ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਕੇਂਦਰੀ ਮਿਸ਼ੀਗਨ ਵਿੱਚ ਇੱਕ ਚਰਚ ਵਿੱਚ ਹੋ ਰਹੀ ਪ੍ਰਾਰਥਨਾ ਸਭਾ ਵਿੱਚ ਦਾਖਲ ਹੋ ਕੇ ਇੱਕ ਹਮਲਾਵਰ ਵੱਲੋਂ ਕੀਤੀ ਅੰਧਾਧੁੰਦ ਗੋਲੀਬਾਰੀ ਵਿੱਚ 2 ਵਿਅਕਤੀ ਮਾਰੇ ਗਏ ਤੇ 8 ਹੋਰ ਜ਼ਖਮੀ ਹੋ ਗਏ। ਮੌਕੇ ੳੁੱਪਰ ਪੁੱਜੀ ਪੁਲਿਸ ਵੱਲੋਂ ਕੀਤੀ ਕਾਰਵਾਈ ਵਿੱਚ ਹਮਲਾਵਰ ਵੀ ਮਾਰਿਆ ਗਿਆ। ਗਰੈਂਡ ਬਲੈਂਕ ਟਾਊਨਸ਼ਿੱਪ ਪੁਲਿਸ ਮੁਖੀ ਵਿਲੀਅਮ ਰੇਨਵੇ ਅਨੁਸਾਰ ਸ਼ੱਕੀ ਹਮਲਾਵਰ ਦੀ ਪਛਾਣ 40 ਸਾਲਾ ਥਾਮਸ ਜੈਕੋਬ ਸੈਨਫ਼ੋਰਡ ਵੱਜੋਂ ਹੋਈ ਹੈ ਜੋ ਬਰਟਨ ਸ਼ਹਿਰ ਦਾ ਰਹਿਣਾ ਵਾਸੀ ਹੈ। ਉਨ੍ਹਾਂ ਕਿਹਾ ਕਿ ਹਮਲਾਵਰ ਸੈਨਫ਼ੋਰਡ ਅਫ਼ਸਰਾਂ ਨਾਲ ਹੋਏ ਮੁਕਾਬਲੇ ਵਿੱਚ ਮਾਰਿਆ ਗਿਆ। ਪੁਲਿਸ ਮੁਖੀ ਅਨੁਸਾਰ ਫ਼ਲਿੰਟ, ਮਿਸ਼ੀਗਨ ਦੇ ਨੀਮ ਸ਼ਹਿਰੀ ਖੇਤਰ ਗਰੈਂਡ ਬਲੈਂਕ ਦੇ ਇੱਕ ਚਰਚ ਵਿੱਚ ਸੈਂਕੜੇ ਲੋਕ ਪ੍ਰਾਰਥਨਾ ਸਭਾ ਵਿੱਚ ਹਾਜਰ ਸਨ, ਜਦੋਂ ਸ਼ੱਕੀ ਇੱਕ ਕਾਰ ਵਿੱਚ ਆਇਆ ਤੇ ਉਸ ਨੇ ਆਉਂਦੇ ਸਾਰ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਸ ਨੇ ਆਪਣੀ ਅਸਾਲਟ ਰਾਈਫ਼ਲ ਨਾਲ ਗੋਲੀਆਂ ਦੀ ਵਾਛੜ ਕਰ ਦਿੱਤੀ ਜਿਸ ਦੌਰਾਨ ਅਫ਼ਰਾਤਫ਼ਰੀ ਦਾ ਮਾਹੌਲ ਬਣ ਗਿਆ। ਲੋਕ ਆਪਣੀਆਂ ਜਾਨਾਂ ਬਚਾਉਣ ਲਈ ਇਧਰ ਉਧਰ ਭੱਜੇ। ਰੇੇਨਵੇ ਅਨੁਸਾਰ 2 ਲੋਕਾਂ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਜਦ ਕਿ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਥੇ ਇੱਕ ਦੀ ਹਾਲਤ ਗੰਭੀਰ ਹੈ।