆਪਣੇ ਪੁਰਖਿਆਂ ਦੇ ਦਿਨ, ਤਿਉਹਾਰ ਤੇ ਸ਼ਤਾਬਦੀਆਂ ਮਨਾਉਂਦੀਆਂ ਹਨ। ਸਿੱਖ ਪੰਥ ਵਲੋਂ ਪਹਿਲੀ ਸ਼ਤਾਬਦੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਜੂਨ 1939 ਈ. ਨੂੰ ਸਮਾਧ ਮਹਾਰਾਜਾ ਰਣਜੀਤ ਸਿੰਘ ਲਾਹੌਰ ਵਿਖੇ ਮਨਾਈ ਗਈ। ਸੰਨ 1947 ਈ. ਨੂੰ ਭਾਰਤ ਆਜ਼ਾਦ ਹੋਇਆ ਅਤੇ ਆਜ਼ਾਦ ਭਾਰਤ ਵਿਚ ਪਹਿਲੀ ਵਾਰ ਜਨਵਰੀ, 1967 ਈ. ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੀਜੀ ਜਨਮ ਸ਼ਤਾਬਦੀ ਗਾਂਧੀ ਮੈਦਾਨ ਬਿਹਾਰ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ ਸੀ। ਇਸ ਸਮੇਂ ਭਾਰਤ ਸਰਕਾਰ ਦੇ ਡਾਕ ਵਿਭਾਗ ਵਲੋਂ ਡਾਕ ਟਿਕਟ ਅਤੇ ਵਿਸ਼ੇਸ਼ ਡਾਕ ਕਵਰ ਜਾਰੀ ਕੀਤਾ ਗਿਆ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਇਕ ਵਿਸ਼ੇਸ਼ ਯਾਦਗਾਰੀ ਅੰਕ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸੰਬੰਧੀ ਕੱਢਿਆ ਗਿਆ। ਪੰਜਾਬੀ ਸੂਬਾ 1 ਨਵੰਬਰ, 1966 ਈ. ਨੂੰ ਬਣਿਆ ਅਤੇ 1967 ਦੀਆਂ ਚੋਣਾਂ ਸਮੇਂ ਸ. ਗੁਰਨਾਮ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ। ਸ੍ਰੀ ਗੁਰੂ ਨਾਨਕ ਪਾਤਿਸ਼ਾਹ ਜੀ ਦਾ 500 ਸਾਲਾ ਪ੍ਰਕਾਸ਼ ਪੁਰਬ 23 ਨਵੰਬਰ, 1969 ਈ. ਨੂੰ ਸਾਰੀ ਦੁਨੀਆ ਦੀਆਂ ਗੁਰੂ ਨਾਨਕ ਨਾਮਲੇਵਾ ਸੰਗਤਾਂ ਵਲੋਂ ਥਾਂ-ਥਾਂ ਬੜੀ ਸ਼ਰਧਾ ਨਾਲ ਮਨਾਇਆ ਗਿਆ ਸੀ। ਇਸ ਪੁਰਬ ਨੂੰ ਮਨਾਉਣ ਲਈ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਵਿਸ਼ੇਸ਼ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਿਆਰੀਆਂ 1967 ਤੋਂ ਹੀ ਆਰੰਭ ਹੋ ਗਈਆਂ ਸਨ। ਇਸ ਪੁਰਬ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 27 ਜੁਲਾਈ, 1969 ਈ. ਨੂੰ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ਸਰਬ ਸੰਸਾਰ ਸਿੱਖ ਕਨਵੈਨਸ਼ਨ ਬੁਲਾਈ ਗਈ ਸੀ। ਇਸ ਕਨਵੈਨਸ਼ਨ ਵਿਚ ਪੰਥ ਦੀਆਂ ਸਮੁੱਚੀਆਂ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਸੀ। ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਫ਼ਤਹਿ ਸਿੰਘ ਸਨ। ਇਸ ਕਨਵੈਨਸ਼ਨ ਵਿਚ ਜਿਥੇ ਵਿਦੇਸ਼ਾਂ ਅਤੇ ਭਾਰਤ ਦੇ ਵੱਖ-ਵੱਖ ਰਾਜਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ, ਉਥੇ ਸ. ਹੁਕਮ ਸਿੰਘ ਰਾਜਸਥਾਨ ਦੇ ਤਤਕਾਲੀ ਰਾਜਪਾਲ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਸਨ ਅਤੇ ਉਨ੍ਹਾਂ ਨੇ ਆਰੰਭਕ ਭਾਸ਼ਣ ਦਿੱਤਾ ਸੀ। ਇਸ ਕਨਵੈਨਸ਼ਨ ਵਿਚ ਸਮੁੱਚੇ ਪੰਥਕ ਨੁਮਾਇੰਦਿਆਂ ਨੇ ਰਲ ਕੇ ਸ਼ਤਾਬਦੀ ਪੁਰਬ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਸੀ। ਉਸ ਸਮੇਂ ੰਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਸੀ। ਪੰਜਾਬ ਵਿਚ ਮੱਧਕਾਲੀ ਚੋਣਾਂ ਤੋਂ ਬਾਅਦ 17 ਫਰਵਰੀ, 1969 ਈ. ਨੂੰ ਸ. ਗੁਰਨਾਮ ਸਿੰਘ ਦੁਬਾਰਾ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ। ਪੰਜਾਬ ਸਰਕਾਰ ਨੇ ਜਿਥੇ ਇਸ ਪੁਰਬ ਨੂੰ ਵੱਡੇ ਪੱਧਰ ‘ਤੇ ਮਨਾਉਣ ਦਾ ਫ਼ੈਸਲਾ ਕੀਤਾ, ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵੀ ਐਲਾਨ ਕੀਤਾ ਅਤੇ ਪੂਰਨ ਸਹਿਯੋਗ ਦਿੱਤਾ।
ਪੰਜਾਬ ਸਰਕਾਰ ਵਲੋਂ ਇਸ ਪੁਰਬ ਸੰਬੰਧੀ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕਰਕੇ ਸ. ਆਤਮਾ ਸਿੰਘ ਕਪੂਰਥਲਾ ਨੂੰ ਇਸ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ। ਪੰਜਾਬ ਸਰਕਾਰ ਵਲੋਂ ਇਹ ਪੁਰਬ ਸੁਲਤਾਨਪੁਰ ਲੋਧੀ ਵਿਖੇ ਮਨਾਇਆ ਗਿਆ ਅਤੇ ਸੁਲਤਾਨਪੁਰ ਲੋਧੀ ਨੂੰ ਸਬ ਡਵੀਜ਼ਨ ਦਾ ਦਰਜਾ ਦੇ ਕੇ 20 ਲੱਖ ਰੁਪਏ ਸੁਲਤਾਨਪੁਰ ਲੋਧੀ ਦੇ ਵਿਕਾਸ ਲਈ ਮਨਜ਼ੂਰ ਕੀਤੇ ਗਏ। ਪੰਜਾਬ ਸਰਕਾਰ ਦਾ ਰਾਜ ਪੱਧਰੀ ਮੁੱਖ ਸਮਾਗਮ ਗੁਰਦੁਆਰਾ ਬੇਰ ਸਾਹਿਬ ਵਿਖੇ ਕੀਤਾ ਗਿਆ। ਇਸ ਸਮਾਗਮ ਤੋਂ ਪਹਿਲਾਂ ਇਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਗੁਰਦੁਆਰਾ ਬੇਰ ਸਾਹਿਬ ਦੇ ਮੁੱਖ ਸਮਾਗਮ ਵਿਚ ਪੰਜਾਬ ਦੇ ਗਵਰਨਰ ਸ੍ਰੀ ਡੀ. ਸੀ. ਪਾਵਟੇ, ਪੰਜਾਬ ਦੇ ਮੁੱਖ ਮੰਤਰੀ ਸ. ਗੁਰਨਾਮ ਸਿੰਘ ਅਤੇ ਪੰਜਾਬ ਦੇ ਬਾਕੀ ਮੰਤਰੀਆਂ ਨੇ ਵੀ ਭਾਗ ਲਿਆ। ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਵਿਖੇ ਹੀ ਵੱਖ-ਵੱਖ ਧਰਮਾਂ ਦਾ ਸਰਬ ਧਰਮ ਸੰਮੇਲਨ ਕੀਤਾ ਗਿਆ, ਜਿਸ ਵਿਚ ਦੂਸਰੇ ਧਰਮਾਂ ਦੇ ਮਹਾਂਪੁਰਸ਼ ਸ਼ਾਮਿਲ ਹੋਏ। ਜਿਨ੍ਹਾਂ ਵਿਚ ਬੁੱਧ ਧਰਮ ਦੇ ਧਾਰਮਿਕ ਆਗੂ ਦਲਾਈ ਲਾਮਾ ਜੀ, ਮੁਸਲਮਾਨ ਧਰਮ ਦੇ ਮੁਖੀ ਜਾਮਾ ਮਸਜਿਦ ਦਿੱਲੀ ਦੇ ਸ਼ਾਹੀ ਇਮਾਮ ਸਯਦ ਅਬਦੁਲ ਬੁਖਾਰੀ, ਸਨਾਤਮ ਧਰਮ ਦੇ ਆਗੂ ਸਤਿਕਾਰਯੋਗ ਸ਼ੰਕਰਚਾਰੀਆ, ਇਸਾਈ ਧਰਮ ਦੇ ਆਗੂ ਆਰਕ ਬਿਸ਼ਪ ਤੇ ਹੋਰ ਅਨੇਕਾਂ ਸੰਤ ਮਹਾਂਪੁਰਸ਼ਾਂ ਨੇ ਸਮਾਗਮ ਵਿਚ ਸ਼ਾਮਿਲ ਹੋ ਕੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ।
ਗੁਰੂ ਨਾਨਕ ਪਾਤਿਸ਼ਾਹ ਜੀ ਦੇ 500ਵੇਂ ਪ੍ਰਕਾਸ਼ ਪੁਰਬ ਲਈ ਸੰਗਤਾਂ ਵਿਚ ਬਹੁਤ ਉਤਸ਼ਾਹ ਸੀ, ਜਿਸ ਸੰਬੰਧੀ ਹਰ ਪਿੰਡ, ਹਰ ਕਸਬੇ, ਹਰ ਜ਼ਿਲ੍ਹੇ ਵਿਚ ਵੱਖ-ਵੱਖ ਜਥੇਬੰਦੀਆਂ ਵਲੋਂ ਸਮਾਗਮ ਕੀਤੇ ਜਾ ਰਹੇ ਸਨ। ਸਕੂਲਾਂ, ਕਾਲਜਾਂ ਦੇ ਪ੍ਰਬੰਧਕ ਅਤੇ ਵਿਦਿਆਰਥੀ ਆਪਣੇ ਤੌਰ ‘ਤੇ ਹੀ ਪ੍ਰਕਾਸ਼ ਪੁਰਬ ਮਨਾ ਰਹੇ ਸਨ। ਸਕੂਲਾਂ, ਕਾਲਜਾਂ ਵਿਚ ਗੁਰੂ ਨਾਨਕ ਪਾਤਿਸ਼ਾਹ ਦੇ ਜੀਵਨ, ਫ਼ਲਸਫ਼ੇ ਸੰਬੰਧੀ ਭਾਸ਼ਣ ਮੁਕਾਬਲੇ ਕਰਵਾਏ ਗਏ। ਪਿੰਡਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਨੇ ਇਕ ਹਫ਼ਤਾ ਲਗਾਤਾਰ 1000-1000 ਦੀਵੇ ਜਗਾ ਕੇ ਆਪਣੇ ਸਕੂਲਾਂ ਦੀਆਂ ਇਮਾਰਤਾਂ ‘ਤੇ ਰੱਖੇ।
ਪੰਜਾਬ ਦੇ ਵਿਦਵਾਨਾਂ ਨੇ ਪੂਰੀ ਮਿਹਨਤ ਅਤੇ ਲਗਨ ਨਾਲ ਸ੍ਰੀ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਇਤਿਹਾਸ ਨੂੰ ਕਲਮਬੱਧ ਕੀਤਾ ਅਤੇ ਉਸ ਸਮੇਂ 190 ਕਿਤਾਬਾਂ ਛਾਪੀਆਂ ਗਈਆਂ। ਨਾਟਕਕਾਰਾਂ ਨੇ ਗੁਰੂ ਨਾਨਕ ਪਾਤਿਸ਼ਾਹ ਜੀ ਦੀਆਂ ਸਿੱਖਿਆਵਾਂ ਸੰਬੰਧੀ ਨਾਟਕ ਲਿਖੇ ਅਤੇ ਪੰਜਾਬ ਤੇ ਪੰਜਾਬ ਤੋਂ ਬਾਹਰ ਨਾਟਕ ਖੇਡੇ ਗਏ। ਪ੍ਰਿੰਸੀਪਲ ਗੁਰਦਿਆਲ ਸਿੰਘ ‘ਫੁੱਲ’ ਵਲੋਂ ਲਿਖਿਆ ਗਿਆ ਨਾਟਕ ‘ਜਿਨ ਸਚ ਪਲੇ ਹੋਇ’ ਸੈਂਕੜੇ ਵਾਰ ਭਾਰਤ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿਚ ਖੇਡਿਆ ਗਿਆ ਅਤੇ ਇਸ ਨਾਟਕ ਨੂੰ ਸੰਗਤਾਂ ਨੇ ਬਹੁਤ ਹੀ ਪਸੰਦ ਕੀਤਾ। ਉਸ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਜੋ ਸੈਮੀਨਾਰ ਹੋਇਆ, ਉਹ ਆਪਣੇ ਆਪ ਵਿਚ ਇਕ ਮਿਸਾਲ ਸੀ। ਉਸ ਸੈਮੀਨਾਰ ਵਿਚ ‘ਲੰਕਾ ਸਰਕਾਰ’ ਦਾ ਇਕ ਨੁਮਾਇੰਦਾ ਸ਼ਾਮਿਲ ਹੋਇਆ ਅਤੇ ਉਸ ਨੇ ਕਿਹਾ ਕਿ ਅਸੀਂ ਭਾਗਾਂ ਵਾਲੇ ਹਾਂ ਕਿਉਂਕਿ ਗੁਰੂ ਨਾਨਕ ਪਾਤਿਸ਼ਾਹ ਨੇ ਸ੍ਰੀਲੰਕਾ ਆ ਕੇ ਸਾਨੂੰ ਸੱਚ ਦਾ ਉਪਦੇਸ਼ ਦਿੱਤਾ। ਪੰਜਾਬ ਸਰਕਾਰ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਾਉਣ ਦਾ ਐਲਾਨ ਕੀਤਾ ਗਿਆ, ਜਿਸ ਦਾ ਨੀਂਹ ਪੱਥਰ 24 ਨਵੰਬਰ, 1969 ਈ. ਨੂੰ ਭਾਰਤ ਦੇ ਰਾਸ਼ਟਰਪਤੀ ਸ੍ਰੀ ਵੀ.ਵੀ. ਗਿਰੀ ਨੇ ਰੱਖਿਆ। ਭਾਰਤ ਦੇ ਡਾਕ ਵਿਭਾਗ ਵਲੋਂ ਵਿਸ਼ੇਸ਼ ਡਾਕ ਟਿਕਟ ਅਤੇ ਡਾਕ ਕਵਰ ਜਾਰੀ ਕੀਤਾ ਗਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਜੀ ਦੀ ਯਾਦ ਵਿਚ ਮੁੱਖ ਸਮਾਗਮ ਗੁਰੂ ਨਾਨਕ ਨਗਰ (ਗੋਲ ਬਾਗ) ਅੰਮ੍ਰਿਤਸਰ ਵਿਖੇ ਕੀਤਾ ਗਿਆ ਸੀ। ਇਸ ਸੰਬੰਧ ਵਿਚ ਅਦੁੱਤੀ ਤੇ ਇਤਿਹਾਸਕ ਨਗਰ ਕੀਰਤਨ ਬੁਰਜ ਅਕਾਲੀ ਫੂਲਾ ਸਿੰਘ ਜੀ ਤੋਂ 10 ਵਜੇ ਸ਼ੁਰੂ ਕੀਤਾ ਗਿਆ ਅਤੇ ਸ਼ਾਮ ਦੇ 6 ਵਜੇ ਗੁਰੂ ਨਾਨਕ ਨਗਰ (ਗੋਲ ਬਾਗ) ਅੰਮ੍ਰਿਤਸਰ ਵਿਖੇ ਸਮਾਪਤ ਹੋਇਆ। ਇਸ ਨਗਰ ਕੀਰਤਨ ਵਿਚ ਪੰਜ ਲੱਖ ਤੋਂ ਵੱਧ ਸੰਗਤਾਂ ਨੇ ਭਾਗ ਲਿਆ। ਮੁੱਖ ਸਮਾਗਮ ਵਿਚ ਖਾਨ ਅਬਦੁਲ ਗੁਫ਼ਾਰ ਖਾਂ, ਦਲਾਈ ਲਾਮਾ, ਭਾਰਤ ਦੇ ਰਾਸ਼ਟਰਪਤੀ ਸ੍ਰੀ ਵੀ.ਵੀ. ਗਿਰੀ, ਸ. ਗੁਰਨਾਮ ਸਿੰਘ ਮੁੱਖ ਮੰਤਰੀ ਪੰਜਾਬ, ਸ੍ਰੀ ਡੀ. ਸੀ. ਪਾਵਟੇ ਰਾਜਪਾਲ ਪੰਜਾਬ, ਸ. ਉਜਲ ਸਿੰਘ ਰਾਜਪਾਲ ਤਾਮਿਲਨਾਡੂ, ਸ. ਗੁਰਦਿਆਲ ਸਿੰਘ ਸਪੀਕਰ ਲੋਕ ਸਭਾ ਅਤੇ ਵੱਖ-ਵੱਖ ਰਾਜਾਂ ਦੇ ਕਈ ਮੰਤਰੀਆਂ ਨੇ ਪਹੁੰਚ ਕੇ ਗੁਰੂ ਨਾਨਕ ਪਾਤਿਸ਼ਾਹ ਜੀ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕੀਤੀ।
ਇਸ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪਣੇ ਤੌਰ ‘ਤੇ ਕਈ ਵਾਰ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਅਨੇਕਾਂ ਸ਼ਤਾਬਦੀਆਂ ਮਨਾਈਆਂ ਅਤੇ ਮਨਾਈਆਂ ਜਾ ਰਹੀਆਂ ਹਨ। ਕਈ ਸ਼ਤਾਬਦੀਆਂ ਵਿਚ ਕੇਂਦਰ ਸਰਕਾਰ ਨੇ ਵੀ ਆਪਣੇ ਵਲੋਂ ਯੋਗਦਾਨ ਪਾਇਆ ਅਤੇ ਸ਼ਤਾਬਦੀਆਂ ਸਮੇਂ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਕੇਂਦਰੀ ਨੇਤਾਵਾਂ ਨੇ ਸਮਾਗਮਾਂ ਵਿਚ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼੍ਰੋਮਣੀ ਕਮੇਟੀ ਵਲੋਂ ਪਿਛਲੇ 10-12 ਸਾਲਾਂ ਤੋਂ ਜੋ ਸ਼ਤਾਬਦੀਆਂ ਮਨਾਈਆਂ ਗਈਆਂ ਹਨ, ਉਨ੍ਹਾਂ ਸ਼ਤਾਬਦੀ ਸਮਾਗਮਾਂ ਸਮੇਂ ਕਥਾ, ਕੀਰਤਨ ਦਰਬਾਰ, ਨਗਰ ਕੀਰਤਨ, ਗੱਤਕਾ, ਦਸਤਾਰ ਮੁਕਾਬਲੇ, ਢਾਡੀ ਤੇ ਕਵੀ ਦਰਬਾਰ ਹੀ ਜ਼ਿਆਦਾਤਰ ਕੀਤੇ ਗਏ ਹਨ। ਕਈ ਸ਼ਤਾਬਦੀਆਂ ਸਮੇਂ ਸੈਮੀਨਾਰ ਵੀ ਕਰਵਾਏ ਗਏ ਅਤੇ ਕਿਤਾਬਾਂ ਵੀ ਛਪਵਾਈਆਂ ਗਈਆਂ ਸਨ।
ਇਸ ਸਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ 25 ਨਵੰਬਰ, 2025 ਨੂੰ ਹੈ। ਗੁਰੂ ਤੇਗ ਬਹਾਦਰ ਜੀ ਦੀ ਤੀਜੀ ਸ਼ਹੀਦੀ ਸ਼ਤਾਬਦੀ 4 ਦਸੰਬਰ ਤੋਂ 12 ਦਸੰਬਰ, 1975 ਈ. ਤੱਕ ਮਨਾਈ ਗਈ। ਸਮਾਂ ਬਹੁਤ ਵੱਡੀ ਕਰਵਟ ਲੈ ਰਿਹਾ ਹੈ, ਜਿਸ ਸਮੇਂ ਗੁਰੂ ਨਾਨਕ ਪਾਤਿਸ਼ਾਹ ਦੀ ਪੰਜਵੀਂ ਸ਼ਤਾਬਦੀ ਮਨਾਈ ਗਈ ਤਾਂ ਉਸ ਸਮੇਂ 190 ਦੇ ਕਰੀਬ ਕਿਤਾਬਾਂ ਵਿਦਵਾਨਾਂ ਵਲੋਂ ਲਿਖੀਆਂ ਗਈਆਂ ਪਰ ਜਿਸ ਸਮੇਂ 2019 ਵਿਚ ਗੁਰੂ ਨਾਨਕ ਪਾਤਿਸ਼ਾਹ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਤਾਂ 35-40 ਦੇ ਕਰੀਬ ਕਿਤਾਬਾਂ ਛਪੀਆਂ। ਇਸੇ ਤਰ੍ਹਾਂ ਜਿਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤੀਜੀ ਸ਼ਹੀਦੀ ਸ਼ਤਾਬਦੀ ਮਨਾਈ ਗਈ ਉਸ ਸਮੇਂ 45 ਦੇ ਕਰੀਬ ਗੁਰੂ ਪਾਤਿਸ਼ਾਹ ਜੀ ਦੀ ਜੀਵਨੀ, ਸੰਬੰਧੀ ਪੰਜਾਬੀ ਅੰਗਰੇਜ਼ੀ ਅਤੇ ਹਿੰਦੀ ਵਿਚ ਕਿਤਾਬਾਂ ਛਪੀਆਂ ਸਨ। ਅਨੇਕਾਂ ਸੈਮੀਨਾਰ ਹੋਏ, ਸਭਾ ਸੁਸਾਇਟੀਆਂ ਨੇ ਰੰਗਦਾਰ ਸੁਚਿੱਤਰ ਕਿਤਾਬਾਂ ਛਾਪੀਆਂ। ਭਾਰਤ ਸਰਕਾਰ ਵਲੋਂ ਵਿਸ਼ੇਸ਼ ਡਾਕ ਟਿਕਟ ਅਤੇ ਡਾਕ ਕਵਰ ਛਾਪਿਆ ਗਿਆ। ਉਸ ਸਮੇਂ ਸ਼ਹੀਦੀ ਮਾਰਗ ਅਤੇ ਸੀਸ ਮਾਰਗ ‘ਤੇ ਜੋ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਤੋਂ ਦਿੱਲੀ ਅਤੇ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਪਹੁੰਚਿਆ, ਉਸ ਵਿਚ ਜੋ ਉਤਸ਼ਾਹ ਸੀ, ਉਹ ਆਪਣੇ-ਆਪ ਵਿਚ ਇਕ ਮਿਸਾਲ ਸੀ।
ਗੁਰੂ ਤੇਗ ਬਹਾਦਰ ਜੀ ਨੇ ਦੂਜੇ ਧਰਮ ਵਾਲਿਆਂ ਦੀ ਰੱਖਿਆ ਕਰਦਿਆਂ, ਮਨੁੱਖਤਾ ਦੀ ਖਾਤਰ ਆਪ ਸਿੱਖਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਦਿੱਲੀ ਜਾ ਕੇ ਸ਼ਹੀਦੀ ਪ੍ਰਾਪਤ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਸਾਹਿਬ ਦੇ ਨਾਲ ਗਏ ਸਿੱਖ ਭਾਈ ਦਿਆਲਾ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਜੀ ਨੂੰ 11 ਨਵੰਬਰ, 1675 ਈ. ਨੂੰ ਚਾਂਦਨੀ ਚੌਕ ਦਿੱਲੀ ਵਿਖੇ ਮੁਗ਼ਲ ਹਕੂਮਤ ਵਲੋਂ ਸ਼ਹੀਦ ਕਰਵਾਇਆ ਗਿਆ। ਜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਸ਼ਮੀਰੀ ਪੰਡਤਾਂ ਦੀ ਬਾਂਹ ਨਾ ਫੜਦੇ ਅਤੇ ਦਿੱਲੀ ਜਾ ਕੇ ਸ਼ਹੀਦੀ ਪ੍ਰਾਪਤ ਨਾ ਕਰਦੇ ਤਾਂ ਅੱਜ ਹਿੰਦੁਸਤਾਨ ਦਾ ਇਤਿਹਾਸ ਹੋਰ ਹੋਣਾ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਾਂ ਸਿੱਖ ਸੰਸਥਾਵਾਂ ਵਲੋਂ ਹੀ ਨਹੀਂ ਮਨਾਇਆ ਜਾਣਾ ਚਾਹੀਦਾ ਸਗੋਂ ਕੇਂਦਰ ਸਰਕਾਰ ਅਤੇ ਭਾਰਤ ਦੇ ਸਮੁੱਚੇ ਰਾਜਾਂ ਦੀਆਂ ਸਰਕਾਰਾਂ ਵਲੋਂ ਵੀ ਵੱਡੇ ਪੱਧਰ ‘ਤੇ ਮਨਾਇਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਦੇਸ਼-ਵਿਦੇਸ਼ ਵਿਚ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵਲੋਂ ਇਸ ਸੰਬੰਧੀ ਆਪਣੇ ਤੌਰ ‘ਤੇ ਪ੍ਰੋਗਰਾਮ ਉਲੀਕੇ ਜਾਣੇ ਚਾਹੀਦੇ ਹਨ। ਇਸ ਸੰਬੰਧੀ ਕੁਝ ਸੁਝਾਅ ਅੱਗੇ ਦਿੱਤੇ ਜਾ ਰਹੇ ਹਨ।
1. ਕੇਂਦਰ ਸਰਕਾਰ ਵਲੋਂ ਦਿੱਲੀ ਵਿਚ ਵਿਸ਼ੇਸ਼ ਸਮਾਗਮ ਹੋਣੇ ਚਾਹੀਦੇ ਹਨ, ਇਕ ਵੱਡਾ ਸੈਮੀਨਾਰ ਦਿੱਲੀ ਵਿਖੇ ਹੋਵੇ, ਜਿਸ ਵਿਚ ਦੁਨੀਆ ਭਰ ਦੀਆਂ ਸਰਕਾਰਾਂ ਦੇ ਰਾਜਦੂਤ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਣ, ਉਨ੍ਹਾਂ ਨੂੰ ਜਿਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਬਾਰੇ ਪਤਾ ਲੱਗੇ ਉਥੇ ਉਨ੍ਹਾਂ ਨੂੰ ਗੁਰੂ ਸਾਹਿਬ ਅਤੇ ਗੁਰੂ ਸਾਹਿਬ ਨਾਲ ਸ਼ਹੀਦ ਹੋਣ ਵਾਲੇ ਸਿੱਖਾਂ ਦੀਆਂ ਜੀਵਨੀਆਂ ਸੰਬੰਧੀ ਇਕ ਬਹੁਤ ਹੀ ਸੁੰਦਰ ਕਿਤਾਬ ਭੇਟ ਕੀਤੀ ਜਾਵੇ।
2. ਕੇਂਦਰ ਸਰਕਾਰ 350 ਸਾਲਾ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼ ਡਾਕ ਟਿਕਟ, ਡਾਕ ਕਵਰ ਅਤੇ ਸਿੱਕਾ ਜਾਰੀ ਕਰੇ।
3. ਕੇਂਦਰ ਸਰਕਾਰ ਵਿਦਿਆਰਥੀਆਂ ਲਈ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੇ ਨਾਂਅ ਵਜ਼ੀਫ਼ੇ ਜਾਰੀ ਕਰੇ।
4. ਕੇਂਦਰ ਸਰਕਾਰ ਜੇ ਇਸ ਦਿਨ ‘ਤੇ ਮਹੱਤਵ ਨੂੰ ਸਮਝਦੀ ਹੈ ਤਾਂ ਸਮੁੱਚੇ ਭਾਰਤ ਦੀਆਂ ਜੇਲ੍ਹਾਂ ਵਿਚ ਜੋ ਲੋਕ ਲੰਮੀਆਂ ਸਜ਼ਾਵਾਂ ਕੱਟ ਕੇ ਵੀ ਜੇਲ੍ਹਾਂ ਅੰਦਰ ਬੰਦ ਹਨ, ਉਨ੍ਹਾਂ ਨੂੰ ਰਿਹਾਅ ਕਰੇ।
5. ਕੇਂਦਰ ਸਰਕਾਰ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂਅ ਦੀ ਦਿੱਲੀ ਯੂਨੀਵਰਸਿਟੀ ਅੰਦਰ ਇਕ ਵਿਸ਼ੇਸ਼ ਚੇਅਰ ਸਥਾਪਿਤ ਕਰੇ, ਜਿਥੇ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੇ ਜੀਵਨ ਸੰਬੰਧੀ ਅਤੇ ਫਿਲਾਸਫ਼ੀ ਬਾਰੇ ਵਿਸ਼ੇਸ਼ ਖੋਜ ਕਾਰਜ ਕੀਤਾ ਜਾਵੇ।
6. ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਛਪਵਾਏ।
ਰਾਜ ਸਰਕਾਰਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਜਿਥੇ ਉਹ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਤੇ ਸਮਾਗਮ ਕਰਵਾਉਣ ਉਥੇ ਗੁਰੂ ਸਾਹਿਬ ਦੇ ਇਤਿਹਾਸ ਨੂੰ ਸਕੂਲਾਂ, ਕਾਲਜਾਂ ਦੇ ਸਿਲੇਬਸ ਦਾ ਹਿੱਸਾ ਵੀ ਬਣਾਇਆ ਜਾਵੇ।
ਸਕੂਲੀ ਬੱਚਿਆਂ ਲਈ ਸਚਿੱਤਰ ਪੁਸਤਕਾਂ ਤਿਆਰ ਕਰਵਾਈਆਂ ਜਾਣ।
ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਗੁਰੂ ਸਾਹਿਬ ਜੀ ਦੇ ਜੀਵਨ ਸੰਬੰਧੀ ਸੈਮੀਨਾਰ ਜ਼ਰੂਰ ਕਰਵਾਉਣ।
ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤੀਜੀ ਸ਼ਹੀਦੀ ਸ਼ਤਾਬਦੀ ਸਮੇਂ ਜੋ ਕਿਤਾਬਾਂ ਛਪੀਆਂ ਜਾਂ ਲੇਖ ਛਪੇ, ਉਨ੍ਹਾਂ ਨੂੰ ਉਸ ਸਮੇਂ ਦੇ ਵਿਦਵਾਨਾਂ ਨੇ ਬੜੀ ਮਿਹਨਤ ਨਾਲ ਤਿਆਰ ਕੀਤਾ ਸੀ। ਉਸ ਤਰ੍ਹਾਂ ਦੇ ਵਿਦਵਾਨ ਅੱਜ ਬਹੁ ਘੱਟ ਹਨ, ਜੇ ਹੋ ਸਕੇ ਤਾਂ ਉਸ ਸਮੇਂ ਦੀਆਂ ਕਿਤਾਬਾਂ ਵਿਚੋਂ ਲੇਖ ਲੈ ਕੇ ਦੁਬਾਰਾ ਵਿਸ਼ੇਸ਼ ਪੁਸਤਕਾਂ ਤਿਆਰ ਕੀਤੀਆਂ ਜਾਣ। ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਨਾਲ ਸ਼ਹੀਦੀ ਪਾਉਣ ਵਾਲੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀ ਸ਼ਹੀਦੀ ਬਹੁਤ ਲਾਸਾਨੀ ਹੈ ਅਤੇ ਹਰ ਸਿੱਖ ਦਾ ਜਿਥੇ ਸਿਰ ਝੁਕਦਾ ਹੈ, ਉਥੇ ਜਿੰਨੀ ਵੀ ਸ਼ਰਧਾ ਭੇਟ ਕੀਤੀ ਜਾਵੇ ਥੋੜ੍ਹੀ ਹੈ